ਚਾਰ ਖਾਣੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਰ ਖਾਣੀਆਂ : ਇਨ੍ਹਾਂ ਦਾ ਸੰਬੰਧ ਵਿਭਿੰਨ ਪ੍ਰਕਾਰ ਦੇ ਜੀਵਾਂ ਦੀ ਉਤਪੱਤੀ-ਪ੍ਰਕ੍ਰਿਆ ਨਾਲ ਹੈ । ‘ ਖਾਣੀ’ ਤੋਂ ਭਾਵ ਹੈ ਭੇਦ , ਪ੍ਰਕਾਰ । ਭਾਰਤੀ ਚਿੰਤਕਾਂ ਨੇ ਸ੍ਰਿਸ਼ਟੀ ਦੇ ਸਾਰੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਉਤਪੱਤੀ ਦੀ ਪ੍ਰਕ੍ਰਿਆ ਦੇ ਸਰੂਪ ਤੋਂ ਚਾਰ ਮੁੱਖ ਭੇਦਾਂ ਵਿਚ ਵੰਡਿਆ ਹੈ— ਅੰਡਜ , ਜੇਰਜ , ਸਵੇਦਜ ( ਸੇਤਜ ) ਅਤੇ ਉਤਭਿਜ ( ਉਤਭੁਜ ) । ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ‘ ਅੰਡਜ’ ਅਖਵਾਉਂਦੇ ਹਨ । ਜੇਰ ਤੋਂ ਪੈਦਾ ਹੋਣ ਵਾਲੇ ਪ੍ਰਾਣੀ ‘ ਜੇਰਜ’ ਕਹੇ ਜਾਂਦੇ ਹਨ । ਪਸੀਨੇ ਤੋਂ ਪੈਦਾ ਹੋਣ ਵਾਲੇ ਜੰਤੂ ‘ ਸਵੇਦਜ’ ਮੰਨੇ ਜਾਂਦੇ ਹਨ ਅਤੇ ਧਰਤੀ ਵਿਚੋਂ ਜੰਮਣ ਵਾਲੇ ਬ੍ਰਿਛ , ਬੇਲਾਂ ਆਦਿ ‘ ਉਤਭਿਜ’ ਦੇ ਭੇਦ ਵਿਚ ਰਖੇ ਜਾਂਦੇ ਹਨ । ਗੁਰੂ ਨਾਨਕ ਦੇਵ ਜੀ ਨੇ ਚਾਰ ਖਾਣੀਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ— ਖਾਣੀ ਚਾਰੇ ਬਾਣੀ ਭੇਦਾ ( ਗੁ.ਗ੍ਰੰ.839 ) । ਇਹ ਸਭ ਪਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਹਨ— ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ( ਗੁ.ਗ੍ਰੰ.596 ) ।

                      ਗੁਰਮਤਿ-ਕਾਵਿ ਵਿਚ ਸ੍ਰਿਸ਼ਟੀ ਨੂੰ ਅਨੰਤ ਮੰਨਦੇ ਹੋਇਆਂ , ਹਰ ਵਸਤੂ ਨੂੰ ਕਿਸੇ ਗਿਣਤੀ ਸੀਮਾ ਵਿਚ ਰਖਣੋਂ ਸੰਕੋਚ ਕੀਤਾ ਗਿਆ ਹੈ । ਖਾਣੀਆਂ ਦੀ ਗਿਣਤੀ ਵੀ ਕਰੋੜਾਂ ਵਿਚ ਦਸੀ ਗਈ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਬਾਣੀ ਵਿਚ ਕਿਹਾ ਹੈ— ਕਈ ਕੋਟਿ ਖਾਣੀ ਅਰੁ ਖੰਡ ਕਈ ਕੋਟਿ ਅਕਾਸ ਬ੍ਰਹਮੰਡ ( ਗੁ.ਗ੍ਰੰ.276 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.