ਪ੍ਰਯਾਯ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਯਾਯ ( ਸ੍ਰੀ ਗੁਰੂ ਗ੍ਰੰਥ ਸਾਹਿਬ ) : ਗੁਰੂ ਗ੍ਰੰਥ ਸਾਹਿਬ ਦੀ ਵਿਵਸਥਿਤ ਟੀਕਾਕਾਰੀ ਸ਼ੁਰੂ ਹੋਣ ਤੋਂ ਪਹਿਲਾਂ ਅਰਥ ਕਰਨ ਦੀ ਪ੍ਰਯਾਯ-ਵਿਧੀ ਪ੍ਰਚਲਿਤ ਸੀ । ਇਸ ਵਿਧੀ ਨਾਲ ਗੁਰੂ ਗ੍ਰੰਥ ਸਾਹਿਬ ਦੇ ਬਾਣੀ-ਕ੍ਰਮ ਅਨੁਸਾਰ ਔਖੇ ਸ਼ਬਦਾਂ ਦੀ ਚੋਣ ਕਰਕੇ ਉਨ੍ਹਾਂ ਦੇ ਕੇਵਲ ਅਰਥ ਲਿਖੇ ਜਾਂਦੇ ਸਨ । ਸਪੱਸ਼ਟ ਹੈ ਕਿ ‘ ਪ੍ਰਯਾਯ’ ਦਾ ਅਰਥ ਕੋਸ਼ ਨਹੀਂ , ਕਿਉਂਕਿ ਇਸ ਵਿਚ ਕੋਸ਼ ਵਾਲੀ ਅਰਥ-ਵਿਵਸਥਾ ਨਹੀਂ ਹੁੰਦੀ ।

                      ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲਗਭਗ ਦੋ ਦਰਜਨ ਪ੍ਰਯਾਯ ਛਪੇ ਜਾਂ ਅਣਛਪੇ ਰੂਪ ਵਿਚ ਉਪਲਬਧ ਹਨ ਜਿਨ੍ਹਾਂ ਦਾ ਵਿਵਰਣ ਡਾ. ਹਰਨਾਮ ਸਿੰਘ ਸ਼ਾਨ ਨੇ ਆਪਣੀ ਪੁਸਤਕ ‘ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ’ ( ਭਾਸ਼ਾ ਵਿਭਾਗ , ਪਟਿਆਲਾ , 1994 ) ਵਿਚ ਦਿੱਤਾ ਹੈ । ਇਨ੍ਹਾਂ ਪ੍ਰਯਾਯਾਂ ਵਿਚੋਂ ਅਧਿਕ ਪ੍ਰਸਿੱਧ ਭਾਈ ਚੰਦਾ ਸਿੰਘ ਦੇ ਹਨ । ਭਾਈ ਚੰਦਾ ਸਿੰਘ ਗਿਆਨੀ ਸੰਪ੍ਰਦਾਇ ਨਾਲ ਸੰਬੰਧਿਤ ਸੀ , ਇਸ ਲਈ ਉਸ ਦੇ ਲਿਖੇ ਪ੍ਰਯਾਯ ਜ਼ਿਆਦਾ ਪ੍ਰਚਲਿਤ ਹੋਏ । ਭਾਈ ਜੀ ਨੇ ਆਪਣੇ ਲਿਖੇ ਪ੍ਰਯਾਯਾਂ ਨੂੰ ਦੋ ਸੁਤੰਤਰ ਰਚਨਾਵਾਂ ਦੇ ਰੂਪ ਵਿਚ ਸਿਰਜਿਆ ਹੈ । ਪਹਿਲਾ ਪ੍ਰਯਾਯ ‘ ਪ੍ਰਿਯਾਇ ਫ਼ਾਰਸੀ ਪਦੋਂ ਕੇ’ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਫ਼ਾਰਸੀ ਸ਼ਬਦਾਂ ਦੇ ਅਰਥ ਹਨ । ਇਸ ਦਾ ਪ੍ਰਕਾਸ਼ਨ ਅਮਰ ਪ੍ਰੈਸ , ਅੰਮ੍ਰਿਤਸਰ ਵਲੋਂ 1887-88 ਈ. ਵਿਚ ਹੋਇਆ । ਦੂਜਾ ਪ੍ਰਯਾਯ ‘ ਪ੍ਰਿਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ’ ਹੈ ਜਿਸ ਵਿਚ ਔਖੇ ਸ਼ਬਦਾਂ ਅਤੇ ਵਾਕਾਂਸ਼ਾਂ ਦੇ ਅਰਥ ਦਿੱਤੇ ਹਨ । ਇਹ ਪੁਸਤਕ ਪਹਿਲੀ ਵਾਰ ਚਸ਼ਮਾ-ਏ- ਨੂਰ ਪ੍ਰੈਸ , ਅੰਮ੍ਰਿਤਸਰ ਵਲੋਂ 1902 ਈ. ਵਿਚ ਛਪੀ ਸੀ ।

ਉਦਾਸੀ ਸੰਪ੍ਰਦਾਇ ਦੇ ਇਕ ਵਿਦਵਾਨ ਸਾਧੂ ਸੁਤੇ ਪ੍ਰਕਾਸ਼ ਨੇ ਵੀ ਇਕ ਮਹੱਤਵਪੂਰਣ ਪ੍ਰਯਾਯ ਦੀ ਰਚਨਾ ਕੀਤੀ ਸੀ ਜੋ ‘ ਪ੍ਰਯਾਇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ’ ਨਾਂ ਅਧੀਨ ਸੰਨ 1898 ਈ. ਵਿਚ ਵਜ਼ੀਰ ਹਿੰਦ ਪ੍ਰੈਸ , ਅੰਮ੍ਰਿਤਸਰ ਵਲੋਂ ਛਪੀ ਸੀ । ਕੁਲ 1440 ਪੰਨਿਆਂ ਦੀ ਇਸ ਰਚਨਾ ਵਿਚੋਂ 110 ਪੰਨਿਆਂ ਵਿਚ ‘ ਜਪੁਜੀ ’ ਦੀ ਵਿਆਖਿਆ ਕੀਤੀ ਗਈ ਹੈ । ਇਸ ਵਿਆਖਿਆ ਨੂੰ ਸਿੱਧਾਂ ਵਲੋਂ ਪ੍ਰਸ਼ਨ ਅਤੇ ਗੁਰੂ ਜੀ ਵਲੋਂ ਉਤਰ ਰੂਪ ਵਿਚ ਗੋਸਟਿ -ਵਿਧੀ ਰਾਹੀਂ ਦੇਣ ਦਾ ਯਤਨ ਕੀਤਾ ਗਿਆ ਹੈ । ਇਸ ਵਿਚ ਬਹੁਤ ਸਾਰੀਆਂ ਪੌਰਾਣਿਕ ਕਥਾਵਾਂ ਅਤੇ ਪ੍ਰਸੰਗਾਂ ਨੂੰ ਸ਼ਾਮਲ ਕੀਤਾ ਗਿਆ ਹੈ । ਸਾਧ-ਭਾਖਾ ਵਿਚ ਲਿਖੀ ਇਸ ਰਚਨਾ ਦਾ ਝੁਕਾ ਹਿੰਦੂ ਧਰਮ-ਗ੍ਰੰਥਾਂ ਵਲ ਅਧਿਕ ਹੈ ।

ਆਧੁਨਿਕ ਯੁਗ ਵਿਚ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ ਸੰਬੰਧੀ ਹੋਏ ਬਹੁ-ਪਸਾਰੀ ਨਿਗਰ ਕੰਮਾਂ ਦੀ ਉਪਲਬਧੀ ਕਰਕੇ ਭਾਵੇਂ ਇਨ੍ਹਾਂ ਪ੍ਰਯਾਯ-ਰਚਨਾਵਾਂ ਦਾ ਕੋਈ ਮਹੱਤਵ ਨਹੀਂ ਰਿਹਾ , ਪਰ ਗੁਰੂ ਗ੍ਰੰਥ ਸਾਹਿਬ ਦੀ ਕੋਸ਼ਕਾਰੀ ਦੇ ਇਤਿਹਾਸ ਵਿਚ ਇਨ੍ਹਾਂ ਦੀ ਬੁਨਿਆਦੀ ਭੂਮਿਕਾ ਜ਼ਰੂਰ ਰਹੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.