ਚਿੱਟਾਗਾਂਗ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿ ੱਟਾਗਾਂਗ ( 22° -21` ਉ , 91° -50` ਪੂ ) : ਬੰਗਲਾਦੇਸ਼ ਦੀ ਵੱਡੀ ਬੰਦਰਗਾਹ ਵਾਲਾ ਸ਼ਹਿਰ ਹੈ ਜੋ ਕਿ ਇਸ ਦੇ ਦੁਆਰ ਤੋਂ 20 ਕਿਲੋਮੀਟਰ ਦੂਰ ਕਰਣਾਫੁਲੀ ਦਰਿਆ ਦੇ ਸੱਜੇ ਕੰਢੇ ਤੇ ਵੱਸਿਆ ਹੋਇਆ ਹੈ । ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ‘ ਗੁਰਦੁਆਰਾ ਸਿੱਖ ਟੈਂਪਲ` ਨਾਂ ਦਾ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ 1507-08 ਵਿਚ ਗੁਰੂ ਜੀ ਨੇ ਕੁਝ ਸਮਾਂ ਇਸ ਅਸਥਾਨ ਤੇ ਨਿਵਾਸ ਕੀਤਾ ਸੀ । ਸਥਾਨਿਕ ਰਵਾਇਤ ਇਸ ਗੁਰਦੁਆਰੇ ਨੂੰ ਭਾਈ ਝੰਡਾ ਬਾਢੀ , ਰਾਜਾ ਸੁਧਰ ਸੇਨ ਅਤੇ ਉਸਦੇ ਭਤੀਜੇ ਇੰਦਰ ਸੇਨ ਦੇ ਧਰਮ ਪਰਿਵਰਤਨ ਦੀ ਸਾਖੀ ਨਾਲ ਜੋੜਦੀ ਹੈ । ਇਹ ਸਾਖੀ ਬੀ40 ਜਨਮਸਾਖੀ ਵਿਚ ਸੰਖੇਪ ਤੌਰ ਤੇ ਅਤੇ ਬਾਲਾ ਜਨਮਸਾਖੀ ਵਿਚ ਕੁਝ ਵਿਸਤ੍ਰਿਤ ਰੂਪ ਵਿਚ ਵਰਣਿਤ ਕੀਤੀ ਹੋਈ ਹੈ । ‘ ਗੁਰਦੁਆਰਾ ਸਿੱਖ ਟੈਂਪਲ` ਚੌਕ ਬਜ਼ਾਰ ਦੇ ਮੱਧ ਵਿਚ ਬਣਿਆ ਹੋਇਆ ਹੈ । ਇਸ ਦੇ ਨਾਲ ਹੀ ਬਣਿਆ ਹੋਇਆ ਪੁਰਾਤਨ ਖੂਹ ਅਜੇ ਤਕ ਵਰਤੋਂ ਯੋਗ ਹੈ । ਇਸ ਗੁਰਦੁਆਰੇ ਦੇ ਨਾਂ ਤੇ ਕੁਝ ਜਾਇਦਾਦ ਹੈ ਜੋ ਕਿ ਨਵਾਬ ਅਲੀ ਵਰਦੀ ਖ਼ਾਨ ( ਦੇ. 1756 ) ਦੇ ਰਾਜ ਸਮੇਂ ਚਿੱਟਾਗਾਂਗ ਦੇ ਇਕ ਸ਼ਰਧਾਲੂ ਸਿੱਖ ਦੀਵਾਨ ਨੇ ਭੇਟ ਕੀਤੀ ਸੀ । 1917 ਤਕ ਗੁਰਦੁਆਰੇ ਦਾ ਪ੍ਰਬੰਧ ਉਦਾਸੀ ਮਹੰਤਾਂ ਦੀ ਸੰਪਰਦਾਇ ਦੁਆਰਾ ਕੀਤਾ ਜਾਂਦਾ ਸੀ । ਇਸ ਤੋਂ ਬਾਅਦ ਇਸ ਗੁਰਦੁਆਰੇ ਦਾ ਪ੍ਰਬੰਧ ਸਥਾਨਿਕ ਸ਼ਰਧਾਲੂਆਂ ਦੀ ਕਮੇਟੀ ਦੁਆਰਾ ਚਿੱਟਾਗਾਂਗ ਦੇ ਜ਼ਿਲਾ ਜੱਜ ਦੀ ਸਰਪ੍ਰਸਤੀ ਹੇਠ ਆ ਗਿਆ । ਇਹ ਪ੍ਰਬੰਧ ਅਜੇ ਵੀ ਚੱਲ ਰਿਹਾ ਹੈ ।


ਲੇਖਕ : ਭਾ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚਿੱਟਾਗਾਂਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਿਟਗਾਂਗ / ਚਿੱਟਾਗਾਂਗ ( ਨਗਰ ) : ਬੰਗਲਾਦੇਸ਼ ਦਾ ਇਕ ਪ੍ਰਮੁਖ ਨਗਰ , ਜਿਥੇ ਗੁਰੂ ਨਾਨਕ ਦੇਵ ਜੀ ਦੇ ਉਦਾਸੀ ਦੌਰਾਨ ਜਾਣ ਦਾ ਉੱਲੇਖ ‘ ਭਾਈ ਬਾਲੇ ਵਾਲੀ ਜਨਮਸਾਖੀ ’ ਵਿਚ ਹੋਇਆ ਹੈ । ਉਥੇ ਹੀ ਗੁਰੂ ਜੀ ਦੀ ਭੇਂਟ ਝੰਡੇ ਬਾਢੀ ਅਤੇ ਰਾਜਾ ਸੁਧਰ ਸੇਨ ਨਾਲ ਹੋਈ ਸੀ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ਬਣਾਇਆ ਗਿਆ , ਉਸ ਨਾਲ ਭਾਈ ਮੋਹਨ ਸਿੰਘ ਨੇ 18ਵੀਂ ਸਦੀ ਦੇ ਅੱਧ ਵਿਚ ਕੁਝ ਜਾਇਦਾਦ ਲਗਵਾਈ ਸੀ , ਤਾਂ ਜੋ ਉਸ ਦੀ ਆਮਦਨ ਨਾਲ ਗੁਰਦੁਆਰੇ ਦਾ ਖ਼ਰਚਾ ਚਲਦਾ ਰਹੇ । ਸ਼ੁਰੂ ਤੋਂ ਇਸ ਗੁਰੂ -ਧਾਮ ਦੀ ਵਿਵਸਥਾ ਉਦਾਸੀ ਸੰਤ ਕਰਦੇ ਆਏ ਸਨ , ਪਰ ਸੰਨ 1917 ਈ. ਤੋਂ ਬਾਦ ਇਸ ਦਾ ਪ੍ਰਬੰਧ ਸਥਾਨਕ ਕਮੇਟੀ ਨੂੰ ਸੌਂਪਿਆ ਗਿਆ । ਇਸ ਦੀ ਨਵੀਂ ਇਮਾਰਤ ਸੰਨ 1939 ਈ. ਵਿਚ ਤਿਆਰ ਹੋਈ ਸੀ । ਇਸ ਦਾ ਹੁਣ ਪ੍ਰਚਲਿਤ ਨਾਂ ਹੈ— ‘ ਗੁਰਦਆਰਾ ਸਿੱਖ ਟੈਂਪਲ ਚੌਕ ਬਾਜਾਰ’ । ਵੇਖੋ ‘ ਬੰਗਲਾਦੇਸ਼ ਦੇ ਗੁਰੂ-ਧਾਮ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.