ਖੰਡਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡਾ ( ਨਾਂ , ਪੁ ) ਸਿੱਧੇ ਫਲ ਵਾਲਾ ਦੋ ਧਾਰਾ ਖੜਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13148, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡਾ 1 [ ਨਾਂਪੁ ] ਸਿੱਧੀ ਦੁਧਾਰੀ ਤਲਵਾਰ , ਦੁਧਾਰਾ 2 [ ਨਾਂਪੁ ] ( ਮਲ ) ਇੱਕ ਨਦੀਨ , ਇੱਕ ਚਾਰਾ , ਪੀਲ਼ੇ ਫੁੱਲਾਂ ਵਾਲ਼ਾ ਬੂਟਾ , ਸੇਂਜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13138, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੰਡਾ . ਦੋਧਾਰਾ ਖੜਗ. ਦੋਹਾਂ ਪਾਸਿਆਂ ਤੋਂ ਖੰਡਨ ਕਰਨ ਵਾਲਾ ਸ਼ਸਤ੍ਰ.1  “ ਤ੍ਰੈ ਸੈ ਹੱਥ ਉਤੰਗੀ ਖੰਡਾ ਧੂਹਿਆ.” ( ਕਲਕੀ ) ਦੇਖੋ , ਸਸਤ੍ਰ । ੨ ਮਾਇਆ , ਜੋ ਖੰਡ ( ਦ੍ਵੰਦ ਪਦਾਰਥ ) ਰਚਣ ਵਾਲੀ ਹੈ. “ ਖੰਡਾ ਪ੍ਰਿਥਮੈ ਸਾਜਕੈ ਜਿਨਿ ਸਭ ਸੰਸਾਰ ਉਪਾਯਾ.” ( ਚੰਡੀ ੩ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੰਡਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖੰਡਾ : ਕ੍ਰਿਪਾਨ ਵਰਗ ਦਾ ਇਕ ਸ਼ਸਤ੍ਰ ਜਿਸ ਦੇ ਦੋਵੇਂ ਪਾਸੇ ਤੇਜ਼ ਹੁੰਦੇ ਹਨ ਅਤੇ ਆਕਾਰ ਅਤੇ ਭਾਰ ਵਜੋਂ ਕ੍ਰਿਪਾਨ ਤੋਂ ਵੱਡਾ ਹੁੰਦਾ ਹੈ । ਗੁਰੂ ਹਰਿਗੋਬਿੰਦ ਸਾਹਿਬ ਆਪਣੇ ਪਾਸ ਬਹੁਤ ਭਾਰੀ ਖੰਡਾ ਰਖਦੇ ਸਨ । ਸਿੱਖ ਸਮਾਜ ਵਿਚ ਇਸ ਸ਼ਸਤ੍ਰ ਦਾ ਮਹੱਤਵ ਉਦੋਂ ਵਧਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਇਸ ਦੀ ਵਰਤੋਂ ਕੀਤੀ । ਉਸ ਖੰਡੇ ਦਾ ਆਕਾਰ ਪ੍ਰਕਾਰ ਕਿਤਨਾ ਸੀ ? ਇਸ ਬਾਰੇ ਇਤਿਹਾਸ ਤੋਂ ਕੁਝ ਵੀ ਪਤਾ ਨਹੀਂ ਲਗਦਾ । ਅਜ-ਕਲ ਲਗਭਗ ਇਕ ਫੁਟ ਲਿੰਬਾ ਖੰਡਾ ਅੰਮ੍ਰਿਤ ਤਿਆਰ ਕਰਨ ਵੇਲੇ ਵਰਤਿਆ ਜਾਂਦਾ ਹੈ ।

                      ਕਾਲਾਂਤਰ ਵਿਚ ਇਸ ਨੂੰ ਸਿੱਖ-ਚਿੰਨ੍ਹ ਵਜੋਂ ਵਰਤਿਆ ਜਾਣ ਲਗਾ । ਸਿੰਘ ਸਭਾ ਵੇਲੇ ਕਿਸੇ ਕਲਾਕਾਰ ਨੇ ਇਸ ਚਿੰਨ੍ਹ ਨੂੰ ਚਕ੍ਰ ਅਤੇ ਦੋ ਕ੍ਰਿਪਾਨਾਂ ਨਾਲ ਸੰਯੁਕਤ ਕਰ ਦਿੱਤਾ । ਇਹ ਸਾਰਾ ਚਿੰਨ੍ਹ ਸ਼ਸਤ੍ਰਮਈ ਹੈ । ਸ਼ਸਤ੍ਰ-ਸੂਚਕ ਧਾਰਮਿਕ ਚਿੰਨ੍ਹ ਬਣਾਉਣ ਦੀ ਭਾਰਤੀ ਸੰਸਕ੍ਰਿਤੀ ਵਿਚ ਇਕ ਪਰੰਪਰਾ ਰਹੀ ਹੈ । ਇਸ ਪ੍ਰਕਾਰ ਦੇ ਚਿੰਨ੍ਹਾਂ ਦਾ ਇਕ ਰੂਪ ਸ਼ਿਵ ਜੀ ਦੇ ਤ੍ਰਿਸ਼ੂਲ ਵਿਚ ਵੇਖਿਆ ਜਾ ਸਕਦਾ ਹੈ । ਉਜੈਨ ਸਥਿਤ ਮਹਾਕਾਲ ਦੇ ਮੰਦਿਰ ਵਿਚ ਵੀ ਸ਼ਸਤ੍ਰ-ਚਿੰਨ੍ਹ ਦਾ ਪ੍ਰਦਰਸ਼ਨ ਮਿਲਦਾ ਹੈ । ਸਿੱਖ-ਚਿੰਨ੍ਹ ਦੀ ਆਪਣੀ ਹੀ ਦਾਰਸ਼ਨਿਕਤਾ ਅਤੇ ਪ੍ਰਤੀਕਾਤਮਕਤਾ ਹੈ । ਇਸ ਵਿਚਲਾ ਖੰਡਾ ਈਸ਼ਵਰੀ ਸ਼ਕਤੀ ਦਾ ਪ੍ਰਤੀਕ ਹੈ ( ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰ ਉਪਾਇਆ — ‘ ਚੰਡੀ ਦੀ ਵਾਰ ’ ) । ਚਕ੍ਰ ‘ ਧਰਮ ’ ਦੇ ਚਿੰਨ੍ਹ ਵਜੋਂ ਰਖਿਆ ਗਿਆ ਹੈ ਅਤੇ ਦੋ ਕ੍ਰਿਪਾਨਾਂ ਮੀਰੀ ਅਤੇ ਪੀਰੀ ਦੀਆਂ ਸੂਚਕ ਹਨ । ਇਸ ਤਰ੍ਹਾਂ ਇਹ ਚਿੰਨ੍ਹ ਸਿੱਖ ਧਰਮ ਦੀ ਮਾਨਸਿਕਤਾ ਨੂੰ ਰੂਪਾਇਤ ਕਰਨ ਵਾਲਾ ਹੋ ਨਿਬੜਿਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖੰਡਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

: ਇਹ ਲੜਾਈ ਵਿਚ ਵਰਤਿਆ ਜਾਣ ਵਾਲਾ ਇਕ ਸ਼ਸਤਰ ਹੈ । ਇਹ ਦੋ ਧਾਰਾ ਹੁੰਦਾ ਹੈ ਜਿਸ ਦੇ ਇਕ ਪਾਸੇ ਮੁੱਠਾ ਹੁੰਦਾ ਹੈ । ਇਸ ਦੀ ਫਾਲ ਕਾਫ਼ੀ ਚੌੜੀ ਹੁੰਦੀ ਹੈ । ਇਸ ਦੀ ਬਣਤਰ ਇਸ ਪ੍ਰਕਾਰ ਹੁੰਦੀ ਹੈ- ਉਪਰੋਂ ਤੇ ਹੇਠੋਂ ਚੌੜਾ , ਦਰਮਿਆਨ ਵਿਚ ਪਤਲਾ , ਦੋਨੋਂ ਪਾਸਿਆਂ ਤੋਂ ਤਿੱਖਾ

                  ਸਿੱਖ ਧਰਮ ਵਿਚ ਖੰਡੇ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਸਿੱਖਾਂ ਦੇ ਕੇਸਰੀ ਨਿਸ਼ਾਨ ਉਪਰ ਦੋ ਕਿਰਪਾਨਾਂ ਤੇ ਇਕ ਚੱਕਰ ਤੇ ਵਿਚਕਾਰ ਖੰਡੇ ਦਾ ਚਿੰਨ੍ਹ ਹੁੰਦਾ ਹੈ । ਯੁੱਧਾਂ ਵਿਚ ਵੀ ਸਿਖਾਂ ਨੇ ਇਸ ਦੀ ਰੱਜਵੀਂ ਵਰਤੋਂ ਕੀਤੀ । ਬਾਬਾ ਦੀਪ ਸਿੰਘ ਸ਼ਹੀਦ ਦਾ ਖੰਡਾ ਬਹੁਤ ਪ੍ਰਸਿੱਧ ਹੈ ਜਿਸ ਦਾ ਭਾਰ ਲਗਭਗ ਸਵਾ ਮਣ ( 47 ਕਿ. ਗ੍ਰਾ. ) ਦੱਸਿਆ ਜਾਂਦਾ ਹੈ ।

                  ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਤਾਂ ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦਾ ਬਾਟਾ ਅਤੇ ਖੰਡਾ ਵਰਤਿਆ । ਇਹ ਖੰਡਾ ਅੱਜਕੱਲ੍ਹ ਸ੍ਰੀ ਕੇਸਗੜ੍ਹ ਸਾਹਿਬ , ਅਨੰਦਪੁਰ ਸਾਹਿਬ ਵਿਚ ਸੁਰੱਖਿਅਤ ਹੈ ।

                  ਖੰਡਾ ਸ਼ਕਤੀ ਦਾ ਪ੍ਰਤੀਕ ਹੈ । ਦਸਮ ਗ੍ਰੰਥ ਵਿਚ ਸ਼ਸਤਰਾਂ ਨੂੰ ਪੀਰ ਆਖਦਿਆਂ ਇਹ ਦੋਹਰਾ ਅੰਕਿਤ ਕੀਤਾ ਗਿਆ ਹੈ- ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ਼ ਸਿਰੋਹੀ ਸੈਹਥੀ ਯਹੈ ਹਮਾਰੈ ਪੀਰ ॥

                  ਗੁਰਬਾਣੀ ਵਿਚ ਖੰਡੇ ਦੀ ਧਾਰ ਦਾ ਜ਼ਿਕਰ ਹੈ ਜਿਸ ਨੂੰ ਪ੍ਰਤੀਕ ਰੂਪ ਵਿਚ ਵਰਤਿਆ ਦੱਸਿਆ ਗਿਆ ਹੈ ਕਿ ਭਗਤੀ ਦਾ ਮਾਰਗ ਖੰਡੇ ਦੀ ਧਾਰ ਵਰਗਾ ਤਿੱਖਾ ਹੈ ।

                  ਗਿਆਨੀ ਸੰਪ੍ਰਦਾਇ ਤੇ ਵਿਦਵਾਨ ਇਸ ਨੂੰ ਮਾਇਆ ਦੇ ਅਰਥ ਵਿਚ ਲੈਂਦੇ ਹਨ । ਮਾਇਆ ਜੋ ਖੰਡ ( ਵੰਦ ਪਦਾਰਥ ) ਰਚਣ ਵਾਲੀ ਹੈ । ਚੰਡੀ ਦੀ ਵਾਰ ਵਿਚ ਇਉਂ ਲਿਖਿਆ ਹੈ- ‘ ਖੰਡਾ ਪ੍ਰਿਥਮੈ ਸਾਜਕੇ ਜਿਨਿ ਸਭ ਸੰਸਾਰ ਉਪਾਯਾ’ ।

                  ਹਰ ਸਿੱਖ ਨੂੰ ਖੰਡੇ ਦਾ ਪਹੁਲ ਛਕਣ ਦਾ ਹੁਕਮ ਹੈ । ਭਾਈ ਗੁਰਦਾਸ ( ਦੂਸਰਾ ) ਲਿਖਦੇ ਹਨ ‘ ਪੀਉ ਪਾਹੁਲ ਖੰਡੇਧਾਰ ਹੋਇਆ ਜਨਮ ਸੁਹੇਲਾ ।

                  ਹ. ਪੁ.– ਮ. ਕੋ. : 387


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.