ਗੰਗਾ ਰਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੰਗਾ ਰਾਮ : ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਵੀਰੋ ਦਾ ਪੁੱਤਰ ਜੋ ਭੰਗਾਣੀ ਦੇ ਯੁੱਧ ਵਿਚ ਡਟ ਕੇ ਲੜਿਆ । ਵੇਖੋ ‘ ਸੰਗੋ ਸ਼ਾਹ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੰਗਾ ਰਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਗਾ ਰਾਮ : ਧਨਵਾਨ ਬ੍ਰਾਹਮਣ ਵਪਾਰੀ , ਜੋ ਪੰਜਾਬ ਦੇ ਅਜੋਕੇ ਮਾਲਵਾ ਇਲਾਕੇ ਦੇ ਬਠਿੰਡਾ ( 30° -14`ਉ- 74° -59`ਪੂ ) ਸ਼ਹਿਰ ਵਿਚ ਰਹਿੰਦਾ ਸੀ । ਇਸ ਨੇ ਗੁਰੂ ਅਰਜਨ ਦੇਵ ਜੀ ਦੇ ਸੰਪਰਕ ਵਿਚ ਆ ਕੇ ਸਿੱਖ ਮਰਯਾਦਾ ਵਿਚ ਵਿਸ਼ਵਾਸ ਰੱਖਣਾ ਸ਼ੁਰੂ ਕੀਤਾ । ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਸ ਨੇ ਇਕ ਵਾਰ ਬਾਜਰੇ ਦੀ ਭਾਰੀ ਮਾਤਰਾ ਸਮੇਤ ਸਤਲੁਜ ਦਰਿਆ ਨੂੰ ਪਾਰ ਕਰ ਲਿਆ ਸੀ । ਇਸ ਨੇ ਦੇਖਿਆ ਕਿ ਗੁਰੂ ਚੱਕ ( ਅੱਜ- ਕੱਲ੍ਹ ਅੰਮ੍ਰਿਤਸਰ ) ਵਿਚ ਬਹੁਤ ਸਾਰੇ ਲੋਕ ਸਰੋਵਰ ਦੀ ਖੁਦਾਈ ਕਰਨ ਵਿਚ ਲੱਗੇ ਹੋਏ ਸਨ , ਇਹ ਉਸ ਦਿਸ਼ਾ ਵੱਲ ਇਹ ਸੋਚ ਕੇ ਵਧਿਆ ਕਿ ਇਹ ਆਪਣਾ ਵਪਾਰ ਦਾ ਸਾਮਾਨ ਉਹਨਾਂ ਲੋਕਾਂ ਨੂੰ ਵੇਚ ਕੇ ਉਸ ਵਿਚੋਂ ਮੁਨਾਫ਼ਾ ਕਮਾ ਲਵੇਗਾ । ਅੰਮ੍ਰਿਤਸਰ ਵਿਖੇ , ਇਸ ਨੇ ਦੇਖਿਆ ਕਿ ਬਹੁਤ ਸਾਰੇ ਸਿੱਖ ਕਾਰ ਸੇਵਾ ਵਿਚ ਰੁੱਝੇ ਹੋਏ ਸਨ; ਉਹ ਕਹੀਆਂ ਨਾਲ ਮਿੱਟੀ ਪੁੱਟਦੇ ਅਤੇ ਟੋਕਰੀ ਵਿਚ ਪਾਉਂਦੇ ਤੇ ਸਿਰ ਉੱਪਰ ਰੱਖ ਕੇ ਲੈ ਜਾਂਦੇ ਸਨ , ਪਰੰਤੂ ਉਹਨਾਂ ਦੇ ਗੁਰੂ ਕਾ ਲੰਗਰ ਵਿਚ ਥੋੜ੍ਹੀ ਰਸਦ ਹੋਣ ਕਾਰਨ , ਉਹਨਾਂ ਨੂੰ ਥੋੜ੍ਹਾ ਖਾਣ ਨੂੰ ਮਿਲਦਾ ਸੀ , ਫਿਰ ਵੀ ਉਹਨਾਂ ਦੇ ਕਦਮ ਢਿੱਲੇ ਨਹੀਂ ਪਏ ਸਨ । ਸਿੱਖਾਂ ਦਾ ਉਤਸ਼ਾਹ ਅਤੇ ਸ਼ਰਧਾ ਦੇਖ ਕੇ ਗੰਗਾ ਰਾਮ ਬਹੁਤ ਪ੍ਰਭਾਵਿਤ ਹੋਇਆ । ਇਸ ਨੇ ਆਪਣਾ ਸਾਰੇ ਦਾ ਸਾਰਾ ਅਨਾਜ ਲੰਗਰ ਦੀ ਸੇਵਾ ਵਿਚ ਦੇ ਦਿੱਤਾ ਅਤੇ ਆਪ ਵੀ ਸ਼ਰਧਾਲੂਆਂ ਨਾਲ ਮਿਲ ਕੇ ਪਵਿੱਤਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ । ਇਸਨੇ ਜੋ ਅਨਾਜ ਲਿਆਂਦਾ ਸੀ ਉਸ ਦੇ ਪੈਸੇ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸਗੋਂ ਗੁਰੂ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਉਹ ( ਗੁਰੂ ਜੀ ) ਇਸ ਨੂੰ ਆਪਣਾ ਸ਼ਿਸ਼ ਬਣਾ ਲੈਣ । ਇਹ ਅੰਮ੍ਰਿਤਸਰ ਹੀ ਰਿਹਾ ਅਤੇ ਪਵਿੱਤਰ ਸਰੋਵਰ ਦੇ ਸੰਪੂਰਨ ਹੋਣ ‘ ਤੇ ਹੀ ਵਾਪਸ ਆਪਣੇ ਪਿੰਡ ਬਠਿੰਡਾ ਪਰਤਿਆ । ਇਸ ਨੇ ਆਪਣਾ ਬਾਕੀ ਦਾ ਜੀਵਨ ਭਗਤੀ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਕਰਨ ਵਿਚ ਗੁਜ਼ਾਰਿਆ । ਗੰਗਾ ਰਾਮ ਦੇ ਵੰਸ਼ ਵਿਚੋਂ ਭਾਈ ਮੂਲਚੰਦ ਆਪਣੀ ਸ਼ਰਧਾ ਅਤੇ ਅਧਿਆਤਮਿਕ ਸ਼ਕਤੀਆਂ ਕਾਰਨ ਬਹੁਤ ਪ੍ਰਸਿੱਧ ਹੋਇਆ । ਪੰਜਾਬ ਦੇ ਸੰਗਰੂਰ ਜ਼ਿਲੇ ਦੇ ਸੁਨਾਮ ( 30° -7`ਉ , 75° -48`ਪੂ ) , ਵਿਚ ਮੂਲਚੰਦ ਦਾ ਪਾਵਨ ਸਥਾਨ ਹੈ , ਜਿੱਥੇ ਅੱਜ ਵੀ ਸਾਰੇ ਧਰਮਾਂ ਵਿਚ ਵਿਸ਼ਵਾਸ ਰੱਖਣ ਵਾਲੇ ਸ਼ਰਧਾਲੂ ਜਾਂਦੇ ਹਨ । ਉੱਥੇ ਅੱਜ ਵੀ ਗੰਗਾ ਰਾਮ ਦੇ ਵੰਸ਼ ਵਿਚੋਂ ਹੀ ਗ੍ਰੰਥੀ ( ਭਾਈ ਜੀ ) ਦੇ ਕਾਰਜ ਨਿਭਾਉਂਦੇ ਹਨ ।


ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੰਗਾ ਰਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਗਾ ਰਾਮ : ਭਾਈ ਸਾਧੂ ਅਤੇ ਬੀਬੀ ਵੀਰੋ , ਜੋ ਗੁਰੂ ਹਰਿਗੋਬਿੰਦ ਜੀ ਦੀ ਸੁਪੁੱਤਰੀ ਸਨ , ਦੇ ਪੰਜ ਸੁਪੁੱਤਰਾਂ ਵਿਚੋਂ ਇਕ ਸਨ । ਵਰਤਮਾਨ ਹਿਮਾਚਲ ਪ੍ਰਦੇਸ਼ ਵਿਚ ਪਾਉਂਟਾ ਵਿਖੇ ਗੰਗਾ ਰਾਮ , ਗੁਰੂ ਗੋਬਿੰਦ ਸਿੰਘ ਜੀ ਦੇ ਲਸ਼ਕਰ ਦਾ ਉਦੋਂ ਹਿੱਸਾ ਬਣੇ ਜਦੋਂ ਪਹਾੜੀ ਰਾਜਿਆਂ ਦੀ ਮਿਲੀ-ਜੁਲੀ ਫ਼ੌਜ ਨੇ ਗੜ੍ਹਵਾਲ ਦੇ ਰਾਜਾ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਗੁਰੂ ਸਾਹਿਬ ‘ ਤੇ ਹਮਲਾ ਕੀਤਾ ਸੀ । 18 ਸਤੰਬਰ 1688 ਨੂੰ ਗੰਗਾ ਰਾਮ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਭੰਗਾਣੀ ਦੀ ਜੰਗ ਲੜੀ ਜੋ ਪਾਉਂਟਾ ਤੋਂ ਦੂਰ ਨਹੀਂ ਸੀ । ਇਸ ਜੰਗ ਵਿਚ ਇਹ ਬਚ ਗਏ ਅਤੇ ਇਹਨਾਂ ਦੇ ਦੋ ਭਰਾ ਸੰਗਰਾਮ ਸ਼ਾਹ ਅਤੇ ਜੀਤਮਲ ਸ਼ਹੀਦ ਹੋ ਗਏ ਸਨ ।


ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਗੰਗਾ ਰਾਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਗੰਗਾ ਰਾਮ   : ਸੰਮਤ 1645 ਬਿਕਰਮੀ ਵਿਚ ਇਕ ਗੰਗਾ ਰਾਮ ਬ੍ਰਾਹਮਣ ਵਪਾਰੀ ਬਠਿੰਡੇ ਦਾ ਰਹਿਣ ਵਾਲਾ ਬਾਜਰੇ ਦੇ ਊਠ ਲੱਦ ਕੇ ਮਾਝੇ ਦੇਸ਼ ਵਿਚ ਗੁਰੂ ਜੀ ਚੱਕ ਜਾ ਉੱਤਰਿਆ । ਅੱਗੇ ਗੁਰੂ ਸਾਹਿਬ ਸੰਤੋਖਸਰ ਤੇ ਅੰਮ੍ਰਿਤਸਰ ਦੇ ਸਰੋਵਰ ਬਣਵਾ ਰਹੇ ਸਨ ਜਿਸ ਕਰਕੇ ਉਥੇ ਬਹੁਤ ਆਦਮੀਆਂ ਦਾ ਇਕੱਠ ਸੀ । ਇਹ ਲੋਕਾਂ ਦੀ ਸੇਵਾ ਅਤੇ ਗੁਰੂ ਭਗਤੀ ਤੇ ਬਹੁਤ ਪ੍ਰਭਾਵਿਤ ਹੋਇਆ । ਲੰਗਰ ਵਿਚ ਅੰਨ ਦੀ ਥੁੜ੍ਹ ਵੇਖ ਕੇ ਇਸ ਨੇ ਆਪਣੇ ਊਠਾਂ ਤੇ ਲੱਦਿਆ ਸਾਰਾ ਅੰਨ ਸੇਵਾ ਕਰਦੀ ਸੰਗਤ ਨੂੰ ਛਕਾ ਦਿੱਤਾ ਅਤੇ ਖ਼ੁਦ ਉਥੇ ਹੀ ਟਹਿਲ ਸੇਵਾ ਕਰਨ ਲੱਗਾ ਪਿਆ । ਦੋ ਮਹੀਨੇ ਸਰੋਵਰ ਦੀ ਸੇਵਾ ਕੀਤੀ । ਵਿਸਾਖੀ ਵਾਲੇ ਦਿਨ ਜਦੋਂ ਗੁਰੂ ਜੀ ਕੋਲ ਕਾਫ਼ੀ ਧਨ ਭੇਟਾ ਚੜ੍ਹਿਆ ਤਾਂ ਉਨ੍ਹਾਂ ਨੇ ਗੰਗਾ ਰਾਮ ਨੂੰ ਆਪਣੇ ਅੰਨ ਦੇ ਪੈਸੇ ਲੈ ਲੈਣ ਲਈ ਕਿਹਾ , ' ਬਾਈ ਮਿਸਰਾ ਤੂੰ ਆਪਣੀ ਬਾਜਰੀ ਦੀ ਕੀਮਤ ਲੈ ਲੈ । ' ਜਿਸ ਨੇ ਅਗੋਂ ਨਿਮਰਤਾ ਨਾਲ ਕਿਹਾ , ' ਪਤਾਸ਼ਾਹ , ਹੁਣ ਉਹ ਸੱਚਾ ਧਨ ਬਖਸ਼ੋ ਜਾਂ  ਅੰਗੇ ਕੰਮ ਆਵੇ , ਇਹ ਧਨ ਤਾਂ ਕਿਸੇ ਦੇ ਨਾਲ ਨਹੀਂ ਜਾਂਦਾ । ' ਗੁਰੂ ਜੀ ਨੇ ਪ੍ਰਸੰਨ ਹੋ ਕੇ ਇਸ ਨੂੰ ਬ੍ਰਹਮ-ਗਿਆਨ ਦਿੱਤਾ । ਗੁਰੂ ਜੀ ਨੇ ਇਸ ਨੂੰ ਮੁੜ ਬਠਿੰਡੇ ਭੇਜ ਦਿੱਤਾ ਜਿਥੇ ਇਸ ਨੇ ਸੰਤ ਬਾਣੇ ਵਿਚ ਰਹਿ ਕੇ ਲੋਕਾਂ ਦਾ ਭਲਾ ਕੀਤਾ । ਹੁਣ ਇਸ ਦੀ ਸੰਤਾਨ ਪਿੰਡ ਭਾਈਕੇ ਪਸ਼ੌਰ , ਤਹਿਸੀਲ ਸੁਨਾਮ , ਜ਼ਿਲ੍ਹਾ ਸੰਗਰੂਰ ਦੀ ਮਾਫ਼ੀਦਾਰ ਹੈ । ਇਸ ਪਰਿਵਾਰ ਦੇ ਬਹੁਤ ਸਾਰੇ ਪ੍ਰਸਿੱਧ ਵਿਅਕਤੀ ( ਜੋਸ਼ੀ ਖਾਨਦਾਨ ) ਹੋਏ ਹਨ । ਗੰਗਾ ਰਾਮ ਜੀ ਦੇ ਪਰਮ ਪਿਆਰੇ ਭਗਤ ਬਠਿੰਡੇ ਦੇ ਬਿਧੀ ਚੰਦ ਅਤੇ ਸਿਧੀ ਚੰਦ ਸਨ ਜਿਨ੍ਹਾਂ ਦੀ ਸੰਤਾਨ ਭਾਈ ਮੂਲਚੰਦ ਜੀ ਹੋਏ ਉਨ੍ਹਾਂ ਦਾ ਦੇਹੁਰਾ ਸੁਨਾਮ ਸੰਗਰੂਰ ) ਵਿਖੇ ਮੌਜੂਦਾ ਹੈ ।

ਹ. ਪੁ. ਤਵਾ. ਗ. ਖ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.