ਟਿੱਪੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਟਿੱਪੀ : ਪੰਜਾਬੀ ਧੁਨੀ-ਵਿਉਂਤ ਵਿਚ ਦਸ ਸਵਰ ਧੁਨੀਆਂ ਹਨ । ਇਨ੍ਹਾਂ ਸਵਰ ਧੁਨੀਆਂ ਦਾ ਦੋਹਰਾ ਕਾਰਜ ਹੈ ਭਾਵ ਇਹ ਧੁਨੀਆਂ ਮੌਖਿਕ ਅਤੇ ਨਾਸਕੀ ਵਿਧੀ ਵਿਚ ਉਚਾਰੀਆਂ ਜਾ ਸਕਦੀਆਂ ਹਨ । ਜਿਨ੍ਹਾਂ ਸਵਰ ਧੁਨੀਆਂ ਦਾ ਉਚਾਰਨ ਉਸ ਸਮੇਂ ਸੰਭਵ ਹੋਵੇ ਜਦੋਂ ਹਵਾ ਦਾ ਦਬਾ ਮੂੰਹ ਰਾਹੀਂ ਬਾਹਰ ਵਲ ਨਿਕਲੇ , ਉਨ੍ਹਾਂ ਨੂੰ ਨਾਸਕੀ ਸਵਰ ਕਿਹਾ ਜਾਂਦਾ ਹੈ । ਮੌਖਿਕ ਸਵਰਾਂ ਲਈ ਲਿਪੀ ਵਿਚ ਕੋਈ ਵੱਖਰਾ ਲਿਪੀ ਚਿੰਨ੍ਹ ਨਹੀਂ ਸਗੋਂ ਗੁਰਮੁਖੀ ਲਿਪੀ ਦੀ ਸੰਜਮਤਾ ਦੀ ਇਹ ਇਕ ਵਿਸ਼ੇਸ਼ਤਾ ਹੈ ਕਿ ਨਾਸਕੀ ਸਵਰਾਂ ਨੂੰ ਲਿਪੀ ਵਿਚ ਅੰਕਤ ਕਰਨ ਲਈ ਕੇਵਲ ਦੋ ਲਿਪੀ ਚਿੰਨ੍ਹ ਬਿੰਦੀ ਅਤੇ ਟਿੱਪੀ ਹਨ । ਆਮ ਤੌਰ ’ ਤੇ ਬਿੰਦੀ ਅਤੇ ਟਿੱਪੀ ਨੂੰ ਕੇਵਲ ਨਾਸਿਕਤਾ ਦੇ ਚਿੰਨ੍ਹਾਂ ਵਜੋਂ ਜਾਣਿਆ ਜਾਂਦਾ ਹੈ । ਬਿੰਦੀ ਦਾ ਕਾਰਜ ਇਕਹਿਰਾ ਹੈ ਭਾਵ ਇਹ ਕੇਵਲ ਨਾਸਿਕਤਾ ਨੂੰ ਅੰਕਤ ਕਰਨ ਵਾਲਾ ਚਿੰਨ੍ਹ ਹੈ ਜਦੋਂ ਕਿ ਟਿੱਪੀ ਚਿੰਨ੍ਹ ਦਾ ਦੋਹਰਾ ਕਾਰਜ ਹੈ ਇਸ ਰਾਹੀਂ ਨਾਸਿਕਤਾ ਦੇ ਨਾਲ ਨਾਲ ਦੁੱਤਕਰਨ ਨੂੰ ਵੀ ਉਜਾਗਰ ਕੀਤਾ ਜਾਂਦਾ ਹੈ । ਧੁਨੀਆਂ ਨੂੰ ਲਿਪੀ ਵਿਚ ਅੰਕਤ ਕਰਨ ਲਈ ਅੱਖਰਾਂ ਦੀ ਬਣਤਰ ਵਿਚ ਬਚਦੀ ਥਾਂ ਦੇ ਲਿਹਾਜ ਨਾਲ ਇਨ੍ਹਾਂ ਦੀ ਵਰਤੋਂ ਦੇ ਨੇਮ ਵੇਖੇ ਜਾ ਸਕਦੇ ਹਨ । ਲਿਖਣ ਵੇਲੇ ਜਦੋਂ ਕਿਸੇ ਮੌਖਿਕ ਸਵਰ ਨੂੰ ਨਾਸਕੀ ਬਣਾਉਣਾ ਹੋਵੇ ਤਾਂ ਉਸ ਸਵਰ ਦੇ ਲਿਖਤ ਰੂਪ ( ਮਾਤਰਾ ) ਦੇ ਸੱਜੇ ਪਾਸੇ ਉਸ ਸਥਿਤੀ ਵਿਚ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ , ਜਦੋਂ ਉਸ ਦੇ ਸੱਜੇ ਪਾਸੇ ਵੱਲ ਟਿੱਪੀ ਲਈ ਥਾਂ ਨਾ ਬਚਦੀ ਹੋਵੇ । ਇਸ ਦਰਿਸ਼ਟੀ ਤੋਂ ਬਿਹਾਰੀ ( ੀ ) , ਲਾਂ ( ੇ ) , ਦੁਲਾਵਾਂ ( ੈ ) , ਕੰਨਾ ( ਾ ) , ਅਤੇ ਕਨੌੜਾ ( ੌ ) ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਦੇ ਨਾਲ ਨਾਲ ਜੇ ਦੁਲੈਂਕੜ ਕਿਸੇ ਸ਼ਬਦ ਰੂਪ ਦੀ ਬਣਤਰ ਵਿਚ ਵਿਚਰਦੇ ਹਨ ਤਾਂ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ : ਰੂੰ , ਤੂੰ , ਮੂੰਹ ਆਦਿ ਪਰ ਜਦੋਂ ਦੁਲੈਂਕੜ ਸਵਰ-ਵਾਹਕ ( ੳ ) ਦੀ ਮਦਦ ਨਾਲ ਅੰਕਤ ਹੋਣ ਤਾਂ ‘ ੳ’ ਦੇ ਉਪਰ ਵਾਲੇ ਸੱਜੇ ਪਾਸੇ ਬਿੰਦੀ ਦਾ ਪਰਯੋਗ ਹੁੰਦਾ ਹੈ । ਇਸ ਤੋਂ ਉਲਟ ਸਿਹਾਰੀ ( ਇੰਜ ) , ਮੁਕਤੇ ( ਕੰਮ ) ਅਤੇ ਔਂਕੜ ( ਕੁੰਜ ) ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਟਿੱਪੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਿੱਪੀ [ ਨਾਂਇ ] ਗੁਰਮੁਖੀ ਲਿੱਪੀ ਦਾ ਨਾਸਕ ਚਿੰਨ੍ਹ ( ੰ )


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਿੱਪੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਿੱਪੀ . ਸੰਗ੍ਯਾ— ਬਿੰਦੀ. ਅਨੁਸ੍ਵਾਰ. ਪੰਜਾਬੀ ਵਿੱਚ ਇਸ ਦੇ ਰੂਪ ਹਨ ੦ — . ਕਈ ਲੇਖਕਾਂ ਨੇ ਇਨ੍ਹਾਂ ਦੇ ਉੱਚਾਰਣ ਵਿੱਚ ਭੇਦ ਮੰਨਿਆ ਹੈ , ਅਰ ਅਨੁਸ੍ਵਾਰ ਨੂੰ ਅਰਧਵਿੰਦੁ ਦੇ ਥਾਂ ਵਰਤਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.