ਲਾਗ–ਇਨ/ਨਵਾਂ ਖਾਤਾ |
+
-
 
ਖਿੱਦੋ-ਖੂੰਡੀ

ਖਿੱਦੋ-ਖੂੰਡੀ [ਨਾਂਇ] ਹਾਕੀ ਵਰਗੀ ਇੱਕ ਖੇਡ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2370,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਖਿੱਦੋ-ਖੂੰਡੀ

ਖਿੱਦੋ-ਖੂੰਡੀ : ਇਹ ਖੇਡ ਪੰਜਾਬ ਦੇ ਪਿੰਡਾਂ ਵਿੱਚ ਅਕਸਰ ਸਿਆਲ ਦੀ ਰੁੱਤੇ ਆਥਣ ਸਮੇਂ ਖੇਡੀ ਜਾਂਦੀ ਹੈ। ਇਸ ਖੇਡ ਦੇ ਬਹੁਤ ਸਾਰੇ ਪੱਖ, ਜਿਵੇਂ ਖੂੰਡੀਆਂ ਦੇ ਬੱਲਾਂ ਦਾ ਹਾਕੀ ਦੇ ਬੱਲਾਂ ਵਾਂਗ ਮੁੜਿਆ ਹੋਣਾ, ਖਿੱਦੋ ਦੀ ਵਰਤੋਂ, ਖੇਡ ਸ਼ੁਰੂ ਕਰਨ ਲਈ ਬੁਲੀ ਕਰਨਾ ਅਤੇ ਖਿੱਦੋ ਨੂੰ ਮਿੱਥੇ ਹੋਏ ਗੋਲਾਂ ਵਿੱਚੋਂ ਦੀ ਲੰਘਾਉਣਾ ਆਦਿ, ਹਾਕੀ ਦੀ ਖੇਡ ਨਾਲ ਮਿਲਦੇ-ਜੁਲਦੇ ਹਨ। ਇਸ ਖੇਡ ਵਿੱਚ ਖਿਡਾਰੀ ਬੜੀ ਫੁਰਤੀ ਨਾਲ ਦੌੜਦੇ ਹੋਏ ਖੇਡਦੇ ਹਨ ਜਿਸ ਕਰ ਕੇ ਉਹਨਾਂ ਦੀ ਚੰਗੇਰੀ ਕਸਰਤ ਹੋ ਜਾਂਦੀ ਹੈ।

     ਇਸ ਖੇਡ ਲਈ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ। ਪਹਿਲਾਂ ਖਿਡਾਰੀ ਆਪਣੇ ਆੜੀ ਚੁਣ ਕੇ ਦੋ ਟੋਲੀਆਂ ਬਣਾ ਲੈਂਦੇ ਹਨ। ਹਰ ਟੋਲੀ ਵਿੱਚ ਤਿੰਨ-ਚਾਰ ਤੋਂ ਲੈ ਕੇ ਦਸ-ਬਾਰਾਂ ਖਿਡਾਰੀ ਹੁੰਦੇ ਹਨ। ਖੇਡ ਦੇ ਮੈਦਾਨ ਲਈ ਥਾਂ ਕਿਸੇ ਗਿਣਤੀ-ਮਿਣਤੀ ਦੀ ਨਹੀਂ ਹੁੰਦੀ। ਪਿੰਡ ਤੋਂ ਬਾਹਰ ਕਿਸੇ ਬੰਜਰ ਪਏ ਖੇਤ ਨੂੰ ਹੀ ਖੇਡ ਦਾ ਮੈਦਾਨ ਬਣਾ ਲਿਆ ਜਾਂਦਾ ਹੈ ਜਾਂ ਕਿਸੇ ਖੁੱਲ੍ਹੇ ਪਹੇ ਤੋਂ ਹੀ ਮੈਦਾਨ ਦਾ ਕੰਮ ਲੈ ਲੈਂਦੇ ਹਨ। ਖੇਡ ਦੇ ਮੈਦਾਨ ਦੇ ਦੋਹਾਂ ਸਿਰਿਆਂ ਤੇ ਇੱਟਾਂ ਰੱਖ ਕੇ ਜਾਂ ਖੜੇ ਦਰੱਖ਼ਤਾਂ ਦੀ ਨਿਸ਼ਾਨੀ ਲਾ ਕੇ ਗੋਲ ਮਿੱਥ ਲਏ ਜਾਂਦੇ ਹਨ।

     ਖਿੱਦੋ-ਖੂੰਡੀ ਦੀ ਖੇਡ ਦਾ ਕੋਈ ਰੈਫਰੀ ਨਹੀਂ ਹੁੰਦਾ। ਖਿਡਾਰੀ ਆਪਣੇ-ਆਪ ਹੀ ਸਹੀ ਢੰਗ ਨਾਲ ਖੇਡਦੇ ਹਨ। ਖਿਡਾਰੀਆਂ ਪਾਸ ਕਿੱਕਰਾਂ ਬੇਰੀਆਂ ਦੀਆਂ ਘੜੀਆਂ ਅਨਘੜੀਆਂ ਕੂਹਣੀ ਮੋੜ ਵਾਲੀਆਂ ਖੂੰਡੀਆਂ ਹੁੰਦੀਆਂ ਹਨ। ਖਿੱਦੋ ਲੀਰਾਂ ਕਚੀਰਾਂ ਦੀ ਜਾਂ ਜਿਸ ਦੁਆਲੇ ਮੋਟੇ ਧਾਗੇ ਮੜ੍ਹੇ ਹੁੰਦੇ ਹਨ, ਬਣੀ ਹੁੰਦੀ ਹੈ। ਦੋਵੇਂ ਟੋਲੀਆਂ ਟਾਸ ਕਰ ਕੇ ਆਪਣੇ-ਆਪਣੇ ਪਾਸੇ ਮੱਲ ਲੈਂਦੀਆਂ ਹਨ। ਖਿੱਦੋ ਖੇਡ ਦੇ ਮੈਦਾਨ ਦੇ ਵਿਚਕਾਰ ਰੱਖ ਦਿੱਤੀ ਜਾਂਦੀ ਹੈ। ਵਿਰੋਧੀ ਟੋਲੀਆਂ ਦੇ ਦੋ ਖਿਡਾਰੀ ਹਾਕੀ ਵਾਂਗਰ ਬੁਲੀ ਕਰਦੇ ਹਨ। ਇਹਨਾਂ ਵਿੱਚੋਂ ਇੱਕ ਖਿਡਾਰੀ, ਬੁਲੀ ਪੂਰੀ ਕਰਨ ਮਗਰੋਂ ਖਿੱਦੋ ਨੂੰ ਖੂੰਡੀ ਮਾਰ ਕੇ ਅੱਗੇ-ਪਿੱਛੇ ਸੁੱਟਦਾ ਹੈ। ਜਿੱਧਰ ਖਿੱਦੋ ਜਾਂਦੀ ਹੈ, ਉਸ ਪਾਸੇ ਵੱਲ ਬਹੁਤ ਸਾਰੇ ਖਿਡਾਰੀ ਦੌੜਦੇ ਹਨ ਅਤੇ ਹਰ ਖਿਡਾਰੀ ਆਪਣੇ ਵਿਰੋਧੀ ਗੋਲ ਵਿੱਚ ਖਿੱਦੋ ਲਿਜਾ ਕੇ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਖੇਡ ਵਿੱਚ ਹਾਕੀ ਵਾਂਗ ਖਿਡਾਰੀਆਂ ਦੀ ਥਾਂ ਨਿਸ਼ਚਿਤ ਨਹੀਂ ਹੁੰਦੀ। ਹਰ ਖਿਡਾਰੀ ਜਿੱਥੇ ਮਰਜ਼ੀ ਚਾਹੇ ਜਾ ਸਕਦਾ ਹੈ। ਖਿਡਾਰੀ ਗੋਲ ਦੇ ਵਿਚਕਾਰੋਂ ਖਿੱਦੋ ਨੂੰ ਪਾਰ ਕਰਨ ਲਈ ਸਿਰਤੋੜ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਖਿਡਾਰੀ ਖਿੱਦੋ ਨੂੰ ਲੰਮੇ-ਲੰਮੇ ਟੱਲੇ ਮਾਰਦੇ ਰਹਿੰਦੇ ਹਨ। ਜਦੋਂ ਖਿੱਦੋ ਵਿਰੋਧੀਆਂ ਦੇ ਗੋਲ ਵਿੱਚੋਂ ਜਾਂ ਗੋਲ ਦੇ ਬਾਹਰੋਂ ਜਾਂ ਪਾਸੇ ਦੀ ਚਲੀ ਜਾਂਦੀ ਹੈ ਤਾਂ ਖੇਡ ਕੁਝ ਪਲਾਂ ਲਈ ਰੁਕ ਜਾਂਦੀ ਹੈ। ਖੇਡ ਨੂੰ ਦੁਬਾਰਾ ਸ਼ੁਰੂ ਕਰਨ ਲਈ ਨਿਮਨ ਪ੍ਰਕਾਰ ਦੇ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਸਮਝਿਆ ਜਾਂਦਾ ਹੈ :

     -   ਜੇਕਰ ਖਿੱਦੋ ਗੋਲ ਵਿੱਚੋਂ ਦੀ ਲੰਘ ਜਾਵੇ ਤਾਂ ਗੋਲ (ਬਾਜਾ) ਹੋ ਜਾਂਦਾ ਹੈ। ਖੇਡ ਦੁਬਾਰਾ ਸ਼ੁਰੂ ਕਰਨ ਲਈ ਪਹਿਲਾਂ ਵਾਂਗ ਹੀ ਖੇਡ ਦੇ ਮੈਦਾਨ ਵਿਚਕਾਰ ਖਿੱਦੋ ਰੱਖ ਕੇ ਖੇਡ ਸ਼ੁਰੂ ਕੀਤੀ ਜਾਂਦੀ ਹੈ।

     -   ਜੇਕਰ ਖਿੱਦੋ ਮਿੱਥੇ ਨਿਸ਼ਾਨਾਂ ਦੇ ਬਾਹਰੋਂ ਨਿਕਲ ਜਾਵੇ ਤਾਂ ਉਸ ਪਾਸੇ ਵਾਲਾ ਕੋਈ ਖਿਡਾਰੀ ਆਪਣੇ ਗੋਲ ਦੇ ਅੱਗੇ ਖਿੱਦੋ ਰੱਖ ਕੇ ਇੱਕ ਲੰਬਾ ਟੱਲਾ ਮਾਰਦਾ ਹੈ। ਬਾਕੀ ਖਿਡਾਰੀ ਤੇਜ਼ੀ ਨਾਲ ਖਿੱਦੋ ਵੱਲ ਭੱਜਦੇ ਹਨ ਤੇ ਖੇਡ ਮੁੜ ਸ਼ੁਰੂ ਹੋ ਜਾਂਦੀ ਹੈ।

     - ਜੇਕਰ ਖਿੱਦੋ ਆਸੇ-ਪਾਸੇ ਦੀਆਂ ਹੱਦਾਂ ਤੋਂ ਬਾਹਰ ਚਲੀ ਜਾਵੇ ਤਾਂ ਵਿਰੋਧੀ ਟੋਲੀ ਦਾ ਕੋਈ ਖਿਡਾਰੀ ਹੱਦ ਦੇ ਬਾਹਰੋਂ ਖਿੱਦੋ ਚੁੱਕ ਕੇ ਮੈਦਾਨ ਵਿਚਕਾਰ ਆਪਣੇ-ਆਪਣੇ ਹੱਥ ਫੜ ਕੇ ਜ਼ੋਰ ਨਾਲ ਸੁੱਟਦਾ ਹੈ ਤੇ ਖਿਡਾਰੀ ਉਸ ਦਾ ਪਿੱਛਾ ਕਰ ਕੇ ਟੱਲੇ ਵਿਰੋਧੀ ਧਿਰਾਂ ਦੇ ਗੋਲਾਂ ਵੱਲ ਖਿੱਦੋ ਨੂੰ ਲੈ ਕੇ ਜਾਣ ਲਈ ਖਿੱਦੋ ਨੂੰ ਖੂੰਡੀਆਂ ਦੀ ਫੇਟ ਨਾਲ ਰੇੜ੍ਹਦੇ ਹੋਏ ਦੌੜਦੇ ਹਨ।

     ਜਿਹੜੀ ਟੋਲੀ ਬਹੁਤੇ ਗੋਲ ਕਰ ਦੇਵੇ, ਉਸ ਨੂੰ ਜਿੱਤੀ ਹੋਈ ਸਮਝਿਆ ਜਾਂਦਾ ਹੈ। ਖਿੱਦੋ-ਖੂੰਡੀ ਖੇਡਦੇ ਹੋਏ ਖਿਡਾਰੀ ਕੱਚੇ ਮੈਦਾਨ ਦੀਆਂ ਧੂੜਾਂ ਪੱਟ ਦਿੰਦੇ ਹਨ। ਖਿੱਦੋ ਨੂੰ ਖੁੱਦੋ ਜਾਂ ਗੇਂਦ ਵੀ ਆਖਿਆ ਜਾਂਦਾ ਹੈ। ਅਜੋਕੇ ਸਮੇਂ ਖਿੱਦੋ-ਖੂੰਡੀ ਦੀ ਥਾਂ ਹਾਕੀ ਨੇ ਲੈ ਲਈ ਹੈ।

ਲੇਖਕ : ਸੁਖਦੇਵ ਮਾਦਪੁਰੀ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 2375,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/19/2014 12:00:00 AM
ਹਵਾਲੇ/ਟਿੱਪਣੀਆਂ: null

ਵਿਚਾਰ / ਸੁਝਾਅ