ਜੱਟ ਸਿੱਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਟ ਸਿੱਖ : ਸਿੱਖ ਧਰਮ ਵਿਚ ਪ੍ਰਧਾਨਤਾ ਜੱਟ ਸਿੱਖਾਂ ਦੀ ਹੈ । ਇਨ੍ਹਾਂ ਦੀ ਅਧਿਕ ਵਸੋਂ ਪਿੰਡਾਂ ਵਿਚ ਹੈ । ਜੱਟ ਸਿਰਫ਼ ਸਿੱਖ ਹੀ ਨਹੀਂ ਹੁੰਦੇ , ਸਗੋਂ ਇਹ ਸਾਰੇ ਭਾਰਤ ਦੀ ਇਕ ਮਹੱਤਵਪੂਰਣ ਜਾਤਿ ਹੈ । ਇਹ ਹਿੰਦੂ ਵੀ ਹਨ ਅਤੇ ਮੁਸਲਮਾਨ ਵੀ । ਇਹ ਭਾਰਤ ਤੋਂ ਇਲਾਵਾ ਪਾਕਿਸਤਾਨ ਵਿਚ ਵੀ ਹਨ ।

                      ਜੱਟਾਂ ਦੇ ਮੂਲ ਬਾਰੇ ਵਿਦਵਾਨ ਅਤੇ ਇਤਿਹਾਸ- ਕਾਰ ਇਕ ਮਤ ਨਹੀਂ ਹਨ । ਮੇਜਰ ਟੋਡ ਅਤੇ ਜਨਰਲ ਕੰਨਿਘਮ ਵਰਗੇ ਖੋਜੀ ਇਨ੍ਹਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ । ਉਨ੍ਹਾਂ ਅਨੁਸਾਰ ਇਹ ਲੋਕ ਈਸਾ ਤੋਂ ਲਗਭਗ ਇਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ ਅਤੇ ਉਸ ਤੋਂ ਬਾਦ ਸਾਰੇ ਭਾਰਤ ਵਿਚ ਪਸਰਦੇ ਗਏ । ਇਨ੍ਹਾਂ ਦਾ ਪਿਛੋਕੜ ਰਾਜਪੂਤਾਂ ਨਾਲ ਜਾ ਜੁੜਦਾ ਹੈ । ਕਈ ਇਨ੍ਹਾਂ ਨੂੰ ਰਾਜਪੂਤਾਂ ਵਿਚੋਂ ਨਿਕਲਿਆ ਮੰਨਦੇ ਹਨ । ਜੈਸਲਮੇਰ , ਮਾਰਵਾੜ ਨਾਲ ਕਈ ਜੱਟ ਜਾਤੀਆਂ ਦਾ ਸੰਬੰਧ ਹੈ । ਉਥੋਂ ਹੀ ਇਹ ਉਠ ਕੇ ਪੰਜਾਬ ਵਿਚ ਆਏ ਅਤੇ ਖੇਤੀ ਬਾੜੀ ਦੇ ਕੰਮ ਵਿਚ ਰੁਝ ਗਏ । ਇਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦਬ ਜਿਹੀ ਗਈ ਕਿਉਂਕਿ ਇਨ੍ਹਾਂ ਨੂੰ ਸ਼ਕਤੀ-ਪ੍ਰਦਰਸ਼ਨ ਦਾ ਅਵਸਰ ਹੀ ਨ ਮਿਲਿਆ । ਖ਼ਾਲਸੇ ਦੀ ਸਿਰਜਨਾ ਨਾਲ ਇਨ੍ਹਾਂ ਦੇ ਦਬੇ ਹੋਏ ਗੁਣਾਂ ਨੂੰ ਉਭਰਨ ਦਾ ਮੌਕਾ ਮਿਲਿਆ । ਬੰਦਾ ਬਹਾਦਰ ਤੋਂ ਬਾਦ ਦਲ ਖ਼ਾਲਸਾ ਅਤੇ ਸਿੱਖ ਮਿਸਲਾਂ ਦੇ ਦੌਰ ਵਿਚ ਇਨ੍ਹਾਂ ਨੇ ਵਡੀ ਗਿਣਤੀ ਵਿਚ ਅੰਮ੍ਰਿਤ ਪਾਨ ਕਰ ਕੇ ਜੋ ਸੂਰਬੀਰਤਾ ਦਾ ਪਰਿਚਯ ਦਿੱਤਾ , ਉਹ ਇਤਿਹਾਸ ਪ੍ਰਸਿੱਧ ਹੈ । ਜੱਟ ਜਮਾਂਦਰੂ ਸਿਪਾਹੀ ਹੈ , ਪਰ ਖੇਤੀ ਦੇ ਕਿੱਤੇ ਵਿਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ ।

                      ਪੰਜਾਬ ਦੇ ਜੱਟ ਜੁਝਾਰੂ , ਦਲੇਰ , ਆਕੜਖਾਂਹ , ਇਜ਼ਤ ਲਈ ਮਰ ਮਿਟਣ ਵਾਲੇ , ਮੂੰਹ-ਫਟ ਅਤੇ ਸ਼ੋਖ ਸੁਭਾ ਵਾਲੇ ਹਨ । ਕਹੀ ਹੋਈ ਗੱਲ ਉਤੇ ਮਰ ਮਿਟਣਾ ਜੱਟ ਦਾ ਧਰਮ ਹੈ । ‘ ਜੱਟ’ ਅਸਲ ਅਰਥਾਂ ਵਿਚ ‘ ਮਰਦ ’ ਹੈ ਅਤੇ ਉਸ ਦੀ ਮਰਦਾਨਗੀ ਉਸ ਨੂੰ ਹੋਰਨਾਂ ਫ਼ਿਰਕਿਆਂ ਤੇ ਧਰਮਾਂ ਵਾਲਿਆਂ ਤੋਂ ਨਿਖੇੜਦੀ ਹੈ । ਔਰਤ , ਜ਼ਮੀਨ ਅਤੇ ਪਾਣੀ ਨੂੰ ਹਥਿਆਉਣ ਜਾਂ ਰਾਖੀ ਕਰਨ ਲਈ ਕੀਤੀ ਗਈ ਹਿੰਸਾ ਨੂੰ ਉਹ ਜਾਇਜ਼ ਸਮਝਦੇ ਹਨ । ਜੱਟ ਫ਼ੌਜ ਅਤੇ ਪੁਲਿਸ ਵਿਚ ਸੇਵਾ ਕਰਨਾ ਚੰਗਾ ਸਮਝਦੇ ਹਨ । ਇਸੇ ਕਰਕੇ ਜੱਟ ਨੂੰ ਦੇਸ਼ ਦਾ ਰਾਖਾ , ਅੰਨਦਾਤਾ ਅਤੇ ਅਣਖੀਲਾ ਸ਼ਬਦਾਂ ਨਾਲ ਵਿਸ਼ਿਸ਼ਟ ਕੀਤਾ ਜਾਂਦਾ ਹੈ । ਚੰਗੀ ਖ਼ੁਰਾਕ ਕਰਕੇ ਇਹ ਆਕਾਰ ਪ੍ਰਕਾਰ ਦੇ ਤਕੜੇ ਹੁੰਦੇ ਹਨ । ਸ਼ਰਾਬ ਦੀ ਵਰਤੋਂ ਕਰਨੋ ਸੰਕੋਚ ਨਹੀਂ ਕਰਦੇ , ਸਗੋਂ ਨਿਸੰਗ ਪੀਂਦੇ ਹਨ । ਅੱਯਾਸ਼ੀ ਵਲ ਇਕਦਮ ਝੁਕ ਜਾਂਦੇ ਹਨ । ਦਲ ਖ਼ਾਲਸਾ ਦੇ ਯੁਗ ਵਿਚ ਇਹ ਬਹੁਤ ਅਧਿਕ ਧਰਮੀ ਸਨ , ਪਰ ਜਿਉਂ ਹੀ ਸਰਦਾਰੀਆਂ ਮਿਲੀਆਂ , ਅੱਯਾਸ਼ੀ ਵਲ ਵਧਦੇ ਗਏ ਅਤੇ ਆਪਣੇ ਆਚਰਣ ਤੋਂ ਇਤਨੇ ਉਖੜੇ ਕਿ ਰਾਜ ਹੀ ਗੰਵਾ ਬੈਠੇ । ਪਰ ਜਦੋਂ ਕੌਮ ਉਤੇ ਸੰਕਟ ਬਣਦਾ ਹੈ , ਤਾਂ ਕਿਸੇ ਪ੍ਰਕਾਰ ਦੀ ਕੁਰਬਾਨੀ ਦੇਣੋ ਸੰਕੋਚ ਨਹੀਂ ਕਰਦੇ । ਅਕਾਲੀਆਂ ਦੇ ਮੋਰਚੇ ਇਨ੍ਹਾਂ ਦੇ ਸਿਰ ’ ਤੇ ਹੀ ਜਿਤੇ ਜਾਂਦੇ ਹਨ । ਅਜ-ਕਲ ਪੰਜਾਬ ਰਾਜ-ਪ੍ਰਬੰਧ ਵਿਚ ਇਨ੍ਹਾਂ ਦੀ ਸਰਦਾਰੀ ਹੈ । ਦੇਸ਼- ਵੰਡ ਤੋਂ ਪਹਿਲਾਂ ਮਾਝੇ ਦੇ ਜੱਟ ਸਿੱਖਾਂ ਦੀ ਚੜ੍ਹਤ ਹੁੰਦੀ ਸੀ , ਪਰ ਹੁਣ ਮਾਲਵੇ ਦੇ ਜੱਟ ਅਧਿਕ ਪ੍ਰਬਲ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.