ਦਬਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਦਬਾ : ਦਬਾ ਦਾ ਸਬੰਧ ਉਚਾਰਨੀ ਧੁਨੀ ਵਿਗਿਆਨ ਨਾਲ ਹੈ । ਉਚਾਰਨੀ ਧੁਨੀ ਵਿਗਿਆਨ ਦੀਆਂ ਧੁਨੀਆਂ ਦੇ ਵਿਚਰਨ ਅਨੁਸਾਰ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਖੰਡੀ ਧੁਨੀਆਂ ਅਤੇ ( ii ) ਅਖੰਡੀ ਧੁਨੀਆਂ । ਖੰਡੀ ਧੁਨੀਆਂ ਦੇ ਘੇਰੇ ਵਿਚ ਸਵਰ ਅਤੇ ਵਿਅੰਜਨ ਧੁਨੀਆਂ ਨੂੰ ਰੱਖਿਆ ਜਾਂਦਾ ਹੈ ਪਰੰਤੂ ਅਖੰਡੀ ਧੁਨੀਆਂ ਵਿਚ ਸੁਰ , ਪਿੱਚ , ਦਬਾ , ਨਾਸਿਕਤਾ ਆਦਿ ਨੂੰ ਰੱਖਿਆ ਜਾਂਦਾ ਹੈ । ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਦੇ ਦੋ ਧੁਨੀ ਵਿਗਿਆਨਕ ਪਹਿਲੂ ਹਨ । ਜਦੋਂ ਹਵਾ ਦਬਾ ਨਾਲ ਬਾਹਰ ਨਿਕਲੇ ਤਾਂ ਉਸ ਸਥਿਤੀ ਵਿਚ ਪੈਦਾ ਹੋਣ ਵਾਲੇ ਉਚਾਰ-ਖੰਡਾਂ ਨੂੰ ਦਬਾ ਸਹਿਤ ਕਿਹਾ ਜਾਂਦਾ ਹੈ ਪਰ ਜਦੋਂ ਹਵਾ ਦਬਾ ਤੋਂ ਰਹਿਤ ਹੋਵੇ ਤਾਂ ਉਸ ਸਥਿਤੀ ਨੂੰ ਦਬਾ ਰਹਿਤ ਕਿਹਾ ਜਾਂਦਾ ਹੈ । ਦਬਾ ਦਾ ਉਚਾਰਨ ਉਚਾਰ-ਖੰਡ ਤੇ ਹੁੰਦਾ ਹੈ ਜਦੋਂ ਕਿਸੇ ਉਚਾਰ-ਖੰਡ ਨੂੰ ਪਹਿਲ ਜਾਂ ਪਰਧਾਨਤਾ Prominence ਦਿੱਤੀ ਜਾਂਦੀ ਹੈ ਤਾਂ ਉਸ ਨੂੰ ਦਬਾ ਸਹਿਤ ਉਚਾਰ-ਖੰਡ ਕਿਹਾ ਜਾਂਦਾ ਹੈ । ਪਰਧਾਨਤਾ ਦੀਆਂ ਤਿੰਨ ਸਥਿਤੀਆਂ ਹਨ : ਬਹੁਤ ਉਚਾ , ਉਚਾ ਅਤੇ ਘੱਟ ਉਚਾ । ਦਬਾ ਨੂੰ ਲਿਪੀ ਵਿਚ ਅੰਕਤ ਕਰਨ ਲਈ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ਉਚਾ ( ‘ ) ਅਤੇ ਨੀਵਾਂ ( , ) ਪੰਜਾਬੀ ਵਿਚ ਦਬਾ ਅਤੇ ਸੁਰ ਇਕੋ ਉਚਾਰ -ਖੰਡ ਤੇ ਆਉਂਦੇ ਹਨ ਦਬਾ ਹਮੇਸ਼ਾਂ ਪਹਿਲੇ ਜਾਂ ਦੂਜੇ ਉਚਾਰ -ਖੰਡ ਤੇ ਆਉਂਦਾ ਹੈ ਦੂਜੇ ਉਚਾਰ -ਖੰਡ ਤੇ ਦਬਾ ਉਸ ਸਥਿਤੀ ਵਿਚ ਆਉਂਦਾ ਹੈ , ਜਦੋਂ ਪਹਿਲੇ ਉਚਾਰ-ਖੰਡ ਵਿਚ ਅੰਦਰਲੇ ਗੁੱਟ ਦੇ ਸਵਰਾਂ ( ਇ , ਅ , ਉ ) ਵਿਚੋਂ ਕੋਈ ਇਕ ਹੋਵੇ ਪਰ ਜੇ ਪਹਿਲੇ ਉਚਾਰ-ਖੰਡ ਵਿਚ ਬਾਹਰਲੇ ਗੁੱਟ ਦੇ ਸਵਰਾਂ ( ਈ , ਏ , ਆ , ਐ , ਔ , ਊ ਤੇ ਓ ) ਵਿਚੋਂ ਕੋਈ ਇਕ ਆਉਂਦਾ ਹੋਵੇ ਤਾਂ ਦਬਾ ਪਹਿਲੇ ਉਚਾਰ-ਖੰਡ ’ ਤੇ ਪੈਂਦਾ ਹੈ ਜਿਵੇਂ : ਭਾਬੀ ( ਪ ਆ ਬ ਈ ) ਵਿਚ ( ਆ ) ਸਵਰ ਆਉਂਦਾ ਹੈ ਇਸ ਲਈ ਦਬਾ ਵੀ ਇਸੇ ਉਪਰ ਆਉਂਦਾ ਹੈ ਪਰ ਝੁੱਕਾ ( ਚ ਉ ਕ ਆ ) ਵਿਚ ਦਬਾ ਦੂਜੇ ਉਚਾਰ-ਖੰਡ ’ ਤੇ ਪੈਂਦਾ ਹੈ ਕਿਉਂਕਿ ਪਹਿਲੇ ਉਚਾਰ-ਖੰਡ ਵਿਚ ਲਘੂ ਸਵਰ ( ਉ ) ਵਿਚਰਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1785, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.