ਨਕਲਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਕਲਾਂ : ਪੰਜਾਬ ਦੇ ਜਨ ਜੀਵਨ ਵਿੱਚ ਹੱਸਣਾ ਖੇਡਣਾ ਗਾਉਣਾ ਸ਼ਾਮਲ ਹਨ । ‘ ਟਿੱਚਰ` ਪੰਜਾਬੀਆਂ ਦੇ ਸੁਭਾਅ ਦਾ ਖ਼ਾਸਾ ਹੈ । ਕਈ ਬੰਦਿਆਂ ਨੂੰ ‘ ਟਿੱਚਰੀ` ਕਹਿ ਕੇ ਬੁਲਾਇਆ ਜਾਂਦਾ ਹੈ । ਇਸ ਦਾ ਕਾਰਨ ਪੰਜਾਬ ਦਾ ਖੁੱਲ੍ਹਾ-ਡੁੱਲ੍ਹਾ ਵਾਤਾਵਰਨ , ਸਾਫ਼-ਸੁਥਰਾ ਪੌਣ-ਪਾਣੀ ਅਤੇ ਦੂਜੇ ਸੂਬਿਆਂ ਦੇ ਮੁਕਾਬਲੇ ਖ਼ੁਸ਼ਹਾਲ ਹੋਣਾ ਹੀ ਹੈ । ਪੰਜਾਬ ਦੇ ਅਜਿਹੇ ਜਨ ਜੀਵਨ ਦੇ ਝਲਕਾਰੇ ਪੰਜਾਬ ਦੀ ਲੋਕਧਾਰਾ ਵਿੱਚ ਮਿਲਦੇ ਹਨ । ਲੋਕਧਾਰਾ ਦਾ ਇੱਕ ਅਹਿਮ ਅੰਗਲੋਕ ਕਲਾ` ਹੈ ਜਿਸ ਵਿੱਚ ਕੁਝ ਲੋਕ ਕਲਾਵਾਂ ‘ ਦਰਸ਼ਨੀ` ਹਨ ਜਿਵੇਂ ਚਿੱਤਰ ਤੇ ਕਢਾਈਆਂ ਆਦਿ । ਕੁਝ ਖੇਡ ਕਲਾਵਾਂ ਹਨ ਜਿਨ੍ਹਾਂ ਵਿੱਚ ਲੋਕ ਨਾਟ-ਰੂਪਾਂ ਦਾ ਵਿਸ਼ੇਸ਼ ਮਹੱਤਵ ਹੈ । ਜਲਸਾ , ਰਾਮ ਲੀਲਾ , ਪੁਤਲੀ ਤਮਾਸ਼ਾ , ਗਿੱਧਾ ਨਾਟਕ ਆਦਿ ਦੀ ਲੜੀ ਵਿੱਚ ‘ ਨਕਲਾਂ` ਸਭ ਤੋਂ ਪ੍ਰਸਿੱਧ ਲੋਕ-ਨਾਟ ਰੂਪ ਹੈ । ਇਸ ਨੂੰ ਹੀ ‘ ਭੰਡਾਂ ਦਾ ਤਮਾਸ਼ਾ` ਵੀ ਕਿਹਾ ਜਾਂਦਾ ਹੈ । ‘ ਮਰਾਸੀ ਜਾਤ` ਵੱਲੋਂ ਇਸ ਕਲਾ ਨੂੰ ਪੇਸ਼ ਕਰਨ ਕਰ ਕੇ ਇਹਨਾਂ ਨੂੰ ‘ ਮਰਾਸੀਪੁਣਾ` ਜਾਂ ‘ ਮਰਾਸੀਆਂ ਦੀ ਕਲਾ` ਵੀ ਕਿਹਾ ਜਾਂਦਾ ਹੈ । ਹੁਣ ਵੀ ਜੇ ਕੋਈ ਮੁੰਡਾ ਨਾਟਕ ਖੇਡਣ ਵਾਲੇ ਪਾਸੇ ਪੈ ਜਾਵੇ ਤਾਂ ਘਰ ਦਿਆਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ‘ ਸਾਡਾ ਮੁੰਡਾ ਤਾਂ ਮਰਾਸੀ ਬਣ ਗਿਐ` ਪਰ ‘ ਨਕਲਾਂ` ਪੰਜਾਬ ਦੇ ਜੀਵਨ ਦੀ ਬੜੀ ਜਾਨਦਾਰ ਪੇਸ਼ਕਾਰੀ ਹਨ ਇਸ ਲਈ ਇਸ ਕਲਾ ਨੂੰ ਛੁਟਿਆਉਣਾ ਨਹੀਂ ਚਾਹੀਦਾ ।

        ਨਕਲ ਸ਼ਬਦ ਤੋਂ ਭਾਵ ਕਿਸੇ ਚੀਜ਼ ਦਾ ਹੂ-ਬਹੂ ਅਨੁਕਰਨ ਹੁੰਦਾ ਹੈ । ਸਮਾਜ ਵਿੱਚ ਵਾਪਰਦੀਆਂ ਬੁਰਾਈਆਂ ਜਾਂ ਖ਼ਾਸ ਵਰਗ ਦੇ ਖ਼ਾਸ ਚਰਿੱਤਰਾਂ ਨੂੰ ਸਮਾਜ ਦਾ ਜਿਹੜਾ ਇੱਕ ਵਿਸ਼ੇਸ਼ ਵਰਗ ਨਾਟਕੀ ਢੰਗ ਨਾਲ ਪ੍ਰਸਤੁਤ ਕਰਦਾ ਰਿਹਾ ਹੈ , ਉਸ ਵਰਗ ਨੂੰ ਭੰਡ/ਮਰਾਸੀ/ ਨਕਲੀਏ ਆਦਿ ਨਾਵਾਂ ਹੇਠ ਜਾਣਿਆ ਜਾਂਦਾ ਹੈ ਅਤੇ ਇਹਨਾਂ ਦੁਆਰਾ ਹਾਸ-ਵਿਅੰਗ ਆਧਾਰਿਤ ਕੀਤੀਆਂ ਨਾਟ-ਝਲਕੀਆਂ ਨੂੰ ‘ ਨਕਲਾਂ` ਕਿਹਾ ਜਾਂਦਾ ਹੈ ।

        ਨਕਲਾਂ ਦੀਆਂ ਕੁਝ ਵਿਸ਼ੇਸ਼ਤਾਈਆਂ ਇਸ ਪ੍ਰਕਾਰ ਹਨ :

      1.                ਇਸ ਵਿੱਚ ਵਿਅੰਗ ਦਾ ਰੋਲ ਅਹਿਮ ਹੁੰਦਾ ਹੈ ।

      2.              ਇਸ ਦਾ ਮੁੱਖ ਕੰਮ ਹਸਾਉਣਾ ਹੁੰਦਾ ਹੈ ।

      3.              ਹਸਾਉਣ ਦੇ ਨਾਲ-ਨਾਲ ਇਸ ਵਿੱਚ ਗੁੱਝੀ ਟਕੋਰ ਹੁੰਦੀ ਹੈ ਜਿਹੜੀ ਚੇਤਨਾ ਪੈਦਾ ਕਰਨ ਦਾ ਕਾਰਜ ਵੀ ਕਰਦੀ ਹੈ ।

      4.              ਇਸ ਵਿੱਚ ਸੀਮਿਤ ਪਾਤਰ ( ਦੋ ਜਾਂ ਤਿੰਨ ) ਹੁੰਦੇ ਹਨ ।

      5.              ਇਸ ਵਿੱਚ ‘ ਮੌਕੇ ਤੇ ਵਾਰਤਾਲਾਪ ਜੋੜਨ` ਦੀ ਕਲਾ ਸ਼ਾਮਲ ਹੁੰਦੀ ਹੈ ।

      6.              ਇਸ ਦੇ ਵਾਰਤਾਲਾਪ ਨਿੱਕੇ ਪਰ ਚੁਸਤ ਹੁੰਦੇ ਹਨ ।

      7.              ਵਾਕ ਦੇ ਅਖੀਰ ਤੇ ਤੋੜਾ ਜੁੜਦਾ ਹੈ ਤੇ ਸਧਾਰਨ ਅਰਥਾਂ ਵਿੱਚ ਅਸਧਾਰਨ ਅਰਥ ਹੁੰਦੇ ਹਨ ।

      8.              ਭਾਸ਼ਾ ਦੇ ਪ੍ਰਯੋਗ ਹੁੰਦੇ ਹਨ । ਇੱਕ-ਇੱਕ ਸ਼ਬਦ ਦੇ ਕਈ-ਕਈ ਅਰਥ ਪੇਸ਼ ਕੀਤੇ ਜਾਂਦੇ ਹਨ ਜਿਹੜੇ ਹਾਸੇ ਦਾ ਕਾਰਨ ਬਣਦੇ ਹਨ ।

                ਉਪਰੋਕਤ ਗੱਲਾਂ ਦੇ ਨਾਲ-ਨਾਲ ਬਹੁਤੀ ਵਾਰ ਇਸ ਵਿੱਚ ਅਸ਼ਲੀਲਤਾ ਵੀ ਆ ਜਾਂਦੀ ਹੈ ਅਤੇ ਇੱਕ ਖ਼ਾਸ ਵਰਗ ਦਾ ਮਜ਼ਾਕ ਵੀ ਸ਼ਾਮਲ ਹੋ ਜਾਂਦਾ ਹੈ । ਇਸ ਵਿੱਚ ਕਲਾਕਾਰ ਤੇ ਦਰਸ਼ਕ ਦਾ ਫ਼ਾਸਲਾ ਘੱਟ ਤੋਂ ਘੱਟ ਹੁੰਦਾ ਹੈ ਤੇ ਦਰਸ਼ਕ ਖ਼ੁਦ ਨੂੰ ਨਾਟਕ ਵਿੱਚ ਸ਼ਾਮਲ ਹੋਇਆ ਹੀ ਸਮਝਦਾ ਹੈ । ਇਸ ਦਾ ਸਭ ਤੋਂ ਢੁੱਕਵਾਂ ਸਮਾਂ ‘ ਬਰਾਤ` ਹੁੰਦਾ ਹੈ । ਉਂਞ ਕਿਸੇ ਵੀ ਖ਼ੁਸ਼ੀ ਦੇ ਸਮੇਂ ਤੇ ਨਕਲਾਂ ਕਰਵਾਈਆਂ ਜਾ ਸਕਦੀਆਂ ਹਨ । ਇਸ ਦਾ ਸਮਾਂ 5-7 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਤੇ ਕਈ ਵਾਰ ਲੰਮਾ ਸਮਾਂ ਵੀ ਹੋ ਸਕਦਾ ਹੈ । ਨਮੂਨੇ ਵਜੋਂ ਕੁਝ ਅੰਸ਼ ਪੇਸ਼ ਹਨ :

                ਰੰਗਾ                        :                 ਜਾ ਉਏ ਨਾਈ ਨੂੰ ਬੁਲਾ ਕੇ ਲਿਆ ।

                ਬਿਗਲਾ :                 ਜੀ ਨਾਈ ਕੋ ।

                ਰੰਗਾ                        :                 ਹਾਂ , ਬੀਬੀ ਹੋ ਗਈ ਮੁਟਿਆਰ

                ਬਿਗਲਾ :                 ਜੀ , ਜੇ ਮੁਟਿਆਰ ਹੋ ਗਈ ਤਾਂ ਸ਼ਾਮਲਾਤ ਛੱਡ ਆਉ ।

        ਇਸ ਦੇ ਮੁੱਖ ਪਾਤਰ ਰੰਗਾ ਤੇ ਬਿਗਲਾ ਹੀ ਹੁੰਦੇ ਹਨ । ਜੋ ਵੱਖ-ਵੱਖ ਨਕਲਾਂ ਵਿੱਚ ਭਿੰਨ-ਭਿੰਨ ਪਾਤਰਾਂ ਦਾ ਭੇਸ ਧਾਰਦੇ ਹਨ ।

        ਨਕਲ ਦੇ ਦੋ ਰੂਪ ਹਨ-ਇੱਕ ‘ ਟਿੱਚਰ` ਤੇ ਦੂਜਾ ‘ ਪਟੜੀ` । ‘ ਟਿੱਚਰ` ਦੀ ਸਮਾਂ-ਸੀਮਾਂ 5-7 ਮਿੰਟ ਹੀ ਹੁੰਦੀ ਹੈ ਪਰ ‘ ਪਟੜੀ` ਲੰਮੀ ਹੁੰਦੀ ਹੈ । ਟਿੱਚਰ ਵਿੱਚ ਕਿਸੇ ਇੱਕ ਆਕਾਰੀ ‘ ਘਟਨਾ` ਜਾਂ ‘ ਵਿਸ਼ੇ` ਤੇ ਨਕਲ ਘੜੀ ਜਾਂਦੀ ਹੈ ਜਦ ਕਿ ‘ ਪਟੜੀ` ਵਿੱਚ ਪੂਰੇ ਨਾਟਕ ਵਾਂਗ ਲੰਮੀ ਕਹਾਣੀ ਹੁੰਦੀ ਹੈ ਪਰ ਉਹ ਹਾਸ-ਰਸ ਨਾਲ ਭਰਪੂਰ ਹੁੰਦੀ ਹੈ । ‘ ਟਿੱਚਰ` ਵਿੱਚ ਕੇਵਲ ‘ ਰੰਗਾ ਤੇ ਬਿਗਲਾ` ਦੋ ਅਦਾਕਾਰ ਹੀ ਹੁੰਦੇ ਹਨ । ਇੱਕ ਦੇ ਹੱਥ ਵਿੱਚ ਚਮੜੇ ਦਾ ‘ ਚਮੋਟਾ` ਹੁੰਦਾ ਹੈ ਜੋ ਹਰ ਵਾਕ ਦੇ ਅੰਤ ਤੇ ਦੂਜੇ ਦੇ ਮਾਰਦਾ ਹੈ ਜਦ ਕਿ ‘ ਪਟੜੀ` ਵਿੱਚ ਬਹੁਤੇ ਕਲਾਕਾਰ ਹੁੰਦੇ ਹਨ ਤੇ ਨਾਲ ਦੀ ਨਾਲ ਗਾਇਕ ਮੰਡਲੀ ਵੀ ਆਪਣਾ ਰੋਲ ਨਿਭਾਉਂਦੀ ਹੈ ।

        ਹੁਣ ਪਰੰਪਰਿਕ ਨਕਲਾਂ ਦਿਨੋ-ਦਿਨ ਅਲੋਪ ਹੋ ਰਹੀਆਂ ਹਨ । ਦੇਸ਼ ਦੀ ਵੰਡ ਨਾਲ ਮੁਸਲਮਾਨ ਹੋਣ ਕਾਰਨ ਬਹੁਤੇ ਮਰਾਸੀ ਪਰਿਵਾਰ ਪਾਕਿਸਤਾਨ ਚਲੇ ਗਏ ਪਰੰਤੂ ਅਜੇ ਵੀ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ‘ ਮਲੇਰਕੋਟਲੇ` ਦੇ ਆਲੇ- ਦੁਆਲੇ ਤੇ ‘ ਦੁਆਬੇ` ਵਿੱਚ ਨਕਲੀਏ ਮੌਜੂਦ ਹਨ । ਲੇਕਿਨ ਨਕਲੀਏ ਭੁੱਖੇ ਮਰ ਰਹੇ ਹਨ । ਵਿਆਹ ਸ਼ਾਦੀਆਂ ਤੇ ਜਾ ਕੇ ‘ ਨਕਲਾਂ` ਕਰ ਕੇ ਢਿੱਡ ਭਰਦੇ ਹਨ ਜਾਂ ਕਦੇ ਕਦਾਈਂ ‘ ਲੋਕ ਕਲਾ ਮੇਲੇ` ਲਾਉਣ ਵਾਲੇ ਅਦਾਰੇ ਜਾਂ ਸੰਸਥਾਵਾਂ ਬੁਲਾ ਲੈਂਦੇ ਹਨ । ਦੂਜੇ ਪਾਸੇ ਇਹਨਾਂ ਦੀ ਕਲਾ ਨੂੰ ਅਪਣਾ ਕੇ ਪੜ੍ਹੇ ਲਿਖੇ ਸ਼ਹਿਰੀ ਕਲਾਕਾਰ ਮਸ਼ਹੂਰ ਕਲਾਕਾਰ ਬਣੇ ਹੋਏ ਹਨ । ਪੰਜਾਬ ਦੇ ਇਸ ਵੇਲੇ ਚਰਚਿਤ ਸਾਰੇ ‘ ਕਾਮੇਡੀ ਆਰਟਿਸਟ` ਮੂਲ ਰੂਪ ਵਿੱਚ ‘ ਨਕਲਾਂ` ਦੀ ਜੁਗਤ ਨੂੰ ਹੀ ਵਰਤਦੇ ਹਨ । ਬਹੁਤੇ ਨਕਲਾਂ ਵਿਚਲੇ ‘ ਰੰਗਾ ਤੇ ਬਿਗਲਾ` ਵਾਂਗ ਜੋੜੀ ਬਣਾ ਕੇ ਹੀ ਕਲਾ ਪੇਸ਼ ਕਰਦੇ ਹਨ ਤੇ ਜੋੜੀ ਵਜੋਂ ਮਸ਼ਹੂਰ ਹਨ ਜਿਵੇਂ ਭਗਵੰਤ ਮਾਨ-ਰਾਣਾ ਰਣਬੀਰ , ਜੁਗਨੂੰ ਤੇ ਰਾਂਝਾ , ਭੱਲਾ-ਬਾਲਾ , ਭੋਟੂ ਸ਼ਾਹ-ਕਾਕੇ ਸ਼ਾਹ ਆਦਿ ।


ਲੇਖਕ : ਸਤੀਸ਼ ਕੁਮਾਰ ਵਰਮਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਕਲਾਂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਕਲਾਂ ( ਨਾਂ , ਇ ) ਲੋਕ-ਮਨੋਰੰਜਨ ਲਈ ਸਵਾਂਗ , ਸੰਵਾਦ , ਨ੍ਰਿਤ ਅਤੇ ਸੰਕੇਤਾਂ ਨਾਲ ਰਚਾਇਆ ਜਾਣ ਵਾਲਾ ਇੱਕ ਲੋਕ-ਨਾਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.