ਟਰੱਸਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Trust _ਟਰੱਸਟ : ਹਾਲਜ਼ਬਰ ਦੇ ਲਾਜ਼ ਆਫ਼ ਇੰਗਲੈਂਡ ( ਚੌਥੀ ਐਡੀਸ਼ਨ-ਜਿਲਦ 48 ) ਅਨੁਸਾਰ , ‘ ‘ ਜਦੋਂ ਕਿਸੇ ਵਿਅਕਤੀ ਕੋਲ ਕੋਈ ਅਜਿਹੀ ਸੰਪਤੀ ਹੈ ਜਾਂ ਅਜਿਹੇ ਅਧਿਕਾਰ ਹਨ , ਜੋ ਉਹ ਕਿਸੇ ਹੋਰ ਜਾਂ ਹੋਰਨਾਂ ਲਈ ਜਾਂ ਦੇ ਨਮਿਤ , ਜਾਂ ਕੋਈ ਖ਼ਾਸ ਪ੍ਰਯੋਜਨ ਪੂਰਾ ਕਰਨ ਲਈ ਜਾਂ ਖ਼ਾਸ ਪ੍ਰਯੋਜਨਾਂ ਦੇ ਪੂਰੇ ਕਰਨ ਲਈ ਵਰਤਣ ਵਾਸਤੇ ਪਾਬੰਦ ਹੈ , ਤਾਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਉਹ ਸੰਪਤੀ ਜਾਂ ਅਧਿਕਾਰ ਉਸ ਹੋਰ ਜਾਂ ਉਨ੍ਹਾਂ ਹੋਰਨਾਂ ਲਈ ਜਾਂ ਉਸ ਪ੍ਰਯੋਜਨ ਜਾਂ ਉਨ੍ਹਾਂ ਪ੍ਰਯੋਜਨਾਂ ਲਈ , ਉਹ ਸੰਪਤੀ ਜਾਂ ਅਧਿਕਾਰ , ਟਰੱਸਟ ਦੇ ਰੂਪ ਵਿਚ ਧਾਰਨ ਕੀਤੇ ਹੋਏ ਹਨ , ਅਤੇ ਉਸ ਨੂੰ ਟਰੱਸਟੀ ਕਿਹਾ ਜਾਂਦਾ ਹੈ ।

            ਭਾਰਤੀ ਟਰੱਸਟ ਐਕਟ , 1882 ਵਿਚ ਟਰੱਸਟ , ਟਰੱਸਟੀ ਆਦਿ ਨੂੰ ਪਰਿਭਾਸ਼ਤ ਕਰਨ ਲਈ ਉਸ ਐਕਟ ਦੀ ਧਾਰਾ 3 ਵਿਚ ਹੇਠ-ਲਿਖੇ ਅਨੁਸਾਰ ਉਪਬੰਧ ਕੀਤਾ ਗਿਆ ਹੈ : -

            3. ‘ ‘ ਟਰੱਸਟ-ਸੰਪਤੀ ਦੀ ਮਲਕੀਅਤ ਨਾਲ ਉਪਬੱਧ ਅਤੇ ਕਿਸੇ ਹੋਰ ਦੇ , ਜਾਂ ਕਿਸੇ ਹੋਰ ਅਤੇ ਮਾਲਕ ਦੇ , ਫ਼ਾਇਦੇ ਲਈ ਮਾਲਕ ਤੇ ਰਖੇ ਗਏ ਅਤੇ ਮਾਲਕ ਦੁਆਰਾ ਸਵੀਕ੍ਰਿਤ , ਜਾਂ ਉਸ ਦੁਆਰਾ ਐਲਾਨੇ ਅਤੇ ਸਵੀਕ੍ਰਿਤ ਵਿਸ਼ਵਾਸ ਤੋਂ ਪੈਦਾ ਹੋਈ ਬਾਂਧ  ਹੈ; ਉਹ ਵਿਅਕਤੀ ਜੋ ਵਿਸ਼ਵਾਸ ਕਰਦਾ ਹੈ ਜਾਂ ਉਸ ਦਾ ਐਲਾਨ ਕਰਦਾ ਹੈ , ਉਹ ਟਰੱਸਟ ਦਾ ਕਰਤਾ ਕਹਾਉਂਦਾ ਹੈ;

            ਉਹ ਵਿਅਕਤੀ ਜੋ ਵਿਸ਼ਵਾਸ  ਸਵੀਕਾਰ ਕਰਦਾ ਹੈ ਉਹ ਟਰੱਸਟੀ ਕਹਾਉਂਦਾ ਹੈ , ਉਹ ਵਿਅਕਤੀ ਜਿਸ ਦੇ ਫ਼ਾਇਦੇ ਲਈ ਵਿਸ਼ਵਾਸ ਸਵੀਕਾਰ ਕੀਤਾ ਜਾਂਦਾ ਹੈ , ਲਾਭ-ਪਾਤਰ ਕਹਾਉਂਦਾ ਹੈ; ਟਰੱਸਟ  ਦਾ ਵਿਸ਼ਾ ਵਸਤੂ ਟਰੱਸਟ -ਸੰਪਤੀ ਜਾਂ ਟਰੱਸਟ -ਧਨ ਕਹਾਉਂਦਾ ਹੈ; ਲਾਭ ਪਾਤਰੀ ਹਿੱਤ ਜਾਂ ਲਾਭ-ਪਾਤਰ ਦਾ ਹਿੱਤ ਲਾਭ-ਪਾਤਰ ਦਾ ਉਹ ਅਧਿਕਾਰ ਹੈ ਜੋ ਉਸ ਦਾ ਟਰੱਸਟ -ਸੰਪਤੀ ਦੇ ਮਾਲਕ ਵਜੋਂ ਟਰੱਸਟੀ ਦੇ ਵਿਰੁਧ ਹੈ; ਅਤੇ ਉਹ ਲਿਖਤ , ਜੇ ਕੋਈ ਹੋਵੇ , ਜਿਸ ਦੁਆਰਾ ਟਰੱਸਟ ਐਲਾਨ ਕੀਤਾ ਜਾਂਦਾ ਹੈ ਟਰੱਸਟ -ਲਿਖਤ ਕਹਾਉਂਦੀ ਹੈ । ’ ’

            ਇਸ ਤਰ੍ਹਾਂ ਟਰੱਸਟ ਇਕ ਬਾਂਧ ਹੈ ਜੋ ਮਾਲਕੀ ਨਾਲ ਜੁੜੀ ਹੁੰਦੀ ਹੈ । ਟਰੱਸਟੀ ਉਹ ਸੰਪਤੀ , ਉਸ ਤੇ ਵਸੀਅਤਕਾਰ ਦੁਆਰਾ ਅਰੋਪੀ ਬਾਂਧ ਦੇ ਤਾਬੇ ਧਾਰਨ ਕਰਦਾ ਹੈ । ਟਰੱਸਟੀ ਨੂੰ ਇਸ ਬਾਰੇ ਖੁਲ੍ਹ ਨਹੀਂ ਹੁੰਦੀ ਕਿ ਵਸੀਅਤਕਾਰ ਦੀ ਸੰਪਦਾ ਵੰਡਣ ਜਾਂ ਵਰਤਣ ਵਿਚ ਆਪਣੀ ਮਰਜ਼ੀ ਕਰ ਸਕੇ । ਉਹ ਕਰਤਾ ਦੁਆਰਾ ਪ੍ਰਗਟ ਕੀਤੀ ਇੱਛਾ ਦੀ ਪਾਲਣਾ ਕਰਨ ਲਈ ਪਾਬੰਦ ਹੁੰਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.