ਦਲਿਤ ਵਰਗ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਲਿਤ ਵਰਗ : ‘ਦਲਿਤ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਸ਼ਾਬਦਿਕ ਅਰਥ ਹਨ––ਲਿਤਾੜਿਆ, ਦਲਿਆ ਜਾਂ ਮਿਧਿਆ ਹੋਇਆ। ਦਲਿਤ ਵਰਗ ਅਨੁਸੂਚਿਤ ਜਾਂ ਹੇਠਲੀਆਂ ਜਾਤੀਆਂ ਨਾਲ ਸੰਬੰਧ ਰੱਖਦਾ ਹੈ। ਭਾਰਤੀ ਸਮਾਜਕ, ਆਰਥਿਕ, ਧਾਰਮਿਕ ਢਾਂਚੇ ਵਿਚ ਇਹ ਅਜਿਹਾ ਵਰਗ ਹੈ ਜਿਹੜਾ ਧਰਮ, ਰੰਗ, ਨਸਲ ਦੇ ਆਧਾਰ ਉੱਤੇ ਸਮਾਜ ਦਾ ਸਭ ਤੋਂ ਹੇਠਲਾ ਵਰਗ ਹੈ, ਜਿਸ ਵਰਗ ਨੂੰ ਸਮਾਜ ਉੱਤੇ ਕਾਬਜ਼, ਉੱਚ–ਵਰਗ ਨੇ ਦੂਜੇ ਦਰਜੇ ਦੇ ਨਾਗਰਿਕ ਨਾਲੋਂ ਵੀ ਘਟੀਆ ਅਵਸਥਾ ਵਿਚ ਰੱਖਿਆ ਹੈ।

          ਮੰਨੂੰ ਤੇ ਭਾਰਤੀ ਸਮਾਜ ਨੂੰ ਚਾਰ ਵਰਗਾਂ ਬ੍ਰਾਹਮਣ, ਕ੍ਸ਼ਤ੍ਰੀ, ਵੈਸ਼ ਤੇ ਸ਼ੂਦਰ ਵਿਚ ਵੰਡ ਦਿੱਤਾ ਸੀ। ਸ਼ੂਦਰ ਕੋਲ ਆਰਥਿਕ ਵਸੀਲੇ ਖ਼ਤਮ ਹੋ ਗਏ, ਜਿਸ ਦੇ ਫਲਸਰੂਪ ਉਹ ਕਮਜ਼ੋਰ, ਨਿਮਾਣੇ, ਨਿਤਾਣੇ ਤੇ ਅਛੂਤ ਬਣਾ ਦਿੱਤੇ ਗਏ। ਇਸ ਵਰਗ ਦੇ ਲੋਕਾਂ ਨੂੰ ਹਜ਼ਾਰਾਂ ਸਾਲ ਤਕ ਸ਼ੋਸ਼ਿਤ ਕੀਤਾ ਗਿਆ ਅਤੇ ਇਨ੍ਹਾਂ ਨਾਲ ਬਿਨਾ ਕਾਰਣ ਹੀ ਅਣਮਨੁੱਖੀ ਵਰਤਾਓ ਕੀਤਾ ਜਾਂਦਾ ਰਿਹਾ, ਜੋ ਕਈਆਂ ਹਾਲਤਾਂ ਵਿਚ ਪਸ਼ੂਆਂ ਨਾਲੋਂ ਵੀ ਭੈੜਾ ਸੀ।

          ਵੀਹਵੀਂ ਸਦੀ ਵਿਚ ਡਾ. ਅੰਬੇਦਕਰ ਆਦਿ ਵਿਚਾਰਵਾਨਾਂ ਨੇ ‘ਦਲਿਤ ਵਰਗ’ ਦੇ ਉਧਾਰ ਲਈ ਆਵਾਜ਼ ਉਠਾਈ। ਭਾਰਤ ਦੇ ਸੁਤੰਤਰ ਹੋਣ ਉੱਤੇ ਭਾਰਤ ਦੇ ਸੰਵਿਧਾਨ ਵਿਚ ਇਸ ਵਰਗ ਨਾਲ ਸੰਬੰਧਿਤ ਲੋਕਾਂ ਦੇ ਹੱਕਾਂ ਦੀ ਰੱਖਿਆ ਲਈ ਕੁਝ ਵਿਸ਼ੇਸ਼ ਕਾਨੂੰਨ ਬਣਾਏ ਗਏ ਪਰ ਅਜੇ ਵੀ ਇਸ ਦਾ ਬਹੁਤ ਜ਼ਿਆਦਾ ਹਿੱਸਾ ਬੇਹੱਦ ਗ਼ਰੀਬੀ ਵਿਚ ਪਿਸ ਰਿਹਾ ਹੈ।

          ਮਹਾਰਾਸ਼ਟਰ ਵਿਚ ਇਸ ਵਰਗ ਦੀ ਤਰੱਕੀ ਤੇ ਚੇਤਨਤਾ ਲਈ ‘ਦਲਿਤ ਪੈਂਥਰ’ ਵਰਗੀਆਂ ਜੱਥੇਬੰਦੀਆਂ ਵੀ ਹੋਂਦ ਵਿਚ ਆ ਗਈਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.