ਤੁੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁੜ . ਜਿਲਾ ਅਮ੍ਰਿਤਸਰ , ਤਸੀਲ ਤਰਨਤਾਰਨ , ਥਾਣਾ ਸਰਹਾਲੀ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਉੱਤਰ ਪੱਛਮ ਹੈ. ਇਸ ਪਿੰਡ ਦੀ ਆਬਾਦੀ ਦੇ ਵਿੱਚ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ.

        ਇੱਕ ਵਾਰ ਅਜੇਹੀ ਔੜ ਲੱਗੀ ਕਿ ਵਰਖਾ ਦੀ ਬੂੰਦ ਨਾ ਡਿਗੀ. ਸਾਰੇ ਲੋਕ ਕੱਠੇ ਹੋਕੇ ਦਾਦੂ ਨਾਮਕ ਤਪੇ ਪਾਸ ( ਜੋ ਖਡੂਰ ਵਿੱਚ ਹੀ ਵਸਦਾ ਸੀ ) ਗਏ , ਅਤੇ ਵਰਖਾ ਲਈ ਬੇਨਤੀ ਕੀਤੀ. ਉਸ ਨੇ ਕਿਹਾ ਕਿ ਜਦ ਤਾਈਂ ਗੁਰੂ ਅੰਗਦ ਜੀ ਖਡੂਰ ਵਸਦੇ ਹਨ , ਤਦ ਤੀਕ ਵਰਖਾ ਨਹੀਂ ਪਵੇਗੀ. ਜੇ ਉਹ ਇੱਥੋਂ ਚਲੇ ਜਾਣ , ਤਾਂ ਵਰਖਾ ਹੋਵੇਗੀ. ਇਹ ਬਾਤ ਲੋਕਾਂ ਨੇ ਗੁਰੂ ਜੀ ਪਾਸ ਜਾ ਕਹੀ , ਤਾਂ ਰਾਤ ਨੂੰ ਸਤਿਗੁਰੂ ਇਕੱਲੇ ਹੀ ਖਡੂਰ ਸਾਹਿਬ ਤੋਂ ਚੱਲਕੇ ਇੱਥੇ ਆ ਗਏ. ਇਸ ਥਾਂ ਤੋਂ ਪਿੰਡ “ ਛਾਪਰੀ” ਦੀ ਸੰਗਤਿ ਗੁਰੂ ਜੀ ਨੂੰ ਆਪਣੇ ਪਿੰਡ ਲੈ ਆਈ.  ਉੱਥੇ ਕੁਝ ਸਮਾਂ ਗੁਰੂ ਜੀ ਰਹੇ. ਫਿਰ ਭਰੋਵਾਲ ਪਿੰਡ ਹੁੰਦੇ ਹੋਏ ਖਡੂਰ ਵਾਸੀਆਂ ਦੀ ਪਸ਼ਚਾਤਾਪ ਸਹਿਤ ਕੀਤੀ ਹੋਈ ਅਰਜੋਈ ਮੰਨਕੇ ਮੁੜ ਖਡੂਰ ਸਾਹਿਬ ਚਰਨ ਪਾਏ.

        ਪਹਿਲਾਂ ਇੱਥੇ ਸਾਧਾਰਨ ਅਸਥਾਨ ਸੀ. ੨੦-੨੨ ਸਾਲ ਤੋਂ ਭਾਈ ਨੱਥਾ ਸਿੰਘ ਜੀ ਪੁਜਾਰੀ ਦੀ ਪ੍ਰੇਰਣਾ ਨਾਲ ਬਹੁਤ ਸੁੰਦਰ ਦਰਬਾਰ ਬਣ ਗਿਆ ਹੈ. ਨਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਵਿੱਘੇ ਜ਼ਮੀਨ ਸਰਦਾਰ ਜਗਤ ਸਿੰਘ ਨੰਬਰਦਾਰ ਅਤੇ ਸਰਦਾਰ ਮੰਗਲ ਸਿੰਘ ਚੰਦਨ ਸਿੰਘ ਨੇ ਦਿੱਤੀ ਹੋਈ ਹੈ । ੨ ਤ੍ਰੁਟਿ. ਘਾਟਾ. ਕਮੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੁੜ ( ਪਿੰਡ ) : ਅੰਮ੍ਰਿਤਸਰ ਜ਼ਿਲ੍ਹੇ ਦੇ ਖਡੂਰ ਸਾਹਿਬ ਨਗਰ ਤੋਂ 9 ਕਿ.ਮੀ. ਦੱਖਣ-ਪੱਛਮ ਵਲ ਵਸਿਆ ਇਕ ਪਿੰਡ , ਜਿਸ ਵਿਚ ‘ ਗੁਰਦੁਆਰਾ ਦੂਸਰੀ ਪਾਤਿਸ਼ਾਹੀ’ ਬਣਿਆ ਹੋਇਆ ਹੈ । ਸਥਾਨਕ ਰਵਾਇਤ ਅਨੁਸਾਰ ਇਕ ਵਾਰ ਬਾਰਸ਼ ਨ ਹੋਣ ਕਾਰਣ ਸੋਕਾ ਪੈ ਗਿਆ । ਪਿੰਡ ਵਾਸੀ ਦਾਦੂ ਨਾਂ ਦੇ ਇਕ ਤਪੇ ਪਾਸ ਉਪਾ ਪੁਛਣ ਲਈ ਗਏ ਜੋ ਖਡੂਰ ਸਾਹਿਬ ਵਿਚ ਹੀ ਰਹਿੰਦਾ ਸੀ । ਉਸ ਨੇ ਈਰਖਾਵਸ ਲੋਕਾਂ ਨੂੰ ਕਿਹਾ ਕਿ ਜਦ ਤਕ ਗੁਰੂ ਅੰਗਦ ਇਸ ਪਿੰਡ ਵਿਚ ਰਹਿੰਦਾ ਹੈ , ਤਦ ਤਕ ਬਰਖਾ ਨਹੀਂ ਹੋ ਸਕਦੀ । ਲੋਕਾਂ ਨੇ ਇਹ ਗੱਲ ਗੁਰੂ ਜੀ ਨੂੰ ਜਾ ਕਹੀ । ਗੁਰੁ ਜੀ ਉਥੋਂ ਰਾਤੋਂ-ਰਾਤ ਚਲ ਕੇ ‘ ਤੁੜ’ ਪਿੰਡ ਵਾਲੀ ਥਾਂ’ ਤੇ ਆ ਕੇ ਬੈਠ ਗਏ । ਇਥੋਂ ‘ ਖ਼ਾਨ ਛਾਪਰੀ ’ ਪਿੰਡ ਦੇ ਲੋਕ ਗੁਰੂ ਜੀ ਨੂੰ ਆਪਣੇ ਪਿੰਡ ਲੈ ਗਏ । ਉਥੇ ਕੁਝ ਸਮਾਂ ਰਹਿ ਕੇ ਗੁਰੂ ਜੀ ਭਰੋਵਾਲ ਪਹੁੰਚ ਗਏ । ਖਡੂਰ ਸਾਹਿਬ ਦੇ ਨਿਵਾਸੀਆਂ ਨੇ ਆਪਣੀ ਭੁਲ ਨੂੰ ਮਹਿਸੂਸ ਕੀਤਾ ਅਤੇ ਬੇਨਤੀ ਕਰਕੇ ਗੁਰੂ ਜੀ ਨੂੰ ਖਡੂਰ ਸਾਹਿਬ ਤੋਂ ਵਾਪਸ ਲੈ ਆਏ ।

                      ਤੁੜ ਪਿੰਡ ਵਿਚ ਪਹਿਲਾ ਇਕ ਸਾਧਾਰਣ ਜਿਹਾ ਸਮਾਰਕ ਸੀ । ਵੀਹਵੀਂ ਸਦੀ ਦੇ ਆਰੰਭ ਵਿਚ ਭਾਈ ਨੱਥਾ ਸਿੰਘ ਨੇ ਇਥੇ ਗੁਰਦੁਆਰਾ ਬਣਵਾਇਆ । ਇਸੇ ਸਦੀ ਦੇ ਸੱਤਵੇਂ ਦਹਾਕੇ ਵਿਚ ਇਥੋਂ ਦੀ ਸੰਗਤ ਨੇ ਕਾਰ-ਸੇਵਾ ਰਾਹੀਂ ਨਵੀਂ ਇਮਾਰਤ ਉਸਾਰ ਲਈ ਹੈ । ਇਸ ਗੁਰੂ-ਧਾਮ ਦੀ ਵਿਵਸਥਾ ਵੀ ਸਥਾਨਕ ਸੰਗਤ ਹੀ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7725, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.