ਤਨਜ਼ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤਨਜ਼ : ਵੇਖੋ ‘ ਵਿਅੰਗ’  

ਵਿਅੰਗ : ਵਿਅੰਗ ਜਾਂ ਤਨਜ਼ ਅੰਗ੍ਰੇਜ਼ੀ ਸ਼ਬਦ ਸੈਟਾਇਰ ( satire ) ਦਾ ਪਰਿਆਇ ਹੈ । ਇਸ ਦੇ ਭਾਵ ਤੋਂ ਅਜਿਹੀ ਰਚਨਾ ਦਾ ਬੋਧ ਹੁੰਦਾ ਹੈ ਜਿਸ ਵਿਚ ਮਨੁੱਖੀ ਕਮਜ਼ੋਰੀਆਂ ਜਾਂ ਬੁਰਾਈਆਂ ਦੀ ਕਰੜੀ ਤੇ ਗੁੱਝੀ ਆਲੋਚਨਾ ਕੀਤੀ ਹੋਈ ਹੁੰਦੀ ਹੈ । ਤਨਜ਼ ਦਾ ਮੁੱਖ ਉਦੇਸ਼ ਸੁਧਾਰਾਤਮਕ ਹੁੰਦਾ ਹੈ । ਸੁਧਾਰਾਤਮਕ ਸਾਹਿੱਤ ਦੀਆਂ ਹੋਰ ਵੰਨਗੀਆਂ ਨਾਲੋਂ ਇਹ ਲਹਿਜੇ ਅਤੇ ਤਕਨੀਕ ਦੇ ਪੱਖ ਤੋਂ ਭਿੰਨ ਪ੍ਰਕਾਰ ਦਾ ਹੁੰਦਾ ਹੈ । ਸੁਧਾਰਵਾਦੀ ਪ੍ਰਚਾਰਕ ਆਪਣੇ ਭਾਸ਼ਣ ਵਿਚ ਵਿਅੰਗਾਤਮਕ ਲੇਖਕ ਨਾਲੋਂ ਵਧੇਰੇ ਸਪਸ਼ਟ , ਸਿੱਧਾ , ਤਰਕਹੀਣ ਅਤੇ ਨਿੰਦਕ ਹੁੰਦਾ ਹੈ । ਜਿਹੜਾ ਵਿਅੰਗਾਤਮਕ ਲੇਖਕ ਕਿਸੇ ਕਲਾ ਜਾਂ ਕਲਾਕਾਰ ਦੀ ਵਿਅੰਗਾਤਮਕ ਆਲੋਚਨਾ ਕਰਦਾ ਹੈ , ਉਸ ਦੀ ਰੁਚੀ ਬੌਧਿਕ ਵਿਸ਼ਲੇਸ਼ਣ ਦੀ ਰੁਚੀ ਨਾਲੋਂ ਗੁੱਝੀਆਂ ਸੱਟਾਂ ਮਾਰਨ ਦੀ ਵਧੇਰੇ ਹੁੰਦੀ ਹੈ ।

                  ਇਕ ਬੇਰਹਿਮ ਫ਼ੌਜੀ ਨੀਤੀਵਾਨ ਵਾਂਗ , ਤਨਜ਼ ਲੇਖਕ ਵਿਅੰਗ ਅਤੇ ਵਕ੍ਰੋਕਤੀ ਦੇ ਮਾਇਆ ਜਾਲ ਦੇ ਹਨੇਰੇ ਵਿਚ ਆਪਣੇ ਬੌਧਿਕ ਹਮਲੇ ਕਰਦਾ ਹੈ । ਇਕ ਰਾਜਨੀਤੀ ਨੇਤਾ ਵਾਂਗ ਉਹ ਆਪਣੇ ਸ਼ਤਰੂਆਂ ਵਿਰੁੱਧ ਆਪਣੀ ਥਾਂ ਤੇ ਆਪਣੇ ਹਮਾਇਤੀਆਂ ਨੂੰ ਲੜਾਉਂਦਾ ਹੈ । ਸਾਰਾ ਤਨਜ਼ ਕੋਈ ਸਿੱਧਾ ਹਮਲਾ ਨਹੀਂ ਹੁੰਦਾ । ਲੇਖਕ ਆਪਣੇ ਹਮਲੇ ਨੇ ਨਿਸ਼ਾਨੇ ਨੂੰ ਆਪਣੇ ਆਦਰਸ਼ ਪਾਤਰ ਜਾਂ ਆਦਰਸ਼ ਵਿਚਾਰਧਾਰਾ ਦੇ ਤੁੱਲ ਰੱਖ ਕੇ ਉਸ ਦਾ ਮੁਲਾਂਕਣ ਕਰਦਾ ਹੈ । ਤਨਜ਼ ਕਵਿਤਾ ਵਿਚ ਵੀ ਹੋ ਸਕਦਾ ਹੈ ਅਤੇ ਗੱਦ ਵਿਚ ਵੀ ।

                  ਪੱਛਮੀ ਸਾਹਿੱਤ ਵਿਚ ਸਾਨੂੰ ਬਾਈਬਲ ਵਿਚ , ਹੋਮਰ ਅਤੇ ਅਰਿਸਟੋਫ਼ੇਨਜ਼ ਦੀ ਕਵਿਤਾ ਅਤੇ ਨਾਟਕਾਂ ਵਿਚ ਵਿਅੰਗਾਤਮਕ ਅੰਸ਼ ਮਿਲਦਾ ਹੈ ਪਰ ਇਸੇ ਉਦੇਸ਼ ਨਾਲ ਹੀ ਵਿਅੰਗਾਤਮਕ ਰਚਨਾ ਕਰਨ ਵਾਲਾ ਪਹਿਲਾ ਲੇਖਕ ਲੂਸੀਲਿਅਸ ( Luciluis ) ਸੀ । ਉਸ ਪਿੱਛੋਂ ਹੋਰੇਸ ( Horace ) , ਜੂਵੀਨਲ ( Juvenile ) ਅਤੇ ਪਰਸਿਆਸ ( Percius ) ਪੁਰਾਤਨ ਪੱਛਮੀ ਸਾਹਿੱਤ ਦੇ ਪ੍ਰਸਿੱਧ ਵਿਅੰਗਾਤਮਕ ਲੇਖਕ ਹੋਏ ਹਨ । ਮੱਧਕਾਲੀਨ ਪੱਛਮੀ ਸਾਹਿੱਤ ਵਿਚ ਟਾਸੋਨੀ ( Tossoni ) ਅਤੇ ਇਸ ਪਿੱਛੋਂ ਚਾਸਰ , ਡ੍ਰਾਈਡਨ , ਪੋਪ , ਸਵਿਫ਼ਟ , ਐਡੀਸਨ ਅਤੇ ਸੈਮੁਅਲ ਬਟਲਰ ਤੀਖਣ ਅਤੇ ਬੌਧਿਕ ਤਨਜ਼ਕਾਰ ਹੋਏ ਹਨ । ਬੈਨ ਜੌਨਸਨ , ਮੌਲੇਅਰ , ਫ਼ੀਲਡਿੰਗ , ਥੈਕਰੇ , ਬਰਨਾਰਡ ਸ਼ਾਅ , ਓ’ ਨੀਲ ਆਦਿ ਪ੍ਰਸਿੱਧ ਅਤੇ ਸੁਚੱਜੇ ਵਿਅੰਗਾਤਮਕ ਲੇਖਕ ਹੋਏ ਹਨ ।

                  ਪੁਰਾਤਨ ਭਾਰਤੀ ਸਾਹਿੱਤ ਵਿਚ ਵਿਅੰਗਾਤਮਕ ਅੰਸ਼ ਸੰਸਕ੍ਰਿਤ ਦੀਆਂ ਪਸ਼ੂ ਕਹਾਣੀਆਂ ਅਤੇ ਗਾਥਾਵਾਂ ਵਿਚ ਮਿਲਦਾ ਹੈ । ਤਨਜ਼ ਵਾਸਤਵ ਵਿਚ ਉੱਚੇ ਪੱਧਰ ਦੀ ਸਾਹਿਤਿਕ ਅਤੇ ਕਲਾਤਮਕ ਪ੍ਰਵੀਨਤਾ ਦਾ ਸੂਚਕ ਹੈ । ਜਿਉਂ ਜਿਉਂ ਬੌਧਿਕਤਾ ਦਾ ਵਿਕਾਸ ਹੁੰਦਾ ਹੈ ਤਨਜ਼ ਸਾਹਿੱਤ ਦੇ ਉਜਾਗਰ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ । ਪੰਜਾਬੀ ਵਿਚ ਗੁਰੂ ਨਾਨਕ ਦੇਵ ਜੀ ਦਾ ਤਨਜ਼ ਖੰਡ ਲਬੇੜੀ ਕੁਨੀਨ ਵਾਂਗ ਹੈ ਜਿਸ ਰਾਹੀਂ ਉਨ੍ਹਾਂ ਨੇ ਸਮਾਜਕ ਬੁਰਾਈਆਂ ’ ਤੇ ਗੁੱਝੀਆਂ ਸੱਟਾਂ ਮਾਰੀਆਂ । ਭਾਈ ਗੁਰਦਾਸ ਨੇ ਤਨਜ਼ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ । ਆਧੁਨਿਕ ਪੰਜਾਬੀ ਸਾਹਿੱਤ ਵਿਚ ਚਰਨ ਸਿੰਘ ਸ਼ਹੀਦ , ਮੋਹਨ ਸਿੰਘ ਦੀਵਾਨਾ , ਗਾਰਗੀ , ਗੁਰਨਾਮ ਸਿੰਘ ਤੀਰ , ਸੂਬਾ ਸਿੰਘ ਅਤੇ ਸੁਰਜੀਤ ਸਿੰਘ ਭਾਟੀਆ ਤਨਜ਼ ਲਿਖਾਰੀਆਂ ਦੀ ਸ਼੍ਰੇਣੀ ਵਿਚ ਆ ਜਾਂਦੇ ਹਨ ।          


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.