ਗੁਰਚਰਨ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਚਰਨ ਸਿੰਘ . ਦੇਖੋ , ਨਾਭਾ ਵਿੱਚ ਮਹਾਰਾਜਾ ਰਿਪੁਦਮਨ ਸਿੰਘ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਚਰਨ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਚਰਨ ਸਿੰਘ : ਇਕ ਕੂਕਾ ਨੇਤਾ ਸੀ ( ਬਾਬਾ ਰਾਮ ਸਿੰਘ ਦੁਆਰਾ ਰਸਮੀ ਤੌਰ ‘ ਤੇ ਸੂਬਾ ਅਰਥਾਤ ( ਗਵਰਨਰ ਜਾਂ ਡਿਪਟੀ ) ਥਾਪਿਆ ਗਿਆ , ਜਿਸਨੇ ਬਰਤਾਨਵੀਆਂ ਦੇ ਖ਼ਿਲਾਫ਼ ਰੂਸੀਆਂ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ ਸੀ । ਇਸਦਾ ਜਨਮ ਅਜੋਕੇ ਪਾਕਿਸਤਾਨ ਦੇ ਸਿਆਲਕੋਟ ਦੇ ਪਿੰਡ ਚੱਕ ਪਿਰਾਣਾ ਵਿਚ 1806 ਵਿਚ ਹੋਇਆ ਸੀ । ਇਹ ਅਤਰ ਸਿੰਘ ਵਿਰਕ ਦਾ ਪੁੱਤਰ ਸੀ । 1833 ਵਿਚ , ਇਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿਚ ਸਿਪਾਹੀ ਦੇ ਤੌਰ ‘ ਤੇ ਭਰਤੀ ਹੋਇਆ ਅਤੇ ਉਦੋਂ ਤਕ ਇਸਨੇ ਸਿੱਖ ਰਾਜ ਦੀ ਸੇਵਾ ਕੀਤੀ ਜਦੋਂ ਤਕ ਪੰਜਾਬ 1849 ਵਿਚ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਨਹੀਂ ਚੱਲਾ ਗਿਆ ਸੀ । 1870 ਦੇ ਤਕਰੀਬਨ ਇਹ ਸਿਆਲਕੋਟ ਜ਼ਿਲੇ ਦੇ ਕੂਕਾ ਸੂਬਾ , ਜੋਤਾ ਸਿੰਘ ਦੀ ਪ੍ਰੇਰਨਾ ਨਾਲ ਕੂਕਿਆਂ ਵਿਚ ਸ਼ਾਮਲ ਹੋਇਆ ਅਤੇ ਕੁਝ ਸਮੇਂ ਪਿੱਛੋਂ ਆਪ ਸੂਬਾ ਨਿਯੁਕਤ ਹੋ ਗਿਆ ਸੀ । 1872 ਵਿਚ , ਬਾਬਾ ਰਾਮ ਸਿੰਘ ਦਾ ਰੰਗੂਨ ਨੂੰ ਜਲਾਵਤਨ ਹੋਣ ਤੋਂ ਬਾਅਦ , ਗੁਰਚਰਨ ਸਿੰਘ ਨੇ ਕੂਕਾ ਮਤ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤਕ ਦੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਨੂੰ ਆਪਣੇ ਪੰਥ ਵਿਚ ਸ਼ਾਮਲ ਕੀਤਾ । ਇਹ ਰੂਸੀਆਂ ਦੇ ਸੰਪਰਕ ਵਿਚ ਉਦੋਂ ਆਇਆ ਜਦੋਂ ਇਹਨਾਂ ( ਰੂਸੀਆਂ ) ਨੇ ਆਪਣੇ ਆਪ ਨੂੰ ਸੈਂਟਰਲ ਏਸ਼ੀਅਨ ਖੇਤਰ ਵਿਚ ਚੰਗੀ ਤਰ੍ਹਾਂ ਸਥਾਪਿਤ ਕਰ ਲਿਆ ਸੀ । ਇਹ ਪਸ਼ਤੋ ਅਤੇ ਫ਼ਾਰਸੀ ਭਾਸ਼ਾਵਾਂ ਜਾਣਦਾ ਸੀ ਅਤੇ ਅਫ਼ਗ਼ਾਨਿਸਤਾਨ ਅਤੇ ਦੂਰ-ਦੂਰ ਦੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਜਾਣੂ ਸੀ । ਇਹ ਕਈ ਵਾਰ ਕਾਬੁਲ ਗਿਆ ਸੀ । ਤਕੜੇ ਜੁੱਸੇ ਵਾਲਾ ਹੋਣ ਕਰਕੇ ਇਹ ਲੰਮੀਆਂ ਅਤੇ ਔਕੜਾਂ ਭਰੀਆਂ ਯਾਤਰਾਵਾਂ ਪੂਰੀਆਂ ਕਰ ਲੈਂਦਾ ਸੀ । 1881 ਵਿਚ ਇਸ ਨੂੰ ਗ੍ਰਿਫ਼ਤਾਰ ਕਰਨ ਸਮੇਂ ਪੁਲਿਸ ਰਿਕਾਰਡ ਵਿਚ ਇਸਦਾ ਵੇਰਵਾ ਇਸ ਪ੍ਰਕਾਰ ਬਿਆਨ ਕੀਤਾ ਗਿਆ ਸੀ : “ ਗੋਰਾ ਰੰਗ , ਵੱਡੀਆਂ ਅੱਖਾਂ , ਬਾਜ ਵਰਗੇ ਨਕਸ਼ , ਚਿੱਟੀ ਦਾੜ੍ਹੀ ਅਤੇ ਮੁੱਛਾਂ , ਕੱਦ ਪੰਜ ਫ਼ੁੱਟ ਗਿਆਰਾਂ ਇੰਚ , ਉਮਰ 75 ਸਾਲ ਸਧਾਰਨ ਦਿੱਖ ਤੋਂ ਵਧੀਆ ਅਤੇ ਖ਼ੂਬਸੂਰਤ ਦਿੱਖ ਵਾਲਾ ਸਿੱਖ ਸੀ । ”

        1879 ਵਿਚ , ਗੁਰਚਰਨ ਸਿੰਘ ਰੂਸੀਆਂ ਕੋਲ ਪੱਤਰ ਲੈ ਕੇ ਗਿਆ ਤਾਂ ਜੋ ਰੂਸੀਆਂ ਨੂੰ ਪ੍ਰਤੀਤ ਹੋਵੇ ਕਿ ਇਹ ਪੱਤਰ-ਕੂਕਾ ਆਗੂ , ਬਾਬਾ ਰਾਮ ਸਿੰਘ ਨੇ ਭੇਜਿਆ ਹੈ । ਇਹ 1880 ਨੂੰ ਤਾਸ਼ ਕੁਰਘਨ ਪਹੁੰਚਿਆ ਜਿੱਥੇ ਇਸਦਾ ਤਾਸ਼ਕੰਦ ਦੇ ਰੂਸੀ ਗਵਰਨਰ ਦੁਆਰਾ ਸੁਆਗਤ ਕੀਤਾ ਗਿਆ । ਗੁਰਮੁਖੀ ਲਿਪੀ ਵਿਚ ਲਿਖਿਆ ਹੋਇਆ ਇਹ ਪੱਤਰ ਰੂਸੀ ਬਾਦਸ਼ਾਹ , ਰੂਸੀ ਗਵਰਨਰ-ਜਰਨਲ ਅਤੇ ਹੋਰ ਰੂਸੀ ਅਫ਼ਸਰਾਂ ਨੂੰ ਸਲਾਮ ਕਰਨ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਹੋਰ ਕਈ ਗੱਲਾਂ ਦੇ ਨਾਲ ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਸੀ ਕਿ ਰਾਮ ਸਿੰਘ 3 , 15 , 000 ਕੂਕਿਆਂ ਦਾ ਅਧਿਆਤਮਿਕ ਗੁਰੂ ਹੈ , ਸਾਰੇ ਬਹਾਦੁਰ ਯੋਧੇ ਹਨ; ਇਸ ਲਈ ਜ਼ਾਲਿਮ ਬਰਤਾਨਵੀ ਸਰਕਾਰ ਨੇ ਉਸਨੂੰ ਰੰਗੂਨ ਵਿਚ ਕੈਦੀ ਬਣਾ ਦਿੱਤਾ ਹੈ ਕਿਉਂਕਿ ਬਰਤਾਨਵੀਆਂ ਨੂੰ ਡਰ ਸੀ ਕਿ ਉਹ ਪੰਜਾਬ ਨੂੰ ਕੂਕਿਆਂ ਕੋਲ ਹਾਰ ਜਾਣਗੇ; ਇਸ ਲਈ ਰੂਸੀਆਂ ਨੂੰ ਭਾਰਤ ਵਿਚ ਜਾਣਾ ਚਾਹੀਦਾ ਹੈ ਤਾਂ ਕਿ ਬਰਤਾਨਵੀਆਂ ਨੂੰ ਉੱਥੋਂ ਖਦੇੜਿਆ ਜਾ ਸਕੇ ਅਤੇ ਰੂਸੀ ਅਤੇ ਖ਼ਾਲਸਾ ਦੋਵੇਂ ਮਿਲਕੇ ਪੂਰੇ ਭਾਰਤ ਉੱਤੇ ਰਾਜ ਕਰਨਗੇ । ਭਾਵੇਂ ਰੂਸੀ ਹਕੂਮਤ ਨੇ ਗੁਰਚਰਨ ਸਿੰਘ ਦੇ ਮਿਸ਼ਨ ਵਿਚ ਡੂੰਘੀ ਦਿਲਚਸਪੀ ਦਿਖਾਈ , ਪਰੰਤੂ ਉਹ ਵਚਨਬਧ ਨਹੀਂ ਸਨ ਅਤੇ ਸਮਝਦਾਰੀ ਨਾਲ ਅੱਗੇ ਵਧਣ ਦੀ ਇੱਛਾ ਰੱਖਦੇ ਸਨ; ਫਿਰ ਵੀ , ਉਹਨਾਂ ਵੱਲੋਂ ਕੂਕਾ ਆਗੂ ਨੂੰ ਇਕ ਪੱਤਰ ਭੇਜਿਆ ਗਿਆ :

        ਮੁੱਖ ਸੈਨਾਪਤੀ ਅਤੇ ਗਵਰਨਰ-ਜਰਨਲ ਵੱਲੋਂ ਬਾਬਾ ਰਾਮ ਸਿੰਘ ਅਤੇ ਬਾਬਾ ਬੁੱਧ ਸਿੰਘ ਨੂੰ ਸ਼ੁਭਕਾਮਨਾਵਾਂ । ਗੁਰਚਰਨ ਸਿੰਘ ਪਾਸੋਂ ਬਕਾਇਦਾ ਪੱਤਰ ਪ੍ਰਾਪਤ ਕਰ ਲਿਆ ਗਿਆ : ਇਸ ‘ ਤੇ ਧਿਆਨ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਸ ਵਿਚਲੇ ਪੱਖਾਂ ਨੂੰ ਨੋਟ ਕਰਨਾ ਸੰਤੋਸ਼ਜਨਕ ਹੈ । ਸੂਚਨਾਤਮਿਕ ਪੱਤਰ ਭੇਜਣ ਲਈ ਧੰਨਵਾਦ ਪਰੰਤੂ ਅਜੇ ਵੀ ਭਾਰਤ ਦੀ ਪਰਸਥਿਤੀ ਅਤੇ ਮੁਆਮਲਿਆਂ ਬਾਰੇ ਹੋਰ ਤਾਜ਼ੀਆਂ ਖ਼ਬਰਾਂ ਦੇ ਵੇਰਵੇ ਦੀ ਲੋੜ ਹੈ । ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਬਾਬਾ ਨਾਨਕ ਜੀ ਦੀ ਭਵਿਖ-ਬਾਣੀ ਜਾਣਕਾਰੀ ਲਈ ਨੋਟ ਕਰ ਲਈ ਗਈ ਹੈ । ਸਭ ਕੁਝ ਪਰਮਾਤਮਾ ਦੀ ਇੱਛਾ ਨਾਲ ਵਾਪਰੇਗਾ । ਪੈਗੰਬਰਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੈ ਕਿ ਉਹ ਸਮਾਂ ਕਦੋਂ ਆਉਣਾ ਹੈ ।

        ਗੁਰਚਰਨ ਸਿੰਘ ਪਿਸ਼ਾਵਰ ਅਤੇ ਰਾਵਲਪਿੰਡੀ ਵਾਲੇ ਵਿੰਗੇ-ਟੇਢੇ ਰਸਤੇ ਰਾਹੀਂ ਭੈਣੀ ਸਾਹਿਬ ਪਹੁੰਚਿਆ ਅਤੇ ਇਸਨੇ ਰੂਸੀ ਪੱਤਰ ਦੇ ਨਾਲ ਲਿਆਂਦੇ ਤੋਹਫ਼ੇ ਬਾਬਾ ਬੁੱਧ ਸਿੰਘ ਨੂੰ ਅੱਗੇ ਬਾਬਾ ਰਾਮ ਸਿੰਘ ਨੂੰ ਪੁਚਾਉਣ ਲਈ ਦਿੱਤੇ । ਬਰਤਾਨਵੀ ਸਰਕਾਰ ਨੂੰ ਗੁਰਚਰਨ ਸਿੰਘ ਦੀਆਂ ਗਤੀਵਿਧੀਆਂ ਦਾ ਪਤਾ ਚੱਲ ਗਿਆ ਅਤੇ ਉਹਨਾਂ ਨੇ ਇਸਤੇ ਸਖ਼ਤ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ । ਇਹਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੁਲਤਾਨ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ । 1886 ਵਿਚ ਇਸਦੀ ਰਿਹਾਈ ਤੋਂ ਬਾਅਦ , ਇਸਨੂੰ ਪੁਲਿਸ ਦੀ ਨਿਗਰਾਨੀ ਹੇਠ ਸਿਆਲਕੋਟ ਦੇ ਇਸਦੇ ਜੱਦੀ ਪਿੰਡ ਵਿਚ ਰੱਖਿਆ ਗਿਆ ।


ਲੇਖਕ : ਮ.ਲ.ਅ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੁਰਚਰਨ ਸਿੰਘ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਚਰਨ ਸਿੰਘ : ਇਹ ਸ਼ਿਲਪੀ ਆਚਾਰੀਆ ਦਾ ਜਨਮ 2 ਮਾਰਚ , 1898 ਨੂੰ ਸ੍ਰੀਨਗਰ ਵਿਖੇ ਇਕ ਸਿੱਖ ਪਰਿਵਾਰ ਵਿਚ ਹੋਇਆ । ਸੰਨ 1918 ਵਿਚ ਇਸ ਨੇ ਪੰਜਾਬ ਯੂਨੀਵਰਸਿਟੀ , ਲਾਹੌਰ ( ਹੁਣ ਪਾਕਿਸਤਾਨ ) ਤੋਂ ਭੂ-ਵਿਗਿਆਨ ਅਤੇ ਰਸਾਇਣ-ਵਿਗਿਆਨ ਵਿਚ ਡਿਗਰੀ ਪ੍ਰਾਪਤ ਕੀਤੀ । ਸੰਨ 1917 ਵਿਚ ਇਸ ਦੇ ਪਿਤਾ ਦੇ ਇਕ ਮਿੱਤਰ ਨੇ ਦਿੱਲੀ ਵਿਚ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਇਸ ਨੂੰ ਕੁੰਭ-ਕਲਾ ਸਿੱਖਣ ਲਈ ਪ੍ਰੇਰਿਆ । ਛੇ ਮਹੀਨੇ ਇਕ ਮੁਸਲਮਾਨ ਘੁਮਿਆਰ ਨਾਲ ਕੰਮ ਕਰਨ ਤੋਂ ਬਾਅਦ 1919 ਵਿਚ ਇਸ ਨੇ ਜਾਪਾਨ ਜਾ ਕੇ ਪਾੱਲੀਟੈਕਨਿਕ ਇਨਸਟੀਚਿਊਟ ਟੋਕੀਓ ਵਿਖੇ ਦੋ ਸਾਲ ਸਿੱਖਿਆ ਪ੍ਰਾਪਤ ਕੀਤੀ । ਇਸ ਨੇ ਕਈ ਖੇਤਰਾਂ ਵਿਚ ਕੰਮ ਕਰਕੇ ਆਪਣੇ ਗਿਆਨ ਵਿਚ ਵਾਧਾ ਕੀਤਾ । ਇਹ ਆਲ ਇੰਡੀਆ ਫ਼ਾਈਨ ਆਰਟਸ ਐਂਡ ਕ੍ਰਾਫਟ ਸੋਸਾਇਟੀ ਦਾ ਮੋਢੀ ਮੈਂਬਰ ਅਤੇ ਮਗਰੋਂ ਆਨਰੇਰੀ ਖ਼ਜ਼ਾਨਚੀ ਰਿਹਾ । ਸੰਨ 1922 ਵਿਚ ਭਾਰਤ ਆਉਣ ਤੇ ਇਹ ਦਿੱਲੀ ਵਿਖੇ ਵਸ ਗਿਆ । 17 ਸਾਲ ਤੱਕ ਇਹ ਕੁੰਭਕਾਰੀ , ਖਾਸ ਕਰਕੇ ਟਾਈਲਾਂ ਬਣਾਉਣ ਵਿਚ ਹੀ ਲੱਗਾ ਰਿਹਾ । ਸੰਨ 1943 ਵਿਚ ਇਹ ਪੰਜਾਬ ਸਰਕਾਰ ਦੇ ਕੁੰਭਕਾਰੀ ਰਿਸਰਚ ਵਿਭਾਗ ਦਾ ਸਲਾਹਕਾਰ ਬਣਿਆ । ਸੰਨ 1952 ਵਿਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਸ ਨੇ ਸੁਤੰਤਰ ਤੌਰ ਤੇ ‘ ਦਿੱਲੀ ਬਲੂ ਆਰਟ ਪੌਟਰੀ’ ਨਾਂ ਹੇਠ ਕੰਮ ਸ਼ੁਰੂ ਕੀਤਾ । ਇਸ ਦੇ ਕੰਮ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇਸ ਵਿਚ ਪਰੰਪਰਾਗਤ ਮੁਢਲੇ ਰੂਪਾਂ ਤੋਂ ਲੈ ਕੇ ਆਧੁਨਿਕ ਰੂਪਾਂ ਤੱਕ ਦੀਆਂ ਬਣਤਰਾਂ ਸ਼ਾਮਲ ਹਨ ।

                  ਇਸ ਦੀਆਂ ਕਿਰਤਾਂ ਵਿਚ ਜੱਗ , ਗਲਾਸ , ਕਟੋਰੀਆਂ ਆਦਿ ਭਾਂਡੇ ਸ਼ਾਮਲ ਹਨ । ਇਸ ਦੇ ਭਾਂਡੇ ਆਪਣੇ ਨਵੇਂ ਨਵੇਂ ਆਕਾਰਾਂ ਕਾਰਨ ਪ੍ਰਸਿੱਧ ਹਨ ਅਤੇ ਇਨ੍ਹਾਂ ਰੂਪਾਂ ਦਾ ਮੁੱਖ ਸ੍ਰੋਤ ਪੰਛੀ , ਸਬਜ਼ੀਆਂ ਆਦਿ ਹਨ ।

                  ਸੰਨ 1955 ਅਤੇ 1956 ਵਿਚ ਇਸ ਨੇ ਦਿੱਲੀ ਵਿਚ ਮਿੱਟੀ ਦੇ ਭਾਂਡਿਆਂ ਦੀਆਂ ਨੁਮਾਇਸ਼ਾਂ ਲਗਾਈਆਂ ਅਤੇ ਅਕਤੂਬਰ , 1955 ਵਿਚ ਆਰਟ ਗੈਲਰੀ , ਬੰਬਈ ਵਿਚ ਇਕ ਨੁਮਾਇਸ਼ ਲਗਾਈ । ਜਾਪਾਨ ਵਿਚ ਵੀ ਇਸ ਨੇ ਆਪਣੀ ਕਲਾ ਨੂੰ ਪ੍ਰਦਰਸ਼ਿਤ ਕੀਤਾ । ਸਰਬ-ਭਾਰਤੀ ਦਸਤਕਾਰੀ ਬੋਰਡ ਨੇ ਇਸ ਦੀ ਅਗਵਾਈ ਹੇਠ ਭਾਰਤ ਦੇ ਸਭ ਭਾਗਾਂ ਦੇ ਕਾਰੀਗ਼ਰਾਂ ਨੂੰ ਮਿੱਟੀ ਦੇ ਭਾਂਡੇ ਬਣਾਉਣ ਦੇ ਹੁਨਰ ਦੀ ਸਿੱਖਿਆ ਦੇਣ ਲਈ ਇਕ ਸਕੀਮ ਸ਼ੁਰੂ ਕੀਤੀ ।

                  ਹ. ਪੁ.– – ਰੂਪਰੇਖਾ-ਰੰਧਾਵਾ; ਪੰਜਾਬ-ਰੰਧਾਵਾ; ਆਰਟਿਸਟ ਡਾਇਰੈਕਟਰੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.