ਚੰਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੰਨ : ਲੋਕ ਸਾਹਿਤ ਦਾ ਕਾਵਿ-ਰੂਪ ਚੰਨ ਪੁਣਛ ਦੇ ਇਲਾਕੇ ਨਾਲ ਸੰਬੰਧ ਰੱਖਦਾ ਹੈ । ਇਹ ਇਲਾਕਾ ਅੱਜ- ਕੱਲ੍ਹ ਪੱਛਮੀ ਪੰਜਾਬ ( ਪਾਕਿਸਤਾਨ ) ਵਿੱਚ ਹੈ , ਜਿਸ ਤਰ੍ਹਾਂ ਧਨ ਪੋਠੋਹਾਰ ( ਪਾਕਿਸਤਾਨ ) ਇਲਾਕੇ ਦੇ ਪ੍ਰਸਿੱਧ ਲੋਕ-ਕਾਵਿ ਰੂਪ ਬਾਲੋ ਮਾਹੀਆ ਜਿਸ ਨੂੰ ਕਈ ਵਾਰ ਕੇਵਲ ‘ ਮਾਹੀਆ’ ਹੀ ਕਿਹਾ ਜਾਂਦਾ ਹੈ , ਵਿੱਚ ਬਾਲੋ ਨਾਂ ਦੀ ਮੁਟਿਆਰ ਬਾਰ-ਬਾਰ ਆਪਣੇ ਪ੍ਰੀਤਮ/ਪ੍ਰੇਮੀ ਨੂੰ ‘ ਮਾਹੀ’ ਕਰ ਕੇ ਅਤੇ ‘ ਢੋਲਾ’ ਕਾਵਿ-ਰੂਪ ਵਿੱਚ ‘ ਢੋਲ’ ਕਹਿ ਕੇ ਸੰਬੋਧਿਤ ਹੁੰਦੀ ਹੈ , ਬਿਲਕੁਲ ਉਸੇ ਤਰ੍ਹਾਂ ‘ ਚੰਨ’ ਲੋਕ-ਕਾਵਿ ਰੂਪ ਵਿੱਚ ਬਿਰਹੋਂ ਕੁੱਠੀ ਮੁਟਿਆਰ ਆਪਣੇ ਪ੍ਰੇਮੀ ਨੂੰ ਚੰਨ ਕਹਿ-ਕਹਿ ਕੇ ਪੁਕਾਰਦੀ ਹੈ ਅਤੇ ਉਸ ਨੂੰ ਮਿਲਣ ਦੀ ਤਾਂਘ ਪ੍ਰਗਟ ਕਰਦੀ ਹੈ । ਜਵਾਨੀ ਦੀ ਉਮਰੇ ਉਹ ਮੁਟਿਆਰ ਜਦੋਂ ਆਪਣੇ ਪ੍ਰੇਮੀ/ਪਿਆਰੇ ਨਾਲੋਂ ਵਿਛੜੀ ਹੁੰਦੀ ਹੈ , ਉਸ ਵੇਲੇ ਉਹ ਆਪਣੇ ਦਿਲ ਦੇ ਭਾਵਾਂ ਨੂੰ ਇਸ ਲੋਕ-ਕਾਵਿ ਰੂਪ ਵਿੱਚ ਪ੍ਰਗਟ ਕਰਦੀ ਹੈ । ਵਿਛੋੜੇ ਦੇ ਤੀਰ ਨਾਲ ਵਿੰਨ੍ਹੀ ਗਈ ਉਹ ਮੁਟਿਆਰ ਆਪਣੇ ‘ ਚੰਨ’ ਮਾਹੀ ਨਾਲ ਮੁੜ ਮਿਲਾਪ ਦੀ ਤਾਂਘ ਉਜਾਗਰ ਕਰਦੀ ਹੈ । ਨਿਮਨ ਲਿਖਤ ਨਮੂਨੇ ਵਿੱਚ ਮੁਟਿਆਰ ਦੇ ਅਜਿਹੇ ਹੀ ਭਾਵ ਰੂਪਮਾਨ ਹੋ ਰਹੇ ਹਨ ਜਿਸ ਵਿੱਚ ਪ੍ਰਦੇਸੀਆਂ ਦੀ ਤਰਸਯੋਗ ਹਾਲਤ ਦਾ ਚਿੱਤਰ ਖਿੱਚਿਆ ਗਿਆ ਹੈ :

ਚੰਨ ਮਾਹੜਿਆ ਪ੍ਰਦੇਸੀਆਂ ਦੀ ਕੀ ਵੇ ਨਿਸ਼ਾਣੀ

ਮੈਲੇ ਮੈਲੇ ਕੱਪੜੇ ਤੇ ਟੋਰ ਨਿਮਾਣੀ

                  ਗਏ ਪ੍ਰਦੇਸੀਆ ਚੰਨਾ ਰੱਬ ਮੇਲੇ ।

                  ਵਣਜਾਰਾ ਬੇਦੀ ਲੋਕਧਾਰਾ ਵਿਸ਼ਵਕੋਸ਼ ਵਿੱਚ ਇਸ ਕਾਵਿ-ਰੂਪ ਦੇ ਮੁੱਢ ਬਾਰੇ ਇੱਕ ਦੰਦ-ਕਥਾ ਪ੍ਰਚਲਿਤ ਦੱਸਦੇ ਹਨ-ਪੁਣਛ ਦੇ ਨੇੜੇ ਮੁਜ਼ੱਫਰਾਬਾਦ ਵੱਲ ਜਾਂਦਿਆਂ ਰਸਤੇ ਵਿੱਚ ਇੱਕ ਪਹਾੜ ਆਉਂਦਾ ਹੈ । ਉਸ ਪਹਾੜ ਨੂੰ ਲੋਕ ‘ ਗੰਗਾ ਚੋਟੀ’ ਦੇ ਨਾਂ ਨਾਲ ਜਾਣਦੇ ਹਨ । ਉਸ ਪਹਾੜ ਦੇ ਕੋਲ ਇੱਕ ਮੁਟਿਆਰ ਆਪਣੀ ਜਵਾਨੀ ਦੀ ਅਵਸਥਾ ਵਿੱਚ ਭੇਡਾਂ-ਬੱਕਰੀਆਂ ਚਾਰਨ ਜਾਇਆ ਕਰਦੀ ਸੀ । ਉਸੇ ਥਾਂ ਤੇ ਉਸੇ ਇਲਾਕੇ ਦਾ ਇੱਕ ਜਵਾਨ ਆਜੜੀ ਵੀ ਆਪਣੇ ਪਸ਼ੂਆਂ ਨੂੰ ਚਰਾਉਣ ਜਾਂਦਾ ਸੀ । ਅਕਸਰ ਮਿਲਦੇ ਰਹਿਣ ਕਾਰਨ ਦੋਵਾਂ ਦਾ ਪਿਆਰ ਪੈ ਗਿਆ । ਕੁਦਰਤ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਘਰ ਦੀ ਮੰਦੀ ਆਰਥਿਕਤਾ ਕਾਰਨ ਉਸ ਗੱਭਰੂ ਨੂੰ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਫ਼ੌਜ ਵਿੱਚ ਭਰਤੀ ਹੋਣਾ ਪੈ ਗਿਆ । ਫ਼ੌਜ ਵਿੱਚ ਭਰਤੀ ਹੋਣ ਕਾਰਨ ਦੋਵਾਂ ਦਾ ਮਿਲਣਾ ਬੰਦ ਹੋ ਗਿਆ । ਪਿਆਰੇ ਦੇ ਵਿਛੋੜੇ ਕਾਰਨ ਉਸ ਮੁਟਿਆਰ ਦਾ ਕਿਤੇ ਦਿਲ ਨਾ ਲੱਗਦਾ । ਉਹ ਇੱਧਰ- ਉੱਧਰ ਭਟਕਦੀ ਆਪਣੇ ਚੰਨ ਦੇ ਵੈਰਾਗ ਵਿੱਚ ਗੀਤ ਗਾਉਂਦੀ ਫਿਰਦੀ ਰਹਿੰਦੀ । ਨਿਮਨਲਿਖਤ ਕਾਵਿ ਟੁਕੜੀਆਂ ਵਿੱਚ ਬਾਰ-ਬਾਰ ਆਉਂਦਾ ਚੰਨ ਦਾ ਜ਼ਿਕਰ ਮਨ ਦੀ ਵਿਰਾਗਮਈ ਭਟਕਣ ਅਤੇ ਬਿਹਬਲਤਾ ਦਾ ਸੰਕੇਤ ਹੈ :

                  1.              ਚੰਨ ਮਾਹੜਿਆ ਬਣਾਂ ਵਿੱਚ ਬੋਲਦੀ ਏ ਟੋਟਰ

                                    ਨਿਕਾ ਜਿਹਾ ਚੰਨ ਮਾਹੜਾ ਘਰੇ ਵਿੱਚ ਨੌਕਰ

                                    ਗਏ ਪ੍ਰਦੇਸੀਆ ਚੰਨਾ ਕਿਹੜੇ ਦੇਸ ਏਂ ।

                  2.            ਚੰਨ ਮਾਹੜਿਆ ਬਣਾਂ ਵਿੱਚ ਬੋਲ ਦੀਆ ਕਾਗਣੀ

                                    ਸੁੱਖਾਂ ਵਾਲੀ ਸੁਤੀ ਏ ਤੇ ਦੁਖਾਂ ਵਾਲੀ ਜਾਗਣੀ ।

                  ਗਏ ਪ੍ਰਦੇਸੀਆ ਚੰਨਾ ਵੇ ਰੱਬ ਮੇਲੇ ।

        ਪਹਿਲੇ ਵਿਸ਼ਵ ਯੁੱਧ ਵਿੱਚ ਉਹ ਜਵਾਨ ਮਾਰਿਆ ਗਿਆ । ਇਸ ਦਰਦਨਾਕ ਘਟਨਾ ਦੀ ਖ਼ਬਰ ਜਦੋਂ ਉਸ ਆਜੜਨ ਮੁਟਿਆਰ ਨੂੰ ਮਿਲੀ ਤਾਂ ਉਹ ਉਸ ਜਵਾਨ ਦੇ ਗ਼ਮ ਵਿੱਚ ਪਾਗਲ ਹੋ ਗਈ । ਉਸ ਗੱਭਰੂ ਦੇ ਸਦੀਵੀ ਵਿਛੋੜੇ ਦੇ ਗ਼ਮ ਵਿੱਚ ਉਸ ਵੇਲੇ ਉਸ ਮੁਟਿਆਰ ਨੇ ਜਿਹੜੇ ਕੀਰਨੇ ਤੇ ਵੈਣ ਪਾਏ , ਉਹ ‘ ਚੰਨ’ ਦੇ ਨਾਂ ਨਾਲ ਪ੍ਰਸਿੱਧ ਹੋ ਗਏ । ਉਸ ਆਜੜਨ ਮੁਟਿਆਰ ਵੱਲੋਂ ਗਾਏ ਹਰ ਗੀਤ ਵਿੱਚ ਆਪਣੇ ਪ੍ਰੇਮੀ ਨੂੰ ‘ ਚੰਨ’ ਸ਼ਬਦ ਨਾਲ ਸੰਬੋਧਿਤ ਹੋਣ ਕਾਰਨ ਵੀ ਇਸ ਲੋਕ-ਕਾਵਿ ਰੂਪ ਦਾ ਨਾਂ ‘ ਚੰਨ’ ਪੈ ਗਿਆ । ਇਹ ਮਾਹੀਏ ਨਾਲ ਮਿਲਦਾ- ਜੁਲਦਾ ਲੋਕ-ਕਾਵਿ ਰੂਪ ਹੈ ਕਿਉਂਕਿ ਦੋਹਾਂ ਕਾਵਿ-ਰੂਪਾਂ ਦੇ ਕਈ ਟੱਪਿਆਂ ਵਿੱਚ ‘ ਚੰਨ’ ਅਤੇ ‘ ਮਾਹੀ’ ਦੇ ਸੰਬੋਧਨੀ ਸ਼ਬਦਾਂ ਤੋਂ ਬਿਨਾਂ ਹੋਰ ਕੋਈ ਅੰਤਰ ਨਹੀਂ ਹੈ ।

        ਚੰਨ                  ਕਟੋਰਾ ਕਾਂਸੀ ਦਾ

                                    ਤੇਰੀ ਵੇ ਜੁਦਾਈ ਚੰਨਾ

                                    ਜਿਵੇਂ ਝੂਟਾ ਫਾਂਸੀ ਦਾ ।

        ਮਾਹੀਆ  1.  ਕਟੋਰਾ ਕਾਂਸੀ ਦਾ

                                    ਤੇਰੀ ਵੇ ਜੁਦਾਈ ਮਾਹੀਆ

                                    ਜਿਵੇਂ ਝੂਟਾ ਫਾਂਸੀ ਦਾ ।

                            2. ਦੋ ਪੁੱਤਰ ਅਨਾਰਾਂ ਦੇ ।

                                    ਸਾਡੀ ਗਲੀ ਆ ਚੰਨ ਵੇ ,

                                    ਦੁੱਖ ਟੁੱਟਣ ਬਿਮਾਰਾਂ ਦੇ ।

        ਕਈ ਮਾਹੀਏ ਦੇ ਟੱਪਿਆਂ ਵਿੱਚ ਤਾਂ ਮਾਹੀਏ ਨੂੰ ‘ ਚੰਨ’ ਸ਼ਬਦ ਨਾਲ ਪੁਕਾਰ ਕੇ ਉਸ ਨਾਲ ਕਾਵਿਕ ਗੱਲਾਂ ਕੀਤੀਆਂ ਗਈਆਂ ਹਨ । ਅਜਿਹੇ ਟੱਪਿਆਂ ਵਿੱਚ ‘ ਚੰਨ’ ਅਤੇ ‘ ਮਾਹੀਆ’ ਕਾਵਿ-ਰੂਪ ਦੀ ਇਹੀ ਪਛਾਣ ਹੁੰਦੀ ਹੈ ਕਿ ‘ ਚੰਨ’ ਦੇ ਸਾਰੇ ਟੱਪਿਆਂ ਵਿੱਚ ਵਿਛੋੜੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜਦੋਂ ਕਿ ‘ ਮਾਹੀਏ’ ਦੇ ਟੱਪਿਆਂ ਵਿੱਚ ਬਹੁਤੀ ਥਾਈਂ ਮਿਲਾਪ ਦੀ ਗੱਲ ਛੋਹੀ ਗਈ ਹੁੰਦੀ ਹੈ; ਜਿਵੇਂ :

ਗਲ ਕਰ ਕੇ ਕੀ ਲੈਣਾ ਏ ।

ਦੁਨੀਆ ਤੋਂ ਡਰ ਚੰਨ ਵੇ ,

                  ਅਸੀਂ ਦੁਨੀਆ ’ ਚ ਰਹਿਣਾ ਏ ।

        ਲੋਕ-ਕਾਵਿ ਦੇ ਕਈ ਰੂਪਾਂ ਵਿੱਚ ਚੰਨ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ ਜਿਵੇਂ ਸੁਹਾਗ , ਘੋੜੀਆਂ , ਸਿੱਖਿਆ ਅਤੇ ਸਿਹਰੇ ਕਾਵਿ-ਰੂਪ ਵਿੱਚ ਪਰ ਇਹਨਾਂ ਕਾਵਿ-ਰੂਪਾਂ ਨੂੰ ‘ ਚੰਨ’ ਕਾਵਿ-ਰੂਪ ਦਾ ਬਦਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਚਾਰੇ ਲੰਮੇ ਬਿਰਤਾਂਤਕ ਕਾਵਿ-ਰੂਪ ਹਨ , ਟੱਪੇ ਨਹੀਂ । ਇਹਨਾਂ ਚਾਰਾਂ ਕਾਵਿ- ਰੂਪਾਂ ਵਿੱਚ ‘ ਚੰਨ’ ਸ਼ਬਦ ਚੰਦਰਮਾ ਦੇ ਸੁਹੱਪਣ , ਚਮਕ ਅਤੇ ਉਸ ਦੇ ਠੰਢ ਵਰਤਾਉਣ ਵਾਲੇ ਸੁਭਾਅ ਵਾਸਤੇ ਵਰਤਿਆ ਗਿਆ ਹੈ , ਮਾਹੀ ਦੇ ਵਿਛੋੜੇ ਦੇ ਹੇਰਵੇ ਵਜੋਂ ਨਹੀਂ । ਜਿਵੇਂ ਨਿਮਨਲਿਖਤ ਸੁਹਾਗ ਵਿੱਚ ਲੜਕੀ ਆਪਣੇ ਵੀਰ/ਮਾਪਿਆਂ ਵੱਲੋਂ ਪੁੱਛਣ ਤੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ , ਇਹ ਅਰਜ਼ੋਈ ਕਰਦੀ ਹੈ ਕਿ ਉਸ ਲਈ ਲੱਭਿਆ ਜਾਣ ਵਾਲਾ ਵਰ ‘ ਚੰਨ’ ( ਚੰਦਰਮਾ ) ਵਰਗਾ ਸੋਹਣਾ ਹੋਣਾ ਚਾਹੀਦਾ ਹੈ :

ਜਿਉਂ ਚੰਨਾ ਵਿੱਚੋਂ ਚੰਨ ,

ਕਾਨ੍ਹਾਂ ਵਿੱਚੋਂ ਕਾਨ੍ਹ , ਕਨ੍ਹਈਆ ਵਰ ਲੋੜੀਏ ।

                  ਵੇ ਵੀਰਾ ਇਹੋ ਜਿਹਾ ਵਰ ਲੋੜੀਏ ।

        ‘ ਸਿੱਖਿਆ’ ਕਾਵਿ-ਰੂਪ ਦੀਆਂ ਤੁਕਾਂ ਵਿੱਚ ਲਾਵਾਂ/ਫੇਰੇ ਲੈ ਚੁੱਕੀ ਲੜਕੀ ਨੂੰ ਅਸੀਸ ਦਿੱਤੀ ਜਾਂਦੀ ਹੈ ਕਿ ਸਾਰੀ ਉਮਰ ਉਸ ਦੀ ਕਿਸਮਤ ਦਾ ਸਿਤਾਰਾ ਚੰਦਰਮਾ ਵਾਂਗ ਰੋਸ਼ਨ ਰਹੇ ।

ਸਦਾ ਮਹਿਕ ਗ੍ਰਹਿਸਤ ਦੇ ਬਾਗ ਅੰਦਰ

ਜੁਗ ਜੁਗ ਜੀਂਦਾ ਰਹੇ ਸੁਹਾਗ ਤੇਰਾ ।

ਤੇਰੇ ਜੀਵਨ ਦੇ ਚਾਨਣੀ ਪੈਰ ਧੋਵੇ

                  ਅਤੇ ਚੰਨ ਵਾਂਗੂੰ ਚਮਕੇ ਭਾਗ ਤੇਰਾ ।

        ਨਿਮਨ ਦਰਜ ਕਾਵਿ ਟੁਕੜੀ ਵਿੱਚ ਭਾਵ ‘ ਸਿਹਰਾ’ ਕਾਵਿ ਰੂਪ ਵਿੱਚ ਚੰਨ ਸ਼ਬਦ ਲਾੜੇ ਦੀ ਉਪਮਾ ਵਜੋਂ ਵਰਤਿਆ ਗਿਆ ਹੈ ।

ਇਹ ਕੁਝ ਕੀਤਾ ਇਕੱਠਾ ਤੇ ਬਹਿ ਗਿਆ ਮੈਂ

                  ਸੋਹਣੇ ਚੰਨ ਦਾ ਸੇਹਰਾ ਬਨਾਵਣੇ ਨੂੰ ।

        ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ , ‘ ਚੰਨ’ ਵੰਨਗੀ ਇੱਧਰਲੇ ਪੰਜਾਬ ਭਾਵ ਭਾਰਤੀ ਪੰਜਾਬ ਵਿੱਚ ਬਹੁਤ ਘੱਟ ਗਾਈ ਜਾਂਦੀ ਹੈ , ਹਾਂ ਮਾਹੀਆ-ਟੱਪਿਆਂ , ਬੋਲੀਆਂ ਅਤੇ ਢੋਲਿਆਂ ਵਿੱਚ ਚੰਨ ਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਹੈ । ਇਹ ਵੰਨਗੀ ਟਾਵੇਂ-ਟਾਵੇਂ ਰੂਪ ਵਿੱਚ ਸੱਭਿਆਚਾਰਿਕ ਅਤੇ ਲੋਕ-ਗੀਤਾਂ ਨਾਲ ਸੰਬੰਧਿਤ ਪੁਸਤਕਾਂ ਤੱਕ ਸਿਮਟ ਕੇ ਰਹਿ ਗਈ ਹੈ ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ ( ਨਾਂ , ਪੁ ) ਰਾਤ ਸਮੇਂ ਚਾਨਣ ਕਰਨ ਵਾਲਾ ਗ੍ਰਹਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ [ ਨਾਂਪੁ ] ਵੇਖੋ ਚੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ . ਸੰਗ੍ਯਾ— ਚੰਦ੍ਰ. ਚੰਦ੍ਰਮਾ. ਚਾਂਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6661, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.