ਝੁੰਮਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੁੰਮਰ ( ਨਾਂ , ਪੁ ) ਪੱਛਮੀ ਪੰਜਾਬ ਦੀਆਂ ਬਾਰਾਂ ਦੇ ਜਾਂਗਲੀ ਮਰਦਾਂ ਦਾ ਲੋਕ-ਨਾਚ; ਰਾਣੀ ਬਾਰ ਅਤੇ ਸਾਂਦਲ ਬਾਰ ਇਲਾਕਿਆਂ ਦਾ ਲੋਕ-ਨਾਚ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੂੰਮਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੂੰਮਰ ( ਨਾਂ , ਪੁ ) ਥੱਲੇ ਬਰੀਕ ਘੁੰਗਰੀਆਂ ਲੱਗਾ ਅਤੇ ਮੱਥੇ ਦੀ ਪੁੜਪੁੜੀ ਉੱਤੇ ਲਟਕਣ ਵਾਲਾ ਤਿਕੋਨੀ ਸ਼ਕਲ ਦਾ ਜ਼ਨਾਨਾ ਗਹਿਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਝੁੰਮਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੁੰਮਰ [ ਨਾਂਇ ] 1 ਘੇਰੇ ਵਿੱਚ ਨੱਚਣ ਵਾਲ਼ਾ ਇੱਕ ਲੋਕ ਨਾਚ 2 ਸ਼ੀਸ਼ੇ ਆਦਿ ਦੀ ਛੱਤ ਨਾਲ਼ ਲਟਕਣ ਵਾਲ਼ੀ ਇੱਕ ਸਜਾਵਟੀ ਵਸਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1389, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੁਮਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੁਮਰ . ਦੇਖੋ , ਝੂਮਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੂਮਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੂਮਰ ਸੰਗ੍ਯਾ— ਨ੍ਰਿਤ੍ਯ ਦੀ ਘੁਮੇਰੀ. ਚਕ੍ਰਾਕਾਰ ਨਾਚ । ੨ ਧਮਾਰ. ਹੋਲੀ ਵਿੱਚ ਇਸਤ੍ਰੀ ਪੁਰੁ੄੠਄ ਦੀ ਮੰਡਲੀ ਦਾ ਗਾਉਣਾ , ਬਜਾਉਣਾ ਅਤੇ ਨੱਚਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1187, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੁੱਮਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਝੁੱਮਰ : ਝੁੱਮਰ ਬਾਰ ਦਾ ਪ੍ਰਸਿੱਧ ਨਾਚ ਹੈ । ਇਸ ਵਿਚ ਬਹੁਤੇ ਗੱਭਰੂ ਹੀ ਹਿੱਸਾ ਲੈਂਦੇ ਹਨ , ਪਰ ਕਦੇ ਕਦੇ ਕੋਈ ਮੁਟਿਆਰ ਵੀ ਸ਼ਾਮਲ ਹੋ ਜਾਂਦੀ ਹੈ । ਵਿਆਹ ਸ਼ਾਦੀ , ਪੁੱਤਰ ਦੇ ਜਨਮ ਅਤੇ ਖੁਸ਼ੀ ਦੇ ਹੋਰ ਮੋਕਿਆਂ ਪੁਰ ਝੁੱਮਰ ਪਾਇਆ ਜਾਂਦਾ ਹੈ । ਬਾਰ ਦੇ ਲੋਕ ਹਾੜ੍ਹ ਸਾਵਣ ਦੇ ਮਹੀਨਿਆਂ ਵਿਚ ਚੰਨ ਚਾਨਣੀ ਰਾਤ ਪਿੰਡ ਤੋਂ ਬਾਹਰ ਝੁੱਮਰ ਪਾ ਕੇ ਖੁਸ਼ੀ ਮਨਾਉਂਦੇ ਹਨ ।

                  ਝੁੱਮਰ ਪਾਉਣ ਵਾਲੇ ਗੱਭਰੂ ਇੱਕ ਖੁੱਲ੍ਹੀ ਥਾਂ ਪੁਰ ਇਕ ਭਰਾਈ ( ਢੋਲੀ ) ਦੇ ਗਿਰਦ ਖੜ੍ਹੇ ਹੁੰਦੇ ਹਨ । ਭਰਾਈ ਪਹਿਲੇ ਜ਼ੋਰਦਾਰ ਢੋਲ ਵਜਾਂਦਾ ਹੈ ਤਾਂਕਿ ਲੋਕ ਇਕੱਠੇ ਹੋ ਜਾਣ । ਫਿਰ ਉਹ ਯਕਲਖ਼ਤ ਝੁੱਮਰ ਦੇ ਤਾਲ ਦਾ ਡੱਗਾ ਵਜਾ ਦਿੰਦਾ ਹੈ । ਝੁੱਮਰ ਦਾ ਡੱਗਾ ਵੱਜਣ ਸਾਰ ਹੀ ਜੁਆਨ ਚੌਕੰਨੇ ਹੋ ਜਾਂਦੇ ਹਨ ਤੇ ਦੋਵੇਂ ਹੱਥ ਉਪਰ ਉਠਾ ਲੈਂਦੇ ਹਨ । ਇਕ ਪੈਰ ਪੂਰਾ ਜ਼ਮੀਨ ਤੇ ਰਹਿੰਦਾ ਹੈ ਪਰ ਦੂਜੇ ਦੀ ਅੱਡੀ ਉੱਪਰ ਉਠਾ ਲਈ ਜਾਂਦੀ ਹੈ ਤੇ ਗੋਡੇ ਕੁਝ ਨੀਵੇਂ ਹੁੰਦੇ ਹਨ ਤੇ ਨਾਚ ਸ਼ੁਰੂ ਹੋ ਜਾਂਦਾ ਹੈ । ਜੁਆਨ ਤਾਲ ਨਾਲ ਪੈਰ ਮਿਲਾਉਂਦੇ , ਹੱਥ ਹਿਲਾਉਂਦੇ ਤੇ ਬਾਹਾਂ ਉਲਾਰਦੇ ਘੇਰੇ ਵਿਚ ਚਲਦੇ ਹਨ । ਹੱਥ ਪਹਿਲਾਂ ਹੇਠਾਂ ਜ਼ਮੀਨ ਤੇ ਲੈ ਜਾਂਦੇ ਹਨ , ਫਿਰ ਮੁੱਠਾਂ ਮੀਟ ਕੇ ਛਾਤੀ ਤੇ ਰੱਖਦੇ ਹਨ ਤੇ ਫਿਰ ਉਲਾਰਦੇ ਹੋਏ ਸਿਰ ਤੋਂ ਉਪਰ ਲੈ ਜਾਂਦੇ ਹਨ । ਇਸ ਤਰ੍ਹਾਂ ਨਾਚ ਚਲਦਾ ਰਹਿੰਦਾ ਹੈ । ਜਦ ਨਾਚ ਮਸਤ ਚਾਲ ਵਿਚ ਚਲ ਪੈਂਦਾ ਹੈ ਤਾਂ ਢੋਲੀ ਮਲਕੜੇ ਜਿਹੇ ਇਕ ਗੀਤ ਦਾ ਟੱਪਾ ਬੋਲਦਾ ਹੈ । ਝੁੱਮਰੀ ਉਸ ਦੇ ਮਗਰ ਟੱਪਾ ਦੁਹਰਾਉਂਦੇ ਹਨ ਤੇ ਇਸੇ ਤਰ੍ਹਾਂ ਸਾਰਾ ਗੀਤ ਗਾਇਆ ਜਾਂਦਾ ਹੈ ।

                  ਝੁੱਮਰ ਦੇ ਗੀਤਾਂ ਦੇ ਮਜ਼ਮੂਨ ਦੀ ਢੋਲੇ ਵਾਂਗ ਕਈ ਪ੍ਰਕਾਰ ਦੇ ਹਨ । ਇਕ ਗੀਤ ਵਿਚ ਬਾਰ ਵਿਚ ਪਾਣੀ ਦੀ ਥੁੜ੍ਹ ਪੁਰ ਇਸ ਤਰ੍ਹਾਂ ਖੂਹ ਦੀ ਲੋੜ ਪ੍ਰਗਟ ਕੀਤੀ ਗਈ ਹੈ :

                                    ਮੈਂ ਜੋ ਤੈਨੂੰ ਆਖਿਆ ਜੱਟਾ ,

                                    ਥਲ ਵਿਚ ਖੂਹ ਲਵਾ ਭਲਾ ,

                                    ਡਾਚੀਆਂ ਪਾਣੀ ਪੀਵਸਨ ,

                                    ਤੇ ਤੋਡੇ ਕਰਨੀ ਦੁਆ ਭਲਾ ।

ਇਕ ਪ੍ਰੀਤ ਦਾ ਗੀਤ ਇਸ ਤਰ੍ਹਾਂ ਚਲਦਾ ਹੈ :

                                    ਮੈਂ ਪਾਣੀ ਭਰੇਨੀਆਂ ਪੱਤਣੂੰ ,

                                    ਭੈੜੇ ਨੈਣ ਨਾ ਰਾਹੰਦੇ ਤੱਕਣੂੰ ,

                                    ਸੁੰਞੇ ਦੰਦ ਵੀ ਨਾ ਰਾਹੰਦੇ ਹੱਸਣੂੰ ,

                                    ਭਾਵੇਂ ਜਾਣ ਤੇ ਭਾਵੇਂ ਨ ਜਾਣੇ ,

                                    ਮੇਰਾ ਢੋਲ ਜਵਾਨੀਆਂ ਮਾਣੇ ।

                  ਜਿਵੇਂ ਜਿਵੇਂ ਡੱਗੇ ਦੀ ਚਾਲ ਤੇਜ਼ ਹੁੰਦੀ ਹੈ , ਝੁੱਮਰ ਦੀ ਚਾਲ ਵੀ ਤੇਜ਼ ਹੁੰਦੀ ਜਾਂਦੀ ਹੈ ਅਤੇ ਫਿਰ ਗੀਤ ਵੀ ਉਸੇ ਚਾਲ ਨਾਲ ਢੁੱਕਦਾ ਨਵਾਂ ਛੁਹਿਆ ਜਾਂਦਾ ਹੈ । ਸਭ ਤੋਂ ਤਿੱਖਾ ਗੀਤ ਚੀਣਾ ਛੜਣ ਦਾ ਹੈ , ਜੋ ਇਸ ਤਰ੍ਹਾਂ ਚਲਦਾ ਹੈ :

                                    ਚੀਣਾ ਇੰਞ ਛੜੀਂਦਾ ਹੋ ,

                                    ਮੁਹਲਾ ਘਮ ਮਰੀਂਦਾ ਹੋ ।

                  ਹੁਣ ਝੁੱਮਰੀ ਦੋਵੇਂ ਹੱਥ ਉੱਪਰ ਲੈ ਜਾਂਦੇ ਹਨ ਤੇ ਫਿਰ ਹੇਠਾਂ ਤਾੜੀ ਮਾਰਦੇ ਹਨ ਤੇ ਗੀਤ ਦੇ ਬੋਲ ਬੋਲਦੇ ਤਿੱਖੇ ਘੇਰੇ ਵਿਚ ਹਰਕਤ ਕਰਦੇ ਹਨ । ਇਹ ਚਾਲ ਬਹੁਤ ਤੇਜ਼ ਹੁੰਦੀ ਹੈ ਅਤੇ ਇਸ ਲਈ ਝੁੱਮਰੀਆਂ ਨੂੰ ਜਲਦੀ ਥਕਾ ਦਿੰਦੀ ਹੈ । ਜਲਦੀ ਹੀ ਝੁੱਮਰੀ ਧੀਰੇ ਧੀਰੇ ਹਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਦ ਕੇਵਲ ਇਕ ਝੁੱਮਰੀ ਰਹਿ ਜਾਂਦਾ ਹੈ ਤਾਂ ਢੋਲ ਵਾਲਾ ਇਕ ਜ਼ੋਰ ਦਾ ਡੱਗਾ ਲਾ ਕੇ ਬੰਦ ਕਰ ਦਿੰਦਾ ਹੈ । ਝੁੱਮਰ ਨੂੰ ਬਾਰ ਦੇ ਇਲਾਕੇ ਵਿਚ ਧ੍ਰੀਸ ਵੀ ਆਖਦੇ ਹਨ ।

                  [ ਸਹਾ. ਗ੍ਰੰਥ– – ਹਰਜੀਤ ਸਿੰਘ : ‘ ਨੈਂ ਝਨਾਂ’ ; ਮਹਿੰਦਰ ਸਿੰਘ ਰੰਧਾਵਾ : ‘ ਪੰਜਾਬ ਦੇ ਗੀਤ’ ]

                                                                                                                                                                                                                 


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਝੁੱਮਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਝੁੱਮਰ : ਇਹ ਪੱਛਮੀ ਪੰਜਾਬ ( ਪਾਕਿਸਤਾਨ ) ਦੇ ਸਾਂਦਲ-ਬਾਰ ਦੇ ਵਸਨੀਕਾਂ ਜਿਨ੍ਹਾਂ ਨੂੰ ਜਾਂਗਲੀ ਕਿਹਾ ਜਾਂਦਾ ਹੈ , ਦਾ ਪ੍ਰਸਿੱਧ ਨਾਚ ਹੈ । ਇਸ ਵਿਚ ਵਧੇਰੇ ਕਰਕੇ ਗੱਭਰੂ ਹੀ ਹਿੱਸਾ ਲੈਂਦੇ ਹਨ । ਵਿਆਹ-ਸ਼ਾਦੀ , ਪੁੱਤਰ ਦੇ ਜਨਮ ਅਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਝੁੱਮਰ ਪਾਇਆ ਜਾਂਦਾ ਹੈ । ਬਾਰ ਦੇ ਲੋਕ ਹਾੜ ਅਤੇ ਸਾਵਣ ਦੇ ਮਹੀਨਿਆਂ ਵਿਚ ਚੰਦ-ਚਾਨਣੀ ਰਾਤ ਪਿੰਡ ਤੋਂ ਬਾਹਰ ਝੁੱਮਰ ਪਾ ਕੇ ਖੁਸ਼ੀ ਮਨਾਉਂਦੇ ਹਨ ।
ਇਸ ਨਾਚ ਵਿਚ ਢੋਲ ਦੀਆਂ ਤਿੰਨ ਤਾਲਾਂ ਹੁੰਦੀਆਂ ਹਨ– – ਪਹਿਲੀ ਮੱਠੀ , ਦੂਜੀ ਤੇਜ਼ ਅਤੇ ਤੀਜੀ ਬਹੁਤ ਤੇਜ਼ । ਮੱਠੀ ਤਾਲ ਨੂੰ ‘ ਝੁੱਮਰ ਦੀ ਤਾਲ’ ਦੂਜੀ ਨੂੰ ‘ ਚੀਣਾ ਛੜਨਾ’ ਅਤੇ ਤੀਜੀ ਨੂੰ ‘ ਧਮਾਲ’ ਆਖਦੇ ਹਨ ।
ਝੁੱਮਰ ਪਾਉਣ ਵਾਲੇ ਗੱਭਰੂ ਇਕ ਖੁਲ੍ਹੀ ਥਾਂ ਤੇ ਇਕ ਭਰਾਈ ( ਢੋਲੀ ) ਦੇ ਗਿਰਦ ਖੜੇ ਹੁੰਦੇ ਹਨ । ਭਰਾਈ ਪਹਿਲਾਂ ਜ਼ੋਰ ਦੀ ਢੋਲ ਵਜਾਉਂਦਾ ਹੈ ਤਾਂ ਕਿ ਲੋਕ ਇਕੱਠੇ ਹੋ ਜਾਣ । ਫਿਰ ਝੁੱਮਰ ਦੇ ਤਾਲ ਦਾ ਡੱਗਾ ਵਜਾ ਦਿੰਦਾ ਹੈ । ਝੁੱਮਰ ਦਾ ਡੱਗਾ ਵਜਦਿਆਂ ਹੀ ਜਵਾਨ ਚੁਕੰਨੇ ਹੋ ਜਾਂਦੇ ਹਨ ਤੇ ਦੋਵੇਂ ਹੱਥ ਉੱਪਰ ਚੁੱਕ ਲੈਂਦੇ ਹਨ । ਇਕ ਪੈਰ ਪੂਰਾ ਜ਼ਮੀਨ ਤੇ ਰਹਿੰਦਾ ਹੈ ਅਤੇ ਦੂਜੇ ਦੀ ਅੱਡੀ ਉਪਰ ਚੁੱਕ ਲਈ ਜਾਂਦੀ ਹੈ ਅਤੇ ਗੋਡੇ ਕੁਝ ਨੀਵੇਂ ਹੁੰਦੇ ਹਨ ਤੇ ਨਾਚ ਸ਼ੁਰੂ ਹੋ ਜਾਂਦਾ ਹੈ । ਗੱਭਰੂ ਤਾਲ ਨਾਲ ਪੈਰ ਮਿਲਾਉਂਦੇ , ਹੱਥ ਹਿਲਾਉਂਦੇ ਅਤੇ ਬਾਹਾਂ ਉਲਾਰਦੇ ਘੇਰੇ ਵਿਚ ਚਲਦੇ ਹਨ । ਹੱਥ ਪਹਿਲਾਂ ਹੇਠਾਂ ਵੱਲ ਜ਼ਮੀਨ ਤੇ ਲੈ ਕੇ ਜਾਂਦੇ ਹਨ , ਫਿਰ ਮੁੱਠਾਂ ਮੀਟ ਕੇ ਛਾਤੀ ਤੇ ਰੱਖਦੇ ਹਨ ਤੇ ਫਰੇ ਉਲਾਰਦੇ ਹੋਏ ਸਿਰ ਤੋਂ ਉਪਰ ਲੈ ਜਾਂਦੇ ਹਨ । ਇਸ ਪ੍ਰਕਾਰ ਨਾਚ ਚਲਦਾ ਰਹਿੰਦਾ ਹੈ । ਜਦੋਂ ਨਾਚ ਮਸਤ ਚਾਲ ਚੱਲ ਪੈਂਦਾ ਹੈ ਤਾਂ ਢੋਲੀ ਮਲਕੜੇ ਜਿਹੇ ਗੀਤ ਦਾ ਇਕ ਟੱਪਾ ਬੋਲਦਾ ਹੈ । ਝੁੱਮਰੀ ਉਨ੍ਹਾਂ ਦੇ ਮਗਰ ਟੱਪਾ ਦੁਹਰਾਉਂਦੇ ਹਨ ਅਤੇ ਇਸ ਤਰ੍ਹਾਂ ਸਾਰਾ ਗੀਤ ਗਾਇਆ ਜਾਂਦਾ ਹੈ ।
ਝੁੱਮਰਾਂ ਦੇ ਗੀਤਾਂ ਦੇ ਵਿਸ਼ੇ ਵੀ ਢੋਲੇ ਵਾਂਗ ਕਈ ਪ੍ਰਕਾਰ ਦੇ ਹਨ । ਉਦਾਹਰਣ ਵਜੋਂ ਇਕ ਗੀਤ ਘਰ ਵਿਚ ਪਾਣੀ ਦੀ ਥੁੜ੍ਹ ਬਾਰੇ ਹੈ ਜਿਸ ਵਿਚ ਖੂਹ ਦੀ ਲੋੜ ਦੱਸੀ ਗਈ ਹੈ :
ਮੈਂ ਜੋ ਤੈਨੂੰ ਆਖਿਆ ਜੱਟਾ
ਥੱਲ ਵਿਚ ਖੂਹ ਲਵਾ ਭਲਾ ।
ਡਾਚੀਆਂ ਪਾਣੀ ਪੀਵਸਨ
ਤੇ ਤੋਤੇ ਕਰਨੀ ਦੁਆ ਭਲਾ ।
ਇਕ ਹੋਰ ਪਿਆਰ ਬਾਰੇ ਗੀਤ ਇਸ ਪ੍ਰਕਾਰ ਚਲਦਾ ਹੈ :
ਮੈਂ ਪਾਣੀ ਭਰੇਨੀਆਂ ਪੱਤਣੂੰ ,
ਭੈੜੇ ਨੈਣ ਨਾ ਰਹਿੰਦੇ ਤਕਣੂੰ ,
ਸੁੰਞੇ ਦੰਦ ਵੀ ਨਾ ਰਹਿੰਦੇ ਹਸਣੂੰ ,
ਭਾਵੇਂ  ਜਾਣੇ ਤੇ ਭਾਵੇਂ ਨਾ ਜਾਣੇ ,
ਮੇਰਾ ਢੋਲ ਜਵਾਨੀਆਂ ਮਾਣੇ ।
ਜਿਵੇਂ ਜਿਵੇਂ ਡੱਗੇ ਦੀ ਚਾਲ ਤੇਜ਼ ਹੁੰਦੀ ਹੈ , ਝੁੱਮਰ ਦੀ ਚਾਲ ਵੀ ਤੇਜ਼ ਹੁੰਦੀ ਜਾਂਦੀ ਹੈ । ਫਿਰ ਗੀਤ ਵੀ ਉਸ ਚਾਲ ਨਾਲ ਢੁੱਕਦਾ ਨਵਾਂ ਛੁਹਿਆ ਜਾਂਦਾ ਹੈ । ਸਭ ਤੋਂ ਤਿੱਖਾ ਗੀਤ ਚੀਣਾ ਛੜਣ ਦਾ ਹੈ ਜੋ ਇਸ ਪ੍ਰਕਾਰ ਚਲਦਾ ਹੈ :
ਚੀਣਾ ਇੰਞ ਛੜੀਂਦਾ ਹੋ
ਮੁਹਲਾ ਘਮ ਮਰੀਂਦਾ ਹੋ ।
ਹੁਣ ਝੁੱਮਰੀ ਦੋਨੇ ਹੱਥ ਉੱਪਰ ਲੈ ਜਾਂਦੇ ਹਨ ਤੇ ਫੇਰ ਹੇਠਾਂ ਤਾੜੀ ਮਾਰਦੇ ਹਨ ਤੇ ਗੀਤ ਦੇ ਬੋਲ ਬੋਲਦੇ ਘੇਰੇ ਵਿਚ ਹਰਕਤ ਕਰਦੇ ਹਨ । ਇਹ ਚਾਲ ਬਹੁਤ ਤੇਜ਼ ਹੋ ਜਾਂਦੀ ਹੈ ਤੇ ਇਸ ਨਾਲ ਝੁੱਮਰੀ ਜਲਦੀ ਥੱਕ ਜਾਂਦੇ ਹਨ । ਫਿਰ ਜਲਦੀ ਹੀ ਝੁੱਮਰੀ ਇਕ ਇਕ ਕਰਕੇ ਹਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਜਦੋਂ ਸਿਰਫ਼ ਇਕ ਝੁੱਮਰੀ ਰਹਿ ਜਾਂਦਾ ਹੈ ਤਾਂ ਢੋਲ ਵਾਲਾ ਇਕ ਜ਼ੋਰ ਦਾ ਡੱਗਾ ਲਗਾ ਕੇ ਬੰਦ ਕਰ ਦਿੰਦਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-05-03-09-19, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਸਾ. ਕੋ.––ਪੰਜਾਬੀ ਯੂਨੀ.; ਪੰਜਾਬ-ਰੰਧਾਵਾ

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.