ਗੁਰੂ ਰਾਮਦਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰੂ ਰਾਮਦਾਸ ( 1534– 1581 ) : ਗੁਰੂ ਰਾਮਦਾਸ ਸਿੱਖਾਂ ਦੇ ਚੌਥੇ ਗੁਰੂ ਹਨ । ਆਪ ਦੇ ਜੀਵਨ ਇਤਿਹਾਸ ਨਾਲ ਸੰਬੰਧਿਤ ਵੇਰਵੇ ਦੱਸਦੇ ਹਨ ਕਿ ਆਪ ਤੀਜੇ ਗੁਰੂ ਅਮਰਦਾਸ ਦੇ ਜਵਾਈ ਸਨ । ਆਪ ਦੇ ਪਿਤਾ ਸ੍ਰੀ ਹਰਦਾਸ ਸਨ ਅਤੇ ਮਾਤਾ ਦਇਆ , ਜਿਨ੍ਹਾਂ ਦੀ ਕੁੱਖੋਂ ਆਪ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ , ਲਾਹੌਰ ਵਿਖੇ ਹੋਇਆ ।

        ਗੁਰੂ ਰਾਮਦਾਸ ਦਾ ਬਚਪਨ ਥੁੜ੍ਹਾਂ ਤੰਗੀਆਂ ਅਤੇ ਉਦਾਸ ਯਾਦਾਂ ਦੀ ਦਾਸਤਾਨ ਹੈ । ਸੱਤ ਸਾਲ ਦੀ ਉਮਰ ਵਿੱਚ ਆਪ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ । ਆਪ ਦੀ ਨਾਨੀ ਆਪ ਨੂੰ ਬਾਸਰਕੇ ਲੈ ਆਈ । ਉੱਥੇ ਵੀ ਘਰ ਦੀ ਮਾਲੀ ਹਾਲਤ ਠੀਕ ਨਾ ਹੋਣ ਕਰ ਕੇ ਆਪ ਘੁੰਗਣੀਆਂ ਵੇਚਦੇ ਰਹੇ । ਬਾਰ੍ਹਾਂ ਸਾਲਾਂ ਦੀ ਉਮਰ ਵਿੱਚ ਗੁਰੂ ਅਮਰਦਾਸ ਦੇ ਦਰਸ਼ਨਾਂ ਲਈ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਜਾਣ ਦਾ ਸੰਜੋਗ ਬਣਿਆ । ਉੱਥੇ ਗੁਰੂ ਦੀ ਸੇਵਾ ਵਿੱਚ ਅਜਿਹਾ ਮਨ ਟਿਕਿਆ ਕਿ ਪਿੱਛੇ ਮੁੜ ਕੇ ਨਹੀਂ ਦੇਖਿਆ । ਆਪ ਉਸ ਸਮੇਂ ਭਾਈ ਜੇਠਾ ਦੇ ਨਾਂ ਨਾਲ ਜਾਣੇ ਜਾਂਦੇ ਸਨ ।

        ਗੁਰੂ ਅਮਰਦਾਸ ਦੀ ਸੰਗਤ ਅਤੇ ਸਰਪ੍ਰਸਤੀ ਵਿੱਚ ਆਪ ਨੇ ਸਿੱਖ ਆਦਰਸ਼ਾਂ ਸੇਵਾ-ਸਾਧਨਾ , ਨਿਮਰਤਾ ਅਤੇ ਮਿੱਠੇ ਬੋਲਾਂ ਦੀ ਮਹੱਤਤਾ ਨੂੰ ਸਮਝਿਆ ਅਤੇ ਜੀਵਿਆ । ਆਪ ਨੇ ਸੇਵਾ ਭਾਵਨਾ ਨਾਲ ਸਿੱਖ ਸੰਗਤਾਂ ਦਾ ਮਨ ਵੀ ਮੋਹ ਲਿਆ । ਆਪ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦਾ ਮਾਣ-ਸਤਿਕਾਰ ਹੋਰ ਵੀ ਵਧ ਗਿਆ , ਜਦੋਂ 1553 ਵਿੱਚ ਆਪ ਦਾ ਵਿਆਹ ਗੁਰੂ ਅਮਰਦਾਸ ਦੀ ਸਪੁੱਤਰੀ ਬੀਬੀ ਭਾਨੀ ਵਰਗੀ ਸੁਘੜ ਸੰਸਕਾਰੀ ਲੜਕੀ ਨਾਲ ਹੋਇਆ । ਬੀਬੀ ਭਾਨੀ ਦੀ ਕੁੱਖੋਂ ਆਪ ਦੇ ਘਰ ਪ੍ਰਿਥੀ ਚੰਦ , ਮਹਾਂਦੇਵ ਅਤੇ ਅਰਜਨ ਦੇਵ ਨਾਂ ਦੇ ਤਿੰਨ ਪੁੱਤਰਾਂ ਦਾ ਜਨਮ ਹੋਇਆ ।

        ਗੁਰੂ ਰਾਮਦਾਸ ਨੇ ਗ੍ਰਹਿਸਥ ਦੀਆਂ ਜ਼ੁੰਮੇਵਾਰੀਆਂ ਵੀ ਸਾਂਭੀਆਂ ਅਤੇ ਅਧਿਆਤਮਿਕ ਸਾਧਨਾ ਦੀ ਮਰਯਾਦਾ ਵੀ ਨਿਭਾਈ । ਆਪ ਦੇ ਵਿਅਕਤਿਤਵ ਦੇ ਇਸ ਆਦਰਸ਼ ਸੰਤੁਲਨ ਸਦਕਾ ਹੀ 1574 ਨੂੰ ਗੁਰੂ ਅਮਰਦਾਸ ਨੇ ਪੂਰੀ ਸੋਚ ਵਿਚਾਰ ਮਗਰੋਂ ਆਪ ਨੂੰ ਗੁਰਗੱਦੀ ਦੀ ਉੱਤਰਦਾਇਤਾ ਸੌਂਪੀ । ਪੰਜ ਪੈਸੇ ਅਤੇ ਨਾਰੀਅਲ ਅੱਗੇ ਰੱਖ ਕੇ ਬਾਬਾ ਬੁੱਢਾ ਜੀ ਨੇ ਤਿਲਕ ਲਗਾਇਆ ਅਤੇ ਸਾਰੀ ਸੰਗਤ ਸਮੇਤ ਨਮਸਕਾਰ ਵਿੱਚ ਸੀਸ ਝੁਕਾਇਆ ।

        ਗੁਰੂ ਰਾਮਦਾਸ ਨੇ ਸੱਤ ਸਾਲ ਗੱਦੀ ਸੰਭਾਲੀ । ਇਸ ਸਮੇਂ ਦੇ ਦੌਰਾਨ ਗੁਰਗੱਦੀ ਦੇ ਨਾਲ ਸੰਬੰਧਿਤ ਕਾਰਜ- ਨੀਤੀ ਵਿੱਚ ਕੁਝ ਤਬਦੀਲੀਆਂ ਅਤੇ ਸੁਧਾਰ ਵੀ ਕੀਤੇ । ਗੁਰਗੱਦੀ ਦਾ ਆਗੂ ਚੁਣਨ ਵਿੱਚ ਹੁਣ ਸਾਧ ਸੰਗਤ ਦੀ ਵੀ ਵਿਸ਼ੇਸ਼ ਭੂਮਿਕਾ ਹੋ ਗਈ । ਗੁਰੂ ਰਾਮਦਾਸ ਨੂੰ ਆਪਣੇ ਵੱਡੇ ਲੜਕੇ ਪ੍ਰਿਥੀ ਚੰਦ ਦੇ ਝਗੜੇ ਅਤੇ ਕਲੇਸ਼ ਕਰ ਕੇ ਅਜਿਹਾ ਕਰਨਾ ਪਿਆ । ਇਸ ਤਕਰਾਰ ਦਾ ਜ਼ਿਕਰ ਆਪ ਦੀ ਬਾਣੀ ਵਿੱਚ ਵੀ ਹੈ :

ਕਾਹੇ ਪੂਤ ਝਗਰਤ ਹੋਉ ਸੰਗਿ ਬਾਪ ॥

ਜਿਨ ਕੇ ਜਣੇ ਬਡੀਰੇ ਤੁਮ ਹਉ

                  ਤਿਨ ਸਿਉ ਝਗਰਤ ਪਾਪ

        ਗੁਰੂ ਰਾਮਦਾਸ ਗੁਰਮਤਿ ਦੇ ਪ੍ਰਚਾਰ ਲਈ ਪਹਿਲਾਂ ਤੋਂ ਚਲੀ ਆ ਰਹੀ ‘ ਮੰਜੀ-ਪ੍ਰਣਾਲੀ’ ਨਾਲ ਬਹੁਤ ਨੇੜਿਉਂ ਜੁੜੇ ਹੋਏ ਸਨ । ਆਪ ਨੇ ਇਸ ਨੂੰ ਵਧੇਰੇ ਕੁਸ਼ਲਤਾ ਨਾਲ ਸਰਗਰਮ ਕੀਤਾ । ਗੁਰੂ ਅਮਰਦਾਸ ਦੇ ਆਦੇਸ਼ ਅਨੁਸਾਰ ਆਪ ਨੇ ਗੋਇੰਦਵਾਲ ਸਾਹਿਬ ਵਿੱਚ ਬਾਉਲੀ ਬਣਵਾਈ । ਗੁਰਗੱਦੀ ਮਿਲਣ ਉਪਰੰਤ ਆਪ ਗੋਇੰਦਵਾਲ ਸਾਹਿਬ ਛੱਡ ਕੇ ਅੰਮ੍ਰਿਤਸਰ ਆ ਗਏ । ਆਪ ਨੇ ‘ ਮਸੰਦ ਪ੍ਰਥਾ’ ਵੀ ਚਲਾਈ । ਮਸੰਦ ਪਿੰਡਾਂ ਵਿੱਚ ਜਾ ਜਾ ਕੇ ਸਿੱਖ- ਸਿਧਾਂਤਾਂ ਦਾ ਪ੍ਰਚਾਰ ਕਰਦੇ ਅਤੇ ਨਾਲ ਹੀ ਲੰਗਰ ਦੀ ਸੇਵਾ ਅਤੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਲਈ ਭੇਟਾ ਵੀ ਇਕੱਠੀ ਕਰਦੇ । ਆਪ ਨੇ ਅੰਮ੍ਰਿਤਸਰ ਦੇ ਆਲੇ- ਦੁਆਲੇ ਸੁਲਤਾਨਵਿੰਡ , ਤੁੰਗ ਅਤੇ ਗੁਮਟਾਲਾ ਆਦਿ ਪਿੰਡਾਂ ਤੋਂ ਮਹਿੰਗੀ ਜ਼ਮੀਨ ਖ਼ਰੀਦ ਕੇ ‘ ਗੁਰੂ ਕਾ ਚੱਕ’ ਨਾਂ ਨਾਲ ਨਵੀਂ ਅਬਾਦੀ ਵਸਾਈ । ਸ਼ਰਧਾਲੂ ਸੰਗਤਾਂ ਨੇ ਇਸ ਦਾ ਨਾਂ ‘ ਰਾਮਦਾਸਪੁਰਾ’ ਰੱਖਿਆ । ਪਿੱਛੋਂ ਜਾ ਕੇ ਇਹੋ ਰਾਮਦਾਸਪੁਰਾ ਅੰਮ੍ਰਿਤਸਰ ਸ਼ਹਿਰ ਕਹਾਇਆ ਅਤੇ ਸਿੱਖੀ ਦਾ ਮਜ਼ਬੂਤ ਕੇਂਦਰ ਬਣਿਆ । ਇਹ ਸ਼ਹਿਰ ਅੱਜ ਵੀ ਸਿੱਖ ਕੌਮ ਲਈ ਸਦੀਵੀ ਪ੍ਰੇਰਨਾ ਦਾ ਧੁਰਾ ਹੈ ।

        ਗੁਰੂ ਰਾਮਦਾਸ ਨੇ ਨਿਰਮਾਣਕਾਰੀ ਕਾਰਜਾਂ ਦੇ ਨਾਲ- ਨਾਲ ਸਿੱਖ ਕੌਮ ਲਈ ਧਾਰਮਿਕ , ਸਮਾਜਿਕ ਅਤੇ ਨੈਤਿਕ ਮਾਨ ਦੰਡਾਂ ਦਾ ਨਿਰੂਪਣ ਵੀ ਕੀਤਾ । ਆਪ ਦੀ ਬਾਣੀ ਵਿੱਚ ਸਮਾਜਿਕ ਵਿਵਹਾਰ ਦਾ ਅਧਿਆਤਮਿਕ ਵਿਸਤਾਰ ਮਿਲਦਾ ਹੈ । ਸਿੱਖ ਜੀਵਨ ਨੂੰ ਗਿਆਨ ਅਤੇ ਸੰਜਮ ਵਿੱਚ ਬੰਨ੍ਹਣ ਲਈ ਉਹਨਾਂ ਸਾਮ੍ਹਣੇ ‘ ਨਿਤਨੇਮ’ ਦਾ ਉੱਦਮਸ਼ੀਲ ਮਾਰਗ ਰੱਖਿਆ । ਆਪ ਨੇ ਮਾਨਵੀ ਸੱਭਿਆਚਾਰ ਦੇ ਨਿਰਮਾਣ ਦਾ ਆਧਾਰ ਨਾਮ-ਸਿਮਰਨ ਨੂੰ ਮੰਨਿਆ ਅਤੇ ਨਾਮ-ਮੁਖੀ ਵਿਚਾਰਧਾਰਾ ਦੀ ਸਾਰਥਕਤਾ ਨੂੰ ਦ੍ਰਿੜ੍ਹ ਕਰਦੇ ਹੋਏ ਫ਼ਰਮਾਇਆ :

ਇਹ ਮਾਣਸ ਜਨਮੁ ਦੁਲੰਭੁ ਹੈ

ਨਾਮ ਬਿਨਾ ਬਿਰਥਾ ਸਭੁ ਜਾਏ ॥

ਹੁਣਿ ਵਤੈ ਹਰਿ ਨਾਮ ਨਾ ਬੀਜਿਓ

                  ਅਗੈ ਭੁਖਾ ਕਿਆ ਖਾਏ ॥

                  ਗੁਰੂ ਰਾਮਦਾਸ ਦੀ ਬਾਣੀ ਰਚਨਾ ਦੀ ਸਭ ਤੋਂ ਉਘੜਵੀਂ ਵਿਸ਼ੇਸ਼ਤਾ ਇਸ ਦਾ ਸੰਗੀਤਿਕ ਪੱਖ ਹੈ । ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ 31 ਰਾਗਾਂ ਵਿੱਚ ਹੈ , ਜਿਸ ਵਿੱਚੋਂ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਰਚ ਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ । ਆਪ ਦੀ ਬਾਣੀ ਕਈ ਲੋਕ-ਸ਼ੈਲੀਆਂ ਵਿੱਚ ਅੰਕਿਤ ਹੈ ਜਿਵੇਂ ਕਿ ਘੋੜੀਆਂ , ਲਾਵਾਂ , ਪਹਿਰੇ , ਛਕੇ-ਛੰਦ , ਕਰਹਲੇ , ਬਿਲਾਵਲ , ਬਿਹਾਗੜਾ , ਵਾਰ , ਵਣਜਾਰਾ , ਵਡਹੰਸ , ਸੋਰਠਾ , ਸਾਰੰਗ , ਕਾਨੜਾ ਆਦਿ । ਇਹਨਾਂ ਸੁਤੰਤਰ ਬਾਣੀਆਂ ਵਿੱਚੋਂ ਲਾਵਾਂ ਸਿਰਲੇਖ ਹੇਠ ਸਿਰਜੀ ਗਈ ਬਾਣੀ ਦਾ ਵਿਸ਼ੇਸ਼ ਮਹੱਤਵ ਹੈ । ਸਿੱਖ ਸਮਾਜ ਵਿੱਚ ਹਰ ਲੜਕੀ-ਲੜਕੇ ਦੇ ਅਨੰਦ-ਕਾਰਜ ਵੇਲੇ ਇਸ ਬਾਣੀ ਦਾ ਗਾਇਨ ਹੁੰਦਾ ਹੈ । ਇਸ ਧਾਰਮਿਕ ਰੀਤ ਦੇ ਦੌਰਾਨ ਹਰ ਵਿਆਹ ਇੱਕ ਸੰਸਾਰਿਕ ਕਾਰ-ਵਿਹਾਰ ਨਾ ਰਹਿ ਕੇ ਪਾਰਗਾਮੀ ਘਟਨਾ ਬਣ ਜਾਂਦਾ ਹੈ । ਵਿਆਹੇ ਜਾ ਰਹੇ ਇਸਤਰੀ-ਪੁਰਸ਼ ਦਾ ਦੰਪਤਿਕ ਜੀਵਨ ਆਤਮਾ- ਪਰਮਾਤਮਾ ਦੇ ਅਧਿਆਤਮਿਕ ਰਿਸ਼ਤੇ ਦਾ ਰੂਪਕ ਬਣ ਜਾਂਦਾ ਹੈ । ਲੌਕਿਕ ਅਤੇ ਪਾਰ-ਲੌਕਿਕ ਸੰਬੰਧਾਂ ਦੇ ਸਮਨਵੈ ਰਾਹੀਂ ਮਨੁੱਖਤਾ ਨੂੰ ਮੁਕਤੀ ਦੇ ਰਾਹ ਉੱਤੇ ਤੋਰਨ ਵਾਲੇ ਗੁਰੂ ਰਾਮਦਾਸ ਸਤੰਬਰ 1581 ਨੂੰ ਜੋਤੀ-ਜੋਤ ਸਮਾ ਗਏ ।


ਲੇਖਕ : ਕੁਲਜੀਤ ਸ਼ੈਲੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.