ਚੰਦ੍ਰਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਦ੍ਰਮਾ . ਸੰਗ੍ਯਾ— ਚੰਦ. ਚਾਂਦ. ਦੇਖੋ , ਸੋਮ ੨ । ੨ ਇੱਕ ਗਿਣਤੀ ਦਾ ਬੋਧਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਦ੍ਰਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੰਦ੍ਰਮਾ : ਸਿੱਖ ਧਰਮ ਵਿਚ ਚੰਦ੍ਰਮਾ ਨਾਲ ਸੰਬੰਧਿਤ ਵਿਗਿਆਨਿਕ ਨਜ਼ਰੀਆ ਹੈ , ਪਰ ਉਂਜ ਭਾਰਤੀ ਮਿਥਿਹਾਸ ਦਾ ਇਕ ਪ੍ਰਮੁਖ ਦੇਵਤਾ ਹੈ , ਜਿਸ ਨੂੰ ‘ ਚੰਦ੍ਰ’ ਅਤੇ ‘ ਸੋਮ ’ ਵੀ ਕਹਿੰਦੇ ਹਨ । ‘ ਚੰਦ੍ਰ’ ਰੂਪ ਵਿਚ ਇਹ ਨਛੱਤ੍ਰ ਦਾ ਦੈਵੀਕਰਣ ਹੈ ਅਤੇ ‘ ਸੋਮ’ ਰੂਪ ਵਿਚ ਇਹ ਸੋਮ-ਰਸ ਪਾਨ ਕਰਨ ਵਾਲੇ ਦੇਵਤਾ ਦੀ ਪ੍ਰਤਿਨਿਧਤਾ ਕਰਦਾ ਹੈ ।

                      ਪੁਰਾਣ-ਸਾਹਿਤ ਵਿਚ ਇਸ ਦਾ ਮਾਨਵੀਕਰਣ ਕਰਦਿਆਂ ਇਸ ਨੂੰ ‘ ਰਿਸ਼ੀ-ਪੁੱਤਰ’ ਮੰਨਿਆ ਗਿਆ ਹੈ । ‘ ਭਾਗਵਤ-ਪੁਰਾਣ’ ( ਸਕੰਧ 9 ) ਅਤੇ ‘ ਵਿਸ਼ਣੂ-ਪੁਰਾਣ’ ( ਅੰਸ਼ 4 ) ਵਿਚ ਲਿਖਿਆ ਹੈ ਕਿ ਬ੍ਰਹਮਾ ਦੇ ਪੁੱਤਰ ਅਤ੍ਰਿ ਰਿਸ਼ੀ ਦੀਆਂ ਅੱਖਾਂ ਵਿਚੋਂ ਚੰਦ੍ਰਮਾ ਪੈਦਾ ਹੋਇਆ । ਬ੍ਰਹਮਾ ਨੇ ਚੰਦ੍ਰਮਾ ਨੂੰ ਬ੍ਰਾਹਮਣ , ਔਸ਼ਧ ਅਤੇ ਨੱਛਤ੍ਰਾਂ ਦਾ ਸੁਆਮੀ ਬਣਾ ਦਿੱਤਾ । ਇਸ ਨੇ ਤਿੰਨਾਂ ਲੋਕਾਂ ਉਤੇ ਜਿਤ ਪ੍ਰਾਪਤ ਕਰਕੇ ਰਾਜਸੂਯ ਯੱਗ ਕੀਤਾ ਅਤੇ ਆਪਣੀ ਸ਼ਕਤੀ ਕਰਕੇ ਬਹੁਤ ਅਭਿਮਾਨੀ ਹੋ ਗਿਆ । ਇਸ ਨੇ ਦੇਵਤਿਆਂ ਦੇ ਗੁਰੂ ਬ੍ਰਿਹਸਪਤੀ ਦੀ ਪਤਨੀ ਤਾਰਾ ਨੂੰ ਉਧਾਲ ਲਿਆ । ਦੇਵਤਿਆਂ ਨੇ ਬ੍ਰਿਹਸਪਤੀ ਦਾ ਸਾਥ ਦਿੱਤਾ ਅਤੇ ਚੰਦ੍ਰਮਾ ਨਾਲ ਘੋਰ ਯੁੱਧ ਕੀਤਾ । ਦੈਂਤਾਂ ਦੇ ਗੁਰੂ ਸ਼ੁਕ੍ਰਾਚਾਰਯ ਦਾ ਬ੍ਰਿਹਸਪਤੀ ਨਾਲ ਵੈਰ ਸੀ । ਫਲਸਰੂਪ ਉਸ ਨੇ ਆਪਣੇ ਦਲ-ਬਲ ਸਹਿਤ ਚੰਦ੍ਰਮਾ ਦੀ ਮਦਦ ਕੀਤੀ । ਜਦੋਂ ਯੁੱਧ ਦਾ ਅੰਤ ਹੁੰਦਾ ਨਜ਼ਰ ਨ ਆਇਆ ਤਾਂ ਬ੍ਰਹਮਾ ਨੇ ਵਿਚ ਪੈ ਕੇ ਯੁੱਧ ਰੁਕਵਾਇਆ ਅਤੇ ਚੰਦ੍ਰਮਾ ਤੋਂ ਤਾਰਾ ਨੂੰ ਮੁੜਵਾਇਆ । ਚੰਦ੍ਰਮਾ ਦੇ ਸੰਪਰਕ ਵਿਚ ਰਹਿਣ ਕਾਰਣ ਗਰਭਵਤੀ ਹੋਈ ਤਾਰਾ ਨੇ ਕਾਲਾਂਤਰ ਵਿਚ ਇਕ ਬਾਲਕ ਨੂੰ ਜਨਮ ਦਿੱਤਾ ਜੋ ਚੰਦ੍ਰਮਾ ਦਾ ਪੁੱਤਰ ‘ ਬੁੱਧ ’ ਅਖਵਾਇਆ ।

                  ‘ ਸ਼ਿਵ-ਪੁਰਾਣ’ ( ਸੰਹਿਤਾ 8 ) ਅਨੁਸਾਰ ਦਕੑਸ਼ ਪ੍ਰਜਾਪਤੀ ਨੇ ਆਪਣੀਆਂ ਕੰਨਿਆਵਾਂ ਵਿਚੋਂ 27 ਦਾ ਵਿਆਹ ਚੰਦ੍ਰਮਾ ਨਾਲ ਕਰ ਦਿੱਤਾ । ਚੰਦ੍ਰਮਾ ਉਨ੍ਹਾਂ ਵਿਚੋਂ ਰੋਹਿਣੀ ਨੂੰ ਅਧਿਕ ਪ੍ਰੇਮ ਕਰਦਾ ਸੀ । ਬਾਕੀਆਂ ਨੇ ਖਿਝ ਕੇ ਆਪਣੇ ਪਿਤਾ ਅੱਗੇ ਸ਼ਿਕਾਇਤ ਕੀਤੀ । ਦਕੑਸ਼ ਨੇ ਨਾਰਾਜ਼ ਹੋ ਕੇ ਚੰਦ੍ਰਮਾ ਨੂੰ ਪਤਿਤ ਅਥਵਾ ਨਸ਼ਟ ਹੋਣ ਦਾ ਸਰਾਪ ਦਿੱਤਾ । ਚੰਦ੍ਰਮਾ ਨੇ ਸਰਾਪ ਤੋਂ ਮੁਕਤੀ ਲਈ ਬ੍ਰਹਮਾ ਅਗੇ ਬੇਨਤੀ ਕੀਤੀ । ਬ੍ਰਹਮਾ ਦੇ ਕਹੇ ’ ਤੇ ਚੰਦ੍ਰਮਾ ਨੇ ਪ੍ਰਭਾਸ ਖੇਤਰ ਵਿਚ ਸ਼ਿਵਲਿੰਗ ਦੀ ਸਥਾਪਨਾ ਕਰਕੇ ਛੇ ਮਹੀਨੇ ਤਪਸਿਆ ਕੀਤੀ । ਸ਼ਿਵ ਨੇ ਪ੍ਰਸੰਨ ਹੋ ਕੇ ਉਸ ਨੂੰ ਹਰ ਮਹੀਨੇ ਘਟਣ- ਵਧਣ ਦੀ ਸਮਰਥਤਾ ਪ੍ਰਦਾਨ ਕੀਤੀ ਕਿਉਂਕਿ ਦਕੑਸ਼ ਦੇ ਸਰਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਸੰਭਵ ਨਹੀਂ ਸੀ । ਇਹੀ ਕਾਰਣ ਹੈ ਕਿ ਚੰਦ੍ਰਮਾ ਹਰ ਮਹੀਨੇ ਵਧਣ-ਘਟਣ ਦੇ ਪ੍ਰਕਾਰਜ ਵਿਚ ਰੁਝਿਆ ਰਹਿੰਦਾ ਹੈ ।

                      ਪੁਰਾਣ-ਸਾਹਿਤ ਵਿਚ ਚੰਦ੍ਰਮਾ ਅਥਵਾ ਸੋਮ ਬਾਰੇ ਅਨੇਕ ਪ੍ਰਸੰਗ ਮਿਲ ਜਾਂਦੇ ਹਨ । ਅਹਲਿਆ ਨੂੰ ਪਤਿਤ ਕਰਨ ਲਈ ਉਤਾਰੂ ਇੰਦ੍ਰ ਦੀ ਚੰਦ੍ਰਮਾ ਵਲੋਂ ਕੀਤੀ ਗਈ ਮਦਦ ਦਾ ਬ੍ਰਿੱਤਾਂਤ ਵੀ ਮਿਲਦਾ ਹੈ । ਚੰਦ੍ਰਮਾ ਦੇ ਰਥ ਬਾਰੇ ਪੁਰਾਣਾਂ ਵਿਚ ਉਲੇਖ ਹੈ ਕਿ ਉਸ ਦੇ ਤਿੰਨ ਪਹੀਏ ਹਨ ਅਤੇ ਚਿੱਟੇ ਰੰਗ ਦੇ ਦਸ ਘੋੜੇ ਉਸ ਨੂੰ ਖਿਚਦੇ ਹਨ । ਇਸ ਦੇ ‘ ਨਿਸ਼ਾਕਰ’ , ‘ ਸਸਿ’ , ‘ ਨੱਛਤ੍ਰਨਾਥ’ ਆਦਿ ਕੁਝ ਹੋਰ ਨਾਮਾਂਤਰ ਵੀ ਪ੍ਰਚਲਿਤ ਹਨ ।

                      ਸਮੁੰਦਰ ਰਿੜਕਣ ਵੇਲੇ ਨਿਕਲੇ ਚੌਦਾਂ ਰਤਨਾਂ ਵਿਚ ਵੀ ਚੰਦ੍ਰਮਾ ਨੂੰ ਸ਼ਾਮਲ ਕੀਤਾ ਗਿਆ ਹੈ । ਭਾਈ ਗੁਰਦਾਸ ਅਨੁਸਾਰ ਇਸ ਦੇ ਅਰਧ-ਸਰੂਪ ਨੂੰ ਸ਼ਿਵ ਨੇ ਆਪਣੇ ਮਸਤਕ ਉਤੇ ਧਾਰਣ ਕੀਤਾ ਸੀ— ਕਾਲਕੂਟ ਤੇ ਅਰਧ ਚੰਦ੍ਰ ਮਹਾਦੇਵ ਮਸਤਕਿ ਧਰਿ ਪੀਤੇ ( 26/23 ) । ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਪਰਮਾਤਮਾ ਦੇ ਹੁਕਮ ਵਿਚ ਆਪਣੇ ਕਾਰਜ ਵਿਚ ਲੀਨ ਮੰਨਿਆ ਹੈ— ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਅੰਤੁ ( ਗੁ.ਗ੍ਰੰ.464 ) ।

                      ਯੋਗ-ਸਾਧਨਾ ਦੇ ਪ੍ਰਸੰਗ ਵਿਚ ਚੰਦ੍ਰਮਾ ਨੂੰ ਇੜਾ ਦਾ ਅਤੇ ਸੂਰਜ ਨੂੰ ਪਿੰਗਲਾ ਦਾ ਪ੍ਰਤੀਕ ਮੰਨਿਆ ਗਿਆ ਹੈ— ਚੰਦ ਸੂਰਜ ਕੀ ਪਾਏ ਗੰਢਿ ਤਿਸੁ ਉਦਾਸੀ ਕਾ ਪੜੈ ਕੰਧੁ ( ਗੁ.ਗ੍ਰੰ.952 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੰਦ੍ਰਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਦ੍ਰਮਾ ( ਸੰ. । ਸੰਸਕ੍ਰਿਤ ਚੰਦ੍ਰਮਸੑ । ਪੰਜਾਬੀ ਚੰਦ੍ਰਮਾਂ ) ਇਕ ਗ੍ਰਹ ਜੋ ਧਰਤੀ ਦੇ ਉਦਾਲੇ ਘੁੰਮਦਾ ਹੈ , ਆਕਾਸ਼ ਦੇ ਤਾਰੇ ਗ੍ਰਹ ਉਪਗ੍ਰਹ ਸਭ ਤੋਂ ਨੇੜੇ ਪ੍ਰਿਥਵੀ ਨੂੰ ਇਹ ਗ੍ਰਹ ਹੈ , ਚੰਦ , ਚੰਨ । ਯਥਾ-‘ ਜਿਉ ਜਲ ਘਟਾਊ ਚੰਦ੍ਰਮਾ’ ਜਿਕੁਰ ਜਲ ( ਨਾਲ ਭਰੇ ) ਘੜਿਆਂ ਵਿਚ ਚੰਦ੍ਰਮਾ ( ਦਾ ਪ੍ਰਤਿਬਿੰਬ ਪੂਰਨ ਹੈ ) ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.