ਪੁਆਧੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਆਧੀ : ਪੰਜਾਬ ਦੀ ਸਭ ਤੋਂ ਪੂਰਬ ਵੱਲ ਦੀ ਬੋਲੀ ਪੁਆਧੀ ਹੈ । ਇਹ ਹਿੰਦੀ ਵਾਲੇ ਇਲਾਕੇ ਦੇ ਨਾਲ ਲੱਗਦੇ ਖੇਤਰਾਂ ਵਿੱਚ ਬੋਲੀ ਜਾਂਦੀ ਹੈ । ਗਰੀਅਰਸਨ ਨੇ ਪੁਆਧੀ ਦੇ ਖੇਤਰ ਬਾਰੇ ਕਾਫ਼ੀ ਜਾਣਕਾਰੀ ਦਿੱਤੀ ਹੈ । ਉਸ ਨੇ ਰੋਪੜ ਤੋਂ ਲੈ ਕੇ ਬਿਆਸ ਦਰਿਆ ਦੇ ਕੰਢਿਆਂ ਤੱਕ ਪੁਆਧੀ ਦਾ ਪਸਾਰ ਮੰਨਿਆ ਹੈ । ਪਰ ਪੁਆਧੀ ਏਨੀ ਦੂਰ ਤੱਕ ਨਹੀਂ ਮੰਨੀ ਜਾ ਸਕਦੀ । ਪੁਆਧੀ ਦਾ ਖੇਤਰ ਜ਼ਿਲ੍ਹਾ ਰੋਪੜ , ਫਤਿਹਗੜ੍ਹ ਸਾਹਿਬ , ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਦਾ ਪੂਰਬੀ ਅੱਧ , ਜ਼ਿਲ੍ਹਾ ਲੁਧਿਆਣਾ ਅਤੇ ਰੋਪੜ ਦੀ ਦਰਿਆ ਸਤਲੁਜ ਦੇ ਨਾਲ ਲੱਗਦੀ ਨੁੱਕਰ ਦੀ ਬੋਲੀ ਹੈ । ਜ਼ਿਲ੍ਹਾ ਹੁਸ਼ਿਆਰਪੁਰ ਦੇ ਰੋਪੜ ਨਾਲ ਲੱਗਦੇ ਇਲਾਕੇ ਵਿੱਚ ਵੀ ਪੁਆਧੀ ਹੀ ਬੋਲੀ ਜਾਂਦੀ ਹੈ । ਹਰਿਆਣੇ ਵਿੱਚ ਜ਼ਿਲ੍ਹਾ ਅੰਬਾਲਾ ਦੇ ਥਾਣੇ- ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ ਸ਼ਾਮਲ ਹਨ ।

        ਗਰੀਅਰਸਨ ਨੇ ‘ ਪੁਆਧ’ ਦਾ ਅਰਥ ਪੂਰਬ ( East ) ਲਿਖਿਆ ਹੈ । ਪਰ ਇਹ ਪੂਰਾ ਠੀਕ ਨਹੀਂ ਜਾਪਦਾ । ਪੁਆਧ ਦੀ ਵਿਉਤਪਤੀ ਸੰਸਕ੍ਰਿਤ ਸ਼ਬਦ ‘ ਪੂਰਬ-ਅਰਥ’ ਤੋਂ ਸੰਭਵ ਹੈ ਜਿਸ ਦਾ ਅਰਥ ਹੈ ‘ ਚੜ੍ਹਦੇ ਵਾਲੇ ਪਾਸੇ ਦਾ ਅੱਧਾ ਹਿੱਸਾ’ ਅਰਥਾਤ ਪੂਰਬੀ ਪੰਜਾਬ ਦਾ ਅੱਧ ।

        ਭਾਈ ਕਾਨ੍ਹ ਸਿੰਘ ‘ ਨਾਭਾ` ਦੇ ਗੁਰਸ਼ਬਦ ਰਤਨਾਕਰ ਵਿਚ ‘ ਪੁਆਧ` ਸ਼ਬਦ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਗਈ ਹੈ-ਪਹਾੜ ਦੇ ਪੈਰਾਂ ਦਾ ਦੇਸ਼ , ਦਾਮਨੇ ਕੋਹ , ਉਹ ਦੇਸ ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ , ਜ਼ਿਲ੍ਹਾ ਪਟਿਆਲਾ ਦੇ ਆਸ-ਪਾਸ ਦਾ ਦੇਸ । ਭਾਈ ਸਾਹਿਬ ਦੀ ਇਸ ਵਿਆਖਿਆ ਅਨੁਸਾਰ ਤਾਂ ‘ ਪੁਆਧ` ਪੰਜਾਬ ਦੇ ਉੱਤਰ-ਪੂਰਬ ਵਿਚਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਵਿਚਲਾ ਮੈਦਾਨ ਹੀ ਹੋਵੇਗਾ , ਭਾਵੇਂ ਅਸਲੀਅਤ ਇਹ ਹੈ ਕਿ ਇਸ ਇਲਾਕੇ ਦਾ ਥੋੜ੍ਹਾ ਭਾਗ ਹੀ ਪੁਆਧ ਵਿੱਚ ਆਉਂਦਾ ਹੈ ।

        ਪੁਆਧੀ ਮਲਵਈ ਨਾਲੋਂ ਵਧੇਰੇ ਵਖਰੇਵੇਂ ਵਾਲੀ ਨਹੀਂ , ਇਸ ਵਿੱਚ ਸਿਰਫ਼ ਪੱਛਮੀ ਬਾਂਗਰੂ ਦਾ ਰਲਾ ਹੈ । ਟਕਸਾਲੀ ਪੰਜਾਬੀ , ਮਾਝੀ ਤੇ ਮਲਵਈ ਨਾਲੋਂ ਪੁਆਧੀ ਦੇ ਵਿਸ਼ੇਸ਼ ਫ਼ਰਕ ਹੇਠਾਂ ਦਿੱਤੇ ਗਏ ਹਨ ।

        ਪੁਆਧੀ ਦੀਆਂ ਧੁਨੀਆਤਮਿਕ ਵਿਸ਼ੇਸ਼ਤਾਵਾਂ ਇਹ ਹਨ :

                  1. ਬਲਬੀਰ ਸਿੰਘ ਸੰਧੂ ਨੇ ਜੋ ਪੁਆਧ ਇਲਾਕੇ ਦੇ ਜੰਮਪਲ ਸਨ , ਉਹਨਾਂ ਨੇ ਪੁਆਧੀ ਵਿੱਚ 24 ਵਿਅੰਜਨ ਅਤੇ 10 ਸ੍ਵਰ ਦੱਸੇ ਹਨ । ਪੁਆਧੀ ਵਿੱਚ ਕੰਠੀ ਅਤੇ ਤਾਲਵੀ ਨਾਸਿਕੀ ਵਿਅੰਜਨ ‘ ਙ’ ਤੇ ‘ ਞ’ ਨਹੀਂ ਉਚਾਰੇ ਜਾਂਦੇ । ਤਾਲਵੀ ਸੰਘਰਸ਼ੀ ਵਿਅੰਜਨ /ਸ਼/ ਵੀ ਨਹੀਂ ਹੈ ਸਿਰਫ਼ ਦੰਤੀ /ਸ/ ਹੀ ਹੈ ।

                  2. ਪੁਆਧੀ ਦੀ ਧੁਨੀ ਵਿਉਂਤ ਬਿਲਕੁਲ ਮਲਵਈ ਵਾਲੀ ਹੈ । ਪੁਆਧੀ ਵਿੱਚ , ਮਲਵਈ ਵਾਂਗ ਹੀ ਉੱਚੀ ਸੁਰ ਦੀ ਵਰਤੋਂ ਮਾਝੀ ਨਾਲੋਂ ਘੱਟ ਹੁੰਦੀ ਹੈ ਪਰ ਨੀਵੀਂ ਸੁਰ ਦੀ ਵਰਤੋਂ ਮਾਝੀ ਆਦਿ ਪੰਜਾਬੀ ਉਪ-ਬੋਲੀਆਂ ਦੀ ਤਰ੍ਹਾਂ ਹੀ ਹੈ । ਕਈਆਂ ਪ੍ਰਸੰਗਾਂ ਵਿੱਚ ਮਲਵਈ ਅਤੇ ਪੁਆਧੀ ਸ਼ਬਦਾਂ ਦਾ ਵਿਚਕਾਰਲਾ ਅਤੇ ਅੰਤਲਾ /ਹ/ ਸੁਰ ਵਿੱਚ ਨਹੀਂ ਬਦਲਦਾ ਬਲਕਿ ਜਿਉਂ ਦੀ ਤਿਉਂ ਹੀ ਉਚਾਰਿਆ ਜਾਂਦਾ ਹੈ ਜਿਵੇਂ : ‘ ਚਾਹ’ , ‘ ਰਾਹ’ , ‘ ਉਹ’ , ‘ ਕਹੀ’ ਅਤੇ ‘ ਪਹਾੜ’ , ‘ ਬਹਾਰ’ , ‘ ਮਹਿਨਾ’ ਆਦਿ ।

                  3. ਉਲਟ-ਜੀਭੀ /ਲ਼/ ਜਿਹੜਾ ਪੱਛਮੀ ਹਿੰਦੀ ਦੇ ਵਧੇਰੇ ਇਲਾਕੇ ਵਿੱਚ ਨਹੀਂ ਉਚਾਰਿਆ ਜਾਂਦਾ , ਪੁਆਧੀ ਵਿੱਚ ਪੰਜਾਬੀ ਜਿੰਨੀ ਵਿਆਪਕਤਾ ਨਾਲ ਹੀ ਵਰਤਿਆ ਜਾਂਦਾ ਹੈ । ਕੁਝ ਸ਼ਬਦਾਂ ਵਿੱਚ /ਲ/ ਦੀ ਥਾਂ /ਲ਼/ ਵਰਤਿਆਂ ਸ਼ਬਦ ਦੇ ਅਰਥ ਬਦਲ ਜਾਂਦੇ ਹਨ ।

                  4. ਨਾਦੀ ਮਹਾਪ੍ਰਾਣ ਵਿਅੰਜਨਾਂ /ਘ , ਝ , ਢ , ਧ , ਭ/ ਦਾ ਉਚਾਰਨ ਮਾਝੀ , ਮਲਵਈ ਵਾਲਾ ਹੀ ਹੈ । ਇਹ ਵਿਅੰਜਨ ਪੁਆਧੀ ਵਿੱਚ ਵੀ ਸੁਰ ਵਿੱਚ ਬਦਲ ਜਾਂਦੇ ਹਨ । ਸਿਰਫ਼ ਸ਼ਬਦਾਂ ਦੇ ਵਿਚਕਾਰ , ਜੇ ਪਿੱਛੋਂ ਕੋਈ ਦੀਰਘ ਸ੍ਵਰ ਆਏ , ਤਾਂ ਇਹਨਾਂ ਵਿਅੰਜਨਾਂ ਦਾ ਨਾਦੀ , ਮਹਾਂਪ੍ਰਾਣ ਲੱਛਣ , ਕਾਇਮ ਰਹਿੰਦਾ ਹੈ , ਜਿਵੇਂ ‘ ਕਢਾਈ’ , ‘ ਸੰਭਾਲ’ , ‘ ਖੰਘਾਰ’ ਆਦਿ ਸ਼ਬਦਾਂ ਵਿੱਚ ।

                  5. ਪੁਆਧੀ ਵਿੱਚ ‘ ਵ’ ਦਾ ‘ ਬ’ ਤੇ ‘ ਮ’ ਵਿੱਚ ਰੂਪਾਂਤਰ ਮਲਵਈ ਨਾਲੋਂ ਜ਼ਿਆਦਾ ਮਾਤਰਾ ਵਿੱਚ ਮਿਲਦਾ ਹੈ । ਦੋ ਸ੍ਵਰਾਂ ਵਿਚਕਾਰ ‘ ਵ’ ਅਕਸਰ ‘ ਮ’ ਵਿੱਚ ਬਦਲਦਾ ਹੈ ।

        ਜਿਵੇਂ ਬਾਲ ( ਵਾਲ ) , ਸਬੇਰਾ ( ਸਵੇਰਾ ) , ਤਬੀਤ ( ਤਵੀਤ ) , ਬੀਹ ( ਵੀਹ ) , ਤੀਮੀਂ ( ਤੀਵੀਂ ) , ਜਮਾਈ ( ਜਵਾਈ ) , ਐਮੇਂ ( ਐਵੇਂ ) , ਸਿਰਨਾਮਾ ( ਸਿਰਨਾਵਾਂ ) , ਜਾਮਾਂਗਾ ( ਜਾਵਾਂਗਾ ) ।

        ਪੁਆਧੀ ਦੀਆਂ ਵਿਆਕਰਨਿਕ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ :

                  1. ਪੁਆਧੀ ਦੇ ਕੁਝ ਇਲਾਕਿਆਂ ਵਿੱਚ ਕਿਰਿਆ ਰੂਪ ਸਟੈਂਡਰਡ ਪੰਜਾਬੀ ਅੰਤ ਮਲਵਈ ਨਾਲੋਂ ਵੀ ਵੱਖਰੇ ਹਨ । ਜਿਵੇਂ ‘ ਖਾਂਦਾ ਹਾਂ’ , ‘ ਜਾਂਦਾ ਹਾਂ’ ਦੀ ਥਾਂ ਕੁਝ ਖੇਤਰਾਂ ਵਿੱਚ ‘ ਖਾਹਾਂ’ , ‘ ਜਾਹਾਂ’ ਬੋਲਿਆ ਜਾਂਦਾ ਹੈ ।

                  2. ਪੁਆਧੀ ਦੇ ਸੰਬੰਧਕ ਵੀ ਖ਼ਾਸ ਹਨ , ਜੋ ਬਾਕੀ ਪੰਜਾਬੀ ਉਪ-ਬੋਲੀਆਂ ਨਾਲੋਂ ਬਿਲਕੁਲ ਵੱਖਰੇ ਹਨ : ‘ ਗੈਲ’ ( ਨਾਲ , ਲਾਗੇ ) , ‘ ਪਰ’ ( ਉੱਤੇ ) , ‘ ਲਵੇ’ ( ਨੇੜੇ , ਕੋਲ , ਲਾਗੇ ) , ‘ ਬਿਚਮਾ’ ( ਵਿੱਚ ) , ‘ ਕਨਿਓਂ’ ( ਪਾਸਿਓਂ )

        ਸੰਬੰਧਕ ‘ ਨੇ’ ਦੀ ਵਰਤੋਂ ਮਾਝੀ ਅਤੇ ਮਲਵਈ ਵਾਂਗ ਹੀ ਹੁੰਦੀ ਹੈ ।

                  3. ਪੰਜਾਬੀ ਦੀਆਂ ਉਪਭਾਸ਼ਾਵਾਂ ਅਤੇ ਉਪਬੋਲੀਆਂ ਨਾਲੋਂ ਪੁਆਧੀ ਸਭ ਤੋਂ ਵੱਧ ਵਿਜੋਗਾਤਮਿਕ ਹੈ , ਇੱਥੋਂ ਤੱਕ ਕਿ ਇਹ ਮਲਵਈ ਨਾਲੋਂ ਵੀ ਵਧੇਰੇ ਵਿਜੋਗਾਤਮਿਕ ਹੈ । ਮਲਵਈ ਵਿੱਚ ਕੁਝ ਥੋੜ੍ਹੇ ਜਿਹੇ ਸੰਜੋਗਾਤਮਿਕ ਰੂਪ ਅਜੇ ਵੀ ਵਰਤੇ ਜਾਂਦੇ ਹਨ , ਜਿਵੇਂ ‘ ਸ਼ਹਿਰੋਂ ਆਇਆ’ , ‘ ਅੱਖੀਂ ਦੇਖਿਆ’ ਆਦਿ ਵਿੱਚ ‘ ਸ਼ਹਿਰੋਂ’ ਅਤੇ ‘ ਅੱਖੀਂ’ ਸੰਜੋਗਾਤਮਿਕ ਰੂਪ ਹਨ । ਪੁਆਧੀ ਵਿੱਚ ਇਹਨਾਂ ਦੀ ਥਾਂ ਵਿਜੋਗਾਤਮਿਕ ਰੂਪ ਵਰਤੇ ਜਾਂਦੇ ਹਨ-‘ ਸ਼ਹਿਰ ਤੇ ਆਇਆ’ , ‘ ਅੱਖਾਂ ਗੈਲ ਦੇਖਿਆ’ ।

                  4. ਪੁਆਧੀ ਵਿੱਚ ਕਈ ਪੜਨਾਵੀਂ ਰੂਪ ਵੀ ਫ਼ਰਕ ਵਾਲੇ ਹਨ । ਪੁਆਧੀ ਦੇ ਕੁਝ ਖੇਤਰਾਂ ਵਿੱਚ ‘ ਅਸੀਂ’ , ‘ ਤੁਸੀਂ’ ਦੀ ਥਾਂ ‘ ਹਮੇਂ’ , ‘ ਤੁਮੇਂ’ ਬੋਲਿਆ ਜਾਂਦਾ ਹੈ । ‘ ਤੂੰ’ ਲਈ ਕਈ ਥਾਂਈਂ ‘ ਤਉਂ’ ਉਚਾਰਿਆ ਜਾਂਦਾ ਹੈ । ਇੱਕ ਪਾਸੇ ਸ਼ੁੱਧ ਪੰਜਾਬੀ ਰੂਪ ‘ ਸਾਨੂੰ’ , ‘ ਤੈਨੂੰ’ ਹਨ ਅਤੇ ਕੁਝ ਇਲਾਕਿਆਂ ਵਿੱਚ ‘ ਹਮਾਨੂੰ’ , ‘ ਮ੍ਹਾਨੂੰ’ , ‘ ਤੁਮ੍ਹਾਨੂੰ’ ਵੀ ਬੋਲੇ ਜਾਂਦੇ ਹਨ ।

                  5. ਭੂਤ-ਕਾਲ ਦੀ ਸਹਾਇਕ ਕਿਰਿਆ ਦਾ ਰੂਪ ਪੰਜਾਬੀ ਦੀਆਂ ਸਾਰੀਆਂ ਉਪ-ਬੋਲੀਆਂ ਨਾਲੋਂ ਫ਼ਰਕ ਵਾਲਾ ਹੈ । ਪੁਆਧੀ ਵਿੱਚ ਇਹ ਸਹਾਇਕ ਕਿਰਿਆ ਤਾ , ਤੇ , ਤੀ , ਤੀਆਂ ਹੈ । ਜਿਵੇਂ : ‘ ਉਹ ਆਇਆ ਤਾਂ’ , ‘ ਉਹ ਆਏ ਤੇ’ , ‘ ਉਹ ਆਈ ਤੀ’ , ‘ ਉਹ ਆਈਆਂ ਤੀਆਂ’ ।

        ਇਹ ਸਹਾਇਕ ਕਿਰਿਆ ਲਿੰਗ-ਵਚਨ ਅਨੁਸਾਰ ਬਦਲਦੀ ਹੈ । ਮਾਝੀ ਦੀ ਇਹੋ ਕਿਰਿਆ ( ਸਾਂ , ਸੈਂ , ਸਉ , ਸੀ , ਸਣ ) ਪੁਰਖ-ਵਚਨ ਅਨੁਸਾਰ ਬਦਲਦੀ ਹੈ , ਲਿੰਗ ਦਾ ਕਿਰਿਆ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ । ਮਲਵਈ ਵਿੱਚ ਹਰ ਥਾਂ ਇਕੱਲੀ ‘ ਸੀ’ ਹੀ ਵਰਤੀ ਜਾਂਦੀ ਹੈ । ਕਈ ਪੁਆਧੀ ਇਲਾਕਿਆਂ ਵਿੱਚ ਥੀ , ਥੀਆਂ , ਥਾ , ਥੇ ਵੀ ਉਚਾਰਦੇ ਹਨ ।

                  6. ਪੁਆਧੀ ਦੇ ਕਿਰਿਆ ਵਿਸ਼ੇਸ਼ਣ ਵੀ ਵੱਖਰੇ ਹਨ , ਜੋ ਤਿੰਨ ਤਰ੍ਹਾਂ ਦੇ ਹਨ-ਪੰਜਾਬੀ , ਹਿੰਦੀ-ਨੁਮਾ ਅਤੇ ਸਥਾਨਿਕ , ਜਿਹੜੇ ਹੇਠਾਂ ਦਰਸਾਏ ਜਾਂਦੇ ਹਨ : ‘ ਇਬ’ ( ਹੁਣ ) , ‘ ਇਬੀ’ ( ਹੁਣੇ ) , ਇੱਕਣ ( ਇਵੇਂ ) , ‘ ਓਗਲ’ ( ਓਦੋਂ ) , ‘ ਕੌਗਲ’ ( ਕਦੋਂ ) , ‘ ਜੌਗਲ’ ( ਜਦੋਂ ) , ‘ ਤੌਗਲ` ( ਤਦੋਂ ) ਆਦਿ ।

                  7. ਸ਼ਬਦਾਵਲੀ ਦਾ ਵੀ ਸਟੈਂਡਰਡ ਪੰਜਾਬੀ ਨਾਲੋਂ ਅੰਤਰ ਹੈ :

        ‘ ਗੈਂ` ( ਗਾਂ ) , ‘ ਮੈਸ` ( ਮੱਝ ) , ‘ ਛੋਹਰਾ/ਛੋਕਰਾ` ( ਮੁੰਡਾ ) , ‘ ਚਾਸਣੀ` ( ਕੜਾਹੀ ) , ‘ ਭੱਤ` ( ਚੌਲ ) , ‘ ਥੋੜ` ( ਥਾਂ/ਸਥਾਨ ) , ‘ ਕਚਰਾ` ( ਖਰਬੂਜਾ ) , ‘ ਭਲੇਟ` ( ਚਿਰਾਂ ਦੀ ਸੂਈ ਮੱਝ ) , ‘ ਊਂਜਲ` ( ਬੁੱਕ/ਓਕ ) ਆਦਿ ।


ਲੇਖਕ : ਗੁਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੁਆਧੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਆਧੀ [ ਨਾਂਇ ] ਪੁਆਧ ਦੀ ਬੋਲੀ [ ਨਾਂਪੁ ] ਪੁਆਧ ਦਾ ਵਸਨੀਕ [ ਵਿਸ਼ੇ ] ਪੁਆਧ ਨਾਲ਼ ਸੰਬੰਧਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁਆਧੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਆਧੀ   : ਵੇਖੋ ‘ ਉਪਭਾਸ਼ਾ/ਉਪਭਾਖਾ’

ਉਪਭਾਸ਼ਾ / ਉਪਭਾਖਾ : ਉਪਭਾਸ਼ਾ ਜਾਂ ਉਪਭਾਖਾ ਕਿਸੇ ਵਡੇਰੀ ਤੇ ਪ੍ਰਚੱਲਿਤ ਭਾਸ਼ਾ ਦੇ ਇਕ ਸੀਮਿਤ ਹਿੱਸੇ ਵਿਚ ਬੋਲੇ ਜਾਣ ਵਾਲੇ ਇਲਾਕਾਈ ਰੂਪ ਨੂੰ ਕਹਿੰਦੇ ਹਨ । ਉਪਭਾਸ਼ਾ ਵਿਚ ਇਕ ਵਡੇਰੀ ਭਾਸ਼ਾ ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ ਤੇ ਉਹ ਸਮਾਂ ਪਾ ਕੇ ਅਤੇ ਹਾਲਾਤ ਦੇ ਅਨੁਕੂਲ ਹੋਣ ਨਾਲ ਉਪਭਾਸ਼ਾ ਦੀ ਥਾਂ ਖੁਦ ਭਾਸ਼ਾ ਦਾ ਰੂਪ ਧਾਰ ਸਕਦੀ ਹੈ ।

                  ਇਹ ਗੱਲ ਮੰਨੀ ਗਈ ਹੈ ਕਿ ਨਾ ਤਾਂ ਸਾਰੇ ਮਨੁੱਖਾਂ , ਕਬੀਲਿਆਂ , ਸਮਾਜਕ ਗੁੱਟਾਂ ਦਾ ਉਚਾਰਣ ਢੰਗ ਤੇ ਸ਼ਬਦਾਵਲੀ ਇਕੋ ਹੈ ਤੇ ਨਾ ਹੀ ਵੱਖ ਵੱਖ ਭੂਗੋਲਿਕ ਸਥਿਤੀਆਂ ਅੰਦਰ ਪੈਦਾ ਹੋਈਆਂ ਉਚਾਰਣ ਵਿਸ਼ੇਸ਼ਤਾਵਾਂ ਇਕੋ ਜਿਹੀਆਂ ਹਨ । ਇਸੇ ਲਈ ਕਹਿੰਦੇ ਹਨ ਕਿ ਹਰ ਬਾਰ੍ਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ । ਇਸ ਤਰ੍ਹਾਂ ਇਹ ਸਮਾਜਕ ਤੇ ਇਲਾਕਾਈ ਭੇਦ ਉਪਭਾਸ਼ਾ ਨੂੰ ਜਨਮ ਦਿੰਦੇ ਹਨ ।

                  ਇੱਥੇ ਇਕ ਹੋਰ ਗੱਲ ਵੀ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਬਾਰ੍ਹਾਂ ਕੋਹਾਂ ਵਿਚ ਬੋਲੀ ਇਕ– ਦਮ ਨਹੀਂ ਬਦਲ ਜਾਂਦੀ , ਕੇਵਲ ਉਚਾਰਣ ਢੰਗ ਤੇ ਸ਼ਬਦਾਵਲੀ ਵਿਚ ਥੋੜ੍ਹਾ ਜਿਹਾ ਫ਼ਰਕ ਪੈ ਜਾਂਦਾ ਹੈ । ਦਰਿਆ ਦੇ ਇਕ ਕੰਢੇ ਤੇ ਵਸਣ ਵਾਲਿਆਂ ਦੀ ਬੋਲੀ ਦੂਜੇ ਕੰਢੇ ਤੇ ਵਸਣ ਵਾਲਿਆਂ ਨਾਲੋਂ ਕੁਝ ਵੱਖ ਹੋਵੇਗੀ । ਇਹ ਵੱਖਰੇਵਾਂ ਪ੍ਰਾਚੀਨ ਕਾਲ ਵਿਚ ਹੋਰ ਵੀ ਜ਼ਿਆਦਾ ਹੋ ਜਾਂਦਾ ਸੀ ਜਦ ਦਰਿਆ ਵਿਚ ਹੜ੍ਹ ਆ ਜਾਣ ਦੇ ਕਾਰਣ ਦੋਹਾਂ ਕੰਢਿਆਂ ਤੇ ਵਸਣ ਵਾਲਿਆਂ ਦਾ ਮੇਲ ਜੋਲ ਮਹੀਨਿਆਂ ਬੱਧੀ ਬੰਦ ਹੋ ਜਾਂਦਾ ਸੀ ।

                  ਅੱਜ ਲੋਕਾਂ ਦੇ ਮੇਲ ਜੋਲ ਵੱਧ ਜਾਣ ਨਾਲ ਬੋਲੀਆਂ ਦੇ ਇਲਾਕਾਈ ਰੂਪਾਂ ਵਿਚ ਵਖਰੇਵੇਂ ਭਾਵੇਂ ਘਟ ਰਹੇ ਹਨ , ਫਿਰ ਵੀ ਇਕ– ਦਮ ਮਿਟ ਨਹੀਂ ਗਏ । ਜਿਵੇਂ ਭੋਜਪੁਰੀ , ਬੁੰਧੇਲਖੰਡੀ , ਅਵਧੀ , ਰਾਜਸਥਾਨੀ , ਖੜੀ ਬੋਲੀ , ਹਰਿਆਣਵੀ ਆਦਿ ਹਿੰਦੀ ਦੀਆਂ ਉਪਭਾਸ਼ਾਵਾਂ ਹਨ , ਠੀਕ ਇਸੇ ਤਰ੍ਹਾਂ ਪੰਜਾਬੀ ਦੀਆਂ ਵੀ ਉਪਭਾਸ਼ਾਵਾਂ ਹਨ ਅਤੇ ਉਹ ਹਿੰਦੁਸਤਾਨੀ ਤੇ ਪਾਕਿਸਤਾਨੀ ਪੰਜਾਬ ਵਿਚ ਫੈਲੀਆਂ ਹੋਈਆਂ ਹਨ । ਸੰਖਿਪਤ ਵੇਰਵਾ ਇਸ ਪ੍ਰਕਾਰ ਹੈ :

                  ਮਾਝੀ ਅਥਵਾ ਕੇਂਦਰੀ : ਇਹ ਸਾਂਝੇ ਪੰਜਾਬ ਦੇ ਐਨ ਕੇਂਦਰੀ ਇਲਾਕੇ ਵਿਚ ਬੋਲੀ ਜਾਂਦੀ ਹੈ ਤੇ ਇਸੇ ਲਈ ਇਸ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਦੇ ਤੌਰ ਤੇ ਪ੍ਰਵਾਨ ਕੀਤਾ ਗਿਆ ਹੈ । ਗੁਜਰਾਂਵਾਲਾ , ਲਾਹੌਰ , ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਪੂਰੇ ਜਿਲ੍ਹੇ ਅਤੇ ਸ਼ੇਖੂਪੁਰਾ ਤੇ ਸਿਆਲਕੋਟ ਅਥਵਾ ਗੁਜਰਾਤ ਦੇ ਕੁਝ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ । ਇਸ ਦਾ ਠੇਠ ਮੁਹਾਵਰਾ ਅੰਮ੍ਰਿਤਸਰ ਦੇ ਆਲੇ ਦੁਆਲੇ ਦਾ ਹੈ । ਮਾਝੀ ਨੂੰ ਜੇ ਲਹਿੰਦੀ ਦਾ ਸੋਧਿਆ ਰੂਪ ਕਿਹਾ ਜਾਏ ਤਾਂ ਅਯੋਗ ਨਹੀਂ ਹੋਵੇਗਾ ਜਿਵੇਂ ਪਿਉ , ਘਿਉ , ਪੁਤ੍ਰ , ਭਾਊ ਆਦਿ ਕਈ ਸ਼ਬਦ ਇਕੋ ਤਰ੍ਹਾਂ ਵਰਤੇ ਜਾਂਦੇ ਹਨ । ਹਾਂ ਕ੍ਰਿਆ ਰੂਪ ਵਿਚ ਚੋਖੀ ਤਬਦੀਲੀ ਆਈ ਹੈ ਜਿਵੇਂ ‘ ਮਰੇਂਦਾ’ ਦੀ ਥਾਂ ‘ ਮਾਰਦਾ’ ਅਤੇ ‘ ਜਾਸਾਂ’ ਦੀ ਥਾਂ ‘ ਜਾਵਾਂਗਾ’ , ‘ ਆਵਾਂਗਾ’ ਵਰਤਦੇ ਹਨ । ਅੱਜਕਲ੍ਹ ਪੰਜਾਬੀ ਦੀਆਂ ਲਗਭਗ ਸਭ ਪੁਸਤਕਾਂ ਵਿਚ ਇਹੀ ਉਪਭਾਸ਼ਾ ਵਰਤੀ ਜਾਂਦੀ ਹੈ । ਫਿਰ ਦੀ ‘ ਆਰਾਮ’ ਨੂੰ ‘ ਰਮਨ’ , ‘ ਪੰਚ’ ਨੂੰ ‘ ਪੈਂਚ’ , ‘ ਸਿੰਘ’ ਨੂੰ ‘ ਸਿੰਹਾਂ’ ਆਦਿ ਇਸ ਦੇ ਖ਼ਾਸ ਇਲਾਕਾਈ ਭੇਦ ਹਨ । ਮੁਲਤਾਨੀ ਤੋਂ ਬਾਅਦ ਇਸ ਨੂੰ ਪੰਜਾਬ ਦੀ ਸਭ ਤੋਂ ਪੁਰਾਤਨ ਉਪਭਾਸ਼ਾ ਮੰਨਿਆ ਜਾਂਦਾ ਹੈ । ਪੁਰਾਤਨ ਪੁਸਤਕਾਂ ਵਿਚ ਇਸ ਦਾ ਨਾਂ ਲਾਹੌਰੀ ਵੀ ਦਿੱਤਾ ਹੈ ।

                  ਦੁਆਬੀ : ਕੇਂਦਰੀ ਪੰਜਾਬ ਦੇ ਪੂਰਬ ਵੱਲ ਦੁਆਬਾ ਹੈ । ਦੁਆਬੇ ਦੇ ਅਰਥ ਹਨ ‘ ਦੋ ਪਾਣੀ’ ਅਤੇ ‘ ਦੁਆਬਾ’ ਦਾ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ । ਉਂਜ ਤਾਂ ਪੰਜਾਬ ਵਿਚ ਪੰਜ ਦੁਆਬੇ ਹਨ ਪਰ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਖ਼ਾਸ ‘ ਦੁਆਬੇ’ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਦੀ ਬੋਲੀ ਨੂੰ ਦੁਆਬੀ ਕਹਿੰਦੇ ਹਨ । ਜਲੰਧਰ , ਹੁਸ਼ਿਆਰਪੁਰ ਤੇ ਕਪੂਰਥਲਾ ਦੇ ਜ਼ਿਲ੍ਹੇ ਇਸ ਵਿਚ ਆਉਂਦੇ ਹਨ । ਦੁਆਬਾ ਨਿਵਾਸੀ ਉਂਜ ਤਾਂ ਕੇਂਦਰੀ ਬੋਲੀ ਹੀ ਬੋਲਦੇ ਹਨ ਪਰ ‘ ਵ’ ਦੀ ਥਾਂ ‘ ਬ’ , ‘ ਸ਼’ ਦੀ ਥਾਂ ‘ ਛ’ ਜਾਂ ‘ ਬ’ ਦੀ ਥਾਂ ‘ ਵ’ ਵਰਤ ਕੇ ਇਹ ਬੋਲੀ ਦਾ ਰੰਗ ਰੂਪ ਬਦਲ ਦਿੰਦੇ ਹਨ ਜਿਵੇਂ ‘ ਵਾਹਿਗੁਰੂ’ ਨੂੰ ‘ ਬਾਹਗੁਰੂ’ , ‘ ਬੰਡ’ ਤੇ ‘ ਵਟ’ ਨੂੰ ‘ ਬਟ’ ਬੋਲਣਗੇ । ਇਸੇ ਤਰ੍ਹਾਂ ‘ ਬਰਮਾ’ ਨੂੰ ‘ ਵਰਮਾ’ ਅਤੇ ‘ ਬੜੀ ਖੁਸ਼ੀ’ ਅਤੇ ‘ ਬ੍ਰਿਸ਼ਭਾਨ’ ਨੂੰ ‘ ਬ੍ਰਿਛਭਾਨ’ ਬਣਾ ਦੇਣਗੇ । ਕੇਂਦਰੀ ਤੇ ਦੁਆਬੀ ਉਪਭਾਸ਼ਾਵਾਂ ਹੁਣ ਤੇਜ਼ੀ ਨਾਲ ਇਕ– ਮਿਕ ਹੋ ਰਹੀਆਂ ਹਨ ।

                  ਮਲਵਈ : ਦੁਆਬੀ ਨਾਲ ਮਿਲਦੀ ਜੁਲਦੀ ਇਹ ਉਪਭਾਸ਼ਾ ਸਤਲੁਜ ਪਾਰ ਦੀ ਬੋਲੀ ਹੈ । ਫ਼ੀਰੋਜ਼ਪੁਰਾ , ਫਰੀਦਕੋਟ , ਲੁਧਿਆਣਾ , ਪਟਿਆਲਾ , ਬਠਿੰਡਾ ਦੇ ਪੂਰੇ ਜ਼ਿਲ੍ਹੇ ਅਤੇ ਸੰਗਰੂਰ ਦਾ ਚੋਖਾ ਇਲਾਕਾ ਇਸ ਵਿਚ ਸ਼ਾਮਲ ਹੈ । ‘ ਵ’ ਤੇ ‘ ਬ’ ਦੀ ਵਰਤੋਂ ਇੱਥੇ ਵੀ ਵਰਤੋਂ ਇੱਥੇ ਵੀ ਦੁਆਬੇ ਜਿਹੀ ਹੈ । ਕੁਝ ਹੋਰ ਵੱਖਰੇਵੇਂ ਇਸ ਤਰ੍ਹਾਂ ਹਨ । ‘ ਤੁਹਾਨੂੰ’ ਦੀ ਥਾਂ ‘ ਥੁਆਨੂੰ’ , ‘ ਤੁਹਾਡੀ’ ਦੀ ਥਾਂ ‘ ਥੋਡੀ’ ਬੋਲਦੇ ਹਨ । ਇਸ ਤਰ੍ਹਾਂ ਜਿੱਥੇ ‘ ਾਂ’ ਜਾਂ ‘ ਈਂ’ ਦੀ ਆਵਾਜ਼ ਹੋਵੇ ਉੱਥੇ ‘ ਮ’ ਬੋਲਦੇ ਹਨ ਜਿਵੇਂ ‘ ਲਿਆਵਾਂ’ ਨੂੰ ‘ ਲਿਆਮਾ’ ਜਾਂ ‘ ਤੀਵੀਂ’ ਨੂੰ ‘ ਤੀਮੀ’ ਤੇ ਭਾਈ ਨੂੰ ਬਾਈ । ਇਸੇ ਤਰ੍ਹਾਂ ‘ ਕਿਵੇ ਕਰੀਏ’ ਨੂੰ ‘ ਕਿਕਰ ਕਰਾਂ’ ਬੋਲਣਗੇ । ਬਠਿੰਡੇ ਦੇ ਇਰਦ ਗਿਰਦ ਦੀ ਬੋਲੀ ਨੂੰ ‘ ਭਟਿਆਣੀ’ ਵੀ ਕਹਿੰਦੇ ਹਨ ।

                  ਡੋਗਰੀ : ਡੂਗਰ ਦ ਅਰਬ ਹੈ ‘ ਪਹਾੜ’ । ਇਹ ਬੋਲੀ ਪੰਜਾਬ ਦੇ ਨਾਲ ਦੇ ਪਹਾੜੀ ਇਲਾਕਿਆਂ ਵਿਚ ਵਰਤੀ ਜਾਂਦੀ ਹੈ । ਕੁਲੂ , ਕਾਂਗੜਾ , ਸ਼ਿਮਲਾ , ਜੰਮੂ ਤੇ ਸਿਆਲਕੋਟ ਦੇ ਪਹਾੜੀ ਇਲਾਕੇ ਇਸ ਦੇ ਘੇਰੇ ਵਿਚ ਆਉਂਦੇ ਹਨ । ਇਹ ਪੋਠੋਹਾਰੀ ਨਾਲ ਮੇਲ ਖਾਂਦੀ ਹੈ । ‘ ਮਿਘੀ’ , ‘ ਤੁਘੀ’ ਇੱਥੇ ਵੀ ਵਰਤਦੇ ਹਨ । ਕ੍ਰਿਆ ਵਿਚ ‘ ਦੇ’ ਦੀ ਵਰਤੋਂ ਵਾਧੂ ਕਰਦੇ ਹਨ ਜਿਵੇਂ ‘ ਗਏ ਨੇ’ ਨੂੰ ‘ ਗਏ ਦੇ ਨੇ’ । ‘ ਸੀ’ ਜਾਂ ‘ ਸਾ’ ਦੀ ਥਾਂ ‘ ਥ’ ਵਰਤਦੇ ਹਨ ਜਿਵੇਂ ‘ ਕਹਿ ਛਡਿਆ ਸੀ’ ਨੂੰ ‘ ਗਲਾਈ ਛੋੜਿਆ ਥਾ’ ਬੋਲਣਗੇ । ‘ ਏ’ ਦੀ ਵਰਤੋਂ ਆਮ ਕਰਦੇ ਹਨ ਜਿਵੇਂ ‘ ਸੋਹੀਏ ਬਾਪੂਏ ਦੀ’ ।

                  ਜਾਂਗਲੀ ਜਾਂ ਬਾਰੇ ਦੀ ਬੋਲੀ : ਕੇਂਦਰੀ ਇਲਾਕੇ ਨਾਲ ਪੱਛਮ ਵਲ ਲਗਦਾ ਇਲਾਕਾ ਬਾਰ ਦਾ ਹੈ । ਇਹ ਬਾਰ ਸ਼ੇਖੂਪਰੇ ਤੋਂ ਲੈ ਕੇ ਖ਼ਾਨੇਵਾਲ ਤੱਕ ਅਤੇ ਰਾਵੀ ਤੋਂ ਲੈ ਕੇ ਜਿਹਲਮ ਤਕ ਪਸਰੀ ਹੋਈ ਹੈ । ਇਸ ਸਾਰੇ ਇਲਾਕੇ ਦੀ ਝਾਂਗੀ ਕਹਿੰਦੇ ਹਨ । ਸ਼ੇਖੂਪੁਰੇ ਦਾ ਅੱਧਾ ਜ਼ਿਲ੍ਹਾਂ , ਮਿੰਟਗੁਮਰੀ , ਲਾਇਲਪੁਰ ਤੇ ਝੰਗ ਦੇ ਸਾਰੇ ਜ਼ਿਲ੍ਹੇ , ਮੁਲਤਾਨ ਦੀਆਂ ਤਿੰਨ ਤਹਿਸੀਲਾਂ , ਖ਼ਾਨੇਵਾਲ , ਕਬੀਰਵਾਲਾ ਤੇ ਮੈਲਸੀ ਵਿਹਾੜੀ ਅਤੇ ਜ਼ਿਲ੍ਹਾਂ ਸ਼ਾਹਪੁਰ ( ਹੁਣ ਸਰਗੋਧਾ ) ਦਾ ਬਹੁਤ ਸਾਰਾ ਇਲਾਕਾ ਇਸ ਵਿਚ ਸ਼ਾਮਲ ਹਨ । ‘ ਹਿੱਕ’ , ‘ ਵੰਝਣਾ’ ਤੇ ‘ ਮਰੇਸ’ ਆਦਿ ਬੋਲ ਇਸ ਦੇ ਪੋਠੋਹਾਰੀ ਨਾਲ ਮਿਲਦੇ ਹਨ ਅਤੇ ‘ ਧਾਵਣਾ’ , ‘ ਧਾਤਾ’ , ‘ ਭਾਹ’ , ਤੇ ‘ ਚੌਡਸ’ ਆਦਿ ਮੁਲਤਾਨੀ ਨਾਲ । ਪਰ ਇਸ ਵਿਚ ‘ ਮੈਂਡਾ’ ‘ ਤੈਂਡਾ’ ਦੀ ਥਾਂ ‘ ਮੇਰਾ’ ‘ ਤੇਰਾ’ ਹੀ ਵਰਤਦੇ ਹਨ । ਝੰਗ ਦੇ ਸ਼ਹਿਰੀ ਲੋਕ , ‘ ਮੈਰਾ’ ‘ ਤੈਰਾ’ ਬੋਲਦੇ ਹਨ ਤੇ ਇਹੀ ਉਨ੍ਹਾਂ ਦੀ ਪਛਾਣ ਹੈ । ਇਹ ਉਪਬੋਲੀ ਕੇਂਦਰੀ ਨਾਲ ਚੋਖਾ ਮੇਲ ਖਾਂਦੀ ਹੈ । ਇਸ ਦੀ ਖ਼ਾਸ ਨਿਸ਼ਾਨੀ ਇਹ ਹੈ ਕਿ ਇਸ ਵਿਚ ਟਿਪੀ ( ੰ ) ਦੀ ਥਾਂ ਅਧਕ ( ੱ ) ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਜਿਵੇਂ ‘ ਕੰਧ’ ਨੂੰ , ‘ ਕੱਧ’ ‘ ਕੰਘੀ’ ਨੂੰ ‘ ਕੱਘੀ’ , ‘ ਸੱਘ’ ਨੂੰ ‘ ਸੰਘ’ ਤੇ ‘ ਚੁੰਘਣਾ’ ਨੂੰ ‘ ਚੁੱਘਣਾ’ ਕਹਿਣਗੇ । ਬਹੁਤ ਸਾਰੀਆਂ ਥਾਂਵਾਂ ਤੇ ਜਾਂ ਤੇ ( ਿ ) ਉਡਾ ਹੀ ਦਿੱਤੀ ਜਾਂਦੀ ਹੈ , ਨਹੀਂ ਤੇ ਇਸ ਦੀ ਥਾਂ ( ਾ ) ਵਰਤਿਆ ਜਾਂਦਾ ਹੈ ਜਿਵੇਂ ਸ਼ਹਿਰ ਨੂੰ ‘ ਸ਼ਾਹਰ’ ਤੇ ‘ ਗਹਿਣਾ’ ਨੂੰ ‘ ਗਾਹਣਾ’ , ‘ ਰਹਿੰਦੇ’ ਨੂੰ ‘ ਰਾਹੰਦੇ’ ਤੇ ‘ ਲਾਹਿੰਦਾ’ ਨੂੰ ‘ ਲਾਹੰਦਾ’ ਬੋਲਿਆ ਜਾਂਦਾ ਹੈ । ‘ ਸੀ’ ਦੀ ਥਾਂ ‘ ਆਹਾ’ , ‘ ਆਹੀ’ ਜਾਂ ‘ ਹਾਈ’ ਵਰਤਦੇ ਹਨ , ਜਿਵੇਂ ‘ ਇਕ ਦਿਲ ਆਹਾ ਸੋ ਰਾਂਝਣ ਲੀਤਾ ਖੇੜਿਆਂ ਨੂੰ ਕੇ ਦੇਸੀ’ ( ਹੀਰ ਦਮੋਦਰ ) । ਇਸ ਦੇ ਲੋਕ ਗੀਤਾਂ ਵਿਚ ਉਤਮ ਸਾਹਿੱਤ ਲੁਕਿਆ ਪਿਆ ਹੈ । ਦਮੋਦਰ ਨੇ ਆਪਣੇ ਕਿੱਸਾ ‘ ਹੀਰ’ ਵਿਚ ਪ੍ਰਮੁੱਖ ਰੂਪ ਵਿਚ ਇਹੀ ਬੋਲੀ ਵਰਤੀ ਹੈ । ਜਿਹਲਮ ਦੇ ਪਾਰਲੇ ਇਲਾਕੇ ਤੇ ਖੁਸ਼ਾਬ ਦੀ ਬੋਲੀ ਨੂੰ ਬਲੋਚੀ ਕਹਿੰਦੇ ਹਨ ,

ਇਹ ਜਾਂਗਲੀ ਉਪਭਾਖਾ ਦਾ ਛੋਟਾ ਰੂਪ ਹੈ । ਇਸ ਤਰ੍ਹਾਂ ਜ਼ਿਲ੍ਹਾ ਮੀਆਂਵਾਲੀ ਦੀ ਬੋਲੀ ਨੂੰ ਆਵਾਣਕਾਰੀ ਕਹਿੰਦੇ ਹਨ । ਇਹ ਪੋਠੋਹਾਰੀ ਤੇ ਜਾਂਗਲੀ ਬੋਲੀ ਦੀ ਮਿਸ਼ਰਿਤ ਹੈ । ਹੀਰ ਦਮੋਦਰ ਜਾਂਗਲੀ ਭਾਖਾ ਦਾ ਸਫਲ ਨਮੂਨਾ ਹੈ ।

                  ਮੁਲਤਾਨੀ : ਪੁਰਾਤਨ ਪੰਜਾਬ ਦਾ ਬਹੁਤ ਸਾਹਿੱਤ ਮੁਲਤਾਨੀ ਵਿਚ ਪ੍ਰਾਪਤ ਹੈ । ਮੁਲਤਾਨੀ ਜ਼ਿਲ੍ਹਾ ਮੁਲਤਾਨ ਦੀਆਂ ਤਹਿਸੀਲਾਂ ਮੁਲਤਾਨ , ਸੁਜਾਬਾਦ ਤੇ ਲੋਧਰਾਂ ਅਤੇ ਮੁਜ਼ੱਫਰਗੜ੍ਹ ਦੇ ਜ਼ਿਲ੍ਹੇ ਵਿਚ ਬੋਲੀ ਜਾਂਦੀ ਹੈ । ਬਹਾਵਲਪੁਰ ਦੀ ਬੋਲੀ ਬਹੁਤੀ ਮੁਲਤਾਨੀ ਹੈ ਭਾਵੇਂ ਉਸ ਪੁਰ ਪੇਤਲਾ ਜਿਹਾ ਸਿੰਧੀ ਦਾ ਅਸਰ ਵੀ ਹੈ । ਕਈ ਇਸ ਨੂੰ ‘ ਸਰਾਇਕੀ’ ਵੀ ਕਹਿੰਦੇ ਹਨ । ਇਸੇ ਤਰ੍ਹਾਂ ਡੇਰਾ ਗਾਜ਼ੀਖਾਨ ਦੀ ਬੋਲੀ ਵੀ ਮੁਲਤਾਨੀ ਹੀ ਕਹੀ ਜਾ ਸਕਦੀ ਹੈ ਭਾਵੇਂ ਇਸ ਨੂੰ ਡੇਰਾ ਜਾਤੀ ਕਹਿਕੇ ਵੱਖ ਕਰਨ ਦਾ ਯਤਨ ਕੀਤਾ ਗਿਆ ਹੈ । ਕ੍ਰਿਆ ਦਾ ਭਵਿੱਖ ਰੂਪ ਬਾਰ ਦੀ ਬੋਲੀ ਵਾਲਾ ਹੀ ਹੈ , ਭਾਵ ‘ ਜਾਸੀ’ ‘ ਖਾਸੀ’ ‘ ਰਹਿਸੀ’ ਆਦਿ , ਪਰ ਭੂਤ ਵਿਚ ‘ ਆਹਾ’ ਦੀ ਥਾਂ ‘ ਹਾਈ’ ਸੁਣਿਆ ਜਾਏਗਾ । ਇਸੇ ਤਰ੍ਹਾਂ ‘ ਚਲਣਾ’ ਨੂੰ ‘ ਜੁਲਣਾ’ , ਅਤੇ ‘ ਮੈਂਡਾ’ ‘ ਤੈਂਡਾ’ , ‘ ਘਿੰਨ’ ‘ ਵੰਞ’ ਆਦਿ ਇਸ ਦੀ ਪਛਾਣ ਦੇ ਪ੍ਰਸਿੱਧ ਬੋਲ ਹਨ ।

                  ਪੋਠੋਹਾਰੀ : ਇਹ ਬੋਲੀ ਰਾਵਲਪਿੰਡੀ , ਕੈਂਬਲਪੁਰ ( ਅਟਕ ) , ਜਿਹਲਮ ਦੀ ਸੁਹਾਂ ਨਦੀ ਦੇ ਆਰ ਪਾਰ ਦੇ ਜੰਮੂ ਕਸ਼ਮੀਰ ਦੇ ਨਾਲ ਲਗਦੇ ਇਲਾਕੇ ਮੀਰਪੁਰ ਵਿਚ ਬੋਲੀ ਜਾਂਦੀ ਹੈ । ਪੁਰਾਣੇ ਸਮਿਆਂ ਵਿਚ ਇਹ ਇਲਾਕਾ ਵਿੱਦਿਆ ਦਾ ਕੇਂਦਰ ਰਿਹਾ ਹੈ । ਟੈਕਸਲਾ ਇੱਥੇ ਹੀ ਸਥਾਪਿਤ ਸੀ । ਵਿਚੋਂ ਕੁਝ ਸਮਾਂ ਪਛੜਿਆ ਰਹਿ ਕੇ ਨਵੀਨ ਯੁੱਗ ਵਿਚ ਇਸ ਇਲਾਕੇ ਨੇ ਚੋਖੇ ਸਾਹਿੱਤਕਾਰਾਂ ਨੂੰ ਜਨਮ ਦਿੱਤਾ ਹੈ । ‘ ਮੈਂਡਾ’ , ‘ ਤੈਂਡਾ’ ਤੇ ‘ ਘਿਨ’ , ‘ ਵੰਝ’ ਦੇ ਬੋਲ ਇਸ ਦੇ ਮੁਲਤਾਨੀ ਉਪਭਾਖਾ ਨਾਲ ਮਿਲਦੇ ਜੁਲਦੇ ਹਨ । ਇਸ ਉਪਬੋਲੀ ਵਿਚ ‘ ਮਿਘੀ’ , ‘ ਤੁਘੀ’ ਦੇ ਨਾਲ ( ੇ ) ਦੀ ਥਾਂ ( ੈ ) ਦੀ ਵਧੇਰੇ ਵਰਤੋਂ ਹੁੰਦੀ ਹੈ ਜਿਵੇਂ ‘ ਕਿਸਕੈ’ , ‘ ਕੈ ਪਿਆ ਕਰੇਨੈ’ ਆਦਿ । ਇਸ ਤਰ੍ਹਾਂ ‘ ਕਿਥੇ’ ਨੂੰ ‘ ਕੁਥੇ’ ਅਤੇ ‘ ਸਾਡੇ’ ਦੀ ਥਾਂ ‘ ਅਸਾਂ ਨੇ’ ਬੋਲਦੇ ਹਨ । ‘ ੲ’ ਦੀ ਥਾਂ ‘ ਹ’ ਅੱਖਰ ਦੀ ਵਰਤੋਂ ਵੀ ਆਮ ਕੀਤੀ ਜਾਦੀ ਹੈ , ਜਿਵੇਂ ‘ ਇਸ’ ਦੀ ਥਾਂ ‘ ਹਿਸ’ ਤੇ ‘ ਇਹ’ ਦੀ ਥਾਂ ‘ ਹਿਹ’ । ਮੋਹਨ ਸਿੰਘ ਦਾ ਗੀਤ ‘ ਹਿਕ ਢੋਕ ਸਾੜ੍ਹੀ ਦਰ ਅੱਛ ਢੋਲਾ’ ਇਸ ਉਪਭਾਖਾ ਦਾ ਚੰਗਾ ਨਮੂਨਾ ਹੈ ।

                  ਪੁਆਧੀ :   ਦਰਿਆ ਘੱਗਰ ਦੇ ਇਰਦ ਗਿਰਦ ਅੰਬਾਲਾ , ਪਟਿਆਲਾ ਤੇ ਸਰਸਾ– ਫ਼ਤਹਆਬਾਦ ਦੇ ਕੁਝ ਇਲਾਕੇ ਦੀ ਬੋਲੀ ਨੂੰ ਪੁਆਧੀ ਕਹਿੰਦੇ ਹਨ । ਇਹ ਮਲਵਈ ਨਾਲ ਚੋਖੀ ਮਿਲਦੀ ਹੈ । ਇਥੇ ‘ ਸਾਨੂੰ’ ਦੀ ਥਾਂ ‘ ਹਮਾਨੂੰ’ , ‘ ਵਿਚ’ ਦੀ ਥਾਂ ‘ ਬਿਚ ਮਾ’ ਤੇ ‘ ਹੁਣ’ ਨੂੰ ‘ ਇਬ’ ਬੋਲਦੇ ਹਨ । ‘ ਆਇਆ ਸੀ’ ਦੀ ਥਾਂ ‘ ਆਇਆ ਤੀ’ ਅਤੇ ‘ ਗਿਆ ਸੀ’ ਦੀ ਥਾਂ ‘ ਗਿਆ ਤੀ’ ਬੋਲਦੇ ਹਨ ।

                  ਪੁਆਧੀ ਤੋਂ ਅੱਗੇ ਬਾਂਗਰੂ ਬੋਲੀ ਆ ਜਾਂਦੀ ਹੈ । ਇਸ ਲਈ ਬਾਂਗਰੂ ਦਾ ਅਸਰ ਵੀ ਥੋੜ੍ਹਾ ਬਹੁਤ ਪੁਆਧੀ ਪੁਰ ਪੈਂਦਾ ਹੈ । ਕਰਨਾਲ ਤੇ ਰੋਹਤਕ ਦੀ ਬੋਲੀ ਬਾਂਗਰੂ ਹੈ ਜਦ ਕਿ ਸਰਸਾ , ਹਿਸਾਰ , ਹਨੂਮਾਨਗੜ੍ਹ ( ਬੀਕਾਨੇਰ ) ਦੀ ਭਟਿਆਣੀ । ਇਨ੍ਹਾਂ ਦੋਹਾਂ ਬੋਲੀਆਂ ਪੁਰ ਹਿੰਦੀ ਦਾ ਅਸਰ ਜ਼ਰੂਰ ਹੈ ਪਰ ਇਨ੍ਹਾਂ ਦੀ ਰੂਹ ਪੰਜਾਬੀ ਹੀ ਹੈ । ਇੱਥੇ ‘ ਅਸੀ ਇਹ ਨਹੀਂ ਹੋਣ ਦਿਆਂਗੇ’ ਨੂੰ ‘ ਹਮ ਯਹ ਨਹੀਂ ਹੋਣ ਦੇਂ’ ਬੋਲਣਗੇ । ‘ ਕਿਥੇ ਜਾਂਦੇ ਹੋ’ ਨੂੰ ‘ ਕੱਠੇ ਜਾਉ ਸੋ’ ਬੋਲਣਗੇ ।

                  ਪੋਠੋਹਾਰੀ , ਮੁਲਤਾਨੀ ਤੇ ਝਾਂਗੀ , ਤਿੰਨਾਂ ਉਪਬੋਲੀਆਂ ਨੂੰ ਮਿਲਾ ਕੇ ਲਹਿੰਦੀ ਜਾਂ ਲਹਿੰਦਾ   ਦਾ ਨਾਂ ਵੀ ਦਿੱਤਾ ਜਾਂਦਾ ਹੈ । ਇਨ੍ਹਾਂ ਤਿੰਨਾਂ ਦੀ ਸ਼ਬਦਾਵਾਲੀ ਕਾਫ਼ੀ ਸਾਂਝੀ ਹੈ ਅਤੇ ਕ੍ਰਿਆ ਰੂਪ ਜਿਵੇਂ ‘ ਜਾਸੀ’ , ‘ ਖਾਸੀ’ ‘ ਵੰਝਣਾ’ , ਆਦਿ ਅਤੇ ਲਾਂ ( ੇ ) ਦੀ ਵਾਧੂ ਵਰਤੋਂ ਜਿਵੇਂ ‘ ਕਰੇਂਦਾ’ , ਮਰੇਂਦਾ’ , ਆਦਿ ਇਕੋ ਜਿਹੇ ਵਰਤੇ ਜਾਂਦੇ ਹਨ । ਇਹ ਤਿੰਨੇ ਉਪਬੋਲੀਆਂ ਗੁਟ ਹਨ ਅਤੇ ਸੰਸਕ੍ਰਿਤ ਦੇ ਸਭ ਤੋਂ ਵੱਧ ਨੇੜੇ । ‘ ਇਕ ਦੀ ਥਾਂ’ ‘ ਹਿਕ’ ਵੀ ਇਸ ਸਾਰੇ ਇਲਾਕੇ ਵਿਚ ਇਕੋ ਜਿਹਾ ਵਰਤਿਆ ਜਾਂਦਾ ਹੈ ।

                  ਉਨ੍ਹੀਵੀਂ ਸਦੀ ਈ. ਦੇ ਅੰਤ ਤਕ ਇਨ੍ਹਾਂ ਇਲਾਕਿਆਂ ਦੇ ਸਾਹਿੱਤਕਾਰ ਆਪਣੀਆਂ ਰਚਨਾਵਾਂ ਵਿਚ ਆਪਣੀ ਆਪਣੀ ਉਪਭਾਖਾ ਦੀ ਚੋਖੀ ਵਰਤੋਂ ਕਰਦੇ ਰਹੇ ਹਨ । ਪਰ ਵੀਹਵੀਂ ਸਦੀ ਈ. ਦੇ ਆਰੰਭ ਵਿਚ ਪੰਜਾਬੀ ਸਾਹਿੱਤ ਵਿਚ ਨਵੇਂ ਮੋੜ ਆਉਣ ਨਾਲ ਲਗਭਗ ਸਾਰੇ ਸਾਹਿੱਤਕਾਰ ਕੇਂਦਰੀ ਬੋਲੀ ਦੀ ਵਰਤੋਂ ਹੀ ਕਰਨ ਲਗ ਪਏ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸਥਾਨਕ ਭਾਖਾ ਦਾ ਪ੍ਰਭਾਵ ਨਾ ਮਾਤਰ ਹੀ ਰਹਿ ਗਿਆ ਹੈ ।

[ ਸਹਾ. ਗ੍ਰੰਥ– – ‘ ਪੰਜਾਬੀ ਦੁਨੀਆਂ’ , ‘ ਉਪਭਾਖਾ ਅੰਕ’ ; ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ : ‘ ਪੰਜਾਬੀ ਸਾਹਿੱਤ ਦੀ ਉਤਪਤੀ ਤੇ ਵਿਕਾਸ’ ;   ਡਾ. ਗੁਪਾਲ ਸਿੰਘ ਦਰਦੀ : ‘ ਪੰਜਾਬੀ ਸਾਹਿੱਤ ਦਾ ਇਤਿਹਾਸ’ ]                                                  


ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1400, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.