ਨਰਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ ( ਨਾਂ , ਪੁ ) ਪੁਰਾਣਾਂ ਅਨੁਸਾਰ , ਪਾਪੀ ਲੋਕਾਂ ਨੂੰ ਕੁਕਰਮਾਂ ਦੀ ਸਜ਼ਾ ਦੇਣ ਵਾਲਾ ਇੱਕ ਦੇਸ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ [ ਨਾਂਪੁ ] ਧਰਮ ਚਿੰਤਨ ਅਨੁਸਾਰ ਉਹ ਕਲਪਿਤ ਥਾਂ ਜਿੱਥੇ ਮੌਤ ਪਿਛੋਂ ਕੁਕਰਮਾਂ ਦਾ ਫਲ਼ ਭੁਗਤਣ ਲਈ ਜਾਣਾ ਪੈਂਦਾ ਹੈ , ਦੋਜ਼ਖ਼ , ਜਹੰਨੁਮ; ਦੁਖ , ਕਸ਼ਟ , ਸੰਤਾਪ , ਮਾੜੀ ਜ਼ਿੰਦਗੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਰਕ . ਸੰ. ਸੰਗ੍ਯਾ— ਪੁਰਾਣਾਂ ਅਨੁਸਾਰ ਉਹ ਦੇਸ਼ , ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ : — ਤਾਮਿਸ੍ਰ , ਅੰਧਤਾਮਿਸ੍ਰ , ਰੌਰਵ , ਮਹਾਰੌਰਵ , ਨਰਕ , ਮਹਾਨਰਕ , ਕਾਲਸੂਤ੍ਰ , ਸੰਜੀਵਨ , ਮਹਾਵੀਚਿ , ਤਪਨ , ਸੰਪ੍ਰਤਾਪਨ , ਸੰਹਾਤ , ਸੰਕਾਕੋਲ , ਕੁਡਮਲ , ਪ੍ਰਤਿਮੂਰਤਿਕ , ਲੋਹਸ਼ੰਕੁ , ਰਿਜੀ੄ , ਸ਼ਾਲਮਲੀ , ਵੈਤਰਣੀ , ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ , ਮਨੁ ਅ : ੪ , ਸ਼ : ੮੮ , ੮੯ , ੯੦. ਬ੍ਰਹੑਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ , ਪ੍ਰਕ੍ਰਿਤਿ ਖੰਡ ਅ : ੨੭. “ ਕਵਨ ਨਰਕ ਕਿਆ ਸੁਰਗ ਬਿਚਾਰਾ ਸੰਤਨ ਦੋਊ ਰਾਦੇ.” ( ਰਾਮ ਕਬੀਰ ) ੨ ਦੁੱਖ. ਕਲੇਸ਼ । ੩ ਕੁਕਰਮ. ਨੀਚ ਕਰਮ. ਵਿ੄ਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ , ਅਤੇ ਕੁਕਰਮ ਨਰਕ ਹੈ । ੪ ਇੱਕ ਦੈਤ , ਭੌਮਾਸੁਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਰਕ : ਭਾਰਤੀ ਸੰਸਕ੍ਰਿਤੀ ਅਨੁਸਾਰ ਜਿਥੇ ਪਾਪੀ ਲੋਕ ਕਰਮ-ਫਲ ਭੋਗਣ ਲਈ ਰਖੇ ਜਾਂਦੇ ਹਨ , ਉਸ ਨੂੰ ‘ ਨਰਕ’ ਕਿਹਾ ਜਾਂਦਾ ਹੈ । ਇਸ ਸੰਕਲਪ ਦਾ ਆਧਾਰ ਵੀ ‘ ਸਵਰਗ ’ ( ਵੇਖੋ ) ਵਾਂਗ ‘ ਕਰਮਵਾਦ’ ਹੈ । ਮਾੜੇ ਕਰਮਾਂ ਤੋਂ ਲੋਕਾਂ ਨੂੰ ਵਰਜਣ ਲਈ ਹਰ ਧਰਮ ਵਾਲਿਆਂ ਨੇ ਆਪਣੇ ਆਪਣੇ ਢੰਗ ਨਾਲ ਨਰਕ ਦਾ ਸੰਕਲਪ ਬਣਾਇਆ ਹੋਇਆ ਹੈ । ਹਿੰਦੂ ਧਰਮ ਵਿਚ ਮਨੁੱਖ ਨੂੰ ਨਰਕ ਬਾਰੇ ਅਧਿਕ ਸਚੇਤ ਕੀਤਾ ਗਿਆ ਹੈ ।

                      ਪੁਰਾਣ-ਯੁਗ ਵਿਚ ਪੂਜਾ-ਵਿਧੀਆਂ ਦੇ ਜ਼ਿਆਦਾ ਵਿਕਸਿਤ ਹੋ ਜਾਣ ਨਾਲ ਤੀਰਥ-ਸਥਾਨਾਂ ਉਤੇ ਰਹਿਣ ਵਾਲੇ ਪੰਡਿਆਂ ਅਤੇ ਪੁਰੋਹਿਤਾਂ ਨੇ ਹਰ ਮਾੜੇ ਕਰਮ ਦਾ ਮਾੜਾ ਸਿੱਟਾ ਅਤੇ ਹਰ ਚੰਗੇ ਕਰਮ ਦਾ ਚੰਗਾ ਫਲ ਦਸਣ ਲਈ ਬਹੁਤ ਸਾਰੇ ਆਖਿਆਨਾਂ ਦੀ ਸਿਰਜਨਾ ਕੀਤੀ । ਕਿਤੇ ਕਿਤੇ ਪੁਰਾਤਨ ਆਖਿਆਨਾਂ ਨੂੰ ਮੋੜ ਤੋੜ ਕੇ ਆਪਣੇ ਆਸ਼ੇ ਅਨੁਰੂਪ ਬਣਾ ਲਿਆ । ਨਰਕ ਦੇ ਭੇਦਾਂ-ਉਪਭੇਦਾਂ ਦਾ ਇਤਨਾ ਭਿਆਨਕ ਬ੍ਰਿੱਤਾਂਤ ਦਿੱਤਾ ਕਿ ਜਿਗਿਆਸੂ ਨਰਕ ਤੋਂ ਪਿਛਾ ਛੁੜਾਉਣ ਲਈ ਉਨ੍ਹਾਂ ਦੇ ਮੁਕਾਬਲੇ ਘਟ ਕਸ਼ਟ- ਦਾਇਕ ਪੂਜਾ-ਵਿਧੀਆਂ ਅਤੇ ਕਰਮ-ਕਾਂਡਾਂ ਨੂੰ ਕਰਨ ਲਈ ਤਿਆਰ ਹੋ ਜਾਂਦੇ ਸਨ । ਪੁਰਾਣਾਂ ਵਿਚ ਪਾਪ-ਕਰਮਾਂ ਦੀਆਂ ਲੰਬੀਆਂ ਸੂਚੀਆਂ ਅਤੇ ਉਨ੍ਹਾਂ ਲਈ ਕੀਤੇ ਜਾਣ ਵਾਲੇ ਪ੍ਰਾਸਚਿਤਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ । ਤੀਰਥ- ਯਾਤ੍ਰਾ ਅਤੇ ਬ੍ਰਤ ਧਾਰਣ ਕਰਕੇ ਪੁੰਨ-ਦਾਨ ਕਰਨ ਉਤੇ ਅਧਿਕ ਬਲ ਦਿੱਤਾ ਗਿਆ ਹੈ ।

                  ‘ ਮਨੁ-ਸਮ੍ਰਿਤੀ’ ਵਿਚ ਨਰਕ ਦੇ 21 ਪ੍ਰਕਾਰ ਜਾਂ ਭੇਦ ਲਿਖੇ ਹਨ— ਤਾਮਿਸ੍ਰ , ਅੰਧ-ਤਾਮਿਸ੍ਰ , ਰੌਰਵ , ਮਹਾਰੌਰਵ , ਨਰਕ , ਮਹਾਨਰਕ , ਕਾਲ-ਸੂਤ੍ਰ , ਸੰਜੀਵਨ , ਮਹਾਵੀਚਿ , ਤਪਨ , ਸੰਪ੍ਰਤਾਪਨ , ਸੰਹਾਤ , ਸੰਕਾਕੋਲ , ਕੁਡਮਲ , ਪ੍ਰਤਿਮੂਰਤਿਕ , ਲੋਹਸ਼ੰਕੁ , ਰਿਜੀਸ਼ , ਸ਼ਾਲਮਲੀ , ਵੈਤਰਣੀ , ਅਸਿਪਤ੍ਰਵਨ , ਲੋਹਦਾਰਕ । ਪੁਰਾਣਾਂ ਵਿਚ ਨਰਕ-ਕੁੰਡਾਂ ਦੀ ਕਲਪਨਾ ਕੀਤੀ ਗਈ ਹੈ । ‘ ਬ੍ਰਹਮਵੈਵਰਤ-ਪੁਰਾਣ’ ਵਿਚ ਇਨ੍ਹਾਂ ਦੀ ਗਿਣਤੀ 86 ਲਿਖੀ ਹੈ ਅਤੇ ‘ ਭਾਗਵਤ-ਪੁਰਾਣ’ ਵਿਚ 28 । ਇਸਲਾਮ ਵਿਚ ਨਰਕ ਲਈ ‘ ਦੋਜ਼ਖ਼’ ਸ਼ਬਦ ਦੀ ਵਰਤੋਂ ਕੀਤੀ ਗਈ ਹੈ ।

                      ਮਾੜੇ ਕਰਮਾਂ ਦੇ ਫਲ ਭੋਗਣ ਲਈ ਗੁਰਮਤਿ ਸਭਿਆਚਾਰ ਵਿਚ ਭਾਵੇਂ ਨਰਕਾਂ ਦਾ ਡਰਾਵਾ ਦਿੱਤਾ ਗਿਆ ਹੈ ( ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ਗੁ.ਗ੍ਰੰ.210 ) । ਪਰ ਪੁਰਾਣਾਂ ਵਰਗੀ ਨਿਸ਼ਾਨਦੇਹੀ ਨਹੀਂ ਹੋਈ । ਸੰਤ ਕਬੀਰ ਨੇ ਤਾਂ ਨਰਕ ਅਤੇ ਸਵਰਗ ਦੇ ਸੰਕਲਪਾਂ ਨੂੰ ਹੀ ਰਦ ਕਰ ਦਿੱਤਾ ਹੈ— ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਉ ਰਾਦੇ ( ਗੁ.ਗ੍ਰੰ.969 ) । ਸਿੱਖ ਮਤ ਵਿਚ ਭਾਵੇਂ ਕਰਮਵਾਦ ਨੂੰ ਮਾਨਤਾ ਦਿੱਤੀ ਗਈ ਹੈ , ਪਰ ਨਰਕ- ਸਵਰਗ ਦੀਆਂ ਗੱਲਾਂ ਕੇਵਲ ਲੌਕਿਕ ਸਭਿਆਚਾਰ ਦਾ ਅੰਗ ਹਨ । ਸਿੱਧਾਂਤਿਕ ਤੌਰ ’ ਤੇ ਇਨ੍ਹਾਂ ਨੂੰ ਕੋਈ ਸਵੀਕ੍ਰਿਤੀ ਨਹੀਂ ਮਿਲੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਰਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਰਕ * ( ਸੰ. । ਸੰਸਕ੍ਰਿਤ ਨਰਕ , ਨਿੑ ਧਾਤੂ ਤੋਂ , ਲਿਜਾਏ ਜਾਣਾ ) ਉਹ ਥਾਂ ਜਿਥੇ ਪਾਪੀ ਲਿਜਾਏ ਜਾਣ । ਪਾਪਾਂ ਦੇ ਫਲ ਭੋਗਣ ਦਾ ਸਥਾਨ । ਯਥਾ-‘ ਸੁਰਗ ਨਰਕ ਤੇ ਮੈ ਰਹਿਓ’ ।

----------

* ਇਕ ਵਿਤਪਤੀ ਇਹ ਬੀ ਹੋ ਸਕਦੀ ਹੈ- ਨਰ + ਅਕ = ਉਹ ਦੁਖ ਜੋ ਨਰ ਨੂੰ ਹੀ ਹੋ ਸਕੇ , ਸੋ ਕੀਤੇ ਕਰਮਾਂ ਪਰ ਅਪਣੇ ਮਨ ਦਾ ਪਛਤਾਵਾ ਹੈ ਜੋ ਸਾਰੇ ਦੁਖਾਂ ਤੋਂ ਵਧੀਕ ਦੁਖਦਾਈ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1923, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.