ਪਾਰਟੀਕਲਜ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਾਰਟੀਕਲਜ਼ : ਪਾਰਟੀਕਲਜ਼ , ਬੰਦ ਸ਼ਬਦ-ਸ਼ਰੇਣੀ ਦੇ ਸ਼ਬਦ ਹਨ । ਪੰਜਾਬੀ ਵਿਆਕਰਨਾਂ ਵਿਚ ਇਸ ਸ਼ਬਦ-ਸ਼ਰੇਣੀ ਦੇ ਮੈਂਬਰਾਂ ਨੂੰ ਕਿਰਿਆ ਵਿਸ਼ੇਸ਼ਣਾਂ ਜਾਂ ਵਿਸ਼ੇਸ਼ਣਾਂ ਦੀ ਸੂਚੀ ਵਿਚ ਰੱਖਿਆ ਜਾਂਦਾ ਰਿਹਾ ਹੈ ਪਰ ਰੂਪ , ਵਰਤੋਂ ਅਤੇ ਵਾਕਾਤਮਕ ਪੱਖ ਤੋਂ ਇਨ੍ਹਾਂ ਸ਼ਬਦ ਰੂਪਾਂ ਦਾ ਇਨ੍ਹਾਂ ਨਾਲ ਕੋਈ ਮੇਲ ਨਹੀਂ ਬੈਠਦਾ । ਇਨ੍ਹਾਂ ਸ਼ਬਦਾਂ ਦੀ ਸ਼ਰੇਣੀ ਸਥਾਪਤੀ ਵਾਕ ਬਣਤਰ ਵਿਚ ਵਰਤੋਂ ਅਤੇ ਵਾਕਾਤਮਕ ਕਾਰਜ ਦੇ ਅਧਾਰ ’ ਤੇ ਕੀਤੀ ਜਾਂਦੀ ਹੈ । ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ ਜਿਵੇਂ : ( i ) ਨਾਂਹ-ਵਾਚਕ ਅਤੇ ( ii ) ਦਬਾ-ਵਾਚਕ । ਨਾਂਹ-ਵਾਚਕ ਪਾਰਟੀਕਲਜ਼ ਦੇ ਸ਼ਬਦ ਰੂਪ ‘ ਨਾ , ਨਹੀਂ’ ਹਨ ਪਰੰਤੂ ਪੰਜਾਬੀ ਦੀਆਂ ਉਪਭਾਸ਼ਾਈ ਵੰਨਗੀਆਂ ਵਿਚ ਮੂਲ ਸ਼ਬਦ ਰੂਪਾਂ ਨਾਲੋਂ ਵੱਖਰੀ ਭਾਂਤ ਦੇ ਸ਼ਬਦ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ : ਨਈਂ , ਨਹੀਂਓਂ ( ਮਾਝੀ ) । ਨਾਂਹ-ਸੂਚਕ ਸ਼ਬਦ ਰੂਪ ਨਾਕਾਰਤਮਕ ਸਥਿਤੀ ਦਾ ਪਰਗਟਾਵਾ ਕਰਦੇ ਹਨ ਜਿਸ ਸ਼ਬਦ ਇਕਾਈ ਤੋਂ ਪਿਛੋਂ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਦਾ ਅਰਥ ਸਕਾਰਾਤਮਕ ਦੀ ਥਾਂ ਨਕਾਰਾਤਮਕ ਹੋ ਜਾਂਦਾ ਹੈ । ਇਨ੍ਹਾਂ ਦੀ ਵਰਤੋਂ ਸ਼ਬਦ ਤੋਂ ਲੈ ਕੇ ਵਾਕ ਤੱਕ ਕੀਤੀ ਜਾਂਦੀ ਹੈ ਜਿਵੇਂ : ‘ ਉਹ ਨਹੀਂ ਸਕੂਲ ਜਾਂਦਾ , ਉਹ ਸਕੂਲ ਨਹੀਂ ਜਾਂਦਾ , ਉਹ ਸਕੂਲ ਜਾਂਦਾ ਨਹੀ ਂ । ’ ਨਾਂਹ-ਵਾਚਕ ਸ਼ਬਦ ਰੂਪਾਂ ਦੀ ਵਰਤੋਂ ਵਿਕਲਪੀ ਨਹੀਂ ਹੁੰਦੀ , ਜਿਵੇਂ : ‘ ਉਹ ਰੋਟੀ ਨਹੀਂ ਖਾਂਦਾ , ਉਹ ਰੋਟੀ ਨਾ ਖਾਂਦਾ । ’ ‘ ਨਾ’ ਤੇ ‘ ਨਹੀਂ’ ਦੀ ਵਰਤੋਂ ਵਿਕਲਪੀ ਨਹੀਂ । ‘ ਨਾ’ ਦੀ ਵਰਤੋਂ ਅਗਿਆਵਾਚੀ ਵਾਕਾਂ ਲਈ ਵੀ ਕੀਤੀ ਜਾਂਦੀ ਹੈ ਜਿਵੇਂ : ਤੂੰ ਘਰ ਨਾ ਜਾਂਦਾ । ਜਿਨ੍ਹਾਂ ਵਾਕਾਂ ਵਿਚ ਨਾਂਹ-ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੋਵੇ ਉਨ੍ਹਾਂ ਵਿਚ ਸਹਾਇਕ ਕਿਰਿਆ ‘ ਹੈ’ ਦੀ ਵਰਤੋਂ ਨਹੀਂ ਹੁੰਦੀ ।

              ਇਸ ਸ਼ਬਦ-ਸ਼ਰੇਣੀ ਦੇ ਦੂਜੇ ਮੈਂਬਰ ਨੂੰ ‘ ਦਬਾ-ਵਾਚਕ’ ਸ਼ਬਦ ਕਿਹਾ ਜਾਂਦਾ ਹੈ । ਵਾਕਾਤਮਕ ਬਣਤਰ ਵਿਚ ‘ ਦਬਾ-ਵਾਚਕ’ ਦੀ ਵਰਤੋਂ ਉਸ ਅੰਸ਼ ਤੋਂ ਪਿਛੋਂ ਕੀਤੀ ਜਾਂਦੀ ਹੈ ਜਿਸ ’ ਤੇ ਦਬਾ ਦਿੱਤਾ ਜਾਣਾ ਹੋਵੇ । ਰੂਪ ਦੇ ਪੱਖ ਤੋਂ ਇਹ ਸ਼ਬਦ ਇਕਹਿਰੇ ਅਤੇ ਜੁੱਟ ਵਿਚ ਵਿਚਰਦੇ ਹਨ ਜਿਵੇਂ : ‘ ਹੀ , ਈ , ਵੀ , ਤਾਂ , ਜੁ , ਕਾਹਦਾ , ਤੇ , ਹਾਂ’ ਆਦਿ ਇਕਹਿਰੇ ਸ਼ਬਦਾਂ ਵਜੋਂ ਵਿਚਰਦੇ ਹਨ ਜਿਵੇਂ : ‘ ਉਹ ਸ਼ਹਿਰ ਹੀ ਗਿਐ , ਉਹ ਹੀ ਸ਼ਹਿਰ ਗਿਐ , ਉਹ ਸ਼ਹਿਰ ਜੁ ਗਿਐ , ਉਹ ਜੁ ਸ਼ਹਿਰ ਗਿਐ । ’ ‘ ਹਾਂ’ ਦੀ ਵਰਤੋਂ ਆਮ ਤੌਰ ’ ਤੇ ਵਾਕ ਦੇ ਸ਼ੁਰੂ ਵਿਚ ਹੁੰਦੀ ਹੈ , ‘ ਵੀ’ ਦੀ ਵਰਤੋਂ ਆਮ ਤੌਰ ’ ਤੇ ਵਾਕ ਦੇ ਵਿਚਕਾਰ ਹੁੰਦੀ ਹੈ । ਵਾਕ ਦੇ ਸ਼ੁਰੂ ਵਿਚ ਕਦੀ ਵੀ ਨਹੀਂ ਪਰ ਵਾਕ ਦੇ ਅਖੀਰ ਤੇ ਕਦੀ ਕਦੀ ਵਿਚਰ ਸਕਦਾ ਹੈ । ‘ ਹੈ’ ਵਾਕਾਤਮਕ ਬਣਤਰ ਵਿਚ ਕਿਸੇ ਵੀ ਸਥਾਨ ’ ਤੇ ਵਿਚਰ ਸਕਦਾ ਹੈ । ਇਸ ਤੋਂ ਪਹਿਲਾਂ , ਜਾਂ ਪਿਛੋਂ ‘ ਤਾਂ’ ਵਿਚਰਦਾ ਹੈ ਅਤੇ ਦੋਵੇਂ ਸ਼ਬਦ ਰੂਪ ਰਲ ਕੇ ਦਬਾ ਦਾ ਕਾਰਜ ਕਰਦੇ ਹਨ । ਦੂਜੇ ਪਾਸੇ ਜਦੋਂ ਦੋ ਸ਼ਬਦ ਰੂਪ ਇਕੋ ਕਾਰਜ ਕਰਦੇ ਹੋਣ ਤਾਂ ਉਨ੍ਹਾਂ ਨੂੰ ਜੁੱਟ ਕਿਹਾ ਜਾਂਦਾ ਹੈ । ਦਬਾ-ਵਾਚਕ ਸ਼ਬਦ ਰੂਪ ਵਾਕ ਵਿਚ ਕਈ ਸਥਾਨਾਂ ’ ਤੇ ਇਕੱਠੇ ਅਤੇ ਕਈ ਵਾਰੀ ਖਿਲਰੇ ਹੋਏ ਰੂਪਾਂ ਦੇ ਤੌਰ ’ ਤੇ ਵਿਚਰਦੇ ਹਨ , ਜਿਵੇਂ : ਤੇ-ਸਹੀ ( ਉਹ ਜਾਵੇ ਤੇ ਸਹੀ , ਉਹ ਜਾਵੇ ਤਾਂ ਸਹੀ ਭਲਾ ) , ਖਾਂ-ਜਰਾ ( ਤੂੰ ਪਿਛੇ ਹਟੀ ਖਾਂ ਜਰਾ ) , ਖਾਂ-ਭਲਾ ( ਤੂੰ ਪਿਛੇ ਹਟੀ ਖਾਂ ਭਲਾ ) । ਇਨ੍ਹਾਂ ਜੁੱਟਾਂ ਦੀ ਵਰਤੋਂ ਨੂੰ ਉਲਟਾਇਆ ਨਹੀਂ ਜਾ ਸਕਦਾ , ਜਿਵੇਂ : ਜਰਾ-ਖਾਂ ( ਤੂੰ ਪਿਛੇ ਹਟੀਂ ਜਰਾ ਖਾਂ ) * ।

              ਹੀ , ਈ \ ਵੀ , ਭੀ \ ਤੇ ਆਦਿ ਦੀ ਵਰਤੋਂ ਵਿਕਲਪੀ ਹੋ ਸਕਦੀ ਹੈ , ਜਿਵੇਂ : ਤੇ \ ਤਾਂ ( ਉਹ ੇ ਪੜ੍ਹਦਾ ਨਹੀਂ , ਉਹ ਤਾਂ ਪੜ੍ਹਦਾ ਨਹੀਂ ) । ਇਨ੍ਹਾਂ ਸ਼ਬਦ-ਸ਼ਰੇਣੀਆਂ ਬਾਰੇ ਇਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਵਾਕਾਤਮਕ ਬਣਤਰ ਵਿਚ ਨਾਂਹ-ਵਾਚਕ ਸ਼ਬਦ ‘ ਨਾ , ਨਹੀਂ’ ਆਮ ਤੌਰ ’ ਤੇ ਕਿਰਿਆ ਰੂਪਾਂ ਤੋਂ ਪਹਿਲਾਂ ਵਿਚਰਦੇ ਹਨ ਪਰ ਜੇ ਕਿਸੇ ਵਾਕਾਤਮਕ ਬਣਤਰ ਵਿਚ ਨਾਂਹ-ਵਾਚਕ ਅਤੇ ਦਬਾ-ਵਾਚਕ ਦੋਵੇਂ ਸ਼ਬਦ ਰੂਪਾਂ ਦੀ ਵਰਤੋਂ ਹੋਵੇ ਤਾਂ ਨਾਂਹ ਵਾਚਕ ਸ਼ਬਦ ਰੂਪਾਂ ਦੀ ਆਮਦ ਦਬਾ-ਵਾਚਕ ਸ਼ਬਦ ਰੂਪਾਂ ਤੋਂ ਪਿਛੋਂ ਹੁੰਦੀ ਹੈ , ਜਿਵੇਂ : ’ ਮਰੇ ਆਦਮੀ ਨੂੰ ਉਹ ਵੇਖ ਹੀ ਨਹੀਂ ਸਕਦਾ , ਮਰੇ ਆਦਮੀ ਨੂੰ ਉਹ ਵੇਖ ਨਹੀਂ ਹੀ ਸਕਦਾ*’ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.