ਜੰਮੂ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੰਮੂ ਰਿਆਸਤ : ਇਕ ਪਹਾੜੀ ਰਿਆਸਤ ਜੋ ਅਜ ਕਲ ‘ ਜੰਮੂ ਅਤੇ ਕਸ਼ਮੀਰ ’ ਨਾਂ ਦੇ ਪ੍ਰਾਂਤ ਦਾ ਇਕ ਪ੍ਰਮੁਖ ਭਾਗ ਹੈ । ਇਸ ਵਿਚ ਜੰਮੂ , ਕਠੂਆ , ਊਧਮਪੁਰ , ਦੋਦਾ , ਪੁੰਛ ਆਦਿ ਜ਼ਿਲ੍ਹੇ ਸ਼ਾਮਲ ਹਨ । ਦੇਸ਼ ਦੀ ਵੰਡ ਤਕ ਇਸ ਉਤੇ ਡੋਗਰੇ ਰਾਜਪੂਤਾਂ ਦਾ ਰਾਜ ਕਿਹਾ ਹੈ । ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਜਿਤ ਕੇ ਆਪਣੇ ਰਾਜ ਦੇ ਕਸ਼ਮੀਰ ਸੂਬੇ ਦਾ ਅੰਗ ਬਣਾਇਆ । ਇਥੋਂ ਦਾ ਡੋਗਰਾ ਰਾਜਪੂਤ ਧਿਆਨ ਸਿੰਘ , ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਿਹਾ ਹੈ । ਉਸ ਦੇ ਦੋ ਹੋਰ ਭਰਾ , ਗੁਲਾਬ ਸਿੰਘ ਅਤੇ ਸਚੇਤ ਸਿੰਘ , ਵੀ ਲਾਹੌਰ ਦਰਬਾਰ ਵਿਚ ਉੱਚੇ ਔਹਦਿਆਂ ਉਤੇ ਲਗੇ ਹੋਏ ਸਨ । ਪੰਜਾਬ ਉਤੇ ਕਬਜ਼ਾ ਕਰਨ ਉਪਰੰਤ ਅੰਗ੍ਰੇਜ਼ਾਂ ਨੇ ਕਸ਼ਮੀਰ ਦਾ ਸੂਬਾ ਰਾਜਾ ਗੁਲਾਬ ਸਿੰਘ ਨੂੰ ਜੰਮੂ ਸਮੇਤ 75 ਲੱਖ ਰੁਪਏ ਵਿਚ ਵੇਚ ਦਿੱਤਾ । ਉਸੇ ਦੀ ਸੰਤਾਨ ਇਸ ਉਤੇ ਕਾਬਜ਼ ਰਹੀ । ਖ਼ਾਲਸਾ ਰਾਜ ਦੀ ਤਬਾਹੀ ਵਿਚ ਇਨ੍ਹਾਂ ਤਿੰਨਾਂ ਭਰਾਵਾਂ ਨੇ ਬੜੀ ਨਕਾਰਾਤਮਕ ਭੂਮਿਕਾ ਨਿਭਾਈ ।

                      ਸੰਨ 1947 ਈ. ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਦੋਂ ਦੇ ਮਹਾਰਾਜਾ ਹਰੀ ਸਿੰਘ ਨੇ ਕਸ਼ਮੀਰ ਨੂੰ ਸੁਤੰਤਰ ਰਖਣ ਦਾ ਯਤਨ ਕੀਤਾ , ਪਰ ਕਬਾਇਲੀਆਂ ਵਲੋਂ ਹਮਲਾ ਕੀਤੇ ਜਾਣ ਕਾਰਣ ਮਹਾਰਾਜਾ ਹਰੀ ਸਿੰਘ ਨੇ ਭਾਰਤ ਨਾਲ ਰਲਣ ਦਾ ਫ਼ੈਸਲਾ ਕੀਤਾ । ਸੰਨ 1952 ਈ. ਵਿਚ ਕਸ਼ਮੀਰ ਵਿਚ ਰਾਜ-ਸੱਤਾ ਖ਼ਤਮ ਕਰ ਦਿੱਤੀ ਗਈ ਅਤੇ ਸੰਨ 1957 ਈ. ਵਿਚ ਇਸ ਨੂੰ ਭਾਰਤੀ ਸੰਵਿਧਾਨ ਅਧੀਨ ਲਿਆ ਕੇ ਇਸ ਰਾਜ ਦਾ ਨਾਂ ‘ ਜੰਮੂ ਅਤੇ ਕਸ਼ਮੀਰ’ ਰਖਿਆ ਗਿਆ ਅਤੇ ਇਸ ਨੂੰ ਹੋਰਨਾਂ ਪ੍ਰਾਂਤਾਂ ਨਾਲੋਂ ਕੁਝ ਵਖਰਾ ਦਰਜਾ ਵੀ ਦਿੱਤਾ ਗਿਆ ।

                      ਜੰਮੂ ਖੇਤਰ ਦਾ ਮੁੱਖ ਨਗਰ ਜੰਮੂ ਹੈ ਜੋ ਤਵੀ ਨਦੀ ਦੇ ਸੱਜੇ ਕੰਢੇ ਉਤੇ ਵਸਿਆ ਹੈ । ਪਹਿਲਾਂ ਇਹ ਨਦੀ ਦੇ ਕੇਵਲ ਸੱਜੇ ਕੰਢੇ ਉਤੇ ਵਸਿਆ ਸੀ ਪਰ ਬਾਦ ਵਿਚ ਦੋਹਾਂ ਪਾਸੇ ਇਹ ਨਗਰ ਪਸਰ ਗਿਆ ਹੈ । ਰਵਾਇਤ ਅਨੁਸਾਰ ਇਹ ਨਗਰ ਰਾਜਾ ਜਾਂਮੂ ਲੋਚਨ ਨੇ ਵਸਾਇਆ ਸੀ ਜੋ ਰਘੂ ਕੁਲ ਦਾ ਸੂਰਜਵੰਸ਼ੀ ਰਾਜਾ ਸੀ । ਤਵੀ ਨਦੀ ਦੇ ਸੱਜੇ ਕੰਢੇ ਤੇ ਵਸਣ ਵਾਲੇ ਰਾਜਪੂਤ ‘ ਜਮਵਾਲ’ ਅਖਵਾਉਂਦੇ ਸਨ ਅਤੇ ਖੱਬੇ ਕੰਢੇ ਵਾਲੇ ‘ ਬਾਹਵਾਲ’ ।

                  ‘ ਰਾਜਤਰੰਗਣੀ’ ਅਨੁਸਾਰ ਦਸਵੀਂ-ਯਾਰ੍ਹਵੀਂ ਸਦੀਆਂ ਤੋਂ ਜੰਮੂ ਨਗਰ ਰਿਆਸਤ ਦਾ ਸਦਰ-ਮੁਕਾਮ ਚਲਿਆ ਆ ਰਿਹਾ ਹੈ । ਦਰਵਾਜ਼ਿਆਂ ਦੇ ਖੰਡਰਾਂ ਤੋਂ ਪਤਾ ਚਲਦਾ ਹੈ ਕਿ ਕਦੇ ਇਸ ਨਗਰ ਦੇ ਇਰਦ-ਗਿਰਦ ਪ੍ਰਕੋਟਾ ਬਣਿਆ ਹੋਇਆ ਸੀ । ਹੁਣ ਇਹ ਜੰਮੂ ਅਤੇ ਕਸ਼ਮੀਰ ਪ੍ਰਾਂਤ ਦੀ ਸਰਦੀਆਂ ਦੀ ਰਾਜਧਾਨੀ ਵੀ ਹੈ । ਨਗਰ ਵਿਚ ਥਾਂ ਥਾਂ ਖਿਲਰੇ ਪਏ ਖੰਡਰ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਇਹ ਨਗਰ ਬਹੁਤ ਪੁਰਾਤਨ ਹੈ । ਤਵੀ ਨਦੀ ਦੇ ਖੱਬੇ ਕੰਢੇ’ ਤੇ ਪੁਰਾਣਾ ਕਿਲ੍ਹਾ ਹੈ ਜੋ ਨਦੀ ਦੇ ਜਲ ਤੋਂ ਲਗਭਗ 15 ਫੁਟ ਉੱਚਾ ਬਣਿਆ ਹੋਇਆ ਹੈ ।

                      ਭਾਈ ਸੰਤੋਖ ਸਿੰਘ ਨੇ ‘ ਗੁਰੂ ਨਾਨਕ ਪ੍ਰਕਾਸ਼ ’ ਵਿਚ ਲਿਖਿਆ ਹੈ ਕਿ ਇਥੇ ਗੁਰੂ ਨਾਨਕ ਦੇਵ ਜੀ ਪਧਾਰੇ ਸਨ , ਪਰ ਇਸ ਨਗਰ ਵਿਚ ਗੁਰੂ ਜੀ ਦੀ ਆਮਦ ਸੰਬੰਧੀ ਹੁਣ ਕੋਈ ਸਮਾਰਕ ਮੌਜੂਦ ਨਹੀਂ ਹੈ । ਜੰਮੂ ਨਗਰ ਵਿਚ ਪ੍ਰਸਿੱਧ ਸੇਵਾਪੰਥੀ ਸਾਧਕ ਭਾਈ ਅੱਡਣਸ਼ਾਹ ਨੇ ਆਪਣਾ ਡੇਰਾ ਸਥਾਪਿਤ ਕੀਤਾ ਸੀ ਜਿਸ ਵਿਚ ਅਨੇਕ ਧਰਮ-ਸਾਧਕ ਹਰਿ-ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਧਰਮ ਗ੍ਰੰਥਾਂ ਦੀ ਵਿਆਖਿਆ ਹੁੰਦੀ ਸੀ । ਇਸ ਨਗਰ ਵਿਚ ਹੀ ਭਾਈ ਅੱਡਣਸ਼ਾਹ ਦਾ ਸੰਨ 1757 ਈ. ਵਿਚ ਦੇਹਾਂਤ ਹੋਇਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.