ਲਾਗ–ਇਨ/ਨਵਾਂ ਖਾਤਾ |
+
-
 
ਤਦ-ਅਰਥ ਜੱਜ

Adhoc Judges ਤਦ-ਅਰਥ ਜੱਜ: ਜੇ ਕਿਸੇ ਸਮੇਂ ਅਦਾਲਤ ਦੇ ਕਿਸੇ ਸੈਸ਼ਨ ਨੂੰ ਜਾਰੀ ਰੱਖਣ ਜਾਂ ਲਗਾਉਣ ਲਈ ਨਿਸ਼ਚਿਤ ਕੋਰਮ ਤੋਂ ਜੱਜਾਂ ਦੀ ਗਿਣਤੀ ਘੱਟ ਹੋਵੇ ਅਰਥਾਤ ਕੋਰਮ ਪੂਰਾ ਨਾ ਹੋਵੇ ਤਾਂ ਸੰਵਿਧਾਨ ਦੇ ਅਨੁਛੇਦ 127 (1) ਅਧੀਨ ਤਦ-ਅਰਥ ਜੱਜਾਂ ਦੀ ਨਿਯੁਕਤੀ ਕਰਨ ਦੀ ਵਿਵਸਥਾ ਹੈ। ਅਜਿਹੇ ਮਾਮਲੇ ਵਿਚ ਭਾਰਤ ਦਾ ਚੀਫ਼ ਜਸਟਿਸ , ਰਾਸ਼ਟਰਪਤੀ ਦੀ ਅਗੇਤਰੀ ਪਰਵਾਨਗੀ ਨਾਲ ਅਤੇ ਸੰਬਧਤ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਸਲਾਹ ਨਾਲ ਜਿੰਨੇ ਸਮੇਂ ਲਈ ਲੋੜ ਮਹਿਸੂਸ ਹੋਵੇ, ਲਿਖਤੀ ਬੇਨਤੀ ਕਰਨ ਤੇ ਸੁਪਰੀਮ ਕੋਰਟ ਦੇ ਸੈਸ਼ਨ ਵਿਚ ਇਕ ਤਦ-ਅਰਥ ਜੱਜ ਦੀ ਹਾਜ਼ਰੀ ਦੀ ਵਿਵਸਥਾ ਕਰ ਸਕਦਾ ਹੈ। ਤਦ-ਅਰਥ ਜੱਜ ਦੀਆਂ ਯੋਗਤਾਵਾਂ ਸੁਪਰੀਮ ਕੋਰਟ ਦੇ ਜੱਜ ਬਣਨ ਲਈ ਲੋੜੀਂਦੀਆਂ ਯੋਗਤਾਵਾਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਤਦ-ਅਰਥ ਜੱਜ ਸੁਪਰੀਮ ਕੋਰਟ ਦੇ ਬੈਂਚ ਵਿਚ ਬੈਠਦਿਆਂ ਸੁਪਰੀਮ ਕੋਰਟ ਦੇ ਜੱਜ ਦੇ ਅਧਿਕਾਰ-ਖੇਤਰ, ਸ਼ਕਤੀਆਂ ਅਤੇ ਵਿਸ਼ੇਸ਼-ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ। ਤਦ-ਅਰਥ ਜੱਜ ਦਾ ਇਹ ਕਰਤੱਵ ਹੋਵੇਗਾ ਕਿ ਉਹ ਆਪਣੇ ਪਦ ਦੇ ਹੋਰ ਕਰੱਤਵਾਂ ਦੀ ਅਗੇਤ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਸਮੇਂ ਸੁਪਰੀਮ ਕੋਰਟ ਦੀਆਂ ਬੈਠਕਾਂ ਵਿਚ ਉਪਸਥਿਤ ਰਹੇ ਜਦੋਂ ਉਸਦੀ ਉਪਸਥਿਤੀ ਦੀ ਲੋੜ ਹੋਵੇ ਅਤੇ ਇਸ ਪ੍ਰਕਾਰ ਉਸ ਦੇ ਹਾਜ਼ਰ ਹੋਣ ਸਮੇਂ ਉਹ ਸੁਪਰੀਮ ਕੋਰਟ ਦੇ ਜੱਜ ਦੇ ਸਾਰੇ ਕਰਤੱਵਾਂ ਦੀ ਪਾਲਣਾ ਕਰੇਗਾ। ਇਸ ਤੋਂ ਇਲਾਵਾ ਸੁਪਰੀਮ ਕੋਰਟ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਰਿਟਾਇਰ ਜੱਜ ਨੂੰ ਜੋ ਸੁਪਰੀਮ ਕੋਰਟ ਦਾ ਜੱਜ ਬਣਨ ਦੀਆਂ ਯੋਗਤਾਵਾਂ ਰੱਖਦਾ ਹੋਵੇ, ਸੁਪਰੀਮ ਕੋਰਟ ਦੇ ਤਦ-ਅਰਥ ਜੱਜ ਵਜੋਂ ਕੰਮ ਕਰਨ ਲਈ ਬੁਲਾ ਸਕਦੀ ਹੈ।

ਲੇਖਕ : ਡਾ. ਡੀ. ਆਰ ਸਚਦੇਵਾ,     ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 527,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/5/2015 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ