ਚੜ੍ਹਦੀ ਸੁਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਚੜ੍ਹਦੀ ਸੁਰ : ਪੰਜਾਬੀ ਵਿਚ ਸੁਰ ਇਕ ਅਖੰਡੀ ਧੁਨੀ ਹੈ । ਸੁਰ ਦਾ ਸਬੰਧ ਸੁਰ-ਤੰਦਾਂ ਨਾਲ ਹੈ । ਸੁਰ-ਤੰਦਾਂ ਦੀ ਕੰਬਣੀ ਨੂੰ ਪਿੱਚ ਕਿਹਾ ਜਾਂਦਾ ਹੈ । ਜਦੋਂ ਸੁਰ-ਤੰਦਾਂ ਦੀ ਕੰਬਣੀ ਦਾ ਪਰਭਾਵ ਸ਼ਬਦ ਤੇ ਪਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ । ਪੰਜਾਬੀ ਵਿਚ ਇਨ੍ਹਾਂ ਦੀ ਗਿਣਤੀ ਤਿੰਨ ਹੈ । ਜਦੋਂ ਪਿੱਚ ਕਿਸੇ ਨਿਸ਼ਚਤ ਸਥਾਨ ਤੋਂ ਉਪਰ ਵੱਲ ਉਠੇ ਉਸ ਸਥਿਤੀ ਨੂੰ ਧੁਨੀ ਵਿਗਿਆਨ ਵਿਚ ਚੜ੍ਹਦੀ ਸੁਰ ਕਿਹਾ ਜਾਂਦਾ ਹੈ । ਸੁਰ ਦਾ ਪਰਭਾਵ ਕੇਵਲ ਸਵਰ ਧੁਨੀਆਂ ’ ਤੇ ਹੀ ਪੈਂਦਾ ਹੈ । ਚੜ੍ਹਦੀ ਸੁਰ ਨਾਲ ਉਚਾਰੇ ਗਏ ਸਵਰਾਂ ਦੇ ਉਚਾਰਨ ਵੇਲੇ ਸਭ ਤੋਂ ਘੱਟ ਸਮਾਂ ਲਗਦਾ ਹੈ । ਪੰਜਾਬੀ ਧੁਨੀ-ਵਿਉਂਤ ਵਿਚੋਂ ਸਘੋਸ਼ ਮਹਾਂ-ਪਰਾਣ ਧੁਨੀਆਂ ( ਘ , ਝ , ਢ , ਧ , ਭ ) ਅਲੋਪ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਸਥਾਨ ਸੁਰ ਨੇ ਲੈ ਲਿਆ ਹੈ । ਜਦੋਂ ਇਹ ਧੁਨੀਆਂ ਸ਼ਬਦ ਦੀ ਅਖੀਰਲੀ ਸਥਿਤੀ ਵਿਚ ਵਿਚਰਦੀਆਂ ਹਨ ਤਾਂ ਇਨ੍ਹਾਂ ਦਾ ਉਚਾਰਨ ( ਗ , ਜ , ਡ , ਦ , ਬ ) ਵਰਗਾ ਹੁੰਦਾ ਹੈ ਅਤੇ ਇਨ੍ਹਾਂ ਤੋਂ ਪਹਿਲਾਂ ਵਿਚਰਦੇ ਸਵਰ ਚੜ੍ਹਦੀ ਸੁਰ ਨਾਲ ਉਚਾਰੇ ਜਾਂਦੇ ਹਨ ਜਿਵੇਂ : ਦੁੱਧ ( ਦ ਉ ਦ ਦ ) ਲਾਭ ( ਲ ਆ ਬ ) ਪਰ ਜਦੋਂ ਇਹ ਧੁਨੀਆਂ ਸ਼ਬਦ ਦੀ ਵਿਚਕਾਰਲੀ ਸਥਿਤੀ ਵਿਚ ਵਿਚਰਦੀਆਂ ਹਨ ਅਤੇ ਦਬਾ ਪਹਿਲੇ ਸਵਰ ਉਤੇ ਹੁੰਦਾ ਹੈ ਤਾਂ ਇਹ ( ਗ , ਜ , ਡ , ਦ , ਬ ) ਵਾਂਗ ਉਚਾਰੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਤੋਂ ਪਹਿਲਾਂ ਵਿਚਰਦਾ ਸਵਰ ਚੜ੍ਹਦੀ ਸੁਰ ਵਿਚ ਉਚਾਰਿਆ ਜਾਂਦਾ ਹੈ , ਜਿਵੇਂ : ਲੱਭੀ ( ਲ ਅ ਬ ਬ ਈ ) ਕੱਢੀ ( ਕ ਅ ਡ ਡ ਈ ) ਇਸੇ ਤਰ੍ਹਾਂ ਪੰਜਾਬੀ ਦੀਆਂ ਕੁਝ ਉਪਭਾਸ਼ਾਵਾਂ ਵਿਚ ( ਹ ) ਧੁਨੀ ਸੁਰ ਵਿਚ ਤਬਦੀਲ ਹੋ ਜਾਂਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.