ਲਾਗ–ਇਨ/ਨਵਾਂ ਖਾਤਾ |
+
-
 
ਜੰਪੈ

ਜੰਪੈ ਦੇਖੋ, ਜਲਪ ਅਤੇ ਜੰਪ. “ਜਸ ਜੰਪਉ ਲਹਿਣੇ ਰਸਨ.” (ਸਵੈਯੇ ਮ: ੨ ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. “ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮ: ੫ ਕੇ) ਜਸ ਕਥਨ ਕਰਦੇ ਹਨ. “ਰਾਮ ਜੰਪਹੁ ਨਿਤ ਭਾਈ.” (ਸਵੈਯੇ ਮ: ੩ ਕੇ) ਰਾਮ ਨਿੱਤ ਜਪੋ. “ਜੰਪਤ ਸੇਸਫਨੰ.” (ਕਲਕੀ) ਸ਼ੇ੄ਨਾਗ ਕਥਨ ਕਰਦਾ ਹੈ. “ਨਾਨਕ ਜੰਪੈ ਪਤਿਤਪਾਵਨ.” (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੰਪੈ

ਜੰਪੈ (ਕ੍ਰਿ.। ਦੇਖੋ , ਜਪ) ਜਪਕੇ। ਯਥਾ-‘ਨਾਨਕੁ ਪਇਅੰਪੈ ਚਰਨ ਜੰਪੈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2423,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜਪ

ਜਪ. ਸੰ. जप्. ਧਾ—ਜਪਨਾ, ਮਨ ਵਿੱਚ ਕਹਿਣਾ। ੨ ਸੰਗ੍ਯਾ—ਮੰਤ੍ਰਪਾਠ. “ਜਪਹੀਨ ਤਪਹੀਨ ਕੁਲਹੀਨ ਕਰਮਹੀਨ.” (ਗਉ ਨਾਮਦੇਵ) ਸੰਸਕ੍ਰਿਤ ਗ੍ਰੰਥਾਂ ਵਿੱਚ ਜਪ ਤਿੰਨ ਪ੍ਰਕਾਰ ਦਾ ਹੈ—

(ੳ) ਵਾਚਿਕ, ਜੋ ਸਪ੄਍ ਅੱਖਰਾਂ ਵਿੱਚ ਕੀਤਾ ਜਾਵੇ, ਜਿਸ ਨੂੰ ਸੁਣਕੇ ਸ਼੍ਰੋਤਾ ਅਰਥ ਸਮਝ ਸਕੇ.

(ਅ) ਉਪਾਂਸ਼ੁ, ਜੋ ਹੋਠਾਂ ਅੰਦਰ ਬਹੁਤ ਧੀਮੀ ਆਵਾਜ਼ ਨਾਲ ਕੀਤਾ ਜਾਵੇ, ਜਿਸ ਨੂੰ ਬਹੁਤ ਪਾਸ ਬੈਠਣ ਵਾਲਾ ਭੀ ਨਾ ਸਮਝ ਸਕੇ.

(ੲ) ਮਾਨਸ, ਜੋ ਮਨ ਦੇ ਚਿੰਤਨ ਤੋਂ ਕੀਤਾ ਜਾਵੇ.1

     ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰਾਂ ਦੇ ਜਪ ਦੀ ਗਿਣਤੀ, ਭਿੰਨ ਭਿੰਨ ਸਾਮਗ੍ਰੀ ਅਤੇ ਜੁਦੇ ਜੁਦੇ ਫਲ ਅਨੇਕ ਜਾਪਕਾਂ ਨੇ ਲਿਖੇ ਹਨ, ਜਿਸ ਦੀ ਨਕਲ ਕਿਸੇ ਸਿੱਖ ਨੇ ਗੁਰੂ ਸਾਹਿਬ ਦਾ ਨਾਮ ਲੈਕੇ “ਸਰਧਾਪੂਰਕ” ਪੁਸ੍ਤਕ ਵਿੱਚ ਭੀ ਕੀਤੀ ਹੈ। ੩ ਉਹ ਮੰਤ੍ਰ ਅਥਵਾ ਵਾਕ , ਜਿਸ

ਦਾ ਜਪ ਕੀਤਾ ਜਾਵੇ। ੪ ਦੇਖੋ, ਜਪੁ ਅਤੇ ਜਪੁਜੀ । ੫ ਇਹ ਗ੍ਯਪ (Ki) ਦਾ ਭੀ ਰੂਪਾਂਤਰ ਹੈ. ਦੇਖੋ, ਜਾਪਹ ਜਾਪਣਾ ਆਦਿ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ. “ਜਪ ਅਰੁ ਬੇਦ ਅਰਥ ਇਕ ਧਰ੍ਯੋ ਬ੍ਰਹਮ ਜਾਨਬੇ ਕੇ ਇਹ ਨਾਮੂ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2426,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੂਪ

ਜੂਪ. ਸੰਗ੍ਯਾ—ਦ੍ਯੂਤ. ਜੂਆ। ਦੇਖੋ, ਯੂਪ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2427,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੰਪ

ਜੰਪ. ਡਿੰਗ. ਸੰਗ੍ਯਾ—ਕਥਨ. ਵਚਨ ਸੰ. जल्पन ਦੇਖੋ, ਜਲਪ.

ਜੰਪਉ  ਦੇਖੋ, ਜਲਪ ਅਤੇ ਜੰਪ. “ਜਸ ਜੰਪਉ ਲਹਿਣੇ ਰਸਨ.” (ਸਵੈਯੇ ਮ: ੨ ਕੇ) ਗੁਰੂ ਅੰਗਦ ਜੀ ਦਾ ਯਸ਼ ਉੱਚਾਰਣ ਕਰੋ. “ਤੋਹਿ ਜਸ ਜਯ ਜਯ ਜੰਪਹਿ.” (ਸਵੈਯੇ ਮ: ੫ ਕੇ) ਜਸ ਕਥਨ ਕਰਦੇ ਹਨ. “ਰਾਮ ਜੰਪਹੁ ਨਿਤ ਭਾਈ.” (ਸਵੈਯੇ ਮ: ੩ ਕੇ) ਰਾਮ ਨਿੱਤ ਜਪੋ. “ਜੰਪਤ ਸੇਸਫਨੰ.” (ਕਲਕੀ) ਸ਼ੇ੄ਨਾਗ ਕਥਨ ਕਰਦਾ ਹੈ. “ਨਾਨਕ ਜੰਪੈ ਪਤਿਤਪਾਵਨ.” (ਆਸਾ ਛੰਤ ੫) ਉੱਚਾਰਣ ਕਰਦਾ (ਜਪਦਾ) ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2428,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੌਪੈ

ਜੌਪੈ. ਵ੍ਯ—ਅਗਰ. ਯਦਿ. ਜੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2431,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਪ

ਜਪ [ਨਾਂਪੁ] ਵਾਰ-ਵਾਰ ਉਚਾਰਨ ਦੀ ਕਿਰਿਆ; ਧਿਆਨ , ਪੂਜਾ , ਸਿਮਰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2446,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜਪੁ

ਜਪੁ. ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. “ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ.” (ਨਾਪ੍ਰ)1 ੨ ਮੰਤ੍ਰਪਾਠ. “ਜਪੁ ਤਪੁ ਸੰਜਮੁ ਧਰਮੁ ਨ ਕਮਾਇਆ.” (ਸੋਪੁਰਖੁ) ੩ ਜਪ੍ਯ. ਵਿ—ਜਪਣ ਯੋਗ੍ਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2450,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਪੁ

ਜਪੁ: ਗੁਰੂ ਨਾਨਕ ਦੇਵ ਵੱਲੋਂ ਲਿਖੀ ਮਹੱਤਵਪੂਰਨ ਬਾਣੀ ਜਪੁ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਦੇ ਪਿੱਛੋਂ ਅਰੰਭ ਵਿੱਚ ਰੱਖਿਆ ਗਿਆ ਹੈ। ਇਹ ਬਾਣੀ ਸਿੱਖ ਧਰਮ ਦੇ ਦਾਰਸ਼ਨਿਕ, ਧਾਰਮਿਕ ਤੇ ਸਾਧਨਾ ਸੰਬੰਧੀ ਸਿਧਾਂਤ ਨੂੰ ਪੇਸ਼ ਕਰਦੀ ਹੈ। ਬਹੁਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਜਪੁ, ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ ਜੋ ਅਧਿਆਤਮਿਕ ਵਿਸ਼ੇ ਤੇ ਰਹੱਸਵਾਦੀ ਅਨੁਭਵ ਨੂੰ ਪ੍ਰਗਟਾਉਣ ਲਈ ਸੂਤਰਮਈ ਸ਼ੈਲੀ ਤੇ ਵਿਸ਼ਾਲ ਸ਼ਬਦ ਭੰਡਾਰ ਦੀ ਸਹਾਇਤਾ ਨਾਲ ਕਾਵਿ-ਰੂਪ ਵਿੱਚ ਲਿਖਿਆ ਗਿਆ ਹੈ।

     ਇਸ ਬਾਣੀ ਦੇ ਰਚੇ ਜਾਣ ਦੇ ਸਮੇਂ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਮਿਲਦੀ। ਜਨਮ-ਸਾਖੀਆਂ ਇਸ ਬਾਰੇ ਵੱਖ-ਵੱਖ ਵਿਚਾਰ ਪੇਸ਼ ਕਰਦੀਆਂ ਹਨ। ਰਚਨਾ ਦੀ ਗੰਭੀਰਤਾ, ਸੰਖੇਪਤਾ ਤੇ ਸੂਤਰ ਸ਼ੈਲੀ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਵਿਦਵਾਨ ਇਹ ਬਾਣੀ ਗੁਰੂ ਸਾਹਿਬ ਦੁਆਰਾ ਵੱਡੀ ਉਮਰ ਵਿੱਚ ਲਿਖੀ ਗਈ ਮੰਨਦੇ ਹਨ।

     ਇਸ ਬਾਣੀ ਨੂੰ ਜਪੁ, ਜਪੁਜੀ, ਜਪੁ-ਨੀਸਾਣੁ ਆਦਿ ਨਾਂ ਦਿੱਤੇ ਜਾਂਦੇ ਹਨ। ਪਰ ਇਸ ਦਾ ਮੂਲ ਨਾਂ ਜਪੁ ਹੈ ਇਸ ਨਾਲ ਸਤਿਕਾਰ ਵਜੋਂ ‘ਜੀ` ਸ਼ਬਦ ਜੋੜ ਦਿੱਤਾ ਗਿਆ ਹੈ। ਪ੍ਰਕਾਸ਼ਿਤ ਬੀੜਾਂ ਦੇ ਤਤਕਰੇ ਵਿੱਚ ਇਸ ਬਾਣੀ ਨੂੰ ਜਪੁ-ਨੀਸਾਣੁ ਲਿਖਿਆ ਗਿਆ ਹੈ ਜੋ ਹੱਥ ਲਿਖਤ ਪੋਥੀਆਂ ਵਿੱਚ ਪ੍ਰਚਲਿਤ ਗੁਰੂ ਰਾਮਦਾਸ ਦੇ ਦਸਖ਼ਤ (ਨੀਸਾਣੁ) ਦਾ ਹੀ ਸੰਕੇਤ ਹੈ। ਪਰ ਬਾਣੀ ਦਾ ਨਾਂ ਜਪੁ ਹੀ ਹੈ।

     ਜਪੁ ਬਾਣੀ ਵਿੱਚ ਦੋ ਸਲੋਕ ਤੇ 38 ਪਉੜੀਆਂ ਹਨ। ਇੱਕ ਸਲੋਕ ਸ਼ੁਰੂ ਵਿੱਚ ਤੇ ਇੱਕ ਅੰਤ ਵਿੱਚ ਆਇਆ ਹੈ। ਪਹਿਲਾ ਸਲੋਕ ਮੰਗਲਾਚਰਨ ਹੈ ਜਿਸ ਵਿੱਚ ਪਰਮਾਤਮਾ ਦੇ ਸਰੂਪ ਦਾ ਉਲੇਖ ਕੀਤਾ ਗਿਆ ਹੈ। ਪਹਿਲੀਆਂ ਤਿੰਨ ਪਉੜੀਆਂ (1-3) ਵਿੱਚ ਮਨ ਦੀ ਸੁੱਚ, ਮਨ ਦੀ ਚੁੱਪ ਤੇ ਮਨ ਦੀ ਭੁੱਖ, ਦਾ ਉੱਲੇਖ ਕਰਦਿਆਂ ਇੱਕ ਮਹੱਤਵਪੂਰਨ ਸਵਾਲ ਉਠਾਇਆ ਗਿਆ ਹੈ ਕਿ ਮਨੁੱਖ ਸੱਚ ਦੇ ਪ੍ਰਕਾਸ਼ ਦੇ ਯੋਗ ਕਿਵੇਂ ਬਣ ਸਕਦਾ ਹੈ? ਮਨੁੱਖ ਦੇ ਅੰਦਰ ਦਾ ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਇਸ ਦਾ ਹੱਲ ਵੀ ਨਾਲ ਹੀ ਦਿੱਤਾ ਗਿਆ ਹੈ ਕਿ ਜੋ ਮਨੁੱਖ ਪ੍ਰਭੂ ਦੇ ਹੁਕਮ ਤੇ ਰਜ਼ਾ ਵਿੱਚ ਤੁਰਦਾ ਹੈ ਉਹੀ ਇਸ ਦੇ ਯੋਗ ਬਣ ਸਕਦਾ ਹੈ। ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਨਾਲ ਹੀ ਬਣੀ ਹੈ ਤੇ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ। ਜਿਹੜਾ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝ ਲੈਂਦਾ ਹੈ ਉਹ ਹਉਮੈ ਦੀਆਂ ਗੱਲਾਂ ਨਹੀਂ ਕਰਦਾ। ਪ੍ਰਭੂ ਦਾ ਰਿਜ਼ਕ ਅਥਾਹ ਹੈ। ਉਹ ਬੇਪਰਵਾਹ ਹੈ ਤੇ ਸਦਾ ਪ੍ਰਸੰਨ ਰਹਿਣ ਵਾਲਾ ਹੈ। ਉਸ ਦੇ ਹੁਕਮ ਨਾਲ ਸਾਰੀ ਕਾਇਨਾਤ ਚੱਲ ਰਹੀ ਹੈ।

     ਅਗਲੀਆਂ ਚਾਰ ਪਉੜੀਆਂ (4-7) ਵਿੱਚ ਪ੍ਰਭੂ ਨਾਲ ਵਾਰਤਾਲਾਪ ਕਰਨ ਦੀ ਭਾਸ਼ਾ ‘ਪ੍ਰੇਮ` ਦਾ ਉਲੇਖ ਮਿਲਦਾ ਹੈ। ਪਰ ਪ੍ਰੇਮ ਨੂੰ ਮਨ ਵਿੱਚ ਵਸਾ ਕੇ ਕੀਤੀ ਬੰਦਗੀ ਪ੍ਰਭੂ ਪਾਸੋਂ ਹੀ ਮਿਲਦੀ ਹੈ। ਪ੍ਰਭੂ ਨਾਲੋਂ ਮਨੁੱਖ ਦੀ ਵਿੱਥ ਗੁਰੂ ਰਾਹੀਂ ਹੀ ਦੂਰ ਹੁੰਦੀ ਹੈ। ਜੀਵ ਉਪਰ ਪ੍ਰਭੂ ਦੀ ਮਿਹਰ ਹੋਵੇ ਤਾਂ ਹੀ ਭਗਤੀ ਵਾਲਾ ਗੁਣ ਆਉਂਦਾ ਹੈ।

     ਅਗਲੀਆਂ ਚਾਰ ਪਉੜੀਆਂ (8-11) ਵਿੱਚ ਉੱਲੇਖ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਲਾਹ ਵਿੱਚ ਜੁੜਿਆ ਸਧਾਰਨ ਮਨੁੱਖ ਉੱਚੇ ਆਤਮਿਕ ਰੁਤਬੇ `ਤੇ ਪਹੁੰਚ ਸਕਦਾ ਹੈ। ਉਸ ਨੂੰ ਪ੍ਰਭੂ ਹਰ ਥਾਂ ਵਿਆਪਕ ਨਜ਼ਰ ਆਉਂਦਾ ਹੈ ਤੇ ਮੌਤ ਦਾ ਡਰ ਵੀ ਉਸ ਨੂੰ ਨਹੀਂ ਪੋਂਹਦਾ। ਨਾਮ ਵਿੱਚ ਸੁਰਤ ਲਾਇਆਂ ਪਤਾ ਚੱਲਦਾ ਹੈ ਕਿ ਪ੍ਰਭੂ ਨਾਲੋਂ ਪਈ ਵਿੱਥ ਨੂੰ ਦੂਰ ਕਿਵੇਂ ਕਰੀਦਾ ਹੈ? ਮਨੁੱਖ ਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਸੇਵਾ ਤੇ ਸੰਤੋਖ ਵਾਲਾ ਜੀਵਨ ਬਣਦਾ ਹੈ। ਜੀਵ ਜੀਵਨ ਦਾ ਸਹੀ ਰਾਹ ਪ੍ਰਾਪਤ ਕਰ ਲੈਂਦਾ ਹੈ।

     ਅਗਲੀਆਂ ਚਾਰ ਪਉੜੀਆਂ (12-15) ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ। ਜੋ ਵਿਅਕਤੀ ਨਾਮ ਨਾਲ ਜੁੜਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੋ ਜਾਂਦਾ ਹੈ। ਮਨ ਵਿੱਚ ਨਾਮ ਦੇ ਚਾਨਣ ਨਾਲ ਸਾਰੇ ਸੰਸਾਰ ਵਿੱਚ ਪਰਮਾਤਮਾ ਹੀ ਦਿੱਸਦਾ ਹੈ। ਉਸ ਨੂੰ ਕੋਈ ਰੁਕਾਵਟ ਸਹੀ ਉਦੇਸ਼ ਤੋਂ ਭਟਕਾ ਨਹੀਂ ਸਕਦੀ। ਅਜਿਹਾ ਮਨੁੱਖ ਕੇਵਲ ਆਪ ਹੀ ਨਹੀਂ ਬਚਦਾ ਸਗੋਂ ਪਰਿਵਾਰ ਦੇ ਦੂਜੇ ਜੀਆਂ ਨੂੰ ਵੀ ਪ੍ਰਭੂ ਨਾਮ ਨਾਲ ਜੋੜਦਾ ਹੈ।

     ਪਉੜੀ (16-19) ਤੱਕ ਉਹਨਾਂ ਮਨੁੱਖਾਂ ਦਾ ਉਲੇਖ ਕੀਤਾ ਗਿਆ ਹੈ ਜਿਨ੍ਹਾਂ ਨੇ ਨਾਮ ਸੁਣਿਆ ਤੇ ਮੰਨਿਆ ਹੈ। ਐਸੇ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਨ। ਉਹਨਾਂ ਦੀ ਸੁਰਤ ਕੇਵਲ ਇੱਕ ਗੁਰੂ ਵਿੱਚ ਹੀ ਰਹਿੰਦੀ ਹੈ। ਪਰ ਪ੍ਰਭੂ ਦੀ ਰਚੀ ਸ੍ਰਿਸ਼ਟੀ ਦਾ ਅੰਤ ਕੋਈ ਨਹੀਂ ਪਾ ਸਕਦਾ। ਨਾ ਹੀ ਜਗਤ ਵਿੱਚ ਭਲੇ ਕੰਮ ਕਰਨ ਵਾਲੇ ਲੋਕਾਂ ਦਾ ਅੰਤ ਹੈ ਤੇ ਨਾ ਹੀ ਬੁਰੇ ਬੰਦਿਆਂ ਦਾ। ਬੋਲੀ ਦੀ ਦਾਤ ਪ੍ਰਭੂ ਦੀ ਸਿਫ਼ਤ ਸਲਾਹ ਲਈ ਮਿਲੀ ਹੈ। ਪ੍ਰਭੂ ਦੀ ਕੁਦਰਤ ਬੇਅੰਤ ਹੈ ਤੇ ਉਸ ਵਿੱਚ ਉਹ ਵਰਤਮਾਨ ਹੈ।

     ਅਗਲੀਆਂ 8 ਪਉੜੀਆਂ (20-27) ਵਿੱਚ ਉਲੇਖ ਹੈ ਕਿ ਨਾਮ ਸਿਮਰਨ ਹੀ ਇੱਕੋ-ਇੱਕ ਵਸੀਲਾ ਹੈ ਜਿਸ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ। ਪ੍ਰਭੂ ਦੇ ਨਾਮ ਨੂੰ ਸੁਣਨ ਤੇ ਮੰਨਣ ਨਾਲ ਮਨ ਵਿੱਚ ਪ੍ਰਭੂ ਦਾ ਪਿਆਰ ਉਪਜਦਾ ਹੈ ਤੇ ਆਤਮਾ ਸ਼ੁੱਧ ਹੋ ਜਾਂਦੀ ਹੈ। ਸੰਸਾਰ ਦੀ ਰਚਨਾ ਬਾਰੇ ਕਿਸੇ ਨੂੰ ਪਤਾ ਨਹੀਂ। ਪਰਮਾਤਮਾ ਬੇਅੰਤ ਵੱਡਾ ਹੈ, ਉਸ ਦੀ ਵਡਿਆਈ ਤੇ ਰਚਨਾ ਵੀ ਬੇਅੰਤ ਹੈ। ਕੇਵਲ ਉਹੀ ਆਪਣੇ-ਆਪ ਨੂੰ ਜਾਣਦਾ ਹੈ। ਨਾਮ ਦੇ ਸਾਮ੍ਹਣੇ ਬੇਅੰਤ ਧਨ ਵੀ ਤੁੱਛ ਹੈ। ਪ੍ਰਭੂ ਦੀ ਬਖ਼ਸ਼ਿਸ਼ ਬੇਅੰਤ ਹੈ। ਜੀਵਾਂ ਦੇ ਮੰਗਣ ਤੋਂ ਬਿਨਾਂ ਉਹਨਾਂ ਦੀਆਂ ਲੋੜਾਂ ਵੇਖ ਕੇ ਉਹ ਆਪ ਹੀ ਬਖ਼ਸ਼ਿਸ਼ ਕਰ ਦਿੰਦਾ ਹੈ। ਪਰ ਮਨੁੱਖ ਪ੍ਰਭੂ ਦੀਆਂ ਦਾਤਾਂ ਹਾਸਲ ਕਰ ਕੇ ਉਸ ਨੂੰ ਹੀ ਭੁੱਲ ਜਾਂਦਾ ਹੈ। ਦੁੱਖ-ਤਕਲੀਫ਼ਾਂ ਵੀ ਪ੍ਰਭੂ ਦੀ ਦਾਤ ਹਨ ਜਿਸ ਤੋਂ ਮੁੜ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। ਪ੍ਰਭੂ ਦੀ ਸਿਫ਼ਤ-ਸਾਲਾਹ ਸਭ ਤੋਂ ਵੱਡੀ ਦਾਤ ਹੈ। ਪ੍ਰਭੂ ਦੇ ਬੇਅੰਤ ਗੁਣਾਂ ਤੇ ਦਾਤਾਂ ਨੂੰ ਜਾਣਨ ਦਾ ਜੋ ਦਾਅਵਾ ਕਰਦਾ ਹੈ, ਉਹ ਹੋਛਾ ਹੈ। ਮਨੁੱਖ ਦੇ ਜੀਵਨ ਦਾ ਮਨੋਰਥ ਪ੍ਰਭੂ ਦਾ ਭੇਤ ਪਾਉਣਾ ਨਹੀਂ ਸਗੋਂ ਉਸ ਦੀ ਰਜ਼ਾ ਵਿੱਚ ਰਹਿਣਾ ਹੈ।

     ਪਉੜੀ (28-33) ਵਿੱਚ ਉਲੇਖ ਮਿਲਦਾ ਹੈ ਕਿ ਜੀਵਨ ਦਾ ਮਨੋਰਥ ਉਸ ਪ੍ਰਭੂ ਨੂੰ ਸਿਮਰਨਾ ਹੈ ਜੋ ਮੁੱਢ ਤੋਂ ਹੈ, ਸ਼ੁੱਧ ਸਰੂਪ ਹੈ, ਜਿਸ ਦਾ ਆਦਿ ਨਹੀਂ ਹੈ। ਉਹ ਨਾਸ- ਰਹਿਤ ਸਦਾ ਇੱਕੋ ਜਿਹਾ ਰਹਿਣ ਵਾਲਾ ਹੈ। ਪ੍ਰਭੂ ਦੀ ਰਜ਼ਾ ਨਾਲ ਸਰਬ ਵਿਆਪਕਤਾ ਦੇ ਗਿਆਨ ਨਾਲ ਦੂਜਿਆਂ ਪ੍ਰਤਿ ਦਇਆ ਤੇ ਮਨ ਵਿੱਚ ਪ੍ਰਭੂ ਸ਼ਬਦ ਪੈਦਾ ਹੁੰਦਾ ਹੈ। ਰਿਧੀਆਂ ਤੇ ਸਿਧੀਆਂ ਜੀਵ ਨੂੰ ਕਿਸੇ ਹੋਰ ਪਾਸੇ ਲੈ ਜਾਂਦੀਆਂ ਹਨ। ਪ੍ਰਭੂ ਆਪਣੀ ਰਜ਼ਾ ਵਿੱਚ ਜਗਤ ਦੀ ਕਾਰ ਚਲਾ ਰਿਹਾ ਹੈ। ਨੀਵੀਂ ਅਵਸਥਾ ਤੋਂ ਉਚੇਰੀ ਅਵਸਥਾ ਉੱਤੇ ਮਨੁੱਖ ਉੱਦੋਂ ਪਹੁੰਚਦਾ ਹੈ ਜਦੋਂ ਉਹ ਸਿਮਰਨ ਦਾ ਆਸਰਾ ਲੈ ਕੇ ਆਪਣੇ-ਆਪ ਨੂੰ ਲੀਨ ਕਰ ਦਿੰਦਾ ਹੈ। ਪ੍ਰਭੂ ਦੀ ਮਿਹਰ ਨਾਲ ਹੀ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ।

     ਇਸ ਬਾਣੀ ਵਿੱਚ ਜੋ ਸਿਧਾਂਤਿਕ ਵਿਚਾਰ ਪੇਸ਼ ਕੀਤੇ ਗਏ ਹਨ ਉਸ ਵਿੱਚ ਚਿੰਤਨ ਤੇ ਜੀਵਨ ਵਿੱਚ ਉਸ ਨੂੰ ਢਾਲਣ ਬਾਰੇ ਵੀ ਦੱਸਿਆ ਗਿਆ ਹੈ। ਆਤਮਿਕ ਜੀਵਨ- ਜਾਚ ਉੱਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਅੰਤਿਮ ਚਾਰ ਪਉੜੀਆਂ ਵਿੱਚ ਇਸ ਆਤਮਿਕ ਮਾਰਗ ਦੀਆਂ ਨੀਵੇਂ ਤੋਂ ਉਪਰ ਜਾਂਦੀਆਂ ਪੰਜ ਅਵਸਥਾਵਾਂ ਦਾ ਉਲੇਖ ਕੀਤਾ ਗਿਆ ਹੈ ਜੋ ਇਸ ਬਾਣੀ ਦੀ ਮੌਲਿਕ ਵਿਲੱਖਣਤਾ ਹੈ। ਇਹ ਪੰਜ ਖੰਡ ਹਨ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸੱਚ ਖੰਡ। ਧਰਮ ਖੰਡ ਵਿੱਚ ਜੀਵਨ ਦਾ ਨਿਬੇੜਾ ਆਪੋ-ਆਪਣੇ ਕਰਮਾਂ ਨਾਲ ਹੁੰਦਾ ਹੈ। ਪ੍ਰਭੂ ਦੀ ਮਿਹਰ ਭਰੀ ਨਜ਼ਰ ਨਾਲ ਜੀਵ ਨੂੰ ਵਡਿਆਈ ਮਿਲਦੀ ਹੈ। ਉਸ ਦੀ ਕਚਿਆਈ ਤੇ ਪਕਿਆਈ ਦਾ ਪਤਾ ਪਰਮਾਤਮਾ ਦੇ ਦਰ `ਤੇ ਗਿਆਂ ਸਮਝ ਆਉ਼ਂਦਾ ਹੈ। ਗਿਆਨ ਖੰਡ ਵਿੱਚ ਮਨੁੱਖ ਦਾ ਮਨ ਵਿਸ਼ਾਲ ਹੁੰਦਾ ਹੈ। ਇਹ ਜਗਤ ਇੱਕ ਵੱਡਾ ਟੱਬਰ ਹੈ ਜਿਸ ਪ੍ਰਤਿ ਪ੍ਰੇਮ ਦੀ ਲਹਿਰ ਚੱਲ ਪੈਂਦੀ ਹੈ। ਸਰਮ ਖੰਡ ਵਿੱਚ ਸਾਧਨਾ ਦੀ ਘਾੜਤ ਨਾਲ ਮਨ ਬਹੁਤ ਸੋਹਣਾ ਹੋ ਜਾਂਦਾ ਹੈ। ਇਸ ਵਿੱਚ ਸੁਰਤਿ, ਮਤ, ਮਨ, ਬੁੱਧ ਘੜੀ ਜਾਂਦੀ ਹੈ। ਕਰਮ ਖੰਡ ਵਿੱਚ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ। ਉਸ ਨੂੰ ਸਾਰੇ ਆਪਣੇ ਹੀ ਦਿੱਸਦੇ ਹਨ।ਉਹ ਹਮੇਸ਼ਾਂ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਰਹਿੰਦਾ ਹੈ। ਸੱਚ ਖੰਡ ਵਿੱਚ ਪ੍ਰਭੂ ਦਾ ਨਿਵਾਸ ਹੁੰਦਾ ਹੈ। ਉਹ ਸ੍ਰਿਸ਼ਟੀ ਨੂੰ ਰਚ ਕੇ ਉਸ ਦਾ ਸੰਚਾਲਨ ਵੀ ਕਰਦਾ ਹੈ। ਪਰ ਇਹ ਉੱਚੀ ਅਵਸਥਾ ਆਚਰਨ ਦੀ ਪਵਿੱਤਰਤਾ ਨਾਲ ਹੀ ਸੰਭਵ ਹੈ। ਆਖ਼ਰੀ ਪਉੜੀ ਵਿੱਚ ਦੱਸਿਆ ਗਿਆ ਹੈ ਕਿ ਜਤ, ਧੀਰਜ, ਮਤ, ਗਿਆਨ, ਭਉ (ਡਰ), ਤਪ ਤੇ ਭਾਉ ਦੀ ਮਿਲਵੀਂ ਸੱਚੀ ਟਕਸਾਲ ਵਿੱਚ ਗੁਰ-ਸ਼ਬਦ ਘੜਿਆ ਜਾਂਦਾ ਹੈ। ਇਹ ਕਾਰ ਪ੍ਰਭੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ।

          ਬਾਣੀ ਦੇ ਅੰਤ ਵਿੱਚ ਜੋ ਸਲੋਕ ਆਇਆ ਹੈ ਉਸ ਵਿੱਚ ਸਾਰੇ ਸਿਧਾਂਤ ਦਾ ਸਾਰ ਰੰਗ ਭੂਮੀ ਦੇ ਰੂਪਕ ਰਾਹੀਂ ਪੇਸ਼ ਕੀਤਾ ਗਿਆ ਹੈ। ਬਿਆਨ ਹੈ ਜੀਵ ਇਸ ਜਗਤ ਵਿੱਚ ਆਪੋ-ਆਪਣੀ ਖੇਡ ਖੇਡ ਰਹੇ ਹਨ। ਮਾਇਆ ਦੀ ਖੇਡ ਖੇਡਣ ਵਾਲਾ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ ਤੇ ਸਿਮਰਨ ਦੀ ਖੇਡ ਖੇਡਣ ਵਾਲਾ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਉਸ ਦਾ ਆਵਾਗਵਨ ਸਮਾਪਤ ਹੋ ਜਾਂਦਾ ਹੈ।

ਲੇਖਕ : ਸਬਿੰਦਰਜੀਤ ਸਿੰਘ ਸਾਗਰ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 2585,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/20/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ