ਗਿੱਧਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਿੱਧਾ : ਗਿੱਧਾ ਪੰਜਾਬੀ ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ਹੈ , ਜੋ ਜਨਮ , ਵਿਆਹ , ਤੀਆਂ ਅਤੇ ਜਾਗੋ ਆਦਿ ਦੇ ਅਵਸਰਾਂ `ਤੇ ਨੱਚਿਆ ਜਾਂਦਾ ਹੈ । ਗਿੱਧੇ ਦੇ ਕੋਸ਼ਗਤ ਅਰਥ , ਗੀਤ-ਤਾਲ ਅਤੇ ਗਾਉਣ ਵੇਲੇ ਹੱਥ ਦੀ ਤਾੜੀ ਨਾਲ ਦਿੱਤੇ ਤਾਲ ਤੋਂ ਲਏ ਜਾਂਦੇ ਹਨ । ਗਿੱਧੇ ਵਿੱਚ ਅਕਸਰ ਕਿਸੇ ਵਿਆਹ ਅਵਸਰ `ਤੇ ਬਰਾਤ ਚੜ੍ਹਨ ਤੋਂ ਪਿੱਛੋਂ ਇਸਤਰੀਆਂ ਇਕੱਠੀਆਂ ਹੋ ਕੇ ਨੱਚਦੀਆਂ ਹਨ , ਜਿਸ ਨੂੰ ਗਿੱਧਾ ਪਾਉਣਾ ਕਿਹਾ ਜਾਂਦਾ ਹੈ । ਵਿਆਹ ਸਮੇਂ ਦੁਲਹਨ ਦੀ ਡੋਲੀ ਵਿਦਾ ਹੋਣ ਤੋਂ ਬਾਅਦ ਵੀ ਗਿੱਧਾ ਨੱਚੇ ਜਾਣ ਦਾ ਰਿਵਾਜ ਹੈ । ਪੰਜਾਬ ਦੇ ਬਹੁਤੇ ਖਿੱਤਿਆਂ ( ਮਾਲਵਾ ਖੇਤਰ ) ਵਿੱਚ ਵਿਆਹ ਤੋਂ ਇੱਕ ਦਿਨ ਪਹਿਲੀ ਰਾਤ ਇਸਤਰੀਆਂ ਵੱਲੋਂ ਪਿੱਤਲ ਦੀ ਗਾਗਰ ਦੇ ਮੂੰਹ ਉੱਤੇ ਰੱਖੀ ਥਾਲੀ ਵਿੱਚ ਅਤੇ ਗਾਗਰ ਦੇ ਆਲੇ-ਦੁਆਲੇ ਦੀਵੇ ਬਾਲ ਕੇ ਜਾਗੋ ਕੱਢਣ ਦੀ ਰੀਤ ਕੀਤੀ ਜਾਂਦੀ ਹੈ । ( ਵੇਖੋ : ਜਾਗੋ ) ਇਸ ਗੀਤ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ । ਵਿਆਹ ਵਿੱਚ ਸ਼ਾਮਲ ਇਸਤਰੀਆਂ ਵਿਆਹ ਵਾਲੀ ਕੰਨਿਆ ਦੀ ਭਰਜਾਈ ਜਾਂ ਮਾਮੀ ਨੂੰ ਗਾਗਰ ਚੁੱਕਾ ਕੇ ਗਲੀਆਂ ਵਿੱਚ ਗੀਤ ਗਾਉਂਦੀਆਂ ਹੋਈਆਂ ਗਿੱਧਾ ਪਾਉਂਦੀਆਂ ਹਨ । ਇੱਕ ਵਿਚਾਰ ਅਨੁਸਾਰ ਦੀਵਾ ਰੋਸ਼ਨੀ ਦਾ , ਗਾਗਰ ਕਾਇਆ ਦਾ ਅਤੇ ਗਾਗਰ ਵਿਚਲਾ ਜਲ , ਦੈਵੀ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਜਾਗੋ ਕੱਢਣ ਸਮੇਂ ਇਸਤਰੀਆਂ ਆਪਣੇ ਨੇੜੇ ਦੇ ਘਰਾਂ , ਪੱਤੀ ( ਵਿਸਤਾਰ ਲਈ ਵੇਖੋ : ਪੱਤੀ ) ਜਾਂ ਪਿੰਡ ਦੇ ਚੁਫ਼ੇਰੇ ਫਿਰਨੀ ( ਰਸਤੇ ) ਦੀ ਪਰਕਰਮਾ ਕਰਦੀਆਂ ਹਨ ।

        ਤੀਆਂ ਦੇ ਤਿਉਹਾਰ ਸਮੇਂ ਵੀ ਗਿੱਧਾ ਪਾਇਆ ਜਾਂਦਾ ਹੈ । ਤੀਆਂ ਸਾਵਣ ਮਹੀਨੇ ਦਾ ਤਿਉਹਾਰ ਹੈ , ਜਿਸ ਵਿੱਚ ਵਿਆਹੀਆਂ ਕੁੜੀਆਂ ਪੇਕੇ ਘਰ ਆ ਕੇ ਅਤੇ ਪਿੰਡ ਦੀਆਂ ਮੁਟਿਆਰਾਂ ਮਿਲ ਕੇ ਪਿਪਲਾਂ `ਤੇ ਪਾਈਆਂ ਪੀਂਘਾਂ ਝੂਟਦੀਆਂ ਹਨ । ਕੁੜੀਆਂ ਗਿੱਧਾ ਪਾਉਂਦੀਆਂ ਹੋਈਆਂ ਗੀਤ ਗਾਉਂਦੀਆਂ ਹਨ । ਪਰ ਗਿੱਧਾ ਇਹਨਾਂ ਤਿਉਹਾਰਾਂ ਤੋਂ ਵੱਖਰੇ ਵੀ ਕਈ ਅਵਸਰਾਂ `ਤੇ ਨੱਚਿਆ ਜਾਂਦਾ ਹੈ ।

        ਗਿੱਧੇ ਦੀ ਸਮੁੱਚੀ ਪੇਸ਼ਕਾਰੀ ਬਹੁਤ ਸਾਦੀ ਹੈ । ਪੰਜਾਬ ਦੇ ਹੋਰ ਲੋਕ-ਨਾਚਾਂ ਵਾਂਗ ਗਿੱਧੇ ਵਿੱਚ ਵੀ ਇਸਤਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੈ । ਗਿੱਧਾ ਪਾਉਣ ਸਮੇਂ ਇਸਤਰੀਆਂ ਆਸੇ-ਪਾਸੇ ਪਿੜ ਬੰਨ੍ਹ ਕੇ ਖਲੋ ਜਾਂਦੀਆਂ ਹਨ , ਜਿਸ ਨੂੰ ‘ ਘੱਗਰੀ ਪਿੜ’ ਕਿਹਾ ਜਾਂਦਾ ਹੈ । ਗਿੱਧਾ ਸ਼ੁਰੂ ਕਰਨ ਸਮੇਂ ਇੱਕ ਜਾਂ ਦੋ ਕੁੜੀਆਂ ਬੋਲੀ ਸ਼ੁਰੂ ਕਰਦੀਆਂ ਹਨ । ਬਾਕੀ ਕੁੜੀਆਂ ਜਾਂ ਇਸਤਰੀਆਂ ਬੋਲਣ ਵਾਲੀ ਕੁੜੀ ਦੇ ਬੋਲ ਨੂੰ ਤਾੜੀਆਂ ਦੀ ਸਾਂਝੀ ਲੈਅ ਨਾਲ ਹੁੰਗਾਰਾ ਭਰਦੀਆਂ ਹੋਈਆਂ ਲੈ-ਬੱਧ ਕਰਦੀਆਂ ਹਨ । ਜਿਵੇਂ :

ਗਿੱਧਾ ਗਿੱਧਾ ਕਰੇਂ ਮੇਲਣੇ

ਗਿੱਧਾ ਪਊ ਬਥੇਰਾ

ਲੋਕ ਘਰਾਂ ਤੋਂ ਜੁੜ ਕੇ ਆ ਗੇ

ਕੀ ਬੁੱਢੜਾ ਕੀ ਠੇਰਾ

ਝਾਤੀ ਮਾਰ ਕੇ ਵੇਖ ਉਤਾਹ ਨੂੰ

ਭਰਿਆ ਪਿਆ ਬਨੇਰਾ

ਤੈਨੂੰ ਧੁੱਪ ਲਗਦੀ

ਸੜੇ ਕਾਲਜਾ ਮੇਰਾ

ਤੈਨੂੰ ਧੁੱਪ ਲਗਦੀ ।

        ਬੋਲੀ ਦੀ ਅੰਤਿਮ ਤੁਕ ਜਿਸ ਨੂੰ ‘ ਤੋੜਾ’ ਕਿਹਾ ਜਾਂਦਾ ਹੈ , ਸਾਰੀਆਂ ਕੁੜੀਆਂ ਵੱਲੋਂ ਬੋਲਿਆ ਅਤੇ ਦੁਹਰਾਇਆ ਜਾਂਦਾ ਹੈ । ਗਿੱਧੇ ਵਿੱਚ ਗਾਏ ਜਾਂ ਬੋਲੇ ਜਾਣ ਵਾਲੇ ਕਾਵਿ-ਉਚਾਰ ਨੂੰ ‘ ਬੋਲੀ’ ਕਿਹਾ ਜਾਂਦਾ ਹੈ । ਬੋਲੀ ਦੀਆਂ ਸਾਰੀਆਂ ਤੁਕਾਂ ਨੂੰ ਗਾਇਆ ਜਾਂ ਉਚਾਰਿਆ ਜਾਂਦਾ ਹੈ । ਪਰ ਬੋਲੀ ਦੇ ਤੋੜੇ ਨੂੰ ਸਾਂਝੇ ਰੂਪ ਵਿੱਚ ਇੱਕਾ-ਇੱਕ ਚੁੱਕਣਾ ਅਤੇ ਨੱਚਦੇ ਹੋਏ ਬਾਰ-ਬਾਰ ਦੁਹਰਾਉਣਾ ਹੁੰਦਾ ਹੈ । ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀ ਉਚਾਰਦੀਆਂ ਹਨ ਤਾਂ ਬਾਕੀ ਦੀਆਂ ਕੁੜੀਆਂ ਤਾੜੀ ਨਾਲ ਲੈਅ ਅਤੇ ਹੁੰਗਾਰਾ ਭਰਦੀਆਂ ਹਨ । ਪਰ ਜਿਵੇਂ ਹੀ ਬਾਕੀ ਦੀਆਂ ਕੁੜੀਆਂ ਤੋੜੇ ਦੇ ਬੋਲ ਉਚਾਰਦੀਆਂ ਜਾਂ ਗਾਉਂਦੀਆਂ ਹਨ ਤਾਂ ਦੋ ਕੁੜੀਆਂ ਪਿੜ ਦੇ ਅੰਦਰ ਆ ਕੇ ਬੋਲੀ ਵਿਚਲੇ ਭਾਵ ਨੂੰ ਨਾਚ-ਮੁਦਰਾਵਾਂ ਦਾ ਰੂਪ ਦੇ ਕੇ ਨੱਚਣ ਲੱਗਦੀਆਂ ਹਨ । ਗਿੱਧਾ ਹੋਰ ਲੋਕ-ਨਾਚਾਂ ਦੇ ਟਾਕਰੇ ਸਭ ਤੋਂ ਲਚਕੀਲਾ ਅਤੇ ਵੰਨਗੀਆਂ ਭਰਪੂਰ ਨਾਚ ਹੈ , ਕਿਉਂਕਿ ਗਿੱਧੇ ਦੀਆਂ ਨਾਚ-ਮੁਦਰਾਵਾਂ ਨੇ ਬੋਲੀਆਂ ਅਨੁਸਾਰ ਚੱਲਣਾ ਹੁੰਦਾ ਹੈ । ਇਸ ਲਈ ਇਹਨਾਂ ਬੋਲੀਆਂ ਦੀ ਸ਼ਾਬਦਿਕ ਬਣਤਰ ਵਿੱਚ ਕਈ ਤਰ੍ਹਾਂ ਦੀ ਤਬਦੀਲੀ ਵੀ ਕਰ ਲਈ ਜਾਂਦੀ ਹੈ । ਗਿੱਧੇ ਦੇ ਪਿੜ ਵਿੱਚ ਜਿਹੜੀ ਮੁਟਿਆਰ ਜਾਂ ਤ੍ਰੀਮਤ ਨੱਚਣੋਂ ਝਿਜਕ ਜਾਵੇ , ਉਸ ਨੂੰ ‘ ਬਾਬੇ ਦੀ ਰੰਨ’ ਕਹਿ ਕੇ ਮੇਹਣਾ ਮਾਰਿਆ ਜਾਂਦਾ ਹੈ । ਜਿਸ ਦੇ ਸਿੱਟੇ ਵਜੋਂ ਕੋਈ ਕੁੜੀ ਨੱਚਣ ਤੋਂ ਨਾਂਹ ਨਹੀਂ ਕਰਦੀ ।

        ਗਿੱਧੇ ਵਿੱਚ ਪਾਈਆਂ ਜਾਣ ਵਾਲੀਆਂ ਬੋਲੀਆਂ ਦੀ ਚੋਣ ਗਿੱਧੇ ਦੀ ਗਤੀ ਅਨੁਸਾਰ ਕੀਤੀ ਜਾਂਦੀ ਹੈ । ਜੇਕਰ ਗਿੱਧਾ ਧੀਮੀ ਗਤੀ ਨਾਲ ਨਚਿਆ ਜਾ ਰਿਹਾ ਹੋਵੇ ਤਾਂ ਲੰਮੀ ਬੋਲੀ ਪਾਈ ਜਾਂਦੀ ਹੈ , ਤਾਂ ਜੋ ਨਾਚੀਆਂ ਸਾਹ ਲੈ ਸਕਣ , ਕਿਉਂਕਿ ਲੰਮੀ ਬੋਲੀ ਲਮਕਾ ਕੇ ਉਚਾਰੀ ਜਾਂਦੀ ਹੈ । ਗਿੱਧੇ ਵਿੱਚ ਨੱਚਣ ਵਾਲੀ ਹਰ ਕੁੜੀ/ਤ੍ਰੀਮਤ ਨੂੰ ਖੁੱਲ੍ਹ ਹੁੰਦੀ ਹੈ ਕਿ ਉਹ ਨੱਚਿਆ ਜਾ ਰਿਹਾ ਭਾਵ ਖਲੋ ਕੇ , ਬੈਠ ਕੇ , ਫੇਰੀ ਲੈ ਕੇ ਜਾਂ ਸੁਆਂਗ ਦਾ ਰੂਪ ਧਾਰ ਕੇ ਨੱਚ ਲਵੇ । ਵਿਆਹ ਵਿੱਚ ਗਿੱਧਾ ਇਸ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਕਿ ਗਿੱਧੇ ਤੋਂ ਬਿਨਾਂ ਵਿਆਹ ਦੀ ਖ਼ੁਸ਼ੀ ਨੂੰ ਸੰਪੂਰਨ ਨਹੀਂ ਸਮਝਿਆ ਜਾਂਦਾ ।

        ਪੰਜਾਬ ਦੇ ਲੋਕ-ਨਾਚਾਂ ਵਾਂਗ ਗਿੱਧੇ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਿੱਚ ਪੇਸ਼ ਕਰਨ ਵਾਲੀ ਅਤੇ ਪ੍ਰਦਰਸ਼ਿਤ ਕਲਾ ਨੂੰ ਮਾਣਨ ਵਾਲੀ ਧਿਰ , ਵੱਖਰੀ-ਵੱਖਰੀ ਨਹੀਂ ਹੁੰਦੀ , ਸਗੋਂ ਪੇਸ਼ਕਰਤਾ ਅਤੇ ਮਾਣਨਹਾਰਾ ਇੱਕੋ ਹੀ ਹੁੰਦੇ ਹਨ । ਗਿੱਧਾ ਨੱਚਣ ਵਾਲੀਆਂ ਕੁੜੀਆਂ ਆਮ ਤੌਰ `ਤੇ ਗਿੱਧੇ ਦੇ ਪਿੜ ਅੰਦਰ ਆਪਸ ਵਿੱਚ ਉਲਟ ਦਿਸ਼ਾਵਾਂ ਤੋਂ ਪ੍ਰਵੇਸ਼ ਕਰਦੀਆਂ ਹਨ ਅਤੇ ਬੋਲੀ ਦੇ ਤੋੜੇ ਨੂੰ ਗਾਉਂਦੀਆਂ ਹੋਈਆਂ ਝੁਕ ਕੇ , ਤਾੜੀ ਮਾਰ ਕੇ ਅਤੇ ਜਿਸਮ ਨੂੰ ਇੱਕਾ-ਇੱਕ ਗਤੀ ਵਿੱਚ ਲਿਆ ਕੇ ਫੇਰੀ ਲੈਂਦੀਆਂ ਹੋਈਆਂ ਨੱਚਦੀਆਂ ਹਨ । ਬੋਲੀ ਤੋਂ ਬਾਅਦ ਗਿੱਧੇ ਵਿੱਚ ਅਕਸਰ ਦੋ ਕੁੜੀਆਂ ਨੱਚਦੀਆਂ ਹਨ । ਪਰ ਕਈ ਹਾਲਤਾਂ ਵਿੱਚ ਇੱਕ ਤੋਂ ਵਧੇਰੇ ਜੁੱਟ ਵੀ ( ਜੋਸ਼ ਵਿੱਚ ਆ ਕੇ ) ਨੱਚਣ ਲੱਗਦੇ ਹਨ । ਨਾਚੀਆਂ ਵੱਲੋਂ ਤੇਜ਼ਗਤੀ ਵਿੱਚ ਨੱਚਦਿਆਂ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਇੱਕੋ ਸਮੇਂ ਨਿੱਕੇ ਜਿਹੇ ਪਿੜ ਵਿੱਚ ਇੱਕ ਤੋਂ ਵਧੇਰੇ ਜੁੱਟ ਨੱਚਦੇ ਹੋਏ ਇੱਕ ਦੂਜੇ ਵਿੱਚ ਟਕਰਾਉਣ ਨਾ । ਜੇਕਰ ਗਿੱਧੇ ਵਿੱਚ ਉਸਾਰੀ ਜਾ ਰਹੀ ਬੋਲੀ ਦੀ ਗਤੀ ਤੇਜ਼ ਨਾ ਹੋਵੇ ਤਾਂ ਦੋ ਨਾਚੀਆਂ ਆਮ੍ਹੋ-ਸਾਮ੍ਹਣੇ ਖਲੋ ਕੇ ਬੋਲੀ ਦੀ ਭਾਵ ਨੱਚ ਲੈਂਦੀਆਂ ਹਨ । ਜੇਕਰ ਬੋਲੀ ਦਾ ਭਾਵ ਆਪਸੀ ਵਿਰੋਧ ਵਾਲਾ ਹੋਵੇ ਤਾਂ ਨੱਚਣ ਵਾਲੀਆਂ ਕੁੜੀਆਂ ਬੋਲੀ ਵਿਚਲੇ ਭਾਵ ਨੂੰ ਸੰਵਾਦ ਦਾ ਰੂਪ ਦੇ ਕੇ ਅਦਾਕਾਰੀ ਕਰਨ ਲੱਗਦੀਆਂ ਹਨ , ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਦੋ ਵਿਅਕਤੀ ਲੜ ਰਹੇ ਹਨ ਅਤੇ ਇੱਕ ਦੂਜੇ ਦੇ ਵਿਪਰੀਤ ਸੁਭਾਅ ਦੇ ਮਾਲਕ ਹਨ ਜਾਂ ਇੱਕ ਦੂਜੇ ਨਾਲ ਪਿਆਰ ਕਰ ਰਹੇ ਹਨ । ਇਉਂ ਗਿੱਧਾ ਕਿਰਦਾਰਾਂ ਦੇ ਰੂਪ ਵਿੱਚ ਵੀ ਨੱਚਿਆ ਜਾਂਦਾ ਹੈ । ਅਜਿਹੇ ਸੰਵਾਦ ਨੂੰ ਜੇਕਰ ਹੋਰ ਵਿਸਤਾਰ ਦੇ ਲਿਆ ਜਾਵੇ ਤਾਂ ਉਹ ਸੁਆਂਗ ਬਣ ਜਾਂਦਾ ਹੈ ।

        ਜ਼ਿਆਦਾ ਧੀਮੀ ਗਤੀ ਦੇ ਗਿੱਧੇ ਨਾਲ ਟੱਪੇ ਵੀ ਗਾਏ ਜਾਂਦੇ ਹਨ । ਟੱਪਾ ਇੱਕ ਤੁਕੀ ਬੋਲੀ ਨੂੰ ਕਿਹਾ ਜਾਂਦਾ ਹੈ । ਟੱਪੇ ਅਕਸਰ ਗਿੱਧੇ ਦੇ ਅਰੰਭ ਵਿੱਚ ਗਾਏ ਜਾਂਦੇ ਹਨ । ਟੱਪੇ ਦੇ ਗਾਏ ਜਾ ਰਹੇ ਬੋਲਾਂ ਅਤੇ ਤਾੜੀ ਵਿੱਚ ਇੱਕਸੁਰਤਾ ਲਿਆਉਣ ਅਤੇ ਬੋਲਾਂ ਦੀ ਤੇਜ਼ ਗਤੀ ਘੱਟ ਕਰਨ ਬਦਲੇ , ਟੱਪੇ ਦੇ ਬੋਲਾਂ ਵਿੱਚ ‘ ਬੱਲੇ ਬੱਲੇ’ ਬੋਲ ਲਿਆ ਜਾਂਦਾ ਹੈ । ਜਿਵੇਂ :

ਬੱਲੇ ਬੱਲੇ ਬਈ ਤੋਰ ਮਜਾਜਣ ਦੀ

ਜੁੱਤੀ ਖੱਲ ਦੀ ਮਰੋੜਾ ਨਹੀਉਂ ਝੱਲਦੀ

ਬਈ ਤੋਰ ਮਜਾਜਣ ਦੀ ।

        ਗਿੱਧਾ ਤੇਜ਼ ਗਤੀ ਵਿੱਚ ਨੱਚਣਾ ਹੋਵੇ ਤਾਂ ਨਿੱਕੀਆਂ ਬੋਲੀਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ । ਇਉਂ ਤੋੜਾ ਛੇਤੀ-ਛੇਤੀ ਆਉਂਦਾ ਹੈ ।

        ਤੀਆਂ ਦਾ ਗਿੱਧਾ ਜਿੱਥੇ ਸਹੇਲੀਆਂ ਦਾ ਗਿੱਧਾ ਹੁੰਦਾ ਹੈ , ਉੱਥੇ ਵਿਆਹ ਦੇ ਗਿੱਧੇ ਨੂੰ ਮੇਲਣਾ ਦਾ ਗਿੱਧਾ ਕਿਹਾ ਜਾਂਦਾ ਹੈ । ਵਿਆਹ ਦੇ ਗਿੱਧੇ ਵਿੱਚ ਦੋ ਲੱਛਣ ਅਕਸਰ ਦੇਖਣ ਨੂੰ ਮਿਲਦੇ ਹਨ । ਛੱਜ ਕੁੱਟਣਾ ਅਤੇ ਜਾਗੋ ਕੱਢਣੀ । ਛੱਜ ਕੁੱਟ ਕੇ ਇੱਕ ਤਰ੍ਹਾਂ ਵਿਆਹ ਵਿੱਚ ਆਏ ਨਾਨਕਾ ਮੇਲ ਨੂੰ ਬਰਾਬਰ ਗਿੱਧਾ ਪਾਉਣ ਲਈ ਵੰਗਾਰਿਆ ਜਾਂਦਾ ਹੈ ।

        ਮੁੰਡੇ ਦੇ ਵਿਆਹ ਸਮੇਂ ਪਹਿਲੀ ਰਾਤ ਨਾਨਕਾ ਮੇਲ ( ਮਾਤਰਵੰਸ਼ੀ ਅੰਗ ਸਾਕ ) ਪੁੱਜਣ `ਤੇ ਜਾਗੋ ਕੱਢੀ ਜਾਂਦੀ ਹੈ । ਜਾਗੋ ਦਾ ਗਿੱਧਾ ਜਦੋਂ ਇਸਤਰੀਆਂ ਦੇ ਜਲੂਸ ਦੀ ਸ਼ਕਲ ਵਿੱਚ ਪਿੰਡ ਜਾਂ ਨੇੜੇ-ਤੇੜੇ ਦੀਆਂ ਗਲੀਆਂ ਵਿੱਚੋਂ ਲੰਘਦਾ ਹੈ ਤਾਂ ਮੱਛਰੀਆਂ ਹੋਈਆਂ ਮੁਟਿਆਰਾਂ ਜਿੱਥੇ ਬੋਲੀਆਂ ਰਾਹੀਂ ਦਿਉਰਾਂ , ਜੇਠਾਂ ਅਤੇ ਸੱਸਾਂ ਨੂੰ ਕਟਾਖਸ਼ ਕਰਦੀਆਂ ਹਨ , ਉੱਥੇ ਚੁੱਲ੍ਹੇ ਚੌਂਕੇ ਢਾਹੁੰਦੀਆਂ ਅਤੇ ਪਰਨਾਲੇ ਆਦਿ ਪੁੱਟ ਕੇ ਇੱਕ ਕਿਸਮ ਦਾ ਮੌਜੂਦਾ ਰਹਿਤਲ ਪ੍ਰਤਿ ਵਿਦਰੋਹ ਦਾ ਪ੍ਰਗਟਾਵਾ ਕਰਦੀਆਂ ਹਨ । ਜਾਗੋ ਵਿੱਚ ਪੈਣ ਵਾਲੀਆਂ ਬੋਲੀਆਂ ਧੀਮੀ ਗਤੀ ਵਾਲੀਆਂ ਹੁੰਦੀਆਂ ਹਨ । ਜਿਵੇਂ :

ਆਉਂਦੀ ਕੁੜੀਏ , ਜਾਂਦੀਏ ਕੁੜੀਏ

ਚੱਕ ਲਿਆ ਬਜ਼ਾਰ ਵਿੱਚੋਂ ਛੈਣੇ

ਏਥੋਂ ਦੇ ਸ਼ੁਕੀਨ ਗੱਭਰੂ

ਚਿੱਟੇ ਚਾਦਰੇ ਜ਼ਮੀਨਾਂ ਪਈਆਂ ਗਹਿਣੇ

ਨੀਂ ਏਥੋਂ ਦੇ ਸ਼ੁਕੀਨ ਗੱਭਰੂ ।

        ਜਾਗੋ ਦਾ ਇਹ ਇਕੱਠ ਜਿਉਂ ਹੀ ਪਰਤ ਕੇ ਵਿਆਹ ਵਾਲੇ ਘਰ ਮੁੜਦਾ ਹੈ , ਇਹੋ ਇਕੱਠ ਗਿੱਧੇ ਦੇ ਪਿੜ ਵਿੱਚ ਬਦਲ ਜਾਂਦਾ ਹੈ । ਜਿਉਂ-ਜਿਉਂ ਗਿੱਧਾ ਸਿਖਰ ਵੱਲ ਵੱਧਦਾ ਹੈ , ਇਸ ਦੀ ਗਤੀ ਤੇਜ਼ ਅਤੇ ਬੋਲੀਆਂ ਦਾ ਲਹਿਜਾ ਕਰਾਰਾ ਹੁੰਦਾ ਜਾਂਦਾ ਹੈ । ਜਦੋਂ ਗਿੱਧਾ ਕਰਾਰੇ ਸਿਖਰ `ਤੇ ਪੁੱਜ ਜਾਵੇ ਤਾਂ ਇਸ ਨੂੰ ‘ ਫੜੂਹਾ’ ਕਹਿੰਦੇ ਹਨ । ਇਸ ਸਮੇਂ ਨੱਚਣ ਵਾਲੀਆਂ ਕੁੜੀਆਂ ਮੂੰਹ ਨਾਲ ਫੂ-ਫੂ ਦੀਆਂ ਅਵਾਜ਼ਾਂ ਕੱਢਦੀਆਂ ਹੋਈਆਂ ਰੁਮਾਂਟਿਕ ਅਦਾਵਾਂ ਕਰਦੀਆਂ ਹਨ , ਜਿਸ ਕਾਰਨ ਗਿੱਧੇ ਦਾ ਇਹ ਰੂਪ ਕਾਮੁਕ ਹੋ ਜਾਂਦਾ ਹੈ ।

        ਕਈ ਵੇਰੀਂ ਨੱਚਦੀਆਂ ਹੋਈਆਂ ਕੁੜੀਆਂ ਬੇਲੀ ਦੇ ਸੰਵਾਦ ਅਨੁਸਾਰ , ਕੁਝ ਨਾਟਕੀ ਅਦਾਵਾਂ ਦਾ ਪ੍ਰਦਰਸ਼ਨ ਵੀ ਕਰਨ ਲੱਗਦੀਆਂ ਹਨ । ਅਜਿਹੀਆਂ ਨਾਚ-ਮੁਦਰਾਵਾਂ ਇੱਕ ਤਰ੍ਹਾਂ ਸੁਆਂਗ ( ਸਾਂਗ ) ਦਾ ਰੂਪ ਧਾਰ ਲੈਂਦੀਆਂ ਹਨ । ਮਿਸਾਲ ਵਜੋਂ ਨੱਚਦੇ ਸਮੇਂ ਵੇਸ਼-ਭੂਸ਼ਾ ਬਦਲਣਾ ਸੰਭਵ ਨਹੀਂ ਹੁੰਦਾ , ਇਸ ਲਈ ਨੱਚਦੇ-ਨੱਚਦੇ ਹੋਏ ਮੁੰਡਾ ਬਣਨ ਲਈ ਕੇਵਲ ਚੁੰਨੀ ਨੂੰ ਸਿਰ ਤੇ ਪੱਗੜੀ ਦੇ ਰੂਪ ਵਿੱਚ ਲਪੇਟ ਲੈਣਾ ਹੀ ਕਾਫ਼ੀ ਹੁੰਦਾ ਹੈ । ਇਹਨਾਂ ਨਾਟ- ਅਦਾਵਾਂ ਰਾਹੀਂ ਕਿਸੇ ਪਾਤਰ ( ਕਿਰਦਾਰ ) ਦੀ ਨਕਲ ਉਤਾਰੀ ਜਾਂਦੀ ਹੈ । ਅਜਿਹੀਆਂ ਨਾਚ-ਮੁਦਰਾਵਾਂ ਵਿੱਚ ਇਸਤਰੀਆਂ ਅਕਸਰ ਆਪਣੇ ਅੰਤਰੀਵ ਮਨ ਦੀਆਂ ਦੱਬੀਆਂ ਘੁੱਟੀਆਂ ਭਾਵਨਾਵਾਂ ਨੂੰ ਉਜਾਗਰ ਕਰਦੀਆਂ ਹਨ ।

        ਗਿੱਧੇ ਨੂੰ ਅੱਡੀ ਦੀ ਧਮਕ ਅਤੇ ਤਾੜੀ ਦਾ ਨਾਚ ਵੀ ਕਿਹਾ ਜਾਂਦਾ ਹੈ । ਦੂਜੇ ਲੋਕ-ਨਾਚਾਂ ਵਾਂਗ ਇਸ ਦੇ ਨਿਯਮ ਵੀ ਬੱਝਵੇਂ ਨਹੀਂ ਹਨ । ਇਸ ਨਾਚ ਵਿੱਚ ਭਾਵੇਂ ਸਮੁੱਚੇ ਤੌਰ ਤੇ ਲਚਕੀਲਾ ਜਿਸਮ ਹੀ ਭਾਗੀਦਾਰ ਬਣਨ ਦੇ ਕਾਬਲ ਹੁੰਦਾ ਹੈ , ਪਰ ਫਿਰ ਵੀ ਪ੍ਰਮੁਖ ਬਲ , ਪੱਟ , ਲੱਕ , ਅੱਡੀ , ਹੱਥਾਂ , ਬਾਹਵਾਂ ਅਤੇ ਚਿਹਰੇ ਦੀਆਂ ਮੁਦਰਾਵਾਂ `ਤੇ ਦਿੱਤਾ ਜਾਂਦਾ ਹੈ । ਕਈ ਵੇਰੀ ਤਾਲ ਵਜੋਂ ਢੋਲਕੀ ਵੀ ਵਜਾਈ ਜਾਂਦੀ ਹੈ ।

        ਸਮੁੱਚੇ ਤੌਰ `ਤੇ ਗਿੱਧਾ ਖ਼ੁਸ਼ੀ ਨਾਲ ਸੰਬੰਧਿਤ ਲੋਕ-ਨਾਚ ਹੈ , ਜੋ ਹਰ ਖ਼ੁਸ਼ੀ ਸਮੇਂ ਨੱਚਿਆ ਜਾਂਦਾ ਹੈ । ਭਾਵੇਂ ਉਹ ਵਿਆਹ , ਤੀਆਂ ਜਾਂ ਕਿਸੇ ਬਾਲ ਜੰਮਣ ਦੀ ਖ਼ੁਸ਼ੀ ਹੀ ਕਿਉਂ ਨਾ ਹੋਵੇ ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23355, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਧਾ ( ਨਾਂ , ਪੁ ) ਢੋਲਕੀ ਜਾਂ ਹੱਥ ਨਾਲ ਤਾੜੀ ਵਜਾ ਕੇ ਦਿੱਤੇ ਤਾਲ ਨਾਲ ਬੋਲੀਆਂ ਪਾ ਕੇ ਤੇਜ਼ ਗਤੀ ਵਿੱਚ ਨੱਚਿਆ ਜਾਣ ਵਾਲਾ ਇਸਤਰੀਆਂ ਦਾ ਲੋਕ-ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿੱਧਾ [ ਨਾਂਪੁ ] ਪੰਜਾਬੀ ਸਭਿਆਚਾਰ ਦਾ ਨਾਚ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਿਧਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਿਧਾ . ਵਿ— ਲੋਭੀ ਹੋਇਆ. ਇੱਛਾਵਾਨ ਹੋਇਆ. ਲਲਚਾਇਆ. ਸੰ. गृध्— ਗ੍ਰਿਧ ਧਾਤੁ ਦਾ ਅਰਥ ਹੈ ਚਾਹਣਾ— ਲੋਭ ਕਰਣਾ. ਇਸੇ ਤੋਂ ਗਿਧਾ ਅਥਵਾ ਗ੍ਰਿਧ ਹੈ. “ ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ.” ( ਚੰਡੀ ੩ ) ੨ ਸਿੰਧੀ. ਖ਼ਰੀਦਿਆ. ਮੁੱਲ ਲੀਤਾ । ੩ ਸੰ. ਗੀਤ— ਤਾਲ. ਗਾਉਣ ਵੇਲੇ ਹੱਥ ਦੀ ਤਾੜੀ ਨਾਲ ਦਿੱਤਾ ਤਾਲ । ੪ ਗਿਤ— ਧ੍ਵਾਨ. ਅਨੁ— ਗਿਤ ਗਿਤ ਧੁਨਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਿੱਧਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗਿੱਧਾ : ਵੇਖੋ ‘ ਲੋਕ– ਨਾਚ’

ਲੋਕ– ਨਾਚ : ਲੋਕ– ਨਾਚ ਜਾਂ ਲੋਕ– ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ । ਲੋਕ– ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ– ਗੀਤਾਂ ਤੇ ਲੋਕ– ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ । ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ , ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ । ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ , ਲੋਕ– ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ ।

                  ‘ ਲੋਕ– ਨਾਚ’ ਲੋਕ– ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ । ਸਾਧਾਰਣ ਤੌਰ ਤੇ ਲੋਕ– ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ ।

                  ਪੰਜਾਬ ਦੇ ਲੋਕੀ ਵਿਆਹਾਂ , ਸ਼ਾਦੀਆਂ , ਮੇਲਿਆਂ , ਮੁਸਾਹਬਿਆਂ ’ ਤੇ ਜੋ ਨਾਚ ਨੱਚਦੇ ਹਨ , ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ । ਕਿੱਕਲੀ , ਗਿੱਧਾ , ਲੁੱਡੀ , ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ– ਨਾਚ ਹਨ ।

                  ਲੋਕ– ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ । ਲੋਕ– ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ ।

                  ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ– ਨਾਚਾਂ ਬਾਰੇ ਵਿਚਾਰ ਕਰਦੇ ਹਾਂ :

                  ( 1 ) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ , ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ , ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ । ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ । ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ– ਗੀਤ ਦਾ ਬੋਲ ਛੁੰਹਦਾ ਹੈ । ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ । ਇਹ ਨਾਚ ਸਿੱਖਾਂ , ਹਿੰਦੂਆਂ , ਮੁਸਲਮਾਨਾਂ ਤੇ ਈਸਾਈਆਂ , ਸਭ ਦਾ ਸਾਂਝਾ ਨਾਚ ਹੈ । ਹੁਣ ਇਹ ਲੋਕ– ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ । ਭਾਰਤ ਸਰਕਾਰ ਵੱਲੋਂ , ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ ।

                  ( 2 ) ਗਿੱਧਾ : ਪੰਜਾਬ ਦੀਆਂ ਮੁਟਿਆਰਾਂ ( ਕਈ ਵਾਰ ਗੱਭਰੂ ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ । ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ । ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ , ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ । ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ । ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ । ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ । ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ ।

                  ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ– ਗੀਤ ਗਾਏ ਜਾਂਦੇ ਹਨ । ਵਿਆਹਾਂ , ਸ਼ਾਦੀਆਂ , ਮੰਗਣੇ– ਮੰਗਣੀਆਂ , ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ । ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ । ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ । ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ । ਗਿੱਧੇ ਦੇ ਪਿੜ ਵਿਚ ਹਿੰਦੂ , ਸਿੱਖ , ਮੁਸਲਮਾਨ ਤੇ ਈਸਾਈ ਦਾ ਭਿੰਨ– ਭੇਦ ਮਿਟ ਜਾਂਦਾ ਹੈ । ਇੰਜ ਇਹ ਲੋਕ– ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ ।

                  ( 3 ) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ– ਨਾਚ ਹੈ । ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ । ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ , ਇੱਥੇ ਕੋਈ ਢੋਲਚੀ ਨਹੀਂ ਹੁੰਦਾ ।

                  ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ– ਨਾਚ ਹਨ । ਝੁੰਮਰ ਨੱਚਣ ਵਾਲੇ ਗੱਭਰੂ ਭਰਾਈ ( ਢੋਲਚੀ ) ਨੂੰ ਸਦਵਾ ਲੈਂਦੇ ਹਨ । ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ । ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ । ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ । ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ , ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ । ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ । ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ । ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ । ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ । ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ । ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ । ‘ ਧਮਾਲ’ ਦੇ ‘ ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ । ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ!

                                    ਕੰਗਣਾਂ ਦੇ ਨਾਲ ।

                                    ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ ,

                                    ਛਣਕਾਰ ਪੌਂਦਾ ਵਿਚ ਗੱਲੀਆਂ ,

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ!

                                    ਕੰਗਣਾਂ ਦੇ ਨਾਲ

                                    ਕੰਗਣਾਂ ਦੇ ਨਾਲ ਮੇਰੇ ਬੀੜੇ ,

                                    ਜੱਟੀ ਧੋ ਧੋ ਵਾਲ ਨਪੀੜੇ ,

                                    ਵੇ ਯਾਰ ਕੰਗਣਾਂ ਦੇ ਨਾਲ ,

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ! ਕੰਗਣਾਂ ਦੇ ਨਾਲ ।

                                    ਕੰਗਣਾਂ ਦੇ ਨਾਲ ਮੇਰਾ ਢੋਲਣਾ ,

                                    ਕੂੜੇ ਸੱਜਣਾਂ ਨਾਲ ਕੀ ਬੋਲਣਾ ,

                                    ਵੇ ਯਾਰ ਕੰਗਣਾਂ ਦੇ ਨਾਲ

                                    ਊਹਾ ਗੱਲ ਹੋ ਕੰਗਣਾਂ ਦੇ ਨਾਲ

                                    ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ , ਯਾਰ! ਕੰਗਣਾਂ ਦੇ ਨਾਲ ।

                  ( 4 ) ਲੁੱਡੀ : ਲੁੱਡੀ ਪੱਛਮੀ ( ਪਾਕਿਸਤਾਨ ) ਦਾ ਇਕ ਲੋਕ– ਨਾਚ ਹੈ । ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ , ਬਸ ਨੱਚਦੇ ਹੀ ਰਹਿੰਦੇ ਹਨ । ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ ।

                  ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ । ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ । ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ । ਲੁੱਡੀ ਰਸਦੀ ਹੈ ਤਾਂ ‘ ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ । ਲੁੱਡੀ ਮਰਦਾਂ ਦਾ ਨਾਚ ਹੈ । ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ । ਮਿੰਟਗੁਮਰੀ , ਸਰਗੋਧਾ , ਲਾਇਲਪੁਰ , ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ– ਨਾਚ ਬੜਾ ਸਰਬ– ਪ੍ਰਿਯ ਤੇ ਪ੍ਰਸਿੱਧ ਹੈ ।

                  ( 5 ) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ । ਬਚਪਨ , ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ । ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ , ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ– ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ । ਕੁੜੀਆਂ ਗਾਉਂਦੀਆਂ ਹਨ :

                                    ਕਿੱਕਲੀ ਕਲੀਰ ਦੀ , ਪੱਗ ਮੇਰੇ ਵੀਰ ਦੀ ,

                                    ਦੁਪੱਟਾ ਮੇਰੇ ਭਾਈ ਦਾ , ਫਿੱਟੇ ਮੂੰਹ ਜਵਾਈ ਦਾ ।

                  ਦੋ– ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ । ਇਹੋ ਕਿੱਕਲੀ ਦਾ ਨਾਚ ਹੈ ।

                  ਪੰਜਾਬੀ ਲੋਕ– ਨਾਚਾਂ ਨੂੰ ਜੀਉਂਦਾ ਜੀਵਨ ਹੈ , ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ , ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ , ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ ।    

 


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.