ਤੇਜਾ ਸਿੰਘ ਅਕਰਪੁਰੀ, ਜੱਥੇਦਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤੇਜਾ ਸਿੰਘ ਅਕਰਪੁਰੀ , ਜੱਥੇਦਾਰ ( 1892­ -1975 ਈ. ) : ਗੁਰਦੁਆਰਾ ਸੁਧਾਰ ਲਹਿਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਵਾਲੇ ਸ. ਤੇਜਾ ਸਿੰਘ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨਗਰ ਤੋਂ 13 ਕਿ.ਮੀ. ਉੱਤਰ-ਪੱਛਮ ਵਲ ਵਸੇ ਅਕਰਪੁਰਾ ਨਾਂ ਦੇ ਪਿੰਡ ਵਿਚ ਸੰਨ 1892 ਈ. ਨੂੰ ਸ. ਪਾਲਾ ਸਿੰਘ ਦੇ ਘਰ ਮਾਈ ਪਰਤਾਪ ਕੌਰ ਦੀ ਕੁੱਖੋਂ ਹੋਇਆ । ਇਸ ਨੇ ਸੰਨ 1911 ਈ. ਵਿਚ ਖ਼ਾਲਸਾ ਕਾਲਜੀਏਟ ਸਕੂਲ , ਅੰਮ੍ਰਿਤਸਰ ਤੋਂ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਅਤੇ ਫ਼ੌਜ ਵਿਚ ਭਰਤੀ ਹੋ ਗਿਆ । ਸੰਨ 1914 ਈ. ਵਿਚ ਫ਼ੌਜ ਦੀ ਨੌਕਰੀ ਛਡ ਕੇ ਪੰਜਾਬ ਦੇ ਮਾਲ ਮਹਿਕਮੇ ਵਿਚ ਪਟਵਾਰੀ ਲਗ ਗਿਆ । ਚਾਰ ਸਾਲ ਬਾਦ ਜ਼ਿਲ੍ਹੇਦਾਰ ਬਣ ਗਿਆ । ਪਰ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਨੇ ਇਸ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਇਸ ਨੇ ਸੰਨ 1921 ਈ. ਦੇ ਸ਼ੁਰੂ ਵਿਚ ਸਰਕਾਰੀ ਨੌਕਰੀ ਛਡ ਦਿੱਤੀ ਅਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ । 29 ਅਪ੍ਰੈਲ 1921 ਈ. ਨੂੰ ਇਹ ਅਕਾਲ ਤਖ਼ਤ ਦਾ ਜੱਥੇਦਾਰ ਨਿਯੁਕਤ ਹੋਇਆ । 13 ਅਕਤੂਬਰ 1923 ਈ. ਨੂੰ ਇਸ ਨੂੰ ਹੋਰ ਅਕਾਲੀ ਆਗੂਆਂ ਅਤੇ ਕਾਰਕੁੰਨਾਂ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ । 27 ਨਵੰਬਰ 1926 ਈ. ਨੂੰ ਜੇਲ੍ਹੋਂ ਮੁਕਤ ਹੁੰਦਿਆਂ ਹੀ ਇਸ ਨੇ ਫਿਰ ਅਕਾਲ ਤਖ਼ਤ ਦੀ ਜੱਥੇਦਾਰੀ ਦਾ ਪਦ ਸੰਭਾਲ ਲਿਆ ਅਤੇ 21 ਜਨਵਰੀ 1930 ਈ. ਤਕ ਉਸੇ ਪਦ ਉਤੇ ਬਣਿਆ ਰਿਹਾ । ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ , ਮੀਤ ਪ੍ਰਧਾਨ ਅਤੇ ਪ੍ਰਧਾਨ ਰਿਹਾ । ਸੰਨ 1935 ਈ. ਤੋਂ 1938 ਈ. ਤਕ ਇਹ ਨਨਕਾਣਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਵੀ ਰਿਹਾ ।

                      ਸੰਨ 1940 ਈ. ਵਿਚ ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਅਤੇ 10-11 ਫਰਵਰੀ 1940 ਈ. ਵਿਚ ਅਟਾਰੀ ਵਿਚ ਹੋਈ ਸਰਬ ਹਿੰਦ ਅਕਾਲੀ ਕਾਨਫ੍ਰੰਸ ਦੀ ਪ੍ਰਧਾਨਗੀ ਕੀਤੀ । ਸੰਨ 1952 ਤੋਂ 1957 ਈ. ਤਕ ਇਹ ਪਹਿਲੀ ਲੋਕ ਸਭਾ ਲਈ ਆਪਣੇ ਜ਼ਿਲ੍ਹੇ ਗੁਰਦਾਸਪੁਰ ਤੋਂ ਚੁਣਿਆ ਗਿਆ । ਉਸ ਤੋਂ ਬਾਦ ਇਹ ਸਰਗਰਮ ਰਾਜਨੀਤੀ ਤੋਂ ਵਖਰਾ ਹੋ ਕੇ ਆਪਣੇ ਜੱਦੀ ਪਿੰਡ ਵਿਚ ਰਹਿਣ ਲਗ ਗਿਆ ਜਿਥੇ 20 ਨਵੰਬਰ 1975 ਈ. ਨੂੰ ਇਸ ਦਾ ਦੇਹਾਂਤ ਹੋਇਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 153, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.