ਨਗੇਂਦ੍ਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਗੇਂਦ੍ਰ ( 1915– 1999 ) : ਹਿੰਦੀ ਆਲੋਚਨਾ ਵਿਸ਼ੇਸ਼ਕਰ ਅਚਾਰੀਆ ਸ਼ੁਕਲ ਦੇ ਬਾਅਦ ਦੀ ਆਲੋਚਨਾ ਵਿੱਚ ਡਾ. ਨਗੇਂਦ੍ਰ ਇੱਕ ਉੱਚ-ਕੋਟੀ ਦਾ ਆਲੋਚਕ ਹੈ । ਉਸ ਨੇ ਭਾਰਤੀ ਤੇ ਪੱਛਮੀ ਕਾਵਿ-ਸ਼ਾਸਤਰ ਤੋਂ ਹਿੰਦੀ ਪਾਠਕਾਂ ਨੂੰ ਜਾਣੂ ਕਰਾਇਆ । ਰਸ-ਸਿਧਾਂਤ ਦੀ ਨਵੀਂ ਵਿਆਖਿਆ ਕੀਤੀ । ਸਧਾਰਨੀਕਰਨ , ਉਦਾਤ ਅਤੇ ਅਰਸਤੂ ਦੇ ਕਾਵਿ-ਸ਼ਾਸਤਰ ਦੀ ਹਿੰਦੀ ਆਲੋਚਨਾ ਦੀ ਵਡਮੁੱਲੀ ਦੇਣ ਦਾ ਗੌਰਵ ਪ੍ਰਾਪਤ ਕੀਤਾ । ਨਗੇਂਦ੍ਰ ਨੂੰ ਹਿੰਦੀ , ਅੰਗਰੇਜ਼ੀ ਅਤੇ ਸੰਸਕ੍ਰਿਤ ਦਾ ਚੰਗਾ ਗਿਆਨ ਸੀ । ਇਸ ਲੇਖਕ ਨੇ ਭਾਸ਼ਾ ਦੀ ਤ੍ਰਿਵੇਣੀ ਦਾ ਸੰਗਮ ਕਰ ਕੇ ਹਿੰਦੀ ਆਲੋਚਨਾ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ । ਜ਼ਿਆਦਾ ਸਮਾਂ ਦਿੱਲੀ ਰਿਹਾ ਅਤੇ ਹਿੰਦੀ ਖੋਜ ਨੂੰ ਵਿਸਤਾਰ ਦੇਣ ਵਾਲੇ ਵਿਦਵਾਨਾਂ ਵਿੱਚ ਉਸ ਦਾ ਨਾਂ ਬੜੇ ਹੀ ਆਦਰ ਨਾਲ ਲਿਆ ਜਾਂਦਾ ਹੈ ।

        ਨਗੇਂਦ੍ਰ ਦਾ ਜਨਮ 9 ਮਾਰਚ 1915 ਵਿੱਚ ਜ਼ਿਲ੍ਹਾ ਅਲੀਗੜ੍ਹ ਤੇ ਅਤਰੌਲੀ ਕਸਬੇ ਵਿੱਚ ਨਗਾਇਚ ਪਰਿਵਾਰ ਵਿੱਚ ਹੋਇਆ । ਉਸ ਦੇ ਪਿਤਾ ਦਾ ਨਾਂ ਰਾਜੇਂਦ੍ਰ ਸੀ । ਸ਼ੁਰੂ ਵਿੱਚ ਉਸ ਨੂੰ ਪੜ੍ਹਨਾ ਚੰਗਾ ਨਹੀਂ ਸੀ ਲੱਗਦਾ ਅਤੇ ਸਕੂਲੋਂ ਭੱਜ ਕੇ ਆ ਜਾਂਦਾ ਸੀ । ਬਾਅਦ ਵਿੱਚ ਪੰਡਤ ਗਧਾਵੱਲਭ ਅਤੇ ਮੁਨਸ਼ੀ ਕਿਸ਼ਨ ਲਾਲ ਹੋਰਾਂ ਦੀ ਪ੍ਰੇਰਨਾ ਨਾਲ ਉਸ ਦੀ ਰੁਚੀ ਪੜ੍ਹਾਈ ਪ੍ਰਤਿ ਹੋ ਗਈ । ਉਸ ਨੇ ਅਠਵੀਂ ਤੱਕ ਸਿੱਖਿਆ ਅਤਰੌਲੀ ਵਿੱਚ ਪ੍ਰਾਪਤ ਕੀਤੀ । 9 ਸਾਲ ਦੀ ਉਮਰ ਵਿੱਚ ਉਸ ਦੇ ਪਿਤਾ ਅਕਾਲ ਚਲਾਣਾ ਕਰ ਗਏ । ਉਸ ਨੇ ਦਸਵੀਂ ਅਨੂਪ ਸ਼ਹਿਰ ਤੋਂ ਕੀਤੀ । ਉਸ ਦੀ ਵਿਸ਼ੇਸ਼ ਰੁਚੀ ਹਿੰਦੀ ਅਤੇ ਸੰਸਕ੍ਰਿਤ ਵਿੱਚ ਸੀ । ਉਸ ਨੇ ਬਚਪਨ ਤੋਂ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ । 1936 ਵਿੱਚ ਐਮ.ਏ. ਅੰਗਰੇਜ਼ੀ ਦੀ ਡਿਗਰੀ ਪ੍ਰਾਪਤ ਕੀਤੀ । ਇਸ ਤੋਂ ਬਾਅਦ ਦਿੱਲੀ ਕਾਮਰਸ ਕਾਲਜ ਵਿਖੇ ਅੰਗਰੇਜ਼ੀ ਦਾ ਅਧਿਆਪਕ ਨਿਯੁਕਤ ਹੋਇਆ । 1937 ਵਿੱਚ ਨਾਗਪੁਰ ਯੂਨੀਵਰਸਿਟੀ ਤੋਂ ਐਮ.ਏ. ਹਿੰਦੀ ਕੀਤੀ ।

        ਨਗੇਂਦ੍ਰ ਦਾ ਪਹਿਲਾ ਕਵਿਤਾ-ਸੰਗ੍ਰਹਿ ਬਨਮਾਲਾ ਪ੍ਰਕਾਸ਼ ਵਿੱਚ ਆਇਆ । ਬਾਅਦ ਵਿੱਚ ਉਸ ਦੀ ਰੁਚੀ ਕਵਿਤਾ ਦੀ ਅਪੇਖਿਆ ਆਲੋਚਨਾ ਵੱਲ ਵਧੇਰੇ ਹੋਈ ।

        1938 ਵਿੱਚ ਉਸ ਦੀ ਪਹਿਲੀ ਆਲੋਚਨਾ ਪੁਸਤਕ ਸੁਮ੍ਰਿਤਾ ਨੰਦਨ ਪੰਤ ਪ੍ਰਕਾਸ਼ ਵਿੱਚ ਆਈ । ਮੈਥਿਲੀਸ਼ਰਣ ਗੁਪਤ ਦੇ ਮਹਾਕਾਵਿ ਸਾਕੇਤ ਉੱਤੇ ਇੱਕ ਆਲੋਚਨਾ ਪੁਸਤਕ ਸਾਕੇਤ ਏਕ ਅਧਿਐਨ ( 1936 ) ਪ੍ਰਕਾਸ਼ਿਤ ਹੋਈ ।

        ਨਗੇਂਦ੍ਰ ਨੇ 1947 ਵਿੱਚ ਅਧਿਆਪਨ ਕਾਰਜ ਛੱਡ ਕੇ ਆਕਾਸ਼ਵਾਣੀ ਵਿੱਚ ਨੌਕਰੀ ਕੀਤੀ । ਉਸ ਨੇ ਆਗਰਾ ਯੂਨੀਵਰਸਿਟੀ ਤੋਂ ‘ ਰੀਤੀ-ਕਾਵਿ ਕੀ ਭੂਮਿਕਾ ਮੇਂ ਦੇਵੇ ਦਾ ਸਥਾਨ` ਤੇ ਡੀ. ਲਿਟ ਦੀ ਉਪਾਧੀ ਪ੍ਰਾਪਤ ਕੀਤੀ । ਇਹਨਾਂ ਦਾ ਦੂਜਾ ਕਾਵਿ-ਸੰਗ੍ਰਹਿ ਛੰਦਮਯੀ ਛਪਿਆ । ਆਕਾਸ਼ਵਾਣੀ ਦੇ ਡਾਇਰੈਕਟਰ ਵਜੋਂ ਨੌਕਰੀ ਪ੍ਰਾਪਤ ਹੁੰਦੇ ਹੋਇਆਂ ਵੀ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਰੀਡਰ ਵਜੋਂ ਕਾਰਜ ਕਰਨਾ ਪਸੰਦ ਕੀਤਾ । ਉਸ ਦੀ ਦੇਖ-ਰੇਖ ਵਿੱਚ ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਨੂੰ ਵਿਸ਼ੇਸ਼ ਨਾਂ ਪ੍ਰਾਪਤ ਹੋਇਆ । ਇਹ ਇੱਕ ਤਰ੍ਹਾਂ ਨਾਲ ਹਿੰਦੀ ਦਾ ਸਮਰਾਟ ਪ੍ਰੋਫ਼ੈਸਰ ਮੰਨਿਆ ਜਾਣ ਲੱਗ ਪਿਆ । ਉਸ ਨੂੰ ਦਿੱਲੀ ਰਹਿੰਦਿਆਂ ਵੱਡੀਆਂ-ਵੱਡੀਆਂ ਸਮਿਤੀਆਂ ਵਿੱਚ ਮਨੋਨੀਤ ਕੀਤਾ ਗਿਆ । ਉਸ ਨੂੰ ਹਿੰਦੀ ਸੇਵਾ ਕਰ ਕੇ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਆ ਗਿਆ ।

        ਨਗੇਂਦ੍ਰ ਇੱਕ ਬਹੁਪੱਖੀ ਵਿਅਕਤਿਤਵ ਦਾ ਧਾਰਨੀ ਸੀ । ਜੋ ਇੱਕ ਵਾਰੀ ਉਸ ਦੇ ਸੰਪਰਕ ਵਿੱਚ ਆ ਜਾਂਦਾ ਸੀ ਉਹ ਕਿਸੇ ਨਾ ਕਿਸੇ ਰੂਪ ਵਿੱਚ ਉਸ ਤੋਂ ਪ੍ਰਭਾਵਿਤ ਜ਼ਰੂਰ ਹੁੰਦਾ ਸੀ । ਇਹ ਇੱਕ ਕੁਸ਼ਲ ਅਧਿਆਪਕ , ਪਾਰਖੀ ਮੁਖੀ ਅਤੇ ਇੱਕ ਕੁਸ਼ਲ ਪ੍ਰਸ਼ਾਸਕ ਸੀ । ਉਸ ਨੇ ਹਿੰਦੀ ਆਲੋਚਨਾ ਵਿਸ਼ੇਸ਼ ਕਰ ਨਵੀਂ ਆਲੋਚਨਾ ਦੀ ਪ੍ਰਤਿਮਾਨਕ ਪਛਾਣ ਕੀਤੀ । ਉਸ ਦੀਆਂ ਪ੍ਰਕਾਸ਼ਿਤ ਰਚਨਾਵਾਂ ਇਸ ਤਰ੍ਹਾਂ ਹਨ-ਰੀਤੀ-ਕਾਵਿ ਭੂਮਿਕਾ , ਭਾਰਤੀਯ ਕਾਵਿ-ਸ਼ਾਸਤਰ ਕੀ ਭੂਮਿਕਾ , ਰਸ-ਸਿਧਾਂਤ , ਭਾਰਤੀਯ ਸੌਂਦਰਯ-ਸ਼ਾਸਤਰ ਕੀ ਭੂਮਿਕਾ , ਹਿੰਦੀ ਧਵਨਯਲੋਕ , ਹਿੰਦੀ ਕਾਵਿਯਲੰਕਾਰ , ਸੂਤਰ , ਹਿੰਦੀ ਵਕ੍ਰੋਗਤ ਜੀਵਿਤ , ਅਰਸਤੂ ਕਾ ਕਾਵਿ-ਸ਼ਾਸਤਰ , ਕਾਵਿ ਮੇਂ ਓੁਦਾਤ ਤਤਵ ਆਦਿ । ਇਹਨਾਂ ਦੀ ਵਿਹਾਰਿਕ ਸਮੀਖਿਆ ਦੇ ਵਿੱਚ ਸੁਮਿਤ੍ਰਾ ਨੰਦਨ ਪੰਤ , ਸਾਕੇਤ ਏਕ ਅਧਿਐਨ , ਆਧੁਨਿਕ ਹਿੰਦੀ ਨਾਟਕ , ਦੇਵ ਔਰ ਉਨਕੀ ਕਵਿਤਾ , ਨਯੀਂ ਸਮੀਖਿਆ : ਨਯੇ ਸੰਦਰਭ , ਭਾਰਤੀਯ ਵਾਡਮਯ ਪਾਸ਼ਚਾਤਯ ਕਾਵਿ ਕੀ ਪਰੰਪਰਾ , ਨਿਬੰਧ ਸੰਕਲਨ , ਆਸਥਾ ਕੇ ਚਰਣ , ਆਦਿ ਰਚਨਾਵਾਂ ਸ਼ਾਮਲ ਹਨ ।

        ਨਗੇਂਦ੍ਰ ਮੂਲ ਰੂਪ ਵਿੱਚ ਇੱਕ ਖੋਜੀ ਸੀ । ਸਾਰੀ    ਉਮਰ ਖ਼ੁਦ ਵੀ ਖੋਜ ਕਰਦਾ ਰਿਹਾ ਅਤੇ ਆਪਣੇ ਖੋਜ ਵਿਦਿਆਰਥੀਆਂ ਅਤੇ ਆਪਣੇ ਸਹਿਕਰਮੀਆਂ ਨੂੰ ਇਸ ਲਈ ਪ੍ਰੇਰਦਾ ਵੀ ਰਿਹਾ । ਇਸ ਤਰ੍ਹਾਂ ਨਗੇਂਦ੍ਰ ਦਾ ਆਪਣਾ ਇੱਕ ਸਕੂਲ ਬਣ ਗਿਆ । ਉਸ ਦੀਆਂ ਸਾਹਿਤ ਸੰਬੰਧੀ ਕੁਝ ਧਾਰਨਾਵਾਂ ਇਸ ਤਰ੍ਹਾਂ ਹਨ-ਉਸ ਨੇ ਕਾਵਿ ਦੇ ਸਰੂਪ , ਸੌਂਦਰਯ ਕਲਾ ਦਾ ਸਰੂਪ , ਸਾਹਿਤ ਦਾ ਮੂਲ ਧਰ , ਕਾਵਿ ਮੁੱਲ , ਕਾਵਿ ਦੀ ਪ੍ਰੇਰਨਾ , ਸਾਹਿਤ ਦੇ ਜੀਵਨ , ਕਾਵਿ ਦੇ ਮਾਨਦੰਡ , ਕਾਵਿ ਦੇ ਹੇਤੁ , ਕਾਵਿ ਦੇ ਮੂਲ ਤਤਵ , ਕਾਵਿ ਵਿੱਚ ਕਲਪਨਾ ਅਨੁਭੂਤੀ ਅਤੇ ਅਭਿਵਿਅਕਤੀ , ਕਾਵਿ ਬਿੰਬ , ਸਾਹਿਤ ਦਾ ਸਤਰ , ਸਾਹਿਤ ਦੇ ਰੂਪ-ਭੇਦ ਆਦਿ ਦੀ ਵਿਆਖਿਆ ਕਰਦੇ ਹੋਇਆਂ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਸਤੁਤ ਕੀਤਾ ਹੈ । ਸਾਹਿਤ ਦਾ ਸ਼ਾਇਦ ਹੀ ਅਜਿਹਾ ਪੱਖ ਹੋਵੇ ਜਿਸ ਬਾਰੇ ਨਗੇਂਦ੍ਰ ਨੇ ਆਪਣੇ ਨਿਜੀ ਵਿਚਾਰ ਪ੍ਰਸਤੁਤ ਨਾ ਕੀਤੇ । ਇਸਨੇ ਇੱਕ ਸੂਝਵਾਨ ਸਮੀਖਿਅਕ ਦੀ ਪਛਾਣ ਦਿੱਤੀ ਹੈ । ਨਗੇਂਦ੍ਰ ਦੀ ਖ਼ੂਬੀ ਇਹ ਹੈ ਕਿ ਉਹ ਆਪਣੀਆਂ ਧਾਰਨਾਵਾਂ ਨੂੰ ਤਰਕ ਤੇ ਪ੍ਰਸਤੁਤ ਕਰਦਾ ਹੈ ਅਤੇ ਪ੍ਰਭਾਵਸ਼ਾਲੀ ਤੇ ਸੁਬੋਧ ਸ਼ੈਲੀ ਦੀ ਵਰਤੋਂ ਕਰਦਾ ਹੈ । ਉਸ ਦੇ ਵਿਚਾਰ ਉਸ ਦੇ ਅਨੁਭਵ ਤੇ ਅਨੁਭੂਤੀ ਤੇ ਆਧਾਰਿਤ ਹਨ । ਉਹ ਹਰ ਗੱਲ ਦਾ ਇੱਕ ਵਿਗਿਆਨਿਕ ਆਧਾਰ ਪ੍ਰਸਤੁਤ ਕਰਦਾ ਹੈ । ਸਾਹਿਤ ਵਿੱਚ ਆਧੁਨਿਕਤਾ ਦੀ ਚਰਚਾ ਕਰਦੇ ਹੋਏ ਲੇਖਕ ਨੇ ਕੁਝ ਇਸ ਤਰ੍ਹਾਂ ਦੀਆਂ ਧਾਰਨਾਵਾਂ ਪ੍ਰਸਤੁਤ ਕੀਤੀਆਂ ਹਨ ਜੋ ਅੱਜ ਵੀ ਸਹੀ ਹਨ । ਉਹ ਆਧੁਨਿਕ ਆਲੋਚਨਾ ਨੂੰ ਭਾਰਤੀ ਤੇ ਪੱਛਮੀ ਆਧਾਰ ਤੇ ਸਹੀ ਪਛਾਣ ਦਾ ਵਡਮੁੱਲਾ ਆਧਾਰ ਪ੍ਰਸਤੁਤ ਕਰਦਾ ਹੈ । ਵਿਸ਼ੇ ਦੇ ਅਨੁਰੂਪ ਉਸ ਦੀ ਭਾਸ਼ਾ ਅਤੇ ਸ਼ੈਲੀ ਵਿੱਚ ਬਦਲਾਵ ਵੇਖਿਆ ਜਾ ਸਕਦਾ ਹੈ ।


ਲੇਖਕ : ਹੁਕਮ ਚੰਦ ਰਾਜਪਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.