ਜਿਹਲਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਿਹਲਮ ( ਨਾਂ , ਪੁ ) ਇੱਕ ਪ੍ਰਸਿੱਧ ਦਰਿਆ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਿਹਲਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਹਲਮ : ਦਰਿਆ– – ਇਹ ਅਣਵੰਡੇ ਪੰਜਾਬ ਦੇ ਉਨ੍ਹਾਂ ਪੰਜ ਦਰਿਆਵਾਂ ਵਿਚੋਂ ਇਕ ਦਰਿਆ ਹੈ , ਜਿਨ੍ਹਾਂ ਕਾਰਣ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ ਹੈ । ਇਸ ਦੀ ਲੰਬਾਈ ਲਗਭਗ 725 ਕਿ. ਮੀ. ਹੈ । ਮੁਸਲਮਾਨ ਇਤਿਹਾਸਕਾਰ ਇਸ ਨੂੰ ਬਿਹਾਤ , ਵਿਹਾਤ ਜਾਂ ਬਿਹਾਤਾਬ ਕਹਿੰਦੇ ਹਨ ਜਿਹੜਾ ਸੰਸਕ੍ਰਿਤ ਦੇ ਵਿਤਸਤਾ ਨਾਂ ਤੋਂ ਵਿਗੜ ਕੇ ਬਣਿਆ ਹੈ । ਸਿਕੰਦਰੀਆ ਦੇ ਇਤਿਹਾਸਕਾਰਾਂ ਨੇ ਇਸ ਨੂੰ ਹਾਈਦਾਸਪਸ ਕਿਹਾ ਹੈ ਜਦ ਕਿ ਟਾਲਮੀ ਨੇ ਇਸ ਨੂੰ ਬਿਦਾਸਪਸ ਕਿਹਾ ਹੈ । ਆਧੁਨਿਕ ਕਸ਼ਮੀਰੀ ਵਿਚ ਇਸ ਨੂੰ ਵੈੱਥ ਕਿਹਾ ਜਾਂਦਾ ਹੈ । ਇਹ ਦਰਿਆ ਕਸ਼ਮੀਰ ਵਿਚ ਇਕ ਕਾਫ਼ੀ ਉੱਚੀ ਪਹਾੜੀ ਦੇ ਹੇਠਾਂ ਵੈਰੀ ਨਾਗ ਨਾਂ ਦੇ ਸਾਫ਼ ਪਾਣੀ ਦੇ ਝਰਨੇ ਤੋਂ ਨਿਕਲਦਾ ਹੈ । ਖ਼ਾਨ ਬਾਲ ਵਿਖੇ ਇਸ ਦਰਿਆ ਨਾਲ ਆਦਪਤ , ਬ੍ਰਿੰਗ ਅਤੇ ਸਨਡ੍ਰਾਨ ਆਦਿ ਨਦੀਆਂ ਆ ਕੇ ਰਲ ਜਾਂਦੀਆਂ ਹਨ । ਵੁਲਰ ਝੀਲ , ਜਿਸ ਨੂੰ ਇਸ ਦਰਿਆ ਦਾ ਡੈਲਟਾ ਵੀ ਕਿਹਾ ਜਾਂਦਾ ਹੈ , ਵਿਚ ਪਹੁੰਚਣ ਤੱਕ ਇਹ ਦਰਿਆ ਕਾਫ਼ੀ ਤੇਜ਼ ਰਫਤਾਰ ਨਾਲ ਵਹਿੰਦਾ ਹੈ । ਵੁਲਰ ਝੀਲ ਵਿਚ ਮਿਲਣ ਨਾਲ ਇਸ ਦੀ ਰਫਤਾਰ ਮੱਧਮ ਪੈ ਜਾਂਦੀ ਹੈ ।

                  ਇਸ ਦਰਿਆ ਦੀਆਂ ਬਹੁਤ ਸਾਰੀਆਂ ਸਹਾਇਕ ਨਦੀਆਂ ਹਨ । ਸੱਜੇ ਪਾਸੇ ਤੋਂ ਸਦਾ ਬਰਫ਼ ਨਾਲ ਢਕੀ ਰਹਿਣ ਵਾਲੀ ਲਿਦੜ ਘਾਟੀ ਤੋਂ ਆਉਣ ਵਾਲੀ ਲਿਦੜ ਨਦੀ ਇਸ ਨਾਲ ਆ ਕੇ ਮਿਲ ਜਾਂਦੀ ਹੈ । ਸ੍ਰੀ ਨਗਰ ਤੋਂ ਹੇਠਾਂ ਸਾਦੀਪੁਰ ਦੇ ਨਜ਼ਦੀਕ ਸਿੰਧ ਦਰਿਆ ਇਸ ਨਾਲ ਮਿਲ ਜਾਂਦਾ ਹੈ । ਇਸ ਦੇ ਖੱਬੇ ਪਾਸੇ ਤੋਂ , ਵਿਸ਼ਵ , ਰਾਜ ਜੀ , ਦੁੱਧ ਗੰਗਾ , ਸੁਕਨਾਗ ਅਤੇ ਫਿਰੋਜ਼ਪੁਰਾ ਆਦਿ ਨਦੀਆਂ ਇਸ ਨਾਲ ਆ ਕੇ ਰਲ ਜਾਂਦੀਆਂ ਹਨ । ਬਾਰਾਮੂਲਾ ਤੋਂ ਹੇਠਾਂ ਇਹ ਦਰਿਆ ਉਪਜਾਊ ਘਾਟੀ ਨੂੰ ਛੱਡ ਕੇ ਕੁਹਾਲਾ ਤੱਕ ਕਾਜੀਨਾਗ ਪਰਬਤ ਲੜੀ ਤੇ ਪੀਰ ਪੰਜਾਲ ਪਹਾੜ ਦੇ ਵਿਚਕਾਰਲ ਇਕ ਡੂੰਘੇ ਦੱਰੇ ਰਾਹੀਂ ਵਹਿੰਦਾ ਹੈ । ਮੁਜ਼ਫ਼ਰਾਬਾਦ ਵਿਖੇ ਪਹੁੰਚਣ ਸਮੇਂ ਇਸ ਨਾਲ ਸੱਜੇ ਪਾਸੇ ਤੋਂ ਆ ਕੇ ਕਿਸ਼ਨਗੰਗਾ ਦਰਿਆ ਮਿਲ ਜਾਂਦਾ ਹੈ ਤੇ ਇਸ ਤੋਂ ਕੁਝ ਕੁ ਹੋਰ ਕਿਲੋ ਮੀਟਰ ਅਗਾਂਹ ਜਾਣ ਸਮੇਂ ਹਜਾਰਾ ਜ਼ਿਲ੍ਹੇ ਦੀ ਜਲ ਨਿਕਾਸੀ ਕਰਨ ਵਾਲਾ ਕੁੰਨਹਾਰ ਦਰਿਆ ਇਸ ਨਾਲ ਮਿਲ ਜਾਂਦਾ ਹੈ । ਖ਼ਾਨਬਾਲ ਅੇਤ ਬਾਰਾਂਮੂਲਾ ਦੇ ਵਿਚਕਾਰ ਇਸ ਦਰਿਆ ਉਪਰ ਬਹੁਤ ਸਾਰੇ ਪੁਲ ਬਣੇ ਹੋਏ ਹਨ । ਕਸ਼ਮੀਰ ਦਾ ਬਹੁਤ ਸਾਰਾ ਅੰਦਰੂਨੀ ਵਪਾਰ ਵੀ ਇਸੇ ਦਰਿਆ ਉਪਰ ਨਿਰਭਰ ਕਰਦਾ ਹੈ ਤੇ ਇਸ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਵੀ ਚਲਦੀਆਂ ਹਨ । ਜਿਹਲਮ ਸ਼ਹਿਰ ਕੋਲ ਪਹੁੰਚ ਕੇ ਇਸ ਦੀ ਚੌੜਾਈ ਲਗਭਗ 160 ਮੀਟਰ ਹੋ ਜਾਂਦੀ ਹੈ । ਇਸ ਤੋਂ ਅਗਾਂਹ ਇਹ ਦਰਿਆ ਪੱਛਮ ਵੱਲ ਮੁੜ ਜਾਂਦਾ ਹੈ ਤੇ ਜਲਾਲਪੁਰ ਮੋਂਗਾ , ਭੇੜਾ ਅਤੇ ਖੁਸਾਬ ਦੇ ਇਲਾਕਿਆਂ ਵਿਚੋਂ ਦੀ ਲੰਘਦਾ ਹੈ । ਫੇਰ ਦੱਖਣ ਵੱਲ ਮੁੜ ਕੇ , ਗਿਰੋਤ , ਸਾਹੀਵਾਲ ਵਿਚੋਂ ਦੀ ਲੰਘ ਕੇ ਝੰਗ ਦੇ ਇਲਾਕੇ ਵਿਚ ਚਲਾ ਜਾਂਦਾ ਹੈ । ਝੰਗ ਦੇ ਇਲਾਕੇ ਵਿਚ ਇਸ ਦੇ ਦੋਹੀਂ ਪਾਸੀਂ ਘਣੇ ਜੰਗਲ ਹਨ , ਇਸ ਕਾਰਣ ਇਥੇ ਵਰਖਾ ਬਹੁਤ ਹੁੰਦੀ ਹੈ ਤੇ ਦਰਿਆ ਵਿਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ । ਮੁਲਤਾਨ ਦੇ ਨਜ਼ਦੀਕ ਇਹ ਚਨਾਬ ਦਰਿਆ ਨਾਲ ਰਲ ਜਾਂਦਾ ਹੈ । ਜਿਸ ਥਾਂ ਤੇ ਇਹ ਦੋਵੇਂ ਦਰਿਆ ਮਿਲਦੇ ਹਨ , ਉਸ ਨੂੰ ਤ੍ਰਿਮੂ ਕਹਿੰਦੇ ਹਨ ।

                  ਚਨਾਬ ਦਰਿਆ ਵਿਚ ਅੱਗੇ ਚਲ ਕੇ ਰਾਵੀ ਦਰਿਆ ਮਿਲ ਜਾਂਦਾ ਹੈ ਅਤੇ ਉੱਚ ਦੇ ਇਲਾਕੇ ਵਿਚ ਸਤਲੁਜ ਵੀ ਇਸ ਨਾਲ ਆ ਰਲਦਾ ਹੈ ਤੇ ਇਹ ਸਾਰੇ ਇਕੱਠੇ ਹੋ ਕੇ ਮਿਥਨਕੋਟ ਵਿਖੇ ਸਿੰਧ ਦਰਿਆ ਨਾਲ ਰਲ ਜਾਂਦੇ ਹਨ । ਇਨ੍ਹਾਂ ਪੰਜ ਦਰਿਆਵਾਂ ਕਾਰਣ ਹੀ ਪੰਜ ਨਾਦ ਨਾਂ ਪਿਆ ।

                  ਕੁਝ ਦੂਰੀ ਤੱਕ ਪੰਜਨਾਦ ਅਤੇ ਸਿੰਧ ਦਰਿਆ ਸਮਾਂਤਰ ਵਗਦੇ ਹਨ ਅਤੇ ਫਿਰ ਇਹ ਰਲ ਕੇ ਵੱਡਾ ਸਿੰਧ ਦਰਿਆ ਬਣਾ ਦਿੰਦੇ ਹਨ । ਜਿਹਲਮ ਦਰਿਆ ਉਪਰ ਪ੍ਰਸਿੱਧ ਸ਼ਹਿਰ ਸ੍ਰੀ ਨਗਰ , ਜਿਹਲਮ , ਪਿੰਡ ਦਾਦਨ ਖਾਨ , ਭੇੜਾ ਮਿਆਨੀ ਅਤੇ ਸ਼ਾਹਪੁਰ ਵਸੇ ਹੋਏ ਹਨ । ਇਸ ਉਪਰ ਮੰਗਲਾ ਡੈਮ ਬਣਾ ਕੇ 1000 , 000 ਕਿਊਬਕ ਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ ਅਤੇ 300 , 000 ਏਕੜ ਰਕਬੇ ਦੀ ਸਿੰਜਾਈ ਕੀਤੀ ਜਾਂਦੀ ਹੈ । ਸਿੰਕਦਰ ਮਹਾਨ ਅਤੇ ਪੋਰਸ ਵਿਚਕਾਰ ਯੁੱਧ ਵੀ ਇਸੇ ਦਰਿਆ ਦੇ ਕੰਢੇ ਉੱਤੇ ਹੋਇਆ ਸੀ । ਜਨਰਲ ਕਨਿੰਘਮ ਅਨੁਸਾਰ ਸਿੰਕਦਰ ਨੇ ਜਿਹਲਮ ਜ਼ਿਲ੍ਹੇ ਵਿਚ ਪੈਂਦੇ ਜਲਾਲਪੁਰ ਦੇ ਸਥਾਨ ਤੋਂ ਇਸ ਦਰਿਆ ਨੂੰ ਪਾਰ ਕੀਤਾ ਸੀ ।

                  ਹ. ਪੁ.– – ਇੰਪ. ਗ. ਇੰਡ. 14 : 160-61; ਐਨ. ਬ੍ਰਿ. ਮਾ. 6 : 548


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਿਹਲਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਹਲਮ : ਨਹਿਰ ਲੋਇਰ– – ਪੱਛਮੀ ਪੰਜਾਬ ( ਪਾਕਿ. ) ਵਿਚ ਜਿਹਲਮ ਦਰਿਆ ਦੇ ਖੱਬੇ ਕੰਢਿਓਂ ਕੱਢੀ ਗਈ ਨਹਿਰ ਹੈ ਜਿਹੜੀ ਜਿਹਲਮ ਅਤੇ ਚਨਾਬ ਦਰਿਆਵਾਂ ਦਰਮਿਆਨ ਪੈਂਦੇ ਇਲਾਕੇ ਦੀ ਸਿੰਜਾਈ ਕਰਦੀ ਹੈ । ਇਹ ਗੁਜਰਾਤ ਜ਼ਿਲ੍ਹੇ ਵਿਚ ਮੋਂਗ ਰਸੂਲ ਪਿੰਡ ਦੇ ਨਜ਼ਦੀਕ ਕੱਢੀ ਗਈ ਹੈ । 30 ਅਕਤੂਬਰ , 1901 ਨੂੰ ਇਹ ਨਹਿਰ ਚਾਲੂ ਕੀਤੀ ਗਈ । ਜਿਹਲਮ ਦਰਿਆ ਤੋਂ ਨਿਕਲੀ ਇਸ ਨਹਿਰ ਤੇ 4 , 100 ਫੁੱਟ ਉੱਚਾ ਬੰਨ੍ਹ ਤੇ 241/2 ਫੁੱਟ ਦੇ ਅੱਠ ਮਜ਼ਬੂਤ ਖਾਣ ਬਣਾ ਕੇ ਪੁਲ ਬਣਾਇਆ ਗਿਆ ਹੈ , ਇਸ ਦੀ ਚੌੜਾਈ 140 ਫੁੱਟ ਅਤੇ ਲੰਬਾਈ 167 ਮੀਲ ਹੈ ।

                  ਨਹਿਰ ਵਿਚੋਂ ਕਈ ਹੋਰ ਉਪ ਨਹਿਰਾਂ ਕੱਢੀਆਂ ਗਈਆਂ ਹਨ । ਲਗਭਗ 2400 ਵ. ਮੀਲ ਖੇਤਰ ਨੂੰ ਇਸ ਨਹਿਰ ਦੇ ਪਾਣੀ ਤੋਂ ਸਿੰਜਾਈ ਦੀ ਸਹੂਲਤ ਪ੍ਰਾਪਤ ਹੋਈ । ਨਹਿਰ ਦੇ ਨਾਲ ਲਗਦੇ ਖੇਤਰ ਤੇ ਕਲੋਨੀ ਵਸਾਈ ਗਈ ਜਿਸ ਵਿਚ ਚੰਗੀ ਨਸਲ ਦੇ ਘੋੜੇ ਤਿਅਰ ਕਰਨ ਲਈ ਲੋਕਾਂ ਨੂੰ ਗਰਾਂਟ ਆਦਿ ਦਿੱਤੀ ਗਈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਿਹਲਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਹਲਮ : ਜ਼ਿਲ੍ਹਾ– – ਇਹ ਪਾਕਿਸਤਾਨ ਵਿਚ ਪੰਜਾਬ ਰਾਜ ਦੀ ਰਾਵਲਪਿੰਡ ਡਿਵੀਜਨ ਦਾ ਇਕ ਜ਼ਿਲ੍ਹਾ ਹੈ , ਜਿਸ ਦਾ ਰਕਬਾ 7179 ਵ. ਕਿ. ਮੀ. ਅਤੇ ਆਬਾਦੀ 1162000 ( 1981 ) ਹੈ । ਇਸੇ ਨਾਂ ਦਾ ਸ਼ਹਿਰ ਇਸ ਜ਼ਿਲ੍ਹੇ ਦਾ ਸਦਰ ਮੁਕਾਮ ਹੈ । ਸ਼ਾਹਪੁਰ ਅਤੇ ਅਟਕ ਜ਼ਿਲ੍ਹੇ ਇਸ ਦੀ ਪੱਛਮੀ ਹੱਦ ਬਣਾਉਂਦੇ ਹਨ , ਦੱਖਣ ਪੂਰਬ ਵੱਲ ਗੁਜਰਾਤ ਜ਼ਿਲ੍ਹਾ ਹੈ– – ਜਿਹਲਮ ਦਰਿਆ ਉੱਤਰ ਪੂਰਬ ਵੱਲੋਂ ਇਸ ਨੂੰ ਕਸ਼ਮੀਰ ਨਾਲੋਂ ਵੱਖ ਕਰਦਾ ਹੈ ਅਤੇ ਦੱਖਣ ਵੱਲ ਇਹ ਗੁਜਰਾਤ ਅਤੇ ਸ਼ਾਹਪੁਰ ਨਾਲੋਂ ਵੱਖ ਹੁੰਦਾ ਹੈ ।

                  ਧਰਾਤਲ ਪੱਖੋਂ ਤਿੰਨ ਹਿੱਸਿਆਂ ਵਿਚ ਵੰਡੇ ਇਸ ਜ਼ਿਲ੍ਹੇ ਦੇ ਉੱਤਰ ਪੂਰਬੀ ਹਿੱਸੇ ਵਿਚ ਚਕਵਾਨ ਅਤੇ ਜਿਹਲਮ ਤਹਿਸੀਲਾਂ ਦੇ ਉੱਤਰ ਵੱਲ ਤੰਗ ਪੱਬੀ ਖੇਤਰ ਆਉਂਦਾ ਹੈ । ਇਹ ਵਿਸ਼ਾਲ ਖੇਤਰ ਪਠਾਰ ਰੂਪ ਵਿਚ ਹੈ ਅਤੇ ਉੱਤਰ ਪੱਛਮ ਵੱਲ ਢਾਲਵਾਂ ਹੈ । ਜ਼ਿਲ੍ਹੇ ਦਾ ਦੂਜਾ ਹਿੱਸਾ ਦੱਖਣੀ ਭਾਗ ਹੈ ਜਿਸ ਵਿਚ ਸਾਲਟ ਰੇਂਜ ਪਰਬਤ ਖੇਤਰ ਹੈ । ਇਹ ਪਰਬਤ ਲੜੀਆਂ ਕਟਾਸ ਦੇ ਪੂਰਬ ਵੱਲ ਰਲ ਜਾਂਦੀਆਂ ਹਨ ਅਤੇ ਹੋਰ ਅਗਾਂਹ ਜਾ ਕੇ ਦੁਬਾਰਾ ਨਿਖੜ ਜਾਂਦੀਆਂ ਹਨ । ਸਾਲਟ ਰੇਂਜ ਪਹਾੜਾਂ ਦੀ ਉਚਾਈ 750 ਮੀ. ਹੈ ਅਤੇ ਚੈਲ ਚੋਟੀ 1100 ਮੀ. ਦੇ ਕਰੀਬ ਉੱਚੀ ਹੈ । ਇਸ ਜ਼ਿਲ੍ਹੇ ਦਾ ਤੀਜਾ ਹਿੱਸਾ ਟਿੱਲਾ ਪਰਬਤ ਲੜੀ ਹੈ ਅਤੇ ਦੱਖਣ ਵੱਲ ਦਰਿਆ ਜਿਹਲਮ ਦੇ ਨਾਲ ਨਾਲ ਜਿਹਲਮ ਸ਼ਹਿਰ ਤੋਂ ਸ਼ਾਹਪੁਰ ਦੀ ਹੱਦ ਤੱਕ ਜਾਂਦਾ ਹੈ । ਇਹ ਭਾਗ ਕਾਫ਼ੀ ਉਪਜਾਊ ਹੈ ।

                  ਪਹਿਲਾਂ ਪਹਿਲ ਇਥੇ ਜੰਜੂਆ , ਜੱਟ ਅਤੇ ਹੋਰ ਕਈ ਜਾਤਾਂ ਦੇ ਲੋਕ ਵਸਦੇ ਸਨ । ਬਾਅਦ ਵਿਚ ਗੋਖੜ ਅਤੇ ਅਵਾਣ ਕਬੀਲੇ ਦੇ ਲੋਕ ਵੀ ਇਥੇ ਆ ਕੇ ਵਸ ਗਏ । ਮੁਗ਼ਲ ਕਾਲ ਸਮੇਂ ਇਥੇ ਗੌਖੜਾਂ ਦੀ ਸਰਦਾਰੀ ਸੀ । ਬਾਅਦ ਵਿਚ ਇਥੇ ਸਿੱਖ ਰਾਜ ਸਥਾਪਤ ਹੋਣ ਨਾਲ 1810 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਸ ਜ਼ਿਲ੍ਹੇ ਨੂੰ ਸ਼ਾਮਲ ਕਰ ਲਿਆ ਗਿਆ । ਸੰਨ 1849 ਵਿਚ ਇਹ ਜ਼ਿਲ੍ਹਾ ਵੀ ਬਾਕੀ ਇਲਾਕੇ ਨਾਲ ਬਰਤਾਨਵੀ ਹਕੂਮਤ ਅਧੀਨ ਚਲਾ ਗਿਆ । ਇਤਿਹਾਸਕ ਪੱਖ ਤੋਂ ਵੀ ਇਸ ਜ਼ਿਲ੍ਹੇ ਦੀ ਕਾਫ਼ੀ ਮਹਾਨਤਾ ਹੈ । ਹਿੰਦੂ ਪਰੰਪਰਾ ਅਨੁਸਾਰ ਸਾਲਟ ਰੇਂਜ ਪਰਬਤ ਵਾਲਾ ਖੇਤਰ ਜਲਾਵਤਨ ਪਾਂਡਵਾਂ ਦੀ ਪਨਾਹਗਾਹ ਸੀ । ਮਹਾਨ ਸਿੰਕਦਰ ਤੇ ਪੋਰਸ ਵਿਚਕਾਰ ਵੀ ਲੜਾਈ ਇਸੇ ਖੇਤਰ ਵਿਚ ਹੋਈ ਮੰਨੀ ਜਾਂਦੀ ਹੈ । ਕਟਾਸ ਵਿਚ ਮੰਦਰਾਂ ਦੇ ਖੰਡਰਾਤ ਯਕੀਨਨ ਹੀ 8ਵੀਂ 9ਵੀਂ ਸਦੀ ਵਿਚ ਇਥੇ ਫੈਲੇ ਬੁੱਧ ਧਰਮ ਦਾ ਪ੍ਰਤੀਕ ਹਨ । ਵਿਦੇਸ਼ੀ ਹਮਲਾਵਰਾਂ ਦਾ ਮੁੱਖ ਦੁਆਰਾ ਹੋਣ ਕਾਰਣ ਇਸ ਖੇਤਰ ਵਿਚ ਬਹੁਤ ਸਾਰੇ ਕਿਲੇ ਵੀ ਬਣੇ ਹੋਏ ਹਨ ।

                  ਇਸ ਜ਼ਿਲ੍ਹੇ ਵਿਚ ਜਿਪਸਮ , ਸੰਗਮਰਮਰ , ਤੇਲ , ਲੂਣਾ ਪਾਣੀ ਤੇ ਡਲਾ ਨਮਕ ਦੇ ਭੰਡਾਰ ਹਨ । ਇਥੇ ਇਕ ਬਹੁਤ ਵੱਡੀ ਸੀਮਿੰਟ ਦੀ ਫੈਕਟਰੀ ਵੀ ਹੈ । ਅਪਰ ਜਿਹਲਮ ਨਹਿਰ ਇਸ ਜ਼ਿਲ੍ਹੇ ਦੇ ਵਿਚਕਾਰ ਦੀ ਲੰਘਦੀ ਹੈ ਅਤੇ 300 , 000 ਏਕੜ ਰਕਬੇ ਦੀ ਸਿੰਜਾਈ ਕਰਦੀ ਹੈ । ਕਣਕ ਅਤੇ ਕਪਾਹ ਇਥੋਂ ਦੀਆਂ ਮੁੱਖ ਫ਼ਸਲਾਂ ਹਨ । ਇਨ੍ਹਾਂ ਤੋਂ ਇਲਾਵਾ ਬਾਜਰੇ , ਤੇਲ ਵਾਲੇ ਬੀਜਾਂ ਅਤੇ ਫ਼ਲਦਾਰ ਫ਼ਸਲਾਂ ਦੀ ਵੀ ਕਾਸ਼ਤ ਕੀਤੀ ਜਾਂਦੀ ਹੈ ।

                  ਹ. ਪੁ.– – ਐਨ. ਬ੍ਰਿ. ਮਾ. 6 : 548; ਇੰਪ. ਗ. ਇੰ. 150 ਇੰਪ. ਗ. ਇੰਡ. 14 : 161


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਿਹਲਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਹਲਮ : ਸ਼ਹਿਰ– – ਇਹ ਪਾਕਿਸਤਾਨ ਦੇ ਰਾਵਲਪਿੰਡੀ ਮੰਡਲ ਦੇ ਇਸੇ ਨਾਂ ਦੇ ਜ਼ਿਲ੍ਹੇ ਦਾ ਇਕ ਪ੍ਰਸਿੱਧ ਸ਼ਹਿਰ ਤੇ ਸਦਰ-ਮੁਕਾਮ ਹੈ । ਸ਼ਹਿਰ ਦਰਿਆ ਜਿਹਲਮ ਦੇ ਪੱਛਮੀ ਕੰਢੇ ਉਪਰ ਪੱਛਮੀ ਰੇਲ ਮਾਰਗ ਤੇ ਵਾਕਿਆ ਹੈ । ਇਥੋਂ ਪੇਸ਼ਾਵਰ ਤੇ ਲਾਹੌਰ ਤੱਕ ਰੇਲ-ਮਾਰਗ ਤੇ ਸੜਕਾਂ ਜਾਂਦੀਆਂ ਹਨ । ਸ਼ੇਰਸ਼ਾਹ ਦੇ ਸਮੇਂ ਦੀ ਕਲਕੱਤਾ ਤੋਂ ਪੇਸ਼ਾਵਰ ਤੱਕ ਜਾਂਦੀ ਜਰਨੈਲੀ ਸੜਕ ( Grand Trunk Road ) ਵੀ ਜਿਹਲਮ ਸ਼ਹਿਰ ਦੇ ਵਿਚੋਂ ਦੀ ਗੁਜ਼ਰਦੀ ਹੈ । ਕੋਈ ਸਮਾਂ ਸੀ ਜਦੋਂ ਜਿਹਲਮ ਲੂਣ ਦੇ ਵਪਾਰ ਦੇ ਕੇਂਦਰ ਦੇ ਰੂਪ ਵਿਚ ਜਾਣਿਆ ਜਾਂਦਾ ਸੀ , ਪਰ ਹੁਣ ਇਹ ਟਿੰਬਰ ਦੀ ਭਾਰੀ ਮੰਡੀ ਦੇ ਤੌਰ ਤੇ ਪ੍ਰਸਿੱਧ ਹੈ ।

                  ਦਰਿਆ ਦੇ ਪੂਰਬੀ ਕੰਢੇ ਉਪਰ ਦਾ ਪ੍ਰਾਚੀਨ ਸ਼ਹਿਰ ਸਿਕੰਦਰ ਦੇ ( Bucephale of Alexander ) ਨਾਂ ਨਾਲ ਮਸ਼ਹੂਰ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਨੇ ਇਹ ਚੌਥੀ ਸਦੀ ਈ. ਪੂ. ਦੌਰਾਨ ਵਸਾਇਆ । ਸਿੱਖ ਰਾਜ ਸਮੇਂ ਇਸ ਸਥਾਨ ਦੀ ਕੋਈ ਵਿਸ਼ੇਸ਼ਤਾ ਨਾ ਰਹੀ । ਉਸ ਸਮੇਂ ਇਹ ਮਾਹੀਗੀਰਾਂ ਦੀ ਇਕ ਬਸਤੀ ਦੇ ਰੂਪ ਵਿਚ ਸੀ । ਅੰਗਰੇਜ਼ੀ ਰਾਜ ਵਿਚ ਸ਼ਾਮਲ ਹੋਣ ਸਮੇਂ ਇਥੇ 500 ਦੇ ਲਗਭਗ ਮਕਾਨ ਸਨ । ਅੰਗਰੇਜ਼ਾਂ ਨੇ ਇਥੇ ਫ਼ੌਜੀ ਛਾਉਣੀ ਬਣਾਈ ਅਤੇ ਸਿਵਲ ਪ੍ਰਸ਼ਾਸਨ ਦਾ ਸਦਰ-ਮੁਕਾਮ ਵੀ ਇਥੇ ਹੀ ਸਥਾਪਤ ਕੀਤਾ । ਕੁਝ ਕੁ ਸਮਾਂ ਇਥੇ ਡਵੀਜ਼ਨ ਦੇ ਕਮਿਸ਼ਨਰ ਦਾ ਦਫ਼ਤਰ ਵੀ ਰਿਹਾ ਫਿਰ 1859 ਈ. ਵਿਚ ਇਹ ਦਫ਼ਤਰ ਰਾਵਲਪਿੰਡੀ ਚਲਾ ਗਿਆ ।

                  ਬਰਤਾਨਵੀ ਰਾਜ ਸਮੇਂ ਜਿਹਲਮ ਸ਼ਹਿਰ ਨੇ ਕਾਫ਼ੀ ਤਰੱਕੀ ਕੀਤੀ ਤੇ ਵਧਿਆ ਫੁਲਿਆ । ਜ਼ਿਲ੍ਹੇ ਦੇ ਤਕਰੀਬਨ ਸਮੁੱਚੇ ਵਪਾਰ ਦਾ ਹੀ ਇਹ ਦਾਖਲ ਦੁਆਰ ਵੀ ਰਿਹਾ । ਉੱਤਰ-ਪੱਛਮੀ ਰੇਲਵੇ ਦੀ ਸਿੰਧ ਸਾਗਰ ਸ਼ਾਖਾ ਮੁਕੰਮਲ ਹੋਣ ਤੇ ਲੂਣ ਦਾ ਵਪਾਰ ਜਿਹਲਮ ਵੱਲੋਂ ਦੀ ਬੰਦ ਹੋ ਗਿਆ । ਇਸ ਉਪਰੰਤ ਹੌਲੀ ਹੌਲੀ ਇਹ ਟਿੰਬਰ ਦਾ ਇਕ ਪ੍ਰਸਿੱਧ ਡਿਪੂ ਬਣ ਗਿਆ । ਜਿਹਲਮ ਦਰਿਆ ਰਾਹੀਂ ਪਹਾੜਾਂ ਤੋਂ ਆਉਣ ਵਾਲੀ ਸਾਰੀ ਦੀ ਸਾਰੀ ਟਿੰਬਰ ਇਥੇ ਇਕੱਠੀ ਕੀਤੀ ਜਾਣ ਲਗ ਪਈ ।

                  ਛਾਉਣੀ ਦੀ ਸਥਾਪਨਾ ਦੇ ਨਾਲ ਹੀ ਇਥੇ ਇਕ ਡਾਕ ਘਰ ਤੇ ਇਕ ਗਿਰਜਾ ਘਰ ਬਣਾਏ ਗਏ । ਸੰਨ 1867 ਵਿਚ ਮਿਉਂਸਪਲਟੀ ਦੀ ਸਥਾਪਨਾ ਹੋਈ । ਹੌਲੀ ਹੌਲੀ ਇਥੇ ਪ੍ਰਾਇਮਰੀ , ਮਿਡਲ ਅਤੇ ਮਿਊਂਸਪਲ ਹਾਈ ਸਕੂਲ ਤੋਂ ਇਲਾਵਾ ਅੰਗਰੇਜ਼ੀ ਤੇ ਦੇਸੀ ਭਾਸ਼ਾ ਦਾ ਸਕੂਲ ਵੀ ਖੋਲ੍ਹਿਆ ਗਿਆ । ਸਿਵਲ ਅਤੇ ਮਿਲਟਰੀ ਹਸਪਤਾਲ ਬਣਾਏ ਗਏ ।

                  ਅਜੋਕਾ ਜਿਹਲਮ ਇਕ ਉਦਯੋਗਿਕ ਸ਼ਹਿਰ ਹੈ ਜਿਥੇ ਲੱਕੜੀ ਚੀਰਨ ਦੇ ਆਰੇ , ਨਿਊਜ਼ ਪ੍ਰਿੰਟ ਪਲਾਂਟਸ , ਕੱਚ ਦਾ ਕੰਮ ਤੇ ਸਿਗਰਟ ਬਣਾਉਣ ਦੀਆਂ ਫੈਕਟਰੀਆਂ ਆਦਿ ਵਰਗੇ ਉਦਯੋਗ ਸਥਾਪਤ ਹਨ । ਅੱਜਕੱਲ੍ਹ ਜਿਹਲਮ ਸਿਹਤ ਭਲਾਈ , ਵਿਦਿਆ ਅਤੇ ਫ਼ੌਜੀ ਸਿਖਲਾਈ ਦਾ ਇਕ ਚੰਗਾ ਕੇਂਦਰ ਹੈ । ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਸਬੰਧਤ ਇਕ ਸਰਕਾਰੀ ਕਾਲਜ ਵੀ ਇਥੇ ਮੌਜੂਦ ਹੈ ।

                  32° 56' ਉ. ਵਿਥ.; 73° 47' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ. 14 : 159; ਐਨ. ਬ੍ਰਿ. ਮਾ. 5 : 556


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 200, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਜਿਹਲਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਿਹਲਮ : ਕਾਲੋਨੀ– – ਅਣਵੰਡੇ ਭਾਰਤ ਵਿਚ ਪੰਜਾਬ ਰਾਜ ( ਹੁਣ ਪਾਕਿਸਤਾਨ ਵਿਚ ) ਦੇ ਜਿਹਲਮ ਜ਼ਿਲ੍ਹੇ ਦੀ ਸ਼ਾਹਪੁਰ ਤਹਿਸੀਲ ਵਿਚ ਇਸੇ ਹੀ ਨਾਉਂ ਦੀ ਨਹਿਰ ਤੇ ਵਸੀ ਇਕ ਨਹਿਰੀ ਕਾਲੋਨੀ ਹੈ । ਜਿਹਲਮ ਨਹਿਰ ਸ਼ਾਹਪੁਰ ਅਤੇ ਝੰਗ ( ਪਾਕਿਸਤਾਨ ) ਦੇ ਇਲਾਕਿਆਂ ਵਿਚ 2 , 392 ਵ. ਮੀਲ ਖੇਤਰ ਦੀ ਸਿੰਜਾਈ ਕਰਦੀ ਹੈ । ਇਸ ਇਲਾਕੇ ਵਿਚੋਂ 750 ਵ. ਮੀ. ਇਲਾਕਾ ਬਾਰ ਦਾ ਹੈ ਅਤੇ ਇਥੋਂ ਦੇ ਪਿੰਡਾਂ ਨੂੰ ਸਰਕਾਰ ਨੇ ਵਸਾਇਆ ਹੈ । ਇਥੇ ਰਹਿਣ ਵਾਲੇ ਲੋਕਾਂ ਨੂੰ ਮਾਲੀ ਸਹਾਇਤਾ ਇਸ ਸ਼ਰਤ ਤੇ ਦਿੱਤੀ ਗਈ ਕਿ ਉਹ ਘੋੜਿਆਂ ਦੀ ਚੰਗੀ ਨਸਲ ਤਿਆਰ ਕਰਨਗੇ । ਸੰਨ 1904 ਦੇ ਅੰਤ ਤੱਕ ਇਨ੍ਹਾਂ ਲੋਕਾਂ ਨੂੰ 231 ਵ. ਮੀ. ਜ਼ਮੀਨ ਅਲਾਟ ਕੀਤੀ ਗਈ । ਘੋੜਿਆਂ ਵਾਸਤੇ ਵੱਖਰੀ ਅਤੇ ਕਾਫ਼ੀ ਜਮੀਨ ਰੱਖੀ ਗਈ । ਇਸ ਕਾਲੋਨੀ ਦਾ ਸਦਰਮੁਕਾਮ ਸਰਗੋਧ ਵਿਖੇ ਸੀ । ਕਲੋਨੀ ਰੇਲਵੇ ਰਾਹੀਂ ਵੱਖ ਵੱਖ ਸਥਾਨਾਂ ਨਾਲ ਜੁੜੀ ਹੋਈ ਹੈ । ਪੱਕੀਆਂ ਸੜਕਾਂ ਅਤੇ ਵੱਡੇ ਬਜ਼ਾਰਾਂ ਦਾ ਨਿਰਮਾਣ ਕੀਤਾ ਗਿਆ ਸੀ ।

                  ਹ. ਪੁ.– – ਇੰਪ. ਗ. ਇੰਡ. 14 : 163


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.