ਲਾਗ–ਇਨ/ਨਵਾਂ ਖਾਤਾ |
+
-
 
ਦਮੋਦਰ

ਦਮੋਦਰ ਵੇਖੋ ਦਾਮੋਦਰ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4017,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਦਮੋਦਰ

ਦਮੋਦਰ. ਦੇਖੋ, ਦਾਮੋਦਰ ੨. “ਸੰਤ ਕ੍ਰਿਪਾਲ ਦਇਆਲ ਦਮੋਦਰ.” (ਧਨਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4073,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦਮੋਦਰ

ਦਮੋਦਰ: ਪੰਜਾਬੀ ਭਾਸ਼ਾ ਵਿੱਚ ਹੀਰ ਰਾਂਝੇ ਦੀ ਪ੍ਰਸਿੱਧ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਕਰਨ ਵਾਲਾ ਕਵੀ ਦਮੋਦਰ ਹੈ। ਦਮੋਦਰ ਦੇ ਜੀਵਨ ਬਾਰੇ ਸਾਡੇ ਕੋਲ ਕੋਈ ਭਰੋਸੇਯੋਗ ਸ੍ਰੋਤ ਨਹੀਂ ਹਨ। ਉਸ ਦੇ ਲਿਖੇ ਹੀਰ ਦੇ ਕਿੱਸੇ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਉਹ ਜਾਤ ਦਾ ਗੁਲਾਟੀ ਸੀ-

          ਨਾਉਂ ਦਮੋਦਰ ਜਾਤ ਗੁਲਾਟੀ, ਆਇਆ ਸਿਕ ਸਿਆਲੀ।

     ਉਹ ਸਿਆਲਾਂ ਦੇ ਪਿੰਡ ਆ ਤਾਂ ਗਿਆ ਪਰ ਉਸ ਨੇ ਆਪਣੇ ਪਿਛੋਕੜ ਦਾ ਕੋਈ ਜ਼ਿਕਰ ਨਹੀਂ ਕੀਤਾ। ਨਾ ਹੀ ਇਹ ਦੱਸਿਆ ਕਿ ਉਸ ਦਾ ਇੱਥੇ ਆਉਣ ਦਾ ਕੀ ਕਾਰਨ ਸੀ। ਹੋ ਸਕਦਾ ਹੈ ਕਿ ਉਹ ਕਿਸੇ ਨੇੜਲੇ ਪਿੰਡ ਦਾ ਹੀ ਹੋਵੇ ਕਿਉਂਕਿ ਉਸ ਦੀ ਬੋਲੀ ਵਿੱਚੋਂ ਪੋਠੋਹਾਰ ਦਾ ਸੰਕੇਤ ਮਿਲਦਾ ਹੈ। ਇਹ ਵੀ ਹੋ ਸਕਦਾ ਹੈ ਕਿ ਕਿਸੇ ਵਜ੍ਹਾ ਕਰ ਕੇ ਉਸ ਦਾ ਦਿਲ ਆਪਣੇ ਪਿੰਡ ਤੋਂ ਖੱਟਾ ਹੋ ਗਿਆ ਹੋਵੇ ਜਿਸ ਦਾ ਉਹ ਜ਼ਿਕਰ ਕਰਨਾ ਹੀ ਮੁਨਾਸਬ ਨਹੀਂ ਸਮਝਦਾ।

     ਸਰ ਰਿਚਰਡ ਟੈਂਪਲ ਉਸ ਨੂੰ ਕਿੱਤੇ ਵੱਜੋਂ ਪਟਵਾਰੀ ਦੱਸਦਾ ਹੈ। ਪਰ ਬਾਵਾ ਬੁੱਧ ਸਿੰਘ ਉਸ ਨੂੰ ਹਟਵਾਣੀਆਂ ਆਖਦਾ ਹੈ। ਦਮੋਦਰ ਖ਼ੁਦ ਲਿਖਦਾ ਹੈ :

ਚੂਚਕ ਬਹੂੰ ਦਿਲਾਸਾ ਦਿੱਤਾ, ਤਾਂ ਦਿਲਗੀਰੀ ਲਾਹੀ।

          ਆਖ ਦਮੋਦਰ ਹੋਇਆ ਦਿਲਾਸਾ, ਹੱਟੀ ਉਥੇ ਪਾਈ।

     ਲੱਗਦਾ ਹੈ ਕਿ ਉਸ ਨੇ ਹੀਰ ਤੇ ਰਾਂਝੇ ਦੇ ਇਸ਼ਕ ਦੀ ਕਹਾਣੀ ਅੱਖੀਂ ਦੇਖੀ ਹੋਵੇ :

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ।

          ਅਸਾਂ ਮੂੰਹੋਂ ਅਲਾਇਆ ਓਹੀ, ਜੋ ਕੁਝ ਨਜ਼ਰ ਪਇਓਈ।

     ਇਹਨਾਂ ਸਤਰਾਂ ਤੋਂ ਜਾਪਦਾ ਹੈ ਕਿ ਦਮੋਦਰ ਦੇ ਝੰਗ ਵਿੱਚ ਰਹਿੰਦਿਆਂ ਹੀ ਇਹ ਘਟਨਾ ਵਾਪਰੀ, ਪਰ ਸੀ ਇਹ ਬੜੀ ਦਿਲਚਸਪ। ਇਹ ਵੀ ਮੁਮਕਿਨ ਹੈ ਕਿ ‘ਅੱਖੀਂ ਡਿੱਠਾ` ਵਾਲੀ ਗੱਲ ਉਸ ਦੀ ਇੱਕ ਕਲਾ ਜੁਗਤ ਹੀ ਹੋਵੇ, ਆਪਣੇ ਕਥਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ। ਕਿਉਂਕਿ ਉਸ ਦੇ ਕਿੱਸੇ ਵਿੱਚ ਇਹ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਹ ਝੰਗ ਕਿਵੇਂ ਪਹੁੰਚ ਗਿਆ। ਇਹ ਜ਼ਰੂਰ ਪਤਾ ਲੱਗਦਾ ਹੈ ਕਿ ਉਹ ਅਕਬਰ ਦੇ ਸਮੇਂ ਵਿੱਚ ਹੋਇਆ-

ਕਿਤ ਨੂੰ ਆਖਾਂ ਸਦਾਈਂ, ਕੋਈ ਅਕਬਰ ਮੈਥੋਂ ਧਾਇਆ।

    ਜਾਂ

          ਬਾਦਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਦੂਣ ਸਵਾਏ।

     ਦਮੋਦਰ ਤੋਂ ਬਾਅਦ ਦੇ ਕਵੀਆਂ ਨੇ ਵੀ ਹੀਰ ਰਾਂਝੇ ਦੀ ਕਹਾਣੀ ਨੂੰ ਲਗਪਗ ਉਸੇ ਤਰ੍ਹਾਂ ਹੀ ਲਿਖਿਆ। ਇਹ ਗੱਲ ਜ਼ਰੂਰ ਹੈ ਕਿ ਵੇਰਵਿਆਂ ਵਿੱਚ ਥੋੜ੍ਹਾ ਬਹੁਤ ਫ਼ਰਕ ਪਾ ਦਿੱਤਾ ਹੈ। ਦਮੋਦਰ ਦੁਆਰਾ ਲਿਖੀ ਹੀਰ ਦੀ ਕਹਾਣੀ ਕੁਝ ਇਵੇਂ ਵਾਪਰੀ :

     ਰਾਜੇ ਅਕਬਰ ਦਾ ਰਾਜ ਸੀ। ਝੰਗ ਸਿਆਲ ਵਿੱਚ ਚੂਚਕ ਦੇ ਘਰ ਚਾਰ ਪੁੱਤ ਹੋਏ-ਖ਼ਾਨ, ਸੁਲਤਾਨ, ਪਠਾਣ ਤੇ ਬਹਾਦਰ। ਫਿਰ ਧੀ ਨੇ ਜਨਮ ਲਿਆ। ਨਾਂ ਉਸ ਦਾ ਰੱਖਿਆ, ਹੀਰ। ਸਰਫ਼ੇ ਦੀ ਔਲਾਦ। ਚੂਚਕ ਨੇ ਉਸ ਨੂੰ ਬਹੁਤ ਲਾਡਾਂ ਨਾਲ ਪਾਲਿਆ। ਛੋਟੀ ਉਮਰੇ ਹੀ ਉਸ ਦੀ ਮੰਗਣੀ ਖੇੜਿਆਂ ਦੇ ਮੁੰਡੇ ਨਾਲ ਕਰ ਦਿੱਤੀ। ਸਹੇਲੀਆਂ ਨਾਲ ਉਹ ਤੀਆਂ ਖੇਡਦੀ, ਬੇਲੇ ਵਿੱਚ ਪੀਂਘਾਂ ਝੂਟਦੀ ਤੇ ਦਰਿਆ ਵਿੱਚ ਬੇੜੀ ਚਲਾਉਂਦੀ।

     ਇੱਕ ਦਿਨ ਨੂਰੇ ਚੰਧੜ ਦੀ ਬੇੜੀ ਨੂੰ ਲੁੱਡਣ ਮਲਾਹ ਨੇ ਦਰਿਆ ਵਿੱਚ ਰੋੜ੍ਹ ਦਿੱਤਾ। ਹੀਰ ਨੇ ਉਹ ਬੇੜੀ ਆਪਣੇ ਪੱਤਣ `ਤੇ ਬੰਨ੍ਹ ਲਈ। ਇਸੇ ਗੱਲੋਂ ਨੂਰੇ ਨਾਲ ਝੜੱਪ ਹੋ ਗਈ। ਹੀਰ ਨੇ ਆਪਣੇ ਭਰਾਵਾਂ ਨੂੰ ਦੱਸਣ ਤੋਂ ਬਿਨਾਂ ਹੀ ਚੰਧੜ ਦਾ ਟਾਕਰਾ ਕੀਤਾ ਤੇ ਉਸ ਨੂੰ ਹਾਰ ਦਿੱਤੀ।

     ਉਸ ਸਮੇਂ ਹੀ ਮੌਜ਼ਮ ਚੌਧਰੀ ਦੇ ਘਰ ਤਖ਼ਤ ਹਜ਼ਾਰੇ ਧੀਦੋ ਰਾਂਝਾ ਜੰਮਿਆ ਸੀ। ਚੌਹਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਉਹ। ਛੇ ਸਾਲ ਦੀ ਉਮਰ ਵਿੱਚ ਹੀ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਮੌਜ਼ਮ ਨੇ ਯਾਕੂਬ ਵੜਾਇਚ ਦੀ ਧੀ ਨਾਲ ਉਸ ਦੀ ਮੰਗਣੀ ਕਰ ਦਿੱਤੀ। ਵਿਆਹ ਰੱਖਿਆ ਹੋਇਆ ਸੀ ਕਿ ਮੌਜ਼ਮ ਵੀ ਪ੍ਰਲੋਕ ਸਿਧਾਰ ਗਿਆ। ਭਰਾਵਾਂ ਦੇ ਦਿਲ ਵਿੱਚ ਖੋਟ ਸੀ। ਉਹ ਛੋਟੇ ਭਰਾ ਦਾ ਫਸਤਾ ਵੱਢਣਾ ਚਾਹੁੰਦੇ ਹਨ। ਧੀਦੋ ਨੂੰ ਇਹ ਗੱਲ ਖੁੜਕ ਗਈ ਤੇ ਉਹ ਘਰੋਂ ਨਿਕਲ ਗਿਆ। ਰਾਹ ਵਿੱਚ ਇੱਕ ਮਸੀਤੇ ਠਹਿਰਿਆ ਜਿੱਥੇ ਇੱਕ ਝਿਉਰੀ ਦੀ ਧੀ ਉਸ ਉਤੇ ਮੋਹਿਤ ਹੋ ਗਈ। ਉਹ ਆਪਣੀ ਮਾਂ ਨੂੰ ਆਖਣ ਲੱਗੀ :

ਹਿੱਕ ਸੁਣੇਂਦੀ, ਲਖ ਸੁਣੇਸੀ, ਜੇ ਮੈਂ ਮੂੰਹ ਤੋਂ ਪੱਲੂ ਲਾਹਿਆ।

ਮੈਂ ਤਾਂ ਮੁੱਲ ਬਗੈਰ ਵਿਕਾਣੀ, ਤਾਂ ਮੈਂ ਕੂਕ ਸੁਣਾਇਆ।

ਜਿਉਂ ਜਾਣੇ ਤਿਉਂ ਦੇਹਿ ਆਸਾਨੂੰ, ਬਖਤੇ ਮੈਂ ਹੱਥ ਆਇਆ।

          ਨਹੀਂ ਤਾਂ ਮੈਂ ਆਪੇ ਵੈਂਦੀ ਆਹੂ, ਸ਼ਰਮ ਅਸਾਂ ਸਭ ਲਾਹਿਆ।

     ਤੇ ਜਦ ਮਾਂ ਨੇ ਖ਼ੁਦ ਧੀਦੋ ਨੂੰ ਦੇਖਿਆ ਤੇ ਉਹ ਵੀ ਦਿਲ ਫੜ ਕੇ ਬੈਠ ਕੇ ਗਈ :

ਨਾਹੀਂ ਕੁੜੀ ਆਹੀ ਸੱਚੀ, ਕੇ ਇਸ ਆਖ ਸੁਣਾਈ।

ਨਾਹੀਂ ਮਾਊ ਪੀਊ ਜਾਇਆ, ਕਿਸ ਜ਼ਬਾਨ ਸਲਾਹੀਂ।

ਵੇਖ ਵਿਕਾਣੀ ਝੀਵਰਆਣੀ, ਕਦਮ ਉਠੀਉਸੁ ਨਾਹੀਂ।

          ਹੈ ਜੇ ਚੁਖ ਵਡੇਰਾ ਹੋਵੇ, ਮੈਂ ਆਪ ਨਿਕਾਹ ਬਨ੍ਹਾਈਂ।

     ਮਾਂ-ਧੀ ਦੇ ਮਨਸੂਬੇ ਦੇਖ ਕੇ ਧੀਦੋ ਅਛੋਪਲੇ ਹੀ ਮਸੀਤ ਵਿੱਚੋਂ ਖਿਸਕ ਗਿਆ।

     ਫਿਰ ਝਨਾਂ ਦੇ ਕੰਢੇ ਪੰਜਾਂ ਪੀਰਾਂ ਨਾਲ ਉਸ ਦੀ ਭੇਟ ਹੁੰਦੀ ਹੈ। ਲੁੱਡਣ ਨੇ ਬੇੜੀ ਵਿੱਚ ਡੱਠੇ ਰਾਂਗਲੇ ਪਲੰਘ ਉੱਤੇ ਉਸ ਨੂੰ ਸਵਾਇਆ। ਜਦ ਹੀਰ ਨੇ ਉਸ ਨੂੰ ਪਲੰਘ ਉੱਤੇ ਪਏ ਨੂੰ ਦੇਖਿਆ ਤਾਂ ਉਹ ਉਸ ਉੱਤੇ ਮੋਹਿਤ ਹੋ ਗਈ। ਤੇ ਫਿਰ ਆਪਣੇ ਬਾਪ ਨਾਲ ਉਸ ਦੀ ਜਾਣ ਪਛਾਣ ਕਰਾਈ। ਧੀਦੋ ਨੇ ਮੱਝਾਂ ਚਾਰਨ ਦਾ ਕੰਮ ਸਾਂਭ ਲਿਆ। ਚੁਫੇਰੇ ਹੀਰ ਨਾਲ ਉਸ ਦੇ ਇਸ਼ਕ ਦਾ ਚਰਚਾ ਛਿੜ ਗਿਆ। ਸਿਆਲਾਂ ਨੇ ਹੀਰ ਦਾ ਵਿਆਹ ਰੰਗਪੁਰ ਖੇੜਿਆ ਦੇ ਪੁੱਤ ਸਾਹਿਬ ਨਾਲ ਕਰ ਦਿੱਤਾ। ਰਾਂਝਾ ਲਾਗੀ ਬਣ ਕੇ ਡੋਲੀ ਨਾਲ ਚਲਾ ਗਿਆ। ਖੇੜਿਆਂ ਨੂੰ ਉਸ ਉੱਤੇ ਸ਼ੱਕ ਪੈ ਗਿਆ। ਉੱਥੋਂ ਦੌੜ ਕੇ ਉਹ ਇੱਕ ਤਕੀਏ ਬੈਠ ਕੇ ਦਿਨ ਕਟੀ ਕਰਨ ਲੱਗਾ।

     ਹੀਰ ਤੇ ਉਸ ਦੀ ਨਨਾਣ ਸਹਿਤੀ ਦਾ ਰਾਜ ਸਾਂਝਾ ਸੀ। ਹੀਰ ਨੇ ਝੂਠੀ-ਮੂਠੀ ਦਾ ਸੱਪ ਲੜਾ ਲਿਆ। ਇਲਾਜ ਕਰਨ ਲਈ ਰਾਂਝਾ ਜੋਗੀ ਬਣ ਕੇ ਰੰਗਪੁਰ ਆ ਗਿਆ। ਅੱਧੀ ਰਾਤੀਂ ਕੰਧ ਪਾੜ ਕੇ ਉਹ ਹੀਰ ਨੂੰ ਲੈ ਕੇ ਫਰਾਰ ਹੋ ਗਿਆ। ਖੇੜਿਆਂ ਦਾ ਵਾਹਰ ਤੇ ਨਾਹੜਾਂ ਦੀ ਹੀਰ ਰਾਂਝੇ ਨੂੰ ਪਨਾਹ। ਮੁਆਮਲਾ ਕੋਟ ਕਬੂਲੇ ਦੇ ਕਾਜ਼ੀ ਕੋਲ ਪਹੁੰਚਾ ਤੇ ਕਾਜ਼ੀ ਨੇ ਹੀਰ ਨੂੰ ਖੇੜਿਆਂ ਹਵਾਲੇ ਕਰ ਦਿੱਤਾ। ਰੱਬ ਦਾ ਭਾਣਾ ਇਹ ਵਰਤਿਆ ਕਿ ਕੋਟ ਕਬੂਲੇ ਨੂੰ ਅੱਗ ਲੱਗ ਗਈ। ਇਸ ਕਹਿਰ ਦੇ ਖ਼ੌਫ਼ ਤੋਂ ਡਰ ਕੇ ਕਾਜ਼ੀ ਨੇ ਹੀਰ ਰਾਂਝੇ ਦੇ ਲੜ ਲਾ ਦਿੱਤੀ। ਫੇਰ ਉਹ ਦੋਵੇਂ ਜਣੇ ਮੱਕੇ ਨੂੰ ਚਲੇ ਗਏ।

     ਦਮੋਦਰ ਦੀ ਹੀਰ ਇੱਕ ਸੁਖਾਂਤ ਹੈ ਜਦ ਕਿ ਵਾਰਿਸ ਸ਼ਾਹ ਦੀ ਰਚਨਾ ਦੁਖਾਂਤ ਵਿੱਚ ਮੁੱਕਦੀ ਹੈ। ਦੋਹਾਂ ਦੀ ਕਹਾਣੀ ਵਿੱਚ ਇਹੋ ਵੱਡਾ ਫ਼ਰਕ ਹੈ।

     ਦਮੋਦਰ ਦੇ ਕਿੱਸੇ ਦੀ ਬੋਲੀ ਵਧੇਰੇ ਕਰ ਕੇ ਕੇਂਦਰੀ ਪੰਜਾਬੀ ਹੈ ਪਰ ਕਿਧਰੇ-ਕਿਧਰੇ ਪਾਤਰਾਂ ਦੇ ਬੋਲਾਂ ਵਿੱਚ ਇਲਾਕੇ ਦੀ ਬੋਲੀ ਦੀ ਰੰਗਤ ਹੈ। ਮੁਹਾਵਰਿਆਂ ਦੀ ਚੋਣ ਬੜੀ ਢੁੱਕਵੀਂ ਹੈ। ਉਪਮਾਵਾਂ, ਰੂਪਕ ਤੇ ਅਲੰਕਾਰ ਆਮ ਜੀਵਨ ਵਿੱਚੋਂ ਲਏ ਗਏ ਹਨ :

ਸਿਕ ਸਿਆਲੀਂ ਹੀਰੇ, ਕੀਕਣ ਜੀਕਣ ਕੱਚਾ ਪਾਰਾ।

          ਤੜਫੇ ਸਹੀ ਨਿਹਾਇਤ ਮੱਛੀ, ਗਲਦਾ ਪਿੰਡ ਵਿਚਾਰਾ।

ਵਿੱਚ ਮਸੀਤੇ ਚੰਨ ਫਥਿਓਈ, ਮੈਂ ਵਰ ਨੀਹੇਂ ਦੇਂਦੀ।

          ਬੱਗਾ ਸ਼ੀਂਹ ਫਿਰੇ ਵਿੱਚ ਝੱਲਾਂ, ਪੌਂਦੀ ਧ੍ਰੋਹੀ ਜੈਂਦੀ।

     ਦਮੋਦਰ ਦੇ ਕਿੱਸੇ ਵਿੱਚ ਪੰਜਾਬ ਦੇ ਦਰਿਆਵਾਂ, ਬੇਲਿਆਂ, ਚਰਾਂਦਾਂ, ਫ਼ਸਲਾਂ, ਜੱਟਾਂ ਦੇ ਨਿਤ ਜੀਵਨ, ਵਿਆਹ ਸ਼ਾਦੀਆਂ ਦੀਆਂ ਰੀਤਾਂ ਤੇ ਰਸਮਾਂ ਦੀਆਂ ਰਾਂਗਲੀਆਂ ਝਾਕੀਆਂ ਹਨ। ਸਮੁੱਚੇ ਸਮਾਜਿਕ ਜੀਵਨ ਲਈ ਵੀ ਦਮੋਦਰ ਨੇ ਕਈ ਤੱਤ ਵਰਤੇ ਹਨ। ਧੀਆਂ ਬਾਰੇ ਮਾਪਿਆਂ ਦੀ ਜ਼ੁੰਮੇਵਾਰੀ ਦੀ ਮਿਸਾਲ :

ਹੀਰ ਤੇਰੇ ਘਰ ਵੱਡੀ ਹੋਈ, ਕੀਚੇ ਸਾਕ ਕਿਦਾਈਂ।

          ਆਖਰ ਮਾਲ ਪਰਾਇਆ ਏਹੋ, ਰੱਖਿਆ ਬਣਦੀ ਨਾਹੀਂ।

     ਦਮੋਦਰ ਨੇ ‘ਹੀਰ` ਦਾ ਕਿੱਸਾ ਲਿਖ ਕੇ ਬਿਆਨੀਆਂ ਕਾਵਿ-ਸਾਹਿਤ ਦੀ ਨੀਂਹ ਰੱਖੀ। ਇਹ ਰਚਨਾ ਉਸ ਦੇ ਉਤਰਵਰਤੀ ਕਿੱਸਾਕਾਰਾਂ ਲਈ ਪ੍ਰੇਰਨਾ ਦਾ ਆਧਾਰ ਬਣ ਗਈ।

ਲੇਖਕ : ਬਖਸ਼ੀਸ਼ ਸਿੰਘ,     ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,     ਹੁਣ ਤੱਕ ਵੇਖਿਆ ਗਿਆ : 4748,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/20/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ