ਚਰਪਟ ਨਾਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਰਪਟ ਨਾਥ: ਨਾਥ-ਪਰੰਪਰਾ ਦਾ ਇਕ ਪ੍ਰਮੁਖ ਨਾਥ -ਯੋਗੀ ਜਿਸ ਨੂੰ ਕਈ ਥਾਂਵਾਂ ਉਤੇ ‘ਚਰਪਟੀਨਾਥ’ ਵੀ ਲਿਖਿਆ ਮਿਲਦਾ ਹੈ। ਇਹ ਇਕ ਪ੍ਰਸਿੱਧ ਨਾਥ-ਯੋਗੀ ਸੀ ਜਿਸ ਨੂੰ ‘ਗੋਪੀਚੰਦ’ ਨੇ ਆਪਣਾ ਗੁਰ-ਭਾਈ ਦਸਿਆ ਹੈ। ਪੰ. ਰਾਹੁਲ ਸਾਂਕ੍ਰਿਤੑਯਾਯਨ ਨੇ ਇਸ ਨੂੰ ਸਿੱਧਾਂ ਦੀ ਸੂਚੀ ਵਿਚ ਗਿਣਿਆ ਹੈ। ਪਰ ਉਂਜ ਇਹ ਉਸ ਯੁਗ ਵਿਚ ਪੈਦਾ ਹੋਇਆ ਸੀ ਜਦੋਂ ਸਿੱਧਾਂ ਦਾ ਪ੍ਰਭਾਵ ਖ਼ਤਮ ਹੋ ਰਿਹਾ ਸੀ ਅਤੇ ਉਨ੍ਹਾਂ ਵਿਚੋਂ ਹੀ ਸਾਤਵਿਕ ਰੁਚੀਆਂ ਵਾਲੇ ਨਾਥ-ਮਤ ਦਾ ਵਿਕਾਸ ਹੋ ਰਿਹਾ ਸੀ।

            ਚਰਪਟ ਨੂੰ ਗੋਰਖਨਾਥ (ਵੇਖੋ) ਦਾ ਸ਼ਿਸ਼ ਮੰਨਿਆ ਜਾਂਦਾ ਹੈ ਅਤੇ ਇਸ ਦਾ ਜੀਵਨ-ਕਾਲ ਗਿਆਰ੍ਹਵੀਂ ਸਦੀ ਦੇ ਨੇੜੇ-ਤੇੜੇ ਦਸਿਆ ਜਾਂਦਾ ਹੈ। ਕੁਝ ਪ੍ਰਸੰਗਾਂ ਵਿਚ ਇਸ ਨੂੰ ਮਛੰਦ੍ਰ ਨਾਥ (ਵੇਖੋ) ਦਾ ਚੇਲਾ ਅਤੇ ਗੋਰਖਨਾਥ ਦਾ ਗੁਰਭਾਈ ਵੀ ਲਿਖਿਆ ਹੈ। ਕੁਝ ਨੇ ਇਸ ਨੂੰ ਜਾਲੰਧਰਨਾਥ ਦਾ ਮੁੱਖ ਚੇਲਾ ਮੰਨਿਆ ਹੈ। ਸਪੱਸ਼ਟ ਹੈ ਕਿ ਚਰਪਟਨਾਥ ਸੰਬੰਧੀ ਸਹੀ ਤੱਥਾਂ ਦਾ ਅਭਾਵ ਹੈ। ਫਿਰ ਵੀ ਯਾਰ੍ਹਵੀਂ ਸਦੀ ਦੇ ਨੇੜੇ-ਤੇੜੇ ਦਾ ਇਹ ਇਕ ਬਹੁ-ਚਰਚਿਤ ਯੋਗੀ ਸੀ।

            ਇਸ ਦੇ ਨਾਂ ਨਾਲ ਸੰਬੰਧਿਤ ਕੁਝ ਸਬਦੀਆਂ ਅਤੇ ਸ਼ਲੋਕ ਮਿਲਦੇ ਹਨ। ਇਨ੍ਹਾਂ ਸਬਦੀਆਂ ਵਿਚੋਂ ਇਸ ਦੇ ਜੀਵਨ ਬਾਰੇ ਤਿੰਨ ਤੱਥ ਸਾਹਮਣੇ ਆਉਂਦੇ ਹਨ। ਇਕ ਇਹ ਕਿ ਇਹ ਅਵਧੂਤ ਸੀ। ਦੂਜਾ ਇਹ ਕਿ ਇਹ ਨਾਗਾਰਜੁਨ ਦਾ ਸਮਕਾਲੀ ਸੀ। ਤੀਜਾ ਇਹ ਕਿ ਇਹ ਪਹਿਲਾਂ ਕੋਈ ਰਾਜਾ ਰਿਹਾ ਸੀ— ਸਤ ਸਤ ਭਾਸ਼ੰਤ ਸ੍ਰੀ ਚਰਪਟ ਰਾਵ ਇਸ ਆਧਾਰ’ਤੇ ਡਾ. ਪੀਤਾਂਬਰ ਦੱਤ ਬੜਥਵਾਲ ਨੇ ਚਰਪਟ ਨੂੰ ਚੰਬਾ ਰਿਆਸਤ ਦੇ ਰਾਜਵੰਸ਼ ਨਾਲ ਜੋੜਿਆ ਹੈ। ਰਜਬਦਾਸ ਦੀ ‘ਸਰਬਾਂਗੀ’ ਵਿਚ ਇਸ ਨੂੰ ਕਿਸੇ ਚਾਰਣੀ ਦੀ ਕੁੱਖੋਂ ਜੰਮਿਆ ਮੰਨਿਆ ਗਿਆ ਹੈ। ਇਸ ਦੇ ਨਾਂ ਨਾਲ ਅਨੇਕਾਂ ਕਰਾਮਾਤਾਂ ਪ੍ਰਚਲਿਤ ਹਨ।

          ‘ਸਿਧ-ਗੋਸਟਿ’ ਵਿਚ ਗੁਰੂ ਨਾਨਕ ਦੇਵ ਜੀ ਨੇ ਇਸ ਵਲੋਂ ਕੀਤਾ ਪ੍ਰਸ਼ਨ ਇਸ ਪ੍ਰਕਾਰ ਲਿਖਿਆ ਹੈ— ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ (ਗੁ. ਗ੍ਰੰ.938)। ਇਸ ਗੋਸਟਿ ਵਿਚ ਚਰਪਟ ਦੇ ਨਾਂ ਦੇ ਉੱਲੇਖ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਚਰਪਟ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਸੀ ਕਿਉਂਕਿ ਇਸ ਗੋਸਟਿ ਵਿਚ ਗੁਰੂ ਜੀ ਨੇ ਯੋਗੀਆਂ ਦੇ ਮੁੱਖ ਮੁੱਖ ਸਿੱਧਾਂਤਾਂ ਨੂੰ ਉਸ ਮਤ ਦੇ ਕੁਝ ਮੁਖੀਆਂ ਰਾਹੀਂ ਪ੍ਰਸ਼ਨ ਰੂਪ ਵਿਚ ਅਖਵਾ ਕੇ ਉਨ੍ਹਾਂ ਦੇ ਉੱਤਰ ਖ਼ੁਦ ਦਿੱਤੇ ਹਨ। ਇਕ ਹੋਰ ਪ੍ਰਸੰਗ ਵਿਚ ਪਾਖੰਡੀ ਦੇ ਸਰੂਪ- ਚਿਤ੍ਰਣ ਵਿਚ ਇਸ ਦੇ ਨਾਂ ਦਾ ਉੱਲੇਖ ਹੋਇਆ ਹੈ— ਸੋ ਪਾਖੰਡੀ ਜਿ ਕਾਇਆ ਪਖਾਲੇ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ਸੁਪਨੈ ਬਿੰਦੁ ਦੇਈ ਝਰਣਾ ਤਿਸੁ ਪਾਖੰਡੀ ਜਰਾ ਮਰਣਾ ਬੋਲੈ ਚਰਪਟੁ ਸਤਿ ਸਰੂਪੁ ਪਰਮ ਤੰਤ ਮਹਿ ਰੇਖ ਰੂਪੁ (ਗੁ.ਗ੍ਰੰ.952)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਰਪਟ ਨਾਥ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰਪਟ ਨਾਥ: ਗੋਰਖਪੰਥੀ ਇਕ ਨਾਥ ਜੋਗੀ ਸੀ ਜਿਸਨੂੰ, ਮਿਹਰਬਾਨ ਜਨਮ ਸਾਖੀ ਅਨੁਸਾਰ, ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ ਤੇ ਮਿਲੇ ਸਨ। ਗੁਰੂ ਨਾਨਕ ਦੇਵ ਜੀ ਆਪ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਆਪਣੀਆਂ ਬਾਣੀਆਂ-ਸਿਧ ਗੋਸਟਿ ਅਤੇ ਰਾਗ ਰਾਮਕਲੀ ਵਿਚ ਇਸਦੇ ਨਾਂ ਦਾ ਦੋ ਵਾਰੀ ਜ਼ਿਕਰ ਕਰਦੇ ਹਨ ।ਸਿਧ ਗੋਸਟਿ (ਸਿਧਾਂ ਨਾਲ ਸੰਵਾਦ) ਵਿਚ, ਚਰਪਟ ਬਾਰੇ ਕਿਹਾ ਗਿਆ ਹੈ ਕਿ ਇਸਨੇ ਗੁਰੂ ਜੀ ਨੂੰ ਇਹ ਸਵਾਲ ਪੁੱਛਿਆ: “ਦੁਨੀਆਂ ਸਾਗਰੁ ਚੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ।।” ਗੁਰੂ ਜੀ ਨੇ ਉੱਤਰ ਦਿੱਤਾ:

ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ॥

ਸੁਰਤਿ ਸਬਦਿ ਭਵਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥

ਰਹਹਿ ਇਕਾਂਤਿ ਏਕੋ ਮਨਿ ਵਸਿਆ ਆਸਾ ਮਾਹਿ ਨਿਰਾਸੋ॥

ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾਕਾ ਦਾਸੋ॥

                             (ਗੁ. ਗ੍ਰੰ. 938)

     ਨਾਥ ਪਰੰਪਰਾਂ ਵਿਚ, ਚਰਪਟ ਨੂੰ ਗੋਰਖਨਾਥ ਦੇ ਸ਼ਾਗਿਰਦਾਂ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਸਮਾਂ ਕਿਤੇ ਨਾ ਕਿਤੇ 11ਵੀਂ ਤੋਂ 12ਵੀਂ ਸਦੀ ਦੇ ਵਿਚ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਜਿਹਨਾਂ ਦਾ ਸਮਾਂ ਬਹੁਤ ਬਾਅਦ ਵਿਚ ਆਉਂਦਾ ਹੈ ਇਸ ਲਈ ਸ਼ਾਇਦ ਉਹ (ਗੁਰੂ ਜੀ) ਜ਼ਰੂਰ ਚਰਪਟ ਦੀ ਗੱਦੀ ਦੇ ਸਮਕਾਲੀ ਪਦਧਾਰੀ ਨੂੰ ਮਿਲੇ ਹੋਣਗੇ ਜਿਸਨੇ ਸ਼ਾਇਦ ਇਸਦਾ ਨਾਂ ਧਾਰਨ ਕਰ ਲਿਆ ਹੋਵੇਗਾ। ਚਰਪਟ ਨਾਲ ਸੰਬੰਧਿਤ 64 ਸਲੋਕ ਹਿੰਦੀ ਵਿਚ ਕੀਤੇ ਗਏ ਕੰਮ ਨਾਥ ਸਿੱਧੋਂ ਕੀ ਬਾਣੀਆਂ ਵਿਚ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿਚੋਂ ਕੁਝ ਰੋਗ ਅਤੇ ਕਮਜ਼ੋਰੀ ਨੂੰ ਰੋਕਣ ਦੇ ਲਈ ਅਰਕ ਨੂੰ ਤਿਆਰ ਕਰਨ ਨਾਲ ਸੰਬੰਧਿਤ ਹਨ। ਚਰਪਟ ਦੀ ਗਿਣਤੀ ਰਸਾਇਣ ਪਰੰਪਰਾ ਦੇ ਸਿੱਧਾਂ ਦੇ ਵਿਚੋਂ ਕੀਤੀ ਜਾਂਦੀ ਹੈ


ਲੇਖਕ : ਗ.ਨ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚਰਪਟ ਨਾਥ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਰਪਟ ਨਾਥ : ਇਹ ਇਕ ਜੋਗੀ ਸੀ ਜੋ ਗੁਰੂ ਗੋਰਖ ਨਾਥ ਦਾ ਪ੍ਰਸਿੱਧ ਚੇਲਾ ਸੀ। ਇਸ ਦੀ ਚਰਖਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੋਈ ਦੱਸੀ ਜਾਂਦੀ ਹੈ। ਇਹ ਵਿਸ਼ਾ ਖੋਜ ਦਾ ਹੈ ਜਿਸ ਸਬੰਧੀ ਵੱਖ ਵੱਖ ਵਿਦਵਾਨਾਂ ਦਾ ਵੱਖਰਾ-ਵੱਖਰਾ ਮੱਤ ਹੈ। ਇਕ ਵਿਚਾਰ ਇਹ ਹੈ ਕਿ ਗੁਰੂ ਜੀ ਨੇ ਚਰਚਾ ਦੇ ਵਿਸ਼ਿਆਂ ਉਪਰ ਪ੍ਰਸ਼ਨ ਕਰਕੇ ਆਪ ਉੱਤਰ ਦਿੱਤੇ ਹਨ। ਇਸ ਲਈ ਉਨ੍ਹਾਂ ਦਾ ਸਮਕਾਲੀ ਚਰਪਟ ਨਾਥ ਨਹੀਂ ਸੀ। ਦੂਸਰਾ ਮੱਤ ਹੈ ਕਿ ਚਰਪਟ ਨਾਥ ਦੇ ਸ਼ਿਸ਼ ਵੀ ਗੱਦੀ-ਨਸ਼ੀਨ ਹੋਣ ਤੇ ਇਸੇ ਨਾਂ ਨਾਲ ਚਰਚਾ ਹੋਈ ਦਸਦੇ ਹਨ। ਤੀਜਾ ਮੱਤ ਜੋਗੀਆਂ ਦਾ ਹੈ ਕਿ ਇਹ ਲੋਕ ਆਪਣੀ ਆਰਜਾ ਆਪਣੀ ਮਰਜ਼ੀ ਅਨੁਸਾਰ ਜੋਗ ਨਾਲ ਲੰਬੀ ਕਰ ਲੈਂਦੇ ਸਨ। ਹੋ ਸਕਦਾ ਹੈ ਚਰਪਟ ਨੇ ਹੀ ਆਪ ਗੁਰੂ ਜੀ ਦੇ ਕਾਲ ਤੱਕ ਜੀਵਿਤ ਰਹਿ ਕੇ ਚਰਚਾ ਕੀਤੀ ਹੋਵੇ।

          ਇਹ ਮਾਣ ਅਤੇ ਪ੍ਰਸਿੱਧੀ ਪ੍ਰਾਪਤ ਜੋਗੀ ਸੀ। ਚੰਬਾ (ਹਿਮਾਚਲ ਪ੍ਰਦੇਸ਼) ਦਾ ਰਾਜਾ ਸਾਹਿਲ ਵਰਗਾ ਚਰਪਟ ਨਾਥ ਦਾ ਪੱਕਾ ਸ਼ਰਧਾਲੂ ਸੀ। ਉਸ ਨੇ ਜੋਗੀਆਂ ਦੀ ਯਾਦ ਨੂੰ ਕਾਇਮ ਰੱਖਣ ਲਈ ਤਾਂਬੇ ਦਾ ਇਕ ਸਿੱਕਾ ਚਕਲੀ ਵੀ ਚਲਾਇਆ।

          ਪੰਜਾਬੀ ਪਰੰਪਰਾ ਅਨੁਸਾਰ ਚਰਪਟ ਨਾਥ ਗੁਰੂ ਗੋਰਖ ਨਾਥ ਦਾ ਚੇਲਾ ਸੀ ਪਰ ਨੇਪਾਲੀ ਪਰੰਪਰਾ ਅਨੁਸਾਰ ਇਹ ਗੁਰੂ ਗੋਰਖ ਨਾਥ ਦਾ ਗੁਰਭਾਈ ਸੀ। ਵੈਸੇ ਵੀ ਬਹੁਤੇ ਹਵਾਲਿਆਂ ਤੋਂ ਇਹੋ ਸਿੱਧ ਕੀਤਾ ਜਾਂਦਾ ਹੈ ਕਿ ਗੁਰੂ ਗੋਰਖ ਦੀ ਤਰ੍ਹਾਂ ਚਰਪਟ ਵੀ ਪਰਗਤੀਸ਼ੀਲ ਵਿਚਾਰਾਂ ਦਾ ਸੀ। ਇਸ ਨੇ ਨਾਥ ਜੋਗੀਆਂ ਵਿਚ ਆ ਰਹੀਆਂ ਬੁਰਾਈਆਂ ਵੱਲ ਸਪਸ਼ਟ ਸੰਕੇਤ ਕੀਤੇ ਹਨ। ਚਰਪਟ ਦੇ ਕਾਵਿ ਤੋਂ ਪਤਾ ਚਲਦਾ ਹੈ ਕਿ ਇਹ ਜੋਗੀ ਹੀ ਨਹੀਂ ਸਗੋਂ ਆਤਮ ਜੋਗੀ ਸੀ। ਇਹ ਆਪਣੇ ਆਪ ਨੂੰ ਵੀ ਆਤਮ ਜੋਗੀ ਹੀ ਮੰਨਦਾ ਹੈ ਕਿਉਂਕਿ ਇਸ ਨੇ ਜੋਗੀਆਂ ਦੀ ਭੇਖ ਧਾਰਨ ਦੀ ਮਨੋਬਿਰਤੀ ਦੀ ਵਧੇਰੇ ਨਿੰਦਾ ਕੀਤੀ ਹੈ।

          ਕਿਹਾ ਜਾਂਦਾ ਹੈ ਕਿ 10ਵੀਂ 11ਵੀਂ ਸਦੀ ਦੇ ਲਾਗੇ 84 ਸਿੱਧ ਜੋਗੀ ਚੰਬਾ ਵਿਚ ਬ੍ਰਹਮਪੁਰਾ ਨਾਂ ਦੇ ਸਥਾਨ ਤੇ ਆਏ, ਉਨ੍ਹਾਂ ਵਿਚ ਚਰਪਟ ਨਾਥ ਵੀ ਸੀ। ਚੰਬੇ ਦੇ  ਮਹਿਲ ਦੇ ਸਾਹਮਣੇ ਅੱਜ ਵੀ ਸਿੱਧ ਚਰਪਟ ਨਾਥ ਦਾ ਮੰਦਰ ਹੈ।

          ਹ. ਪੁ.––ਮ. ਕੋ. 457; ਪੰ. ਸਾ. ਦਾ. ਇ.––ਭਾ. ਵਿ. ਪੰ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚਰਪਟ ਨਾਥ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਰਪਟ ਨਾਥ : ਪੰਜਾਬ ਦੇ ਇਸ ਪ੍ਰਸਿੱਧ ਨਾਥ ਨੂੰ ਪੰਜਾਬੀ ਪਰੰਪਰਾ ਅਨੁਸਾਰ ਗੋਰਖ ਨਾਥ ਦਾ ਚੇਲਾ ਅਤੇ ਨੇਪਾਲੀ ਪਰੰਪਰਾ ਅਨੁਸਾਰ ਗੋਰਖ ਨਾਥ ਦਾ ਗੁਰਭਾਈ ਮੰਨਿਆ ਜਾਂਦਾ ਹੈ। ਚੰਬੇ ਦੇ ਰਾਜਾ ਸਾਹਿਲ ਵਰਮਾ ਨੇ ਚਰਪਟ ਨਾਥ ਨੂੰ ਆਪਣਾ ਗੁਰੂ ਧਾਰਨ ਕੀਤਾ ਸੀ। ਇਸ ਨੇ ਕੰਨ ਪਾਟੇ ਜੋਗੀਆਂ ਦੀ ਨਾਥ ਸੰਪਰਦਾਇ ਨੂੰ ਅਮਰਤਾ ਦੇਣ ਲਈ ਇਕ ਤਾਮਰ ਮੁਦਰਾ ਵੀ ਚਲਾਈ ਸੀ ਜਿਸ ਨੂੰ ਚਕਲੀ (3 ਚਕਲੀ=1ਆਨਾ) ਕਿਹਾ ਜਾਂਦਾ ਸੀ। ਇਸ ਚਕਲੀ ਤੇ ਪਾਟੇ ਹੋਏ ਕੰਨ ਦੀ ਤਸਵੀਰ ਬਣੀ ਹੋਈ ਸੀ। ਸਾਹਿਲ ਵਰਮਾ ਦਾ ਸਮਾਂ 1120 ਈ. ਤਕ ਮੰਨਿਆ ਜਾਂਦਾ ਹੈ। ਇਸ ਲਈ ਚਰਪਟ ਨਾਥ ਨੂੰ ਗੋਰਖ਼ ਨਾਥ ਦਾ ਸਮਕਾਲੀ ਮੰਨਿਆ ਜਾ ਸਕਦਾ ਹੈ। 

ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਰਚਨਾ ਸਿਧ ਗੋਸਟਿ ਵਿਚ ਵੀ ਚਰਪਟ ਨਾਥ ਦਾ ਨਾਂ ਆਉਂਦਾ ਹੈ। ‘‘ਚਰਪਟ ਬੋਲੇ ਅਉਧੂ ਨਾਨਕ’’ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਚਰਪਟ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਅਤੇ ਗੋਰਖ ਨਾਥ ਦੀ ਨਾਥ ਪਰੰਪਰਾ ਨੂੰ ਮੰਨਣ ਵਾਲਾ ਇਕ ਉੱਤਮ ਯੋਗੀ ਹੋਵੇਗਾ।

ਡਾ. ਮੋਹਨ ਸਿੰਘ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਦੀ ਲਾਇਬ੍ਰੇਰੀ ਦੀ ਪੋਥੀ ਨੰ. 374 ਹੱਥ ਲਿਖਤ ਦੇ ਅਧਾਰ ਤੇ ਚਰਪਟ ਨਾਥ ਦੇ ਕੁਝ ਕਾਵਿ ਟੋਟਿਆਂ ਦੇ ਉਦਾਹਰਣ ਆਪਣੀ ਪੁਸਤਕ (ਗੋਰਖ ਨਾਥ ਐਂਡ ਮੈਡੀਵਲ ਹਿੰਦੂ ਮਿਸਟਿਕਸ) ਵਿਚ ਦਿੱਤੇ ਹਨ ਜਿਨ੍ਹਾਂ ਤੋਂ ਭੇਖ ਅਤੇ ਦੰਭ ਦੀ ਥਾਂ ਆਤਮਕ ਲੋਕ ਦੀ ਮਹੱਤਤਾ ਪ੍ਰਗਟ ਹੁੰਦੀ ਹੈ–

ਸੁਪਿ ਫਟਕ ਮਨ ਗਿਆਨਿ ਰਤਾ, ਚਰਪਟ ਪ੍ਰਣਵੈ

                                                   ਸਿਧ ਮਤਾ ‖

ਬਾਹਰਿ ਉਲਟ ਭਵਨ ਨਹਿੰ ਜਾਊ, ਕਾਹੇ ਕਾਰਣ

                                         ਕਾਨਕਿ ਚੀਰਾ ਖਾਊ ‖

ਵਿਭੂਤ ਨ ਲਗਾਊ ਜਿ ਉਤਰਿ ਉਤਰਿ ਜਾਈ,

                       ਪਰ ਜਿਉਂ ਧੂਰਿ ਟਲੇ ਮੇਰੀ ਬਲਾਈ ‖

ਚਰਪਟ ਨਾਥ ਨੇ ਜੋਗੀਆਂ ਵਿਚ ਆ ਰਹੀਆਂ ਬੁਰਿਆਈਆਂ ਵੱਲ ਵਿਅੰਗਮਈ ਸ਼ੈਲੀ ਵਿਚ ਸਪਸ਼ਟ ਸੰਕੇਤ ਕੀਤੇ  ਜੋ ਅੱਜ ਵੀ ਸਾਡੇ ਸਮਾਜ ਲਈ ਢੁਕਵੇਂ ਹਨ–

            ਇਕ ਲਾਲ ਪਟਾ, ਇਕ ਸੇਤ ਪਟਾ ।

            ਇਕ ਤਿਲਕ ਜਨੇਊ ਲਮਕ ਜਟਾ ।

             ਜਬ ਨਹੀਂ ਉਲਟੀ ਪ੍ਰਾਣ ਘਟਾ।

              ਤਬ ਚਰਪਟ ਭੂਲੇ ਸਭ ਪੇਟ ਨਟਾ ।

              ਚੰਬੇ ਦੇ ਮਹਿਲ ਦੇ ਸਾਹਮਣੇ ਅੱਜ ਵੀ ਸਿੱਧ ਚਰਪਟ ਨਾਥ ਦਾ ਮੰਦਰ ਹੈ। ਹਰ ਇਕ ਸ਼ਿਵਰਾਤਰੀ ਨੂੰ ਇਸ ਮੰਦਰ ਵਿਚ ਪੂਜਾ ਹੁੰਦੀ ਹੈ। ਪਹਿਲਾਂ ਚੰਬੇ ਦਾ ਰਾਜਾ ਆਦਰ ਸਹਿਤ ਚਰਪਟ ਨਾਥ ਦੀ ਪੂਜਾ ਅਰਚਨਾ ਕਰਦਾ ਹੁੰਦਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-04-10-39, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.