ਨਿਆਇ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਆਇ ਦਰਸ਼ਨ : ਮਹਾਰਿਸ਼ੀ ਗੌਤਮ ਨਿਆਇ ਦਰਸ਼ਨ ਦੇ ਕਰਤਾ ਹਨ । ਇਸ ਗ੍ਰੰਥ ਦੀ ਰਚਨਾ ਮਹਾਰਿਸ਼ੀ ਨੇ ਪੰਜ ਅਧਿਆਵਾਂ ਵਿੱਚ ਕੀਤੀ । ਹਰ ਅਧਿਆਇ ਵਿੱਚ ਦੋ-ਦੋ ਆਹਨਿਕ ( ਖੰਡ ) ਅਤੇ ਕੁੱਲ 538 ਸੂਤਰ ਹਨ । ਪਹਿਲੇ ਅਧਿਆਇ ਵਿੱਚ ਨਿਆਇ ਦੇ ਲੱਛਣ ਅਤੇ ਉਦੇਸ਼ ਲਿਖੇ ਗਏ ਹਨ ਅਤੇ ਬਾਕੀ ਚਾਰਾਂ ਵਿੱਚ ਦਿੱਤੇ ਲੱਛਣਾਂ ਦੀ ਮੀਮਾਂਸਾ ਜਾਂ ਵਿਆਖਿਆ ਕੀਤੀ ਗਈ ਹੈ ।

 

        ਆਮ ਤੌਰ ਤੇ ਨਿਆਇ ਸ਼ਬਦ ਦੀ ਵਰਤੋਂ ਕਈ ਅਰਥਾਂ ਵਿੱਚ ਕੀਤੀ ਜਾਂਦੀ ਹੈ ਪਰੰਤੂ ਦਾਰਸ਼ਨਿਕ ਦ੍ਰਿਸ਼ਟੀ ਤੋਂ ਨਿਆਇ ਦਾ ਅਰਥ ਹੈ' नीयते प्राप्यते विविक्षितार्थ सि : ( िर्येन इति न्याय : ਅਰਥਾਤ ਜਿਸ ਨਾਲ ਕਿਸੇ ਵਿਸ਼ੇ ਦਾ ਨਿਰਣੇ ਕੀਤਾ ਜਾਵੇ ਜਾਂ ਜਿਸ ਦੀ ਮਦਦ ਨਾਲ ਕਿਸੀ ਨਿਸ਼ਚਿਤ ਸਿਧਾਂਤ ਤੇ ਪਹੁੰਚਿਆ ਜਾਵੇ , ਉਹ ਤਰੀਕਾ , ਪ੍ਰਕਿਰਿਆ ਜਾਂ ਸਿਧਾਂਤ ਨਿਆਇ ਹੈ । ਇਸ ਦਰਸ਼ਨ ਦੇ ਚਾਰ ਮੁੱਖ ਉਦੇਸ਼ ਹਨ :

                  -              ਆਮ ਗਿਆਨ ਦੀ ਸਮੱਸਿਆ ਨੂੰ ਹੱਲ ਕਰਨਾ ।

                  -              ਦੁਨੀਆ ਦੀ ਹੋਂਦ ਅਤੇ ਪਰਿਵਰਤਨ ਦੀ ਪਹੇਲੀ ਨੂੰ ਸਮਝਣਾ ।

                  -              ਜੀਵਾਤਮਾ ਅਤੇ ਮੁਕਤੀ ਤੇ ਵਿਚਾਰ ਕਰਨਾ ।

                  -              ਪਰਮਾਤਮਾ ਬਾਰੇ ਗਿਆਨ ਪ੍ਰਾਪਤ ਕਰਨਾ ।

        ਗਿਆਨ ਦੇ ਚਾਰ ਸਾਧਨ ਹਨ , ਇਹਨਾਂ ਨੂੰ ਪ੍ਰਮਾਣ ਵੀ ਕਿਹਾ ਜਾਂਦਾ ਹੈ ਪ੍ਰਤਿਅਕਸ਼ , ਅਨੁਮਾਨ , ਉਪਮਾਨ ਤੇ ਸ਼ਬਦ । ਕੁਝ ਵਿਚਾਰਕ ਅਨੁਮਾਨ ਅਤੇ ਉਪਮਾਨ ਨੂੰ ਇਕੱਠਾ ਰੱਖਦੇ ਹਨ । ਪ੍ਰਤਿਅਕਸ਼ ਗਿਆਨ ਯਥਾਰਥਿਕਤਾ ਨੂੰ ਸਾਮ੍ਹਣੇ ਰੱਖਦਾ ਹੈ । ਸ਼ਬਦ ਪ੍ਰਯੋਗ ਕੀਤੇ ਸ਼ਬਦਾਂ ਦੇ ਭਾਵ ਨੂੰ ਅਭਿਧਾ , ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ ਰਾਹੀਂ ਸਮਝਾਉਂਦਾ ਹੈ । ਅਨੁਮਾਨ ਰਾਹੀਂ ਪ੍ਰਾਪਤ ਗਿਆਨ ਪੰਜ ਹਿੱਸਿਆਂ ਵਿੱਚ ਵੰਡ ਕੇ ਇੱਕ-ਇੱਕ ਪੌੜੀ ਚੜ੍ਹਦਾ ਹੋਇਆ ਯਥਾਰਥ ਤੱਕ ਪੁੱਜਦਾ ਹੈ :

                  1.              ਪ੍ਰਤਿੱਗਿਆ ( ਦਾਵਾ ਜਾਂ ਸੰਕਲਪ ) ਜਿਵੇਂ ‘ ਮੋਹਨ ਵਿੱਚ ਬੁੱਧੀ ਹੈ । ’

                  2.            ਹੇਤੂ ( ਮੂਲ ਗੁਣ ) , ‘ ਕਿਉਂਕਿ ਉਹ ਮਨੁੱਖ ਹੈ । ’

                  3.            ਉਦਾਹਰਨ ( ਉਸੀ ਤਰ੍ਹਾਂ ਦੇ ਹੋਰ ਪ੍ਰਮਾਣ ) ਜਿਵੇਂ ਰਾਮ , ਸੋਹਨ , ਚੰਦਰ ਆਦਿ ‘ ਸਭ ਮਨੁੱਖਾਂ ਵਿੱਚ ਬੁੱਧੀ ਹੁੰਦੀ ਹੈ । ’

                  4.            ਉਪਨਯ ( ਪ੍ਰਾਪਤੀ ) ‘ ਮੋਹਨ ਵੀ ਮਨੁੱਖ ਹੈ । ’

                  5.            ਨਿਗਮਨ ( ਉਦਾਹਰਨ ਅਤੇ ਉਪਨਯ ਦੇ ਵਿੱਚ ਸਿੱਧ ਕੀਤੀ ਪ੍ਰਤਿੱਗਿਆ ਦਾ ਪੁਨਰ ਕਥਨ ) ‘ ਇਸ ਲਈ ਮੋਹਨ ਵਿੱਚ ਵੀ ਬੁੱਧੀ ਹੈ । ’ ਪੰਜਵੀਂ ਸਥਿਤੀ ਤੇ ਪੁੱਜ ਕੇ ਅਨੁਮਾਨ ਗਿਆਨ ਸਿੱਧ ਹੋ ਜਾਂਦਾ ਹੈ ।

        ਗੌਤਮ ਮਹਾਰਿਸ਼ੀ ਨੇ ਸ੍ਰਿਸ਼ਟੀ ਦੇ ਸਾਰੇ ਤਾਣੇ-ਬਾਣੇ , ਜੀਵਾਤਮਾ ਅਤੇ ਮੋਕਸ਼ ਦੀ ਸਮਝ ਦਾ ਆਧਾਰ ਕੁੱਲ ਸੋਲਾਂ ਪਦਾਰਥ ਮੰਨੇ ਹਨ :

              -                  ਪ੍ਰਮਾਣ ( ਪ੍ਰਤਿਅਕਸ਼ , ਅਨੁਮਾਨ , ਉਪਮਾਨ ਅਤੇ ਸ਼ਬਦ ) : ਉਹ ਸਭ ਸਾਧਨ ਜਿਸ ਦੇ ਦੁਆਰਾ ਕਿਸੇ ਸਥਿਤੀ ਦਾ ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ , ਪ੍ਰਮਾਣ ਕਹੇ ਜਾਂਦੇ ਹਨ ।

              -                  ਪ੍ਰਮੇਯ ( ਆਤਮਾ , ਸਰੀਰ , ਇੰਦਰੀਆਂ , ਅਰਥ , ਬੁੱਧੀ , ਮਨ , ਪ੍ਰਕਿਰਤੀ , ਦੋਸ਼ , ਪ੍ਰੇਤਯਭਾਵ , ਫਲ , ਦੁੱਖ , ਮੁਕਤੀ ) : ਪ੍ਰਮਾਣ ਦੁਆਰਾ ਜਿਸ ਦਾ ਯਥਾਰਥ ਗਿਆਨ ਪ੍ਰਾਪਤ ਕੀਤਾ ਜਾਵੇ ਜਾਂ ਜੋ ਯਥਾਰਥ ਗਿਆਨ ਦੇ ਯੋਗ ਹੋਵੇ , ਪ੍ਰਮੇਯ ਹੁੰਦਾ ਹੈ । ਉੱਪਰ ਬਾਰਾਂ ਪ੍ਰਮੇਯਾਂ ਦੀ ਸੂਚੀ ਦਿੱਤੀ ਹੈ ।

              -                  ਸੰਸ਼ਯ : ਦੋ ਧਾਰਾਂ ਵਾਲਾ ਗਿਆਨ ਅਰਥਾਤ ਜਿਸ ਵਿੱਚ ਕਿਸੇ ਇੱਕ ਧਾਰਾ ਦਾ ਨਿਸ਼ਚੈ ਨਾ ਕੀਤਾ ਜਾ ਸਕੇ ।

              -                  ਪ੍ਰਯੋਜਨ : ਜਿਸ ਮਤਲਬ ਨੂੰ ਲੈ ਕੇ ਕਰਮ ਵਿੱਚ ਪ੍ਰਵਿਰਤੀ ਹੁੰਦੀ ਹੈ ।

              -                  ਦ੍ਰਿਸ਼ਟਾਂਤ : ਮਿਸਾਲ ਜਾਂ ਉਦਾਹਰਨ

              -                  ਸਿਧਾਂਤ : ਨਤੀਜਾ ਜਾਂ ਨਿਸ਼ਚੈ

              -                  ਅਵਯਵ : ਗਿਆਨ ਦੀਆਂ ਪੰਜ ਪੌੜੀਆਂ ( ਪ੍ਰਤਿੱਗਿਆ , ਹੇਤੂ , ਉਦਾਹਰਨ , ਉਪਨਯ ਅਤੇ ਨਿਗਮਨ )

              -                  ਤਰਕ : ਯੁਕਤੀ

              -                  ਨਿਰਣਯ : ਫ਼ੈਸਲਾ

              -                  ਵਾਦ : ਜਿੱਤ-ਹਾਰ ਦਾ ਖ਼ਿਆਲ ਛੱਡ ਕੇ ਯਥਾਰਥ ਗਿਆਨ ਤੱਕ ਪੁੱਜਣ ਲਈ ਕੀਤੀ ਚਰਚਾ ।

              -                  ਜਲਪ : ਬਾਰ-ਬਾਰ ਦੁਹਰਾਈ ਗੱਲ ਜਿਹੜੀ ਜਿੱਤਣ ਲਈ ਕਹੀ ਜਾਵੇ ।

              -                  ਵਿਤੰਡਾ : ਦੂਜੇ ਦਾ ਪੱਖ ਝੂਠਾ ਸਾਬਤ ਕਰਨ ਲਈ ਆਪਣੇ ਪੱਖ ਵਿੱਚ ਨਿਰਰਥਕ ਦਲੀਲ ।

              -                  ਹੇਤ੍ਵਾਭਾਸ : ਕੁਤਰਕ , ਜਿੱਥੇ ਕਾਰਜ ਦਾ ਕਾਰਨ ਤਾਂ ਨਾ ਹੋਵੇ ਫੇਰ ਵੀ ਕਾਰਨ ਜੇਹਾ ਪ੍ਰਤੀਤ ਹੋਵੇ ।

              -                  ਛਲ : ਕਿਸੇ ਦੂਸਰੇ ਅਰਥ ਨੂੰ ਅੱਗੇ ਰੱਖ ਕੇ ਪ੍ਰਤੀਵਾਦੀ ਦੇ ਵਚਨ ਦਾ ਖੰਡਨ ।

              -                  ਜਾਤਿ : ਪ੍ਰਤਿਬੱਧ ਉੱਤਰ , ਭਾਵੇਂ ਉਹ ਝੂਠ ਹੀ ਹੋਵੇ ।

              -                  ਨਿਗ੍ਰਹ ਸਥਾਨ : ਵਾਦ-ਵਿਵਾਦ ਵਿੱਚ ਉਹ ਮੁੱਦਾ , ਜਿੱਥੇ ਮਾਕੂਲ ਜਾਂ ਸਹੀ ਉੱਤਰ ਨਾ ਸੁੱਝੇ ਅਤੇ ਹਾਰ ਮੰਨ ਲੈਣੀ ਪਵੇ ।

        ਇਹਨਾਂ ਸੋਲ੍ਹਾਂ ਪਦਾਰਥਾਂ ਦੇ ਪੂਰਨ ਗਿਆਨ ਤੋਂ ਹੀ ਗੌਤਮ ਰਿਸ਼ੀ ਨੇ ਮੁਕਤੀ-ਪ੍ਰਾਪਤੀ ਦੀ ਕਲਪਨਾ ਕੀਤੀ ਹੈ । ਉਸ ਨੇ ਲਿਖਿਆ ਹੈ ਕਿ ਦੁੱਖ , ਜਨਮ , ਪਾਪ-ਪੁੰਨ ਦੀ ਪ੍ਰਵਿਰਤੀ , ਦੋਸ਼ ( ਰਾਗ , ਦਵੇਸ਼ , ਮੋਹ ਆਦਿ ) ਤੇ ਮਿਥਿਆ ਗਿਆਨ , ਇਹਨਾਂ ਸਭ ਦੇ ਨਾਸ ਅਤੇ ਸੋਲਾਂ ਪਦਾਰਥਾਂ ਵਿੱਚ ਖੋਲ੍ਹ ਕੇ ਦੱਸੇ ਸਾਧਨਾਂ ਤੋਂ ਪ੍ਰਾਪਤ ਯਥਾਰਥ ਗਿਆਨ ਨਾਲ ਮੋਕਸ਼ ਪ੍ਰਾਪਤ ਹੁੰਦਾ ਹੈ ।

        ਮਨੁੱਖ ਮਿਥਿਆ ਗਿਆਨ ਦੇ ਕਾਰਨ ਸਰੀਰ ਨੂੰ ਹੀ ਆਤਮਾ ਸਮਝ ਬੈਠਦਾ ਹੈ ਜਿਸਦੇ ਕਾਰਨ ਰਾਗ-ਦਵੇਸ਼ ਉਪਜਦੇ ਹਨ । ਰਾਗ-ਦਵੇਸ਼ਾਂ ਤੋਂ ਪਾਪ-ਪੁੰਨ , ਪੁੰਨਾਂ ਤੋਂ ਜਨਮ ਅਤੇ ਜਨਮ ਦੇ ਕਾਰਨ ਦੁੱਖ ਪੈਦਾ ਹੁੰਦਾ ਹੈ । ਇਹ ਸੰਸਾਰ-ਚੱਕਰ ਹੈ । ਤੱਤ-ਗਿਆਨ ਹੋਣ ਤੋਂ ਬਾਅਦ ਹੀ ਮਿਥਿਆ ਗਿਆਨ ਮਿਟਦਾ ਹੈ । ਮਿਥਿਆ ਗਿਆਨ ਦੇ ਨਾਸ ਹੋਣ ਤੇ ਹੀ ਰਾਗ-ਦਵੇਸ਼ ਆਦਿ ਦਾ ਅੰਤ ਹੁੰਦਾ ਹੈ ਅਤੇ ਦੁੱਖ ਨਾਸ ਹੋ ਜਾਂਦਾ ਹੈ । ਦੁੱਖ ਦਾ ਪੂਰਨ ਨਾਸ ਹੀ ਮੁਕਤੀ ਹੈ ।

        ਨਿਆਂਇਕ ਇੱਕ ਪਰਮਾਤਮਾ ਅਤੇ ਅਨੇਕ ਆਤਮਾਵਾਂ ਦੀ ਹੋਂਦ ਸਵੀਕਾਰ ਕਰਦੇ ਹਨ । ਉਹ ਗਿਆਨ ਨੂੰ ਆਤਮਾ ਦਾ ਗੁਣ ਮੰਨਦੇ ਹਨ ਅਤੇ ਈਸ਼ਵਰ ਨੂੰ ਜਗਤ ਦਾ ਨਿਮਿੱਤ ਕਾਰਨ ।

        ਨਿਆਇਕ ਤਾਰਕਿਕ ਅਤੇ ਸੰਸ਼ਯਾਲੂ ( ਸੰਦੇਹ ਕਰਨ ਵਾਲੇ ) ਹੁੰਦੇ ਹਨ । ਤਰਕ ਨਾਲ ਸੰਦੇਹ ਨੂੰ ਦੂਰ ਕਰਨਾ ਇਹਨਾਂ ਦਾ ਮੁੱਖ ਉਦੇਸ਼ ਹੈ । ਇਹ ਕਹਿੰਦੇ ਹਨ ਕਿ ਨਿਰਨੇ ਕੀਤੇ ਗਏ ( ਨਿਰਨੀਤ ) ਤੇ ਸਪਸ਼ਟ ਪਦਾਰਥ ਦੇ ਅਰਥ ਵਿੱਚ ਨਿਆਇ ਬੇਮਤਲਬ ਹੈ । ਇਹ ਮਾਤਰ ਸੰਦੇਹ ਪੂਰਨ ਵਿਸ਼ਿਆਂ ਵਿੱਚ ਹੀ ਕੰਮ ਆਉਂਦਾ ਹੈ ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.