ਬਟਾਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਟਾਲਾ ( ਨਗਰ ) : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਨਗਰ , ਜਿਸ ਨੂੰ ਬਹਿਲੋਲ ਲੋਧੀ ਦੇ ਰਾਜ-ਕਾਲ ਵਿਚ ਇਕ ਭੱਟੀ ਰਾਜਪੂਤ ਰਾਇ ਰਾਮਦੇਉ ਨੇ ਵਸਾਇਆ ਸੀ । ਇਸ ਨਗਰ ਵਿਚ 24 ਸਤੰਬਰ 1487 ਈ. ( ਭਾਦੋ

ਸੁਦੀ 7 , 1544 ਬਿ. ) ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ । ਮਾਤਾ ਸੁਲੱਖਣੀ ਜੀ ਦੇ ਪਿਤਾ ਭਾਈ ਮੂਲ ਚੰਦ ਭਾਵੇਂ ਪੱਖੋਕੇ ਪਿੰਡ ਦੇ ਨਿਵਾਸੀ ਸਨ , ਪਰ ਚੌਧਰੀ ਅਜਿਤੇ ਰੰਧਾਵੇ ਦੀ ਜਾਇਦਾਦ ਦੀ ਨਿਗਰਾਨੀ ਕਰਨ ਲਈ ਬਟਾਲੇ ਆ ਵਸੇ ਸਨ ਅਤੇ ਇਥੇ ਹੀ ਸੰਨ 1487 ਈ. ( 1544 ਬਿ. ) ਮਾਤਾ ਸੁਲੱਖਣੀ ਦਾ ਵਿਆਹ ਸੰਪੰਨ ਕੀਤਾ ਸੀ । ਇਸ ਨਗਰ ਵਿਚ ਤਿੰਨ ਧਰਮ-ਧਾਮ ਹਨ :

( 1 )       ਗੁਰਦੁਆਰਾ ਡੇਹਰਾ ਸਾਹਿਬ ( ਵਿਆਹ-ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ) ਜਿਥੇ ਭਾਈ ਮੂਲ ਚੰਦ ਰਹਿੰਦੇ ਸਨ ਅਤੇ ਜਿਥੇ ਵਿਆਹ ਦੀਆਂ ਰਸਮਾਂ ਕੀਤੀਆਂ ਗਈਆਂ ਸਨ । ਬਿਰਧ ਹੋਣ ’ ਤੇ ਭਾਈ ਮੂਲ ਚੰਦ ਆਪਣੇ ਪਿੰਡ ਪੱਖੋਕੇ ਪਰਤ ਗਿਆ ਅਤੇ ਉਸ ਦਾ ਘਰ ਸਿੱਖਾਂ ਦਾ ਧਰਮ-ਧਾਮ ਬਣ ਗਿਆ । ਜਦੋਂ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਗੁਰਦਿੱਤਾ ਨੂੰ ਬਟਾਲੇ ਵਿਆਹੁਣ ਆਏ ਤਾਂ ਇਸ ਥਾਂ ਉਤੇ ਵੀ ਪਧਾਰੇ ਸਨ । ਸਭ ਤੋਂ ਪਹਿਲਾਂ ਮਹਾਰਾਜਾ ਸ਼ੇਰ ਸਿੰਘ ਨੇ ਇਸ ਦੀ ਇਮਾਰਤ ਉਸਰਵਾਈ ਸੀ । ਇਥੋਂ ਦੀ ਸਾਂਭ-ਸੰਭਾਲ ਉਦਾਸੀ ਸਾਧ ਕਰਦੇ ਰਹੇ । ਗੁਰਦੁਆਰਾ ਸੁਧਾਰ ਲਹਿਰ ਤੋਂ ਬਾਦ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ੇ ਵਿਚ ਹੋ ਗਿਆ । ਗੁਰੂ ਜੀ ਦੇ ਵਿਆਹ ਵਾਲੇ ਦਿਨਾਂ ਵਿਚ ਇਥੇ ਸਾਲਾਨਾ ਮੇਲਾ ਲਗਦਾ ਹੈ ।

( 2 )     ਗੁਰਦੁਆਰਾ ਕੰਧ ਸਾਹਿਬ ਉਸ ਥਾਂ ਉਤੇ ਉਸਰਿਆ ਹੋਇਆ ਹੈ ਜਿਥੇ ਗੁਰੂ ਜੀ ਦੀ ਬਰਾਤ ਆ ਕੇ ਰੁਕੀ ਸੀ ਅਤੇ ਗੁਰੂ ਨਾਨਕ ਦੇਵ ਜੀ ਇਕ ਕੱਚੀ ਦੀਵਾਰ ਪਾਸ ਬੈਠੇ ਸਨ । ਸ਼ਰਧਾ-ਵਸ ਸਿੱਖ ਅਨੁਯਾਈਆਂ ਨੇ ਉਸ ਦੀਵਾਰ ਦਾ ਕੁਝ ਹਿੱਸਾ ਸ਼ੀਸ਼ੇ ਦੇ ਇਕ ਬਕਸੇ ਵਿਚ ਗੁਰਦੁਆਰੇ ਅੰਦਰ ਪ੍ਰਦਰਸ਼ਿਤ ਕੀਤਾ ਹੋਇਆ ਹੈ । ਪਹਿਲਾਂ ਇਹ ਗੁਰੂ-ਧਾਮ ਨਿਜੀ ਹੱਥਾਂ ਵਿਚ ਸੀ , ਪਰ ‘ ਸੇਵਾ ਕਮੇਟੀ ਗੁਰਦੁਆਰਾ ਕੰਧ ਸਾਹਿਬ’ ਨੇ ਇਹ ਸਥਾਨ ਖ਼ਰੀਦ ਕੇ 17 ਦਸੰਬਰ 1956 ਈ. ਨੂੰ ਗੁਰਦੁਆਰੇ ਦੀ ਨਵੀਂ ਇਮਾਰਤ ਦੀ ਨੀਂਹ ਰਖੀ ਸੀ । ਹੁਣ ਉਸ ਸਥਾਨ ਉਤੇ ਸੁੰਦਰ ਇਮਾਰਤ ਬਣ ਚੁਕੀ ਹੈ । ਇਸ ਦੀ ਵਿਵਸਥਾ ਸੇਵਾ ਕਮੇਟੀ ਹੀ ਕਰਦੀ ਹੈ । ਹਰ ਪੂਰਣਮਾਸੀ ਨੂੰ ਉਥੇ ਵੱਡੇ ਦੀਵਾਨ ਸਜਦੇ ਹਨ , ਪਰ ਸਾਲਾਨਾ ਸਮਾਗਮ ਗੁਰੂ ਜੀ ਦੇ ਵਿਆਹ ਵਾਲੇ ਦਿਨ ਹੁੰਦਾ ਹੈ ।

( 3 )               ਗੁਰਦੁਆਰਾ ਸਤਕਰਤਾਰੀਆ ਉਸ ਸਥਾਨ ਉਤੇ ਬਣਿਆ ਹੋਇਆ ਹੈ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਗੁਰਦਿੱਤਾ ਦੀ ਬਰਾਤ ਠਹਿਰਾਈ ਸੀ । ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ ।

ਬਟਾਲੇ ਦੇ ਨੇੜੇ ਪੰਜ ਕਿ.ਮੀ. ਦੀ ਵਿਥ ਉਤੇ ‘ ਅਚਲ ਬਟਾਲਾ’ ( ਵੇਖੋ ) ਵਾਲੀ ਥਾਂ’ ਤੇ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨਾਲ ਗੋਸ਼ਟਿ ਕੀਤੀ ਸੀ । ਉਸ ਸਥਾਨ ਉਤੇ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਇਕ ਗੁਰੂ -ਧਾਮ ਬਣਿਆ ਹੋਇਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.