ਚਰਨ ਦਾਸ ਸਿੱਧੂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚਰਨ ਦਾਸ ਸਿੱਧੂ ( 1938 ) : ਪੰਜਾਬੀ ਨਾਟਕ ਸਾਹਿਤ ਦੀ ਤੀਜੀ ਪੀੜ੍ਹੀ ਦੇ ਪ੍ਰਮੁਖ ਨਾਟਕਕਾਰਾਂ ਵਿੱਚੋਂ ਚਰਨ ਦਾਸ ਸਿੱਧੂ ਪ੍ਰਸਿੱਧ ਨਾਟਕਕਾਰ ਹੈ । ਉਸ ਦਾ ਜਨਮ 14 ਮਾਰਚ 1938 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਵਿਖੇ ਹੋਇਆ । ਉਸ ਨੇ ਸਕੂਲੀ ਸਿੱਖਿਆ ਖਾਲਸਾ ਹਾਈ ਸਕੂਲ , ਬੱਡੋਂ ਤੋਂ ਪ੍ਰਾਪਤ ਕੀਤੀ ਅਤੇ ਬੀ.ਏ. ( ਆਨਰਜ਼ ) ਦੀ ਡਿਗਰੀ ਪੰਜਾਬ ਯੂਨੀਵਰਸਿਟੀ ਕਾਲਜ , ਹੁਸ਼ਿਆਰਪੁਰ ਰਾਹੀਂ ਪ੍ਰਾਪਤ ਕੀਤੀ । ਇਸ ਉਪਰੰਤ ਉਸ ਨੇ ਐਮ.ਏ. ਅੰਗਰੇਜ਼ੀ ਦੀ ਡਿਗਰੀ 1960 ਵਿੱਚ , ਰਾਮਜਸ ਕਾਲਜ , ਦਿੱਲੀ ਰਾਹੀਂ ਪ੍ਰਾਪਤ ਕੀਤੀ ਅਤੇ ਇਸੇ ਸਾਲ ਹੀ ਉਸ ਨੇ ਹੰਸ ਰਾਜ ਕਾਲਜ , ਦਿੱਲੀ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ । ਪੜ੍ਹਾਈ ਵਿੱਚ ਉਸ ਨੂੰ ਬਹੁਤ ਸ਼ੌਕ ਸੀ । 1967 ਵਿੱਚ ਉਸ ਨੂੰ ਫੁਲਬਰਾਈਟ ਫੈਲੋਸ਼ਿਪ ਦਾ ਮੌਕਾ ਮਿਲਿਆ ਅਤੇ ਉਹ ਯੂ.ਐਸ.ਏ. ਵਿਖੇ ਅਗਲੇਰੀ ਪੜ੍ਹਾਈ ਲਈ ਚਲਿਆ ਗਿਆ । ਉਸ ਨੇ ਵਿਸਕੌਨਸਿਨ ਯੂਨੀਵਰਸਿਟੀ , ਮੈਡੀਸਨ , ਅਮਰੀਕਾ ਤੋਂ ਐਮ.ਏ. ਅਤੇ ਪੀ-ਐਚ.ਡੀ. ਦੀ ਡਿਗਰੀ ਹਾਸਲ ਕੀਤੀ । ਉਸ ਨੇ ਪੀ-ਐਚ.ਡੀ. ਦੀ ਡਿਗਰੀ ਲਈ ਬਰਨਾਰਡ ਸ਼ਾਅ ਦੇ ਨਾਟਕਾਂ ਸੰਬੰਧੀ ਖੋਜ-ਪ੍ਰਬੰਧ ਲਿਖਿਆ ।

        ਚਰਨ ਦਾਸ ਸਿੱਧੂ ਨੇ ਹੁਣ ਤੱਕ ਜਿਹੜੇ ਨਾਟਕ ਪ੍ਰਕਾਸ਼ਿਤ ਕਰਵਾਏ ਹਨ , ਉਹਨਾਂ ਦੇ ਨਾਂ ਇਸ ਪ੍ਰਕਾਰ ਹਨ-ਇੰਦੂਮਤੀ , ਸੱਤਿਦੇਵ , ਸੁਆਮੀ ਜੀ , ਭਜਨੋ , ਲੇਖੂ ਕਰੇ ਕੁਵੱਲੀਆਂ , ਬਾਬਾ ਬੰਤੂ , ਅੰਬੀਆਂ ਨੂੰ ਤਰਸੇਂਗੀ , ਕਲ੍ਹ ਕਾਲਜ ਬੰਦ ਰਵ੍ਹੇਗਾ , ਪੰਜ ਖੂਹ ਵਾਲੇ , ਬਾਤ ਫੱਤੂ ਝੀਰ ਦੀ , ਮਸਤ ਮੇਘੋਵਾਲੀਆ , ਭਾਈਆ ਹਾਕਮ ਸਿੰਹੁ , ਸ਼ਿਰੀ ਪਦ-ਰੇਖਾ ਗ੍ਰੰਥ , ਸ਼ੇਕਸਪੀਅਰ ਦੀ ਧੀ , ਅਮਾਨਤ ਦੀ ਲਾਠੀ , ਜੀਤਾ ਫਾਹੇ ਲੱਗਣਾ , ਕਿਰਪਾ ਬੌਣਾ , ਨੀਨਾ ਮਹਾਂਵੀਰ , ਮੰਗੂ ਤੇ ਬਿੱਕਰ , ਪਰੇਮ ਪਿਕਾਸੋ , ਚੰਨੋ ਬਾਜ਼ੀਗਰਨੀ , ਇੱਕੀਵੀਂ ਮੰਜ਼ਿਲ , ਏਕਲਵਯ ਬੋਲਿਆ , ਬੱਬੀ ਗਈ ਕੋਹਕਾਫ਼ , ਕਿੱਸਾ ਪੰਡਤ ਕਾਲੂ ਘੁਮਾਰ , ਭਾਗਾਂ ਵਾਲਾ ਪੋਤਰਾ , ਇਨਕਲਾਬੀ ਪੁੱਤਰ , ਨਾਸਤਕ ਸ਼ਹੀਦ , ਪੂਨਮ ਦੇ ਬਿਛੂਏ , ਸ਼ਾਸਤਰੀ ਦੀ ਦੀਵਾਲੀ , ਪਹਾੜਨ ਦਾ ਪੁੱਤ , ਪੰਜ ਪੰਡਾਂ ਇੱਕ ਪੁੱਤ ਸਿਰ , ਬਾਬਲ ਮੇਰਾ ਡੋਲਾ ਅੜਿਆ , ਵੱਤਨਾਂ ਵੱਲ ਫ਼ੇਰਾ , ਭਗਤ ਸਿੰਘ ਸ਼ਹੀਦ । ਉਸ ਦੀਆਂ ਨਾਟ-ਪੁਸਤਕਾਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਅੰਗਰੇਜ਼ੀ ਵਿਆਕਰਨ ਸੰਬੰਧੀ ਵੀ ਪ੍ਰਕਾਸ਼ਿਤ ਕਰਵਾਈਆਂ ਹਨ । ਇਸ ਦੇ ਨਾਲ ਹੀ Indian Education : A Primer for Reforms , The Pattern of Tragic Comedy in Bernard Shaw , Ishwar Chander Nanda ਪੁਸਤਕਾਂ ਵੀ ਚਰਚਾ ਦਾ ਵਿਸ਼ਾ ਰਹੀਆਂ ਹਨ । ਚਰਨ ਦਾਸ ਸਿੱਧੂ ਨਾ ਕੇਵਲ ਨਾਟਕਕਾਰ ਅਤੇ ਨਾਟ-ਆਲੋਚਕ ਹੈ , ਉਹ ਇੱਕ ਸਫਲ ਨਿਰਦੇਸ਼ਕ ਅਤੇ ਰੰਗਕਰਮੀ ਵੀ ਹੈ । ਉਸ ਨੇ , 1978 ਵਿੱਚ ਦਿੱਲੀ ਵਿਖੇ ਕਾਲਜੀਏਟ ਡਰਾਮਾ ਸੁਸਾਇਟੀ ਬਣਾਈ । ਇਸ ਸੁਸਾਇਟੀ ਨੇ ਅੰਗਰੇਜ਼ੀ , ਪੰਜਾਬੀ , ਹਿੰਦੀ ਅਤੇ ਉਰਦੂ ਭਾਸ਼ਾ ਵਿੱਚ ਕੋਈ ਸੱਠ ਦੇ ਕਰੀਬ ਨਾਟਕ ਖੇਡੇ ਹਨ । ਸਿੱਧੂ ਨੇ ਸੋਫੋਕਲੀਜ਼ , ਪਲੌਟਸ , ਸ਼ੇਕਸਪੀਅਰ , ਮਿਲਟਨ , ਸਟਰਿੰਡਬਰਗ , ਆਰਥਰ ਮਿਲਰ ਅਤੇ ਮੋਹਨ ਰਾਕੇਸ਼ ਦੇ ਨਾਟਕਾਂ ਦੀ ਨਿਰਦੇਸ਼ਨਾ ਵੀ ਕੀਤੀ ਹੈ । ਚਰਨ ਦਾਸ ਸਿੱਧੂ ਕਿੱਤੇ ਵਜੋਂ ਅਧਿਆਪਕ ਹੈ , ਸਾਹਿਤ ਰਚਨਾ ਪੱਖੋਂ ਨਾਟਕਕਾਰ ਹੈ ਪਰ ਰੰਗ-ਮੰਚ ਦੇ ਖੇਤਰ ਵਿੱਚ ਪ੍ਰਵੀਨ ਰੰਗਕਰਮੀ ਹੈ ਅਤੇ ਪ੍ਰਬੁੱਧ ਨਿਰਦੇਸ਼ਕ ਹੈ ।

        ਚਰਨ ਦਾਸ ਸਿੱਧੂ ਨੇ ਪੜ੍ਹਾਈ ਵਜੋਂ ਅੰਗਰੇਜ਼ੀ ਸਾਹਿਤ ਨੂੰ ਚੁਣਿਆ ਅਤੇ ਅਧਿਐਨ ਕਰਦਿਆਂ ਉਸ ਨੂੰ ਪੱਛਮੀ ਸਾਹਿਤ ਦੇ ਨਾਟਕਕਾਰਾਂ ਨੇ ਪ੍ਰਭਾਵਿਤ ਕੀਤਾ ਪਰ ਉਹ ਪੰਜਾਬ ਦਾ ਜੰਮਪਲ ਸੀ । ਉਸ ਨੇ ਪੇਂਡੂ ਜਨ-ਜੀਵਨ ਨੂੰ ਮਾਣਿਆ ਸੀ । ਉਹ ਇਸ ਜਨ-ਜੀਵਨ ਦੀਆਂ ਸਮੱਸਿਆਵਾਂ ਤੋਂ ਜਾਣੂ ਸੀ ਅਤੇ ਉਸ ਨੇ ਬਹੁਤ ਸਾਲ ਸ਼ਹਿਰੀ ਜੀਵਨ ਨੂੰ ਵੀ ਨੇੜਿਉਂ ਵੇਖਿਆ ਸੀ । ਇਸ ਤਰ੍ਹਾਂ ਉਸ ਨੇ ਆਪਣੇ ਨਾਟਕਾਂ ਵਿੱਚ ਪੇਂਡੂ ਅਤੇ ਸ਼ਹਿਰੀ ਜੀਵਨ ਦੀਆਂ ਸਮੱਸਿਆਵਾਂ ਨੂੰ ਆਪਣੇ ਘੇਰੇ ਵਿੱਚ ਲਿਆ ਹੈ । ਉਹ ਜ਼ਿੰਦਗੀ ਦੇ ਕਠੋਰ ਯਥਾਰਥ ਨੂੰ ਆਪਣੇ ਨਾਟਕਾਂ ਵਿੱਚ ਆਲੋਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ । ਉਹ ਆਪਣੇ ਨਾਟਕਾਂ ਵਿੱਚ ਸਮਾਜ ਵੱਲੋਂ ਅਣਗੌਲੇ ਲੋਕ , ਕਾਮੇ ਅਤੇ ਮਜ਼ਦੂਰ ਵਰਗ ਦੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਨੂੰ ਵੀ ਪੇਸ਼ ਕਰਦਾ ਹੈ । ਉਹ ਆਪਣੇ ਨਾਟਕਾਂ ਵਿੱਚ ਜਾਤ-ਪਾਤ , ਊਚ-ਨੀਚ , ਵਹਿਮ-ਭਰਮ , ਸਮਾਜਿਕ ਕੁਰੀਤੀਆਂ , ਅਖੌਤੀ ਸਾਧ-ਸੰਤਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁੱਟ ਆਦਿ ਦੇ ਸੰਦਰਭ ਵਿੱਚ ਮਸਲਿਆਂ ਨੂੰ ਵਿਚਾਰਦਾ ਹੋਇਆ ਮਾਨਵ-ਕਲਿਆਣਕਾਰੀ ਸੋਚ ਪੈਦਾ ਕਰਨ ਦਾ ਯਤਨ ਕਰਦਾ ਹੈ । ਉਸ ਦੇ ਨਾਟਕਾਂ ਵਿੱਚ ਨਿਮਨ ਕਿਰਸਾਣੀ ਦੇ ਸੰਕਟ ਨੂੰ ਵਿਚਾਰਿਆ ਗਿਆ ਹੈ । ਉਹ ਸ਼ਹਿਰੀ ਮੱਧ-ਵਰਗੀ ਲੋਕਾਂ ਦੀਆਂ ਚਾਲਾਂ ਨੂੰ ਵੀ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੈ । ਅਜੋਕੀ ਵਿੱਦਿਅਕ ਪ੍ਰਣਾਲੀ ਦੀਆਂ ਤਰੁੱਟੀਆਂ ਬਾਰੇ ਆਪਣੇ ਵਿਚਾਰ ਦਿੰਦਾ ਹੈ । ਉਹ ਵਿੱਦਿਅਕ ਢਾਂਚੇ ਤੇ ਵਿਅੰਗਾਤਮਿਕ ਰੂਪ ਵਿੱਚ ਕਰਾਰੀ ਚੋਟ ਲਗਾਉਂਦਾ ਹੈ । ਅਧਿਆਪਕ ਅਤੇ ਵਿਦਿਆਰਥੀ ਵਰਗ ਵਿੱਚ ਆਈ ਆਚਰਨਿਕ ਗਿਰਾਵਟ ਨੂੰ ਚਰਨ ਦਾਸ ਸਿੱਧੂ ਬੜੀ ਬੇਬਾਕੀ ਅਤੇ ਦਲੇਰੀ ਨਾਲ ਪੇਸ਼ ਕਰਦਾ ਹੈ । ਉਸ ਦੇ ਨਾਟਕ ਨੂੰ ਪੰਜਾਬੀ ਨਾਟ-ਸਾਹਿਤ ਵਿੱਚ ਵਿਸ਼ੇਸ਼ ਅਤੇ ਵਿਲੱਖਣ ਸਥਾਨ ਪ੍ਰਾਪਤ ਹੈ । ਉਸ ਦੀ ਇਸ ਪ੍ਰਾਪਤੀ ਸਦਕਾ ਉਸ ਨੂੰ ਬਹੁਤ ਮਾਣ-ਸਨਮਾਨ ਮਿਲਿਆ ਹੈ । ਇਹਨਾਂ ਇਨਾਮਾਂ- ਸਨਮਾਨਾਂ ਵਿੱਚੋਂ ਸਾਹਿਤਯ ਅਕਾਦਮੀ ਦਿੱਲੀ ਦੇ ਇਨਾਮ ( 2003 ) ਤੋਂ ਇਲਾਵਾ ਪੰਜਾਬੀ ਅਕਾਦਮੀ ਦਿੱਲੀ , ਸਾਹਿਤਯ ਕਲਾ ਪਰਿਸ਼ਦ ਦਿੱਲੀ , ਪੰਜਾਬ ਸੰਗੀਤ ਨਾਟਕ ਅਕੈਡਮੀ , ਦਿੱਲੀ ਨਾਟਯ ਸੰਘ , ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਨੰਦਾ ਅਵਾਰਡ , ਧਾਲੀਵਾਲ ਪੁਰਸਕਾਰ ਪ੍ਰਮੁੱਖ ਹਨ ।


ਲੇਖਕ : ਸਤਨਾਮ ਸਿੰਘ ਜੱਸਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3760, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.