ਪਿੰਡ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪਿੰਡ : ਖੇਤੀ ਨਾਲ ਸੰਬੰਧਿਤ ਸਮਾਜਾਂ ਦੀ ਸਭ ਤੋਂ ਮਹੱਤਵਪੂਰਨ ਇਕਾਈ ਪਿੰਡ ਹਨ । ਪਿੰਡ ਆਪਣੇ-ਆਪ ਵਿੱਚ ਇੱਕ ਸੰਪੂਰਨ ਸੰਸਥਾ ਹੁੰਦੀ ਹੈ । ਸੰਪੂਰਨ ਤੋਂ ਭਾਵ , ਪਿੰਡ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਲੋੜਾਂ , ਸਮੱਸਿਆਵਾਂ , ਰਹੁ-ਰੀਤਾਂ ਅਤੇ ਕਾਰਜ-ਵਿਹਾਰ ਪੂਰੇ ਕਰਨ ਲਈ ਆਪਣੇ-ਆਪ ਵਿੱਚ ਸਮਰੱਥ ਹੁੰਦਾ ਹੈ । ਕੋਈ ਵੀ ਪਿੰਡ ਸਹਿਜ-ਸੁਭਾਅ ਜਾਂ ਅਚੇਤਨ ਨਹੀਂ ਵੱਸਦਾ ਸਗੋਂ ਇਸ ਦੇ ਨਾਮਕਰਨ ਤੋਂ ਲੈ ਕੇ , ਪਿੰਡ ਵਸਾਉਣ ਲਈ ਕੀਤੀ ਗਈ ਭੋਂ ਦੀ ਚੋਣ , ਆਪਣੇ-ਆਪ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ । ਵਿਅਕਤੀ ਦੀ ਪਿੰਡ ਵਿੱਚ , ਉਸ ਦੇ ਕਿੱਤੇ , ਗਿਆਨ ਜਾਂ ਮਲਕੀਅਤ ਕਾਰਨ ਕੀ ਹੈਸੀਅਤ ਹੈ ? ਇਹ ਵੀ ਨਿਰਧਾਰਿਤ ਹੁੰਦਾ ਹੈ । ਭਾਵੇਂ ਪਿੰਡ ਦਾ ਕੋਈ ਵਿਸ਼ੇਸ਼ ਸੰਵਿਧਾਨ ਨਹੀਂ ਹੁੰਦਾ ਪਰੰਤੂ ਉੱਥੇ ਵਾਪਰਨ ਵਾਲਾ ਹਰ ਕਾਰਜ ਕਿਸੇ ਨਾ ਕਿਸੇ ਵਿਧਾਨ ਅਨੁਸਾਰ ਹੀ ਚੱਲਦਾ ਹੈ ।

        ਪਿੰਡ ਬੰਨ੍ਹਣ ਵੇਲੇ ਬਹੁਤ ਸਾਰੇ ਪ੍ਰਕਿਰਤਿਕ , ਸਮਾਜਿਕ ਅਤੇ ਆਰਥਿਕ ਵਰਤਾਰਿਆਂ ਦਾ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਿਆ ਜਾਂਦਾ ਹੈ । ਜਿਵੇਂ ਪਾਣੀ , ਉਪਜਾਊ , ਭੋਂ , ਜੋ ਸਧਾਰਨ ਭੂਮੀ ਤੋਂ ਉੱਚੇ ਸਥਾਨ ਤੇ ਹੋਵੇ ਅਤੇ ਪਿੰਡ ਦੇ ਰਸਤੇ ਹੋਰ ਪਿੰਡਾਂ ਨਾਲ ਜੁੜਦੇ ਹੋਣ । ਪਿੰਡ , ਸ਼ਹਿਰਾਂ ਵਾਂਗ ਗਲੀਆਂ ਅਤੇ ਚਕੋਰ ਪਲਾਟ ਵਿਉਂਤ ਕੇ ਨਹੀਂ ਵਸਾਇਆ ਜਾਂਦਾ ਸਗੋਂ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਦਾ ਸਮੂਹ ਇਸ ਦਾ ਮੁੱਢ ਬੰਨ੍ਹਦਾ ਹੈ , ਜੋ ਹੌਲੀ-ਹੌਲੀ ਵਿਕਾਸ ਕਰਦਾ ਹੋਇਆ ਆਪਣਾ ਪੂਰਨ ਸੰਸਾਰ ਸਿਰਜ ਲੈਂਦਾ ਹੈ । ਨਵੇਂ ਪਿੰਡ ਨੂੰ ਵਸਾਉਣ ਦੀ ਰਸਮ ਨੂੰ ਮੋਹੜੀ ਗੱਡਣਾ ਕਿਹਾ ਜਾਂਦਾ ਹੈ । ਹਰ ਪਿੰਡ ਦੀ ਭੋਂ ਦੀ ਮਲਕੀਅਤ ਅਨੁਸਾਰ ਉਸ ਪਿੰਡ ਦੀ ਸੀਮਾ ਰੇਖਾ ਜਾਂ ਹੱਦ ਹੁੰਦੀ ਹੈ । ਪਿੰਡ ਦਾ ਆਕਾਰ , ਪ੍ਰਾਪਤ ਭੋਂ ਅਤੇ ਪ੍ਰਕਿਰਤਿਕ ਸਾਧਨਾਂ ਉਪਰ ਨਿਰਭਰ ਕਰਦਾ ਹੈ । ਇਸ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੁੰਦੀ ।

        ਮੁੱਢ ਵਿੱਚ ਹੀ ਪਿੰਡ ਦਾ ਨਾਮਕਰਨ ਕੀਤਾ ਜਾਂਦਾ ਹੈ । ਇਹ ਕਿਸੇ ਵਿਸ਼ੇਸ਼ ਵਿਅਕਤੀ , ਗੁਣ , ਜਾਤ ਜਾਂ ਸਥਾਨ ’ ਤੇ ਆਧਾਰਿਤ ਹੁੰਦਾ ਹੈ । ਜਿਵੇਂ ਕਿਸ਼ਨ ਸਿੰਘ ਦੇ ਨਾਂ ਤੇ ‘ ਕਿਸ਼ਨਗੜ੍ਹ’ , ਅਤਰ ਸਿੰਘ ਦੇ ਨਾਂ ’ ਤੇ ‘ ਚੱਕ ਅਤਰ ਸਿੰਘ ਵਾਲਾ’ ਅਤੇ ਸੁਰ ਸਿੰਘ ਦੇ ਨਾਂ ਉਪਰ ‘ ਸੁਰ ਸਿੰਘ ਵਾਲਾ’ ਨਾਂ ਰੱਖ ਦਿੱਤਾ ਜਾਂਦਾ ਹੈ । ਵਿਸ਼ੇਸ਼ ਗੁਣ ਦੇ ਆਧਾਰ ’ ਤੇ ਵੀ ਪਿੰਡ ਦਾ ਨਾਮਕਰਨ ਕੀਤਾ ਜਾਂਦਾ ਹੈ ਜਿਵੇਂ ਦਾਨ ਕਰਨ ਵਾਲੇ ਵਿਅਕਤੀਆਂ ਦੇ ਪਿੰਡ ਨੂੰ ‘ ਦਾਨਿਆਂਵਾਲੀ’ , ਭੁੱਖ ਦਿਖਾਉਣ ਵਾਲੇ ਪਿੰਡ ਨੂੰ ‘ ਭੁੱਖਿਆਂਵਾਲੀ’ , ਜਿਸ ਪਿੰਡ ਵਿੱਚ ਪਹਿਲਵਾਨ ( ਮੱਲ ) ਜ਼ਿਆਦਾ ਹੋਣ ਉਸ ਦਾ ਨਾਂ ‘ ਮੱਲਵਾਲਾ’ ਰੱਖ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਹੀ ਇਲਾਕੇ ਦੇ ਪਸ਼ੂਆਂ ਦੀ ਗਿਣਤੀ ਦੇ ਆਧਾਰ ਉਪਰ ਵੀ ਪਿੰਡਾਂ ਦੇ ਨਾਂ ਮਿਲਦੇ ਹਨ , ਜਿਵੇਂ ‘ ਕੱਟਿਆਂਵਾਲੀ’ ਜਾਂ ‘ ਕੁੱਤਿਆਂਵਾਲੀ’ ਆਦਿ । ਕੁਝ ਪਿੰਡਾਂ ਦੇ ਜਾਤੀ ਦੇ ਆਧਾਰ ਉਪਰ ਵੀ ਨਾਮਕਰਨ ਕੀਤੇ ਹੋਏ ਮਿਲਦੇ ਹਨ ਜਿਵੇਂ ‘ ਤਰਖਾਣ ਵਾਲਾ’ , ਲੋਹਾਰਾਂ ਅਤੇ ਨਾਈਆਂ ਦੀ ਵੱਧ ਗਿਣਤੀ ਵਾਲੇ ਪਿੰਡ ਨੂੰ ‘ ਨਾਈਵਾਲੇ’ ਦੀ ਸੰਗਿਆ ਦਿੱਤੀ ਗਈ ਮਿਲਦੀ ਹੈ । ਕੁਝ ਪਿੰਡਾਂ ਦੇ ਨਾਂ ਖੇਤੀਕਾਰਾਂ ਦੇ ਗੋਤਾਂ ਦੇ ਨਾਂ ਉਪਰ ਵੀ ਰੱਖੇ ਜਾਂਦੇ ਹਨ । ਜਿਵੇਂ , ਜਿੱਥੇ ਮਾਨ ਗੋਤ ਦੇ ਵਸਨੀਕ ਜ਼ਿਆਦਾ ਹੋਣ ਤਾਂ ਪਿੰਡ ਦਾ ਨਾਂ ‘ ਮਾਨਾਵਾਲਾ’ ਰੱਖ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਕਈ ਪਿੰਡਾਂ ਦੇ ਨਾਂ ਢਿਲਵਾਂ , ਮੌੜ ਜਾਂ ਗਿੱਲਪੱਤੀ ਬਣੇ ਹੋਏ ਹਨ । ਇਸ ਪ੍ਰਕਾਰ ਪਿੰਡ ਦਾ ਨਾਮਕਰਨ ਉਸ ਪਿੰਡ ਦੀ ਖ਼ਾਸ ਵਿਸ਼ੇਸ਼ਤਾ ਵੱਲ ਅਚੇਤ ਜਾਂ ਸੁਚੇਤ ਰੂਪ ਵਿੱਚ ਇਸ਼ਾਰਾ ਕਰਦਾ ਹੈ ।

        ਹਰ ਪਿੰਡ ਦੀ ਵਰਗ ਵੰਡ ਕੀਤੀ ਮਿਲਦੀ ਹੈ । ਪਿੰਡ ਦੇ ਵੱਖ-ਵੱਖ ਖੰਡ ਨਿਸ਼ਚਿਤ ਰੂਪ ਵਿੱਚ ਇੱਕ ਇਕਾਈ ਬਣਾਉਂਦੇ ਹਨ । ਪਿੰਡ ਨੂੰ ਸਭ ਤੋਂ ਪਹਿਲਾਂ ਪੱਤੀਆਂ ਵਿੱਚ ਵੰਡਿਆ ਜਾਂਦਾ ਹੈ ਜਿੱਥੇ ਵਿਸ਼ੇਸ਼ ਬਜ਼ੁਰਗ ਦੀ ਔਲਾਦ ਜਾਂ ਇੱਕੋ ਪਰਿਵਾਰ ਦਾ ਫੈਲਾਅ ਹੁੰਦਾ ਹੈ । ਜਿਵੇਂ ਕਾਲੂ ਕੀ ਪੱਤੀ , ਸੰਧੂ ਪੱਤੀ , ਮਾਨ ਪੱਤੀ ਆਦਿ । ਪੱਤੀਆਂ ਤੋਂ ਬਾਅਦ ਅਗਵਾੜ ਆਉਂਦੇ ਹਨ ਇੱਕ ਵੱਡੀ ਪੱਤੀ ਵਿੱਚ ਇੱਕ ਤੋਂ ਜ਼ਿਆਦਾ ਅਗਵਾੜ ਹੋ ਸਕਦੇ ਹਨ ਜੋ ਗਲੀਆਂ ਰਾਹੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ । ਹਰ ਅਗਵਾੜ ਦੀ ਇੱਕ ਸੱਥ ਹੁੰਦੀ ਹੈ ਜੋ ਪਿੰਡ ਦੀ ਵਿਸ਼ੇਸ਼ ਪੱਤੀ ਵਿੱਚ ਸਵੇਰੇ , ਸ਼ਾਮ ਜਾਂ ਕੰਮ ਤੋਂ ਵਿਹਲੇ ਸਮੇਂ ਬੈਠਣ ਦਾ , ਸਾਂਝਾ ਕੇਂਦਰ ਹੁੰਦਾ ਹੈ । ਸੱਥ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਹੁੰਦੀ । ਇਹ ਕਿਸੇ ਟਾਹਲੀ , ਬੋਹੜ , ਤੂਤ ਜਾਂ ਕਿੱਕਰ ਥੱਲੇ ਵੀ ਹੋ ਸਕਦੀ ਹੈ । ਪਿੰਡ ਵਿੱਚ ਸੱਥ ਇੱਕ ਅਜਿਹੀ ਸਾਂਝੀ ਥਾਂ ਹੁੰਦੀ ਹੈ ਜਿੱਥੇ ਪਿੰਡ ਵਿੱਚ ਵਾਪਰਨ ਵਾਲੀ ਹਰ ਚੰਗੀ-ਮੰਦੀ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਤਾਸ਼ ਆਦਿ ਖੇਡੀ ਜਾਂਦੀ ਹੈ । ਇੱਥੇ ਸਿਆਣਿਆਂ ਵੱਲੋਂ ਦਰਸਾਈ ਸਿਆਣਪ ਦੀ ਇੱਜ਼ਤ ਕੀਤੀ ਜਾਂਦੀ ਹੈ । ਨੈਤਿਕ ਦਬਾਅ ਹੀ ਵਿਅਕਤੀਆਂ ਨੂੰ ਸਜ਼ਾ ਦਿੰਦਾ ਹੈ । ਸਾਰਾ ਪਿੰਡ ਪੱਤੀਆਂ , ਅਗਵਾੜਾਂ , ਸੱਥਾਂ ਅਤੇ ਗਲੀਆਂ ਰਾਹੀਂ ਇੱਕ ਦੂਸਰੇ ਨਾਲ ਜੁੜਿਆ ਹੁੰਦਾ ਹੈ ।

        ਹਰ ਪਿੰਡ ਦੀ ਬਣਤਰ ਵਿੱਚ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਵਿਅਕਤੀ ਜੋ ਖੇਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ , ਜੁੜੇ ਹੁੰਦੇ ਹਨ । ਜਿਵੇਂ ਲੱਕੜੀ ਦੇ ਸੰਦ ਬਣਾਉਣ ਲਈ ਤਰਖਾਣ , ਲੋਹੇ ਦੇ ਸੰਦਾਂ ਲਈ ਲੁਹਾਰ , ਉਸਾਰੀ ਲਈ ਰਾਜ ਮਿਸਤਰੀ , ਸੁਨੇਹੇ ਦੇਣ ਲਈ ਨਾਈ , ਜੁੱਤੀਆਂ ਬਣਾਉਣ ਲਈ ਚਮਿਆਰ , ਧਾਰਮਿਕ ਰਸਮਾਂ ਲਈ ਪੰਡਤ ਅਤੇ ਕੱਪੜਾ ਬੁਣਨ ਲਈ ਜੁਲਾਹੇ ਆਦਿ ਦੀ ਵਿਵਸਥਾ ਹੁੰਦੀ ਹੈ । ਇਹ ਸਾਰੇ ਕਿੱਤਾਕਾਰ ਸੰਪੂਰਨ ਪਿੰਡ ਦੀ ਇਕਾਈ ਦਾ ਮਹੱਤਵਪੂਰਨ ਭਾਗ ਹੁੰਦੇ ਹਨ । ਪਿੰਡ ਵਿੱਚ ਖੇਡਾਂ ਲਈ ਬਾਜੀਗਰ ਅਤੇ ਮਨਪਰਚਾਵੇ ਲਈ ਮਰਾਸੀ ਵੀ ਸੱਭਿਆਚਾਰਿਕ ਖੇਤਰ ਵਿੱਚ ਆਪਣਾ ਹਿੱਸਾ ਪਾਉਂਦੇ ਹਨ । ਅੰਗਰੇਜ਼ੀ ਸੰਦਾਂ ਦੇ ਆਉਣ ਤੋਂ ਪਹਿਲਾਂ ਇਹ ਸਾਰੇ ਵਿਅਕਤੀ ‘ ਸੇਪੀ’ ਤੇ ( ਦਾਣਿਆਂ ਦੇ ਇਵਜ਼ ਵਿੱਚ ) ਕੰਮ ਕਰਦੇ ਹਨ । ‘ ਸੇਪੀ’ ਤੋਂ ਭਾਵ ਛੇ ਮਹੀਨਿਆਂ ਪਿੱਛੋਂ ਫ਼ਸਲ ਆਉਣ ਤੇ ਪਿੰਡ ਦਾ ਹਰ ਵਿਅਕਤੀ ਇਹਨਾਂ ਨੂੰ ਆਪਣੇ ਭੋਂ ਦੇ ਹਿਸਾਬ ਨਾਲ ਫ਼ਸਲ ਵਿੱਚੋਂ ਕੁਝ ਹਿੱਸਾ ਦੇ ਦਿੰਦਾ ਸੀ । ਉਸ ਸਮੇਂ ਜ਼ਿਮੀਂਦਾਰਾਂ ਨਾਲ ਹਿੱਸੇ ’ ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ‘ ਸੀਰੀ’ ਕਿਹਾ ਜਾਂਦਾ ਸੀ , ਕਿਉਂਕਿ ਭੋਂ ਵਿੱਚੋਂ ਪੈਦਾ ਹੋਈ ਉਪਜ ਵਿੱਚ ਉਹਨਾਂ ਦਾ ਸੀਰ ਹੁੰਦਾ ਸੀ ।

        ਸਧਾਰਨ ਰੂਪ ਵਿੱਚ ਪਿੰਡ ਦੇ ਪੂਰਬ ਵਾਲੇ ਪਾਸੇ ਛੋਟੀਆਂ ਜਾਤੀਆਂ ਦੇ ਘਰ ਹੁੰਦੇ ਹਨ । ਉਹਨਾਂ ਦੇ ਨਾਲ ਜ਼ਰੂਰਤ ਅਨੁਸਾਰ ਬਾਕੀ ਜਾਤੀਆਂ ਦੇ ਘਰ ਵੀ ਆ ਜਾਂਦੇ ਹਨ । ਪਿੰਡ ਦੇ ਪੱਛਮ ਵਾਲੇ ਪਾਸੇ ਅਕਸਰ ਪਿੰਡ ਦੇ ਸਮਰੱਥਾ ਵਾਲੇ ਵਿਅਕਤੀਆਂ ਦੇ ਘਰ ਹੁੰਦੇ ਹਨ । ਇਹ ਸਾਰਾ ਪ੍ਰਬੰਧ ਪਿੰਡ ਦੀ ਫਿਰਨੀ ( ਚੁਫੇਰੇ ਦੇ ਰਸਤੇ ) ਅੰਦਰ ਹੁੰਦਾ ਹੈ , ਜਿਸ ਨੂੰ ਮਾਲ ਮਹਿਕਮੇ ਅਨੁਸਾਰ ‘ ਲਾਲ ਲਕੀਰ’ ਕਿਹਾ ਜਾਂਦਾ ਹੈ । ਲਾਲ ਲਕੀਰ ਦੇ ਅੰਦਰ ਭੋਂ ਦੀ ਮਾਲਕੀ ਵਾਲੇ ਟੱਬਰ ਲਈ ਤਿੰਨ ਵਿਸ਼ੇਸ਼ ਸਥਾਨ ਹੁੰਦੇ ਹਨ । ਖੇਤੀ ਨਾਲ ਸੰਬੰਧਿਤ ਵਿਅਕਤੀ ਦਾ ਘਰ , ਪਸ਼ੂਆਂ ਲਈ ਬਾਹਰਲਾ ਵਾੜਾ ਅਤੇ ਲੱਕੜ ਬਾਲਣ ਜਾਂ ਪਸ਼ੂਆਂ ਦੇ ਗੋਹੇ ਲਈ ਪਿੰਡ ਦੀ ਫਿਰਨੀ ਉਪਰ ਰੂੜ੍ਹੀ ਅਤੇ ਗੋਹਾ ਪੱਥਣ ਲਈ ਥਾਂ ਹੁੰਦਾ ਹੈ । ਪਿੰਡ ਦੇ ਬਾਹਰਵਾਰ ਪਿੜ ਹੁੰਦੇ ਹਨ ਜਿੱਥੇ ਫ਼ਸਲ ਦੇ ਸਮੇਂ ਗਹਾਈ ਕੀਤੀ ਜਾਂਦੀ ਹੈ ਅਤੇ ਜਦੋਂ ਫ਼ਸਲ ਦਾ ਸਮਾਂ ਨਹੀਂ ਹੁੰਦਾ ਤਾਂ ਉਸ ਖ਼ਾਲੀ ਥਾਂ ਨੂੰ ਬਾਜੀ ਪਾਉਣ , ਕੁਸ਼ਤੀ ਕਰਨ , ਕੌਡੀ ਖੇਡਣ , ਗੁੱਲੀ ਡੰਡਾ ਖੇਡਣ , ਪੀਰ ਦਾ ਰੋਟ ਪਕਾਉਣ ਜਾਂ ਪਿੰਡ ਦੀਆਂ ਇਸਤਰੀਆਂ ਦੁਆਰਾ ਤੀਆਂ ਅਤੇ ਪੁਰਸ਼ਾਂ ਵੱਲੋਂ ਅਖਾੜਾ ਲਾਉਣ ਲਈ ਵਰਤ ਲਿਆ ਜਾਂਦਾ ਹੈ ।

        ਪਿੰਡ ਲਈ ਪਾਣੀ ਦੀਆਂ ਜ਼ਰੂਰਤਾਂ ਦੋ ਤਰ੍ਹਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ । ਪਿੰਡ ਉੱਚੇ ਸਥਾਨ ’ ਤੇ ਹੁੰਦਾ ਹੈ ਅਤੇ ਮੀਂਹ ਦਾ ਪਾਣੀ ਇਕੱਤਰ ਕਰਨ ਲਈ ਛੱਪੜ ਜਾਂ ਢਾਬ ਹੁੰਦੀ ਹੈ । ਜਿਸ ਵਿੱਚ ਤਕਰੀਬਨ ਸਾਰਾ ਸਾਲ ਪਾਣੀ ਜਮ੍ਹਾਂ ਰਹਿੰਦਾ ਹੈ । ਇਹਨਾਂ ਛੱਪੜਾਂ ਦਾ ਆਕਾਰ ਨਿਸ਼ਚਿਤ ਨਹੀਂ ਹੈ । ਪਿੰਡ ਦੇ ਪਸ਼ੂਆਂ ਨੂੰ ਨ੍ਹਾਉਣ , ਕੱਪੜੇ ਧੋਣ , ਪਾਣੀ ਵਿੱਚ ਲੱਕੜ ਸੁਕਾਉਣ ਅਤੇ ਘੱਟ ਪਾਣੀ ਰਹਿ ਜਾਣ ਦੀ ਸੂਰਤ ਵਿੱਚ ਸਣ ਦੱਬਣ ਲਈ ਛੱਪੜ ਜਾਂ ਢਾਬ ਦੀ ਵਰਤੋਂ ਕੀਤੀ ਜਾਂਦੀ ਹੈ । ਜਦੋਂ ਗਰਮੀਆਂ ਵਿੱਚ ਛੱਪੜ ਦਾ ਪਾਣੀ ਸੁੱਕਣ ਲੱਗਦਾ ਹੈ ਤਾਂ ਇਸ ਦੇ ਗਾਰੇ ਵਿੱਚ ਤੂੜੀ ਅਤੇ ਗੂਣਾਂ ਰਲਾ ਕੇ ਪਿੰਡ ਦੇ ਕੱਚੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਲਿੱਪੀਆਂ-ਪੋਚੀਆਂ ਜਾਂਦੀਆਂ ਹਨ । ਜਦੋਂ ਛੱਪੜ ਸੁੱਕ ਜਾਂਦਾ ਹੈ ਤਾਂ ਉਸ ਦੇ ਤਲ ਦੀ ਚੀਕਣੀ ਮਿੱਟੀ ਵਿੱਚ ਤਰੇੜਾਂ ਪੈ ਕੇ ਡਲੇ ਬਣ ਜਾਂਦੇ ਹਨ । ਉਹਨਾਂ ਡਲਿਆਂ ਨੂੰ ਚੁੱਕ ਕੇ ਕੰਧਾਂ ਕੱਢਣ ਲਈ ਵਰਤ ਲਿਆ ਜਾਂਦਾ ਹੈ । ਪਿੰਡ ਦੀਆਂ ਕੰਧਾਂ ਤੋਂ ਮੀਂਹ ਨਾਲ ਖੁਰ ਕੇ ਆਇਆ ਰੇਤਾ-ਮਿੱਟੀ ਛੱਪੜ ਦੇ ਤਲ ਨੂੰ ਭਰ ਦਿੰਦਾ ਹੈ । ਗਾਰਾ ਅਤੇ ਡਲੇ ਕੱਢਣ ਨਾਲ ਉਸ ਦਾ ਤਲ ਫਿਰ ਡੂੰਘਾ ਹੋ ਜਾਂਦਾ ਹੈ । ਇਉਂ ਸਹਿਜ ਰੂਪ ਵਿੱਚ ਭੋਂ ਦੀ ਕਟਾਈ ਅਤੇ ਮੁੜ ਉਸਾਰੀ ਦਾ ਵਿਗਿਆਨਿਕ ਚੱਕਰ ਬਣਿਆ ਰਹਿੰਦਾ ਹੈ । ਅੱਜ-ਕੱਲ੍ਹ ਕੁਝ ਪਿੰਡਾਂ ਵਿੱਚ ਬਰਸਾਤੀ ਪਾਣੀ ਰਾਹੀਂ ਬਣਨ ਵਾਲੀ ਢਾਬ ਜਾਂ ਛੱਪੜ ਦੇ ਨਾਲ ਟੋਭੇ ਵੀ ਬਣਾਏ ਗਏ ਹਨ । ਇਸ ਵਿੱਚ ਨਹਿਰੀ ਪਾਣੀ ਪਾ ਕੇ ਪਸ਼ੂਆਂ ਦੇ ਪੀਣ ਲਈ ਸਾਫ਼-ਸੁਥਰਾ ਪਾਣੀ ਰੱਖਿਆ ਜਾਂਦਾ ਹੈ ।

        ਹਰ ਪਿੰਡ ਵਿੱਚ ਕੋਈ ਵੈਦ , ਸਾਧ , ਟੁੱਟੀਆਂ ਹੱਡੀਆਂ ਗੰਢਣ ਵਾਲਾ , ਟੂਣੇ ਕਰਨ ਵਾਲਾ , ਖੋਜੀ ( ਚੋਰ ਦੀ ਪੈੜ ਲੱਭਣ ਵਾਲਾ ) , ਵਿਸ਼ੇਸ਼ ਵਿਅਕਤੀ ਹੁੰਦੇ ਹਨ । ਪੰਜਾਬ ਦੇ ਹਰ ਪਿੰਡ ਵਿੱਚ ਕੁਝ ਵਿਸ਼ੇਸ਼ ਘਰਾਂ ਦੀ ਅੱਲ ਪਈ ਹੁੰਦੀ ਹੈ ਜੋ ਉਸ ਪਰਿਵਾਰ ਦੇ ਕੁਝ ਵਿਸ਼ੇਸ਼ ਗੁਣਾਂ-ਔਗੁਣਾਂ ਨੂੰ ਦਰਸਾਉਂਦੀ ਹੈ । ਜਿਵੇਂ ਸੱਪ ਛੱਡਣੇ , ਗੁਆਰਾ ਖਾਣੇ , ਕੀਕਣੇ , ਖੱਬਲਪੱਟ , ਬੁੱਗ ਆਦਿ । ਹਰ ਪਿੰਡ ਵਿੱਚ ਉਸ ਪਿੰਡ ਦੀ ਆਰਥਿਕ ਸਮਰੱਥਾ ਅਨੁਸਾਰ ਪੂਜਾ ਸਥਾਨ , ਡੇਰਾ , ਗੁਰਦੁਆਰਾ ਜਾਂ ਮੰਦਿਰ ਹੁੰਦਾ ਹੈ । ਕਈ ਪਿੰਡਾਂ ਵਿੱਚ ਮੜ੍ਹੀਆਂ-ਮਸਾਣਾਂ ਵੀ ਬਣਾਈਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕਿਸੇ ਵਡਾਰੂਆਂ ਦੀ ਸਮਾਧ ਉੱਤੇ ਮੇਲਾ ਵੀ ਲੱਗਦਾ ਹੈ । ਪਿੰਡ ਵਿੱਚ ਆਈ ਬਰਾਤ ਦੇ ਠਹਿਰਨ ਲਈ ਧਰਮਸ਼ਾਲਾ ਹੁੰਦੀ ਹੈ । ਇਸ ਪ੍ਰਕਾਰ ਹਰ ਪਿੰਡ ਦੀ ਆਪਣੇ-ਆਪ ਵਿੱਚ ਇੱਕ ਸੰਪੂਰਨ ਇਕਾਈ ਦੇ ਤੌਰ ਤੇ ਹੋਂਦ ਬਣੀ ਦਿੱਸਦੀ ਹੈ ।


ਲੇਖਕ : ਸਤਨਾਮ ਸਿੰਘ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪਿੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਡ ( ਨਾਂ , ਪੁ ) 1 ਕਿਸੇ ਵਡਿੱਕੇ ਵੱਲੋਂ ਖੇਤੀ ਆਦਿ ਨਾਲ ਸੰਬੰਧਿਤ ਵਿਭਿੰਨ ਕਿੱਤੇ ਕਰਨ ਵਾਲੇ ਟੱਬਰਾਂ ਦੇ ਇੱਕ ਥਾਂ ਸਥਿਤ ਵੱਸੋਂ ਵਾਲੇ ਘਰਾਂ ਦਾ ਵਸਾਇਆ ਗਰਾਂ 2 ਪਿੱਤਰਾਂ ਨਿਮਿੱਤ ਅਰਪਣ ਕੀਤਾ ਜਾਣ ਵਾਲਾ ਜੌਂ , ਚੌਲ , ਆਦਿ ਦਾ ਪਿੰਨਾ 3 ਦੇਹ; ਸਰੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਿੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਡ [ ਨਾਂਪੁ ] ਕਸਬੇ ਤੋਂ ਛੋਟਾ ਅਤੇ ਡੇਰੇ ਤੋਂ ਵੱਡਾ ਘਰਾਂ ਦਾ ਸਮੂਹ , ਗਿਰਾਂ , ਪੁਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਿੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਿੰਡ ਸੰ. पिण्ड्. ਧਾ— ਢੇਰ ਕਰਨਾ , ਇਕੱਠਾ ਕਰਨਾ , ਗੋਲਾ ਵੱਟਣਾ । ੨ ਸੰਗ੍ਯਾ— ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ । ੩ ਪਿਤਰਾਂ ਨਿਮਿੱਤ ਅਰਪੇ ਹੋਏ ਜੌਂ ਦੇ ਆਟੇ ਆਦਿ ਦੇ ਪਿੰਨ. “ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” ( ਆਸਾ ਮ : ੧ ) ੪ ਦੇਹ. ਸ਼ਰੀਰ. “ ਮਿਲਿ ਮਾਤਾ ਪਿਤਾ ਪਿੰਡ ਕਮਾਇਆ.” ( ਮਾਰੂ ਮ : ੧ ) “ ਜਿਨਿ ਏ ਵਡੁ ਪਿਡ ਠਿਣਿਕਿਓਨੁ.” ( ਵਾਰ ਰਾਮ ੩ ) ਦੇਖੋ , ਠਿਣਿਕਿਓਨੁ । ੫ ਗੋਲਾਕਾਰ ਬ੍ਰਹਮਾਂਡ । ੬ ਗ੍ਰਾਮ. ਗਾਂਵ. “ ਹਉ ਹੋਆ ਮਾਹਰੁ ਪਿੰਡ ਦਾ.” ( ਸ੍ਰੀ ਮ : ੫ ਪੈਪਾਇ ) ਇੱਥੇ ਭਾਵ ਸ਼ਰੀਰ ਤੋਂ ਹੈ । ੭ ਢੇਰ. ਸਮੁਦਾਯ । ੮ ਭੋਜਨ. ਆਹਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.