ਬਰਨਾਰਡ ਸ਼ਾਅ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਰਨਾਰਡ ਸ਼ਾਅ ( 1585– 1950 ) : ਮਹਾਨ ਬਰਤਾਨਵੀ ਨਾਟਕਕਾਰ ਜਾਰਜ ਬਰਨਾਰਡ ਸ਼ਾਅ ( George Bernard Shaw ) ਇੱਕ ਆਲੋਚਕ , ਵਿਦਵਾਨ ਅਤੇ ਭਾਸ਼ਨਕਾਰ ਦੇ ਤੌਰ ਤੇ ਵੀ ਪ੍ਰਸਿੱਧ ਹੈ । ਉਸ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਕਾਫ਼ੀ ਪਛੜ ਕੇ ਤੇ ਲੰਬੇ ਸੰਘਰਸ਼ ਤੋਂ ਬਾਅਦ ਲਗਪਗ 40 ਸਾਲ ਦੀ ਉਮਰ ਵਿੱਚ ਮਿਲੀ । ਇਸ ਕਾਮਯਾਬੀ ਦੀ ਸਿਖਰ ਉਦੋਂ ਹੋਈ ਜਦੋਂ ਉਸ ਨੂੰ 1925 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਉਹ ਲਗਪਗ ਆਪਣੇ ਅੰਤਿਮ ਦਿਨਾਂ , ਭਾਵ 95 ਸਾਲ ਦੀ ਉਮਰ ਤੱਕ ਲੇਖਕ ਦੇ ਤੌਰ ਤੇ ਸਰਗਰਮ ਰਿਹਾ । ਉਸ ਨੇ ਤਕਰੀਬਨ 50 ਨਾਟਕ ਲਿਖੇ । ਡਰਾਮੇ ਬਾਰੇ ਉਸ ਦਾ ਨਜ਼ਰੀਆ ਗ਼ੈਰ-ਰਵਾਇਤੀ ਸੀ । ਉਹ ਥੀਏਟਰ ਨੂੰ ਮਨ-ਪ੍ਰਚਾਵੇ ਦਾ ਸਾਧਨ ਸਮਝਣ ਦੀ ਬਜਾਏ ਗੰਭੀਰ ਸੋਚ ਵਿਚਾਰ ਦਾ ਮਾਧਿਅਮ ਮੰਨਦਾ ਹੈ । ਉਸ ਨੇ ਆਪਣਾ ਹੀ ਇੱਕ ਵੱਖਰਾ ਅੰਦਾਜ਼ ਵਿਕਸਿਤ ਕੀਤਾ ਜੋ ਕਿ ਬਹੁਤ ਤਿੱਖਾ , ਵਿਅੰਗਮਈ ਅਤੇ ਡੂੰਘੀ ਸੋਚ ਨਾਲ ਭਰਪੂਰ ਸੀ ।

        ਸ਼ਾਅ ਦਾ ਜਨਮ 26 ਜੁਲਾਈ 1856 ਨੂੰ ਆਇਰਲੈਂਡ ਵਿੱਚ ਡਬਲਿਨ ਨਾਂ ਦੇ ਸਥਾਨ ਤੇ ਹੋਇਆ । ਉਹ ਐਂਗਲੋ ਇੰਗਲਿਸ਼ ਨਸਲ ਵਿੱਚੋਂ ਸੀ । ਉਸ ਦੇ ਮਾਤਾ-ਪਿਤਾ ਦਾ ਵਿਵਾਹਿਤ ਜੀਵਨ ਖ਼ੁਸ਼ੀ ਭਰਪੂਰ ਨਹੀਂ ਸੀ । ਸ਼ਾਅ ਅਜੇ ਲੜਕਪਨ ਦੀ ਉਮਰ ਵਿੱਚ ਹੀ ਸੀ ਜਦੋਂ ਉਸ ਦੀ ਮਾਂ ਉਸ ਦੇ ਪਿਤਾ ਨੂੰ ਛੱਡ ਕੇ ਚਲੀ ਗਈ । ਇਸ ਉਮਰ ਵਿੱਚ ਸ਼ਾਅ ਨੂੰ ਦੋ ਸ਼ਖ਼ਸੀਅਤਾਂ ਨੇ ਕਾਫ਼ੀ ਪ੍ਰਭਾਵਿਤ ਕੀਤਾ , ਇੱਕ ਉਸ ਦੀ ਮਾਂ ਨੇ , ਜੋ ਇੱਕ ਗਾਇਕ ਤੇ ਪਿਆਨੋਵਾਦਕ ਸੀ ਤੇ ਦੂਜਾ ਜਾਰਜ ਵੈਂਡੂਲੀਅਰ ਨੇ , ਜੋ ਇੱਕ ਸੰਗੀਤ ਅਧਿਆਪਕ ਤੇ ਸ਼ੋ ਪ੍ਰਬੰਧਕ ਸੀ । ਤਕਰੀਬਨ ਪੰਜ ਸਾਲ ਕਲਰਕ ਵਜੋਂ ਕੰਮ ਕਰਨ ਤੋਂ ਬਾਅਦ ਸ਼ਾਅ 1876 ਵਿੱਚ ਲੰਦਨ ਚਲਾ ਗਿਆ ।

        ਅਗਲੇ ਦਹਾਕੇ ਵਿੱਚ ਸ਼ਾਅ ਦੀ ਜ਼ਿੰਦਗੀ ਕਾਫ਼ੀ ਸੰਘਰਸ਼ਪੂਰਨ ਰਹੀ ਕਿਉਂਕਿ ਉਸ ਦਾ ਪਰਿਵਾਰ ਕਾਫ਼ੀ ਮੁਸ਼ਕਲਾਂ ’ ਚ ਘਿਰਿਆ ਹੋਇਆ ਸੀ । ਇਹਨਾਂ ਹੀ ਸਾਲਾਂ ਵਿੱਚ ਸ਼ਾਅ ਨੇ ਬ੍ਰਿਟਿਸ਼ ਅਜਾਇਬ ਘਰ ਵਿੱਚ ਸਰਬਪੱਖੀ ਅਧਿਐਨ ਕੀਤਾ , ਸਾਹਿਤਿਕ ਤੇ ਵਿਚਾਰ-ਵਟਾਂਦਰਾ ਕਰਨ ਵਾਲੀਆਂ ਸਮਿਤੀਆਂ ਦੀਆਂ ਬਹੁਤ ਸਾਰੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ । 1880 ਵਿੱਚ ਉਹ ਉਹਨਾਂ ਦਾਇਰਿਆਂ ਵਿੱਚ ਵਿਚਰਿਆ ਜਿਨ੍ਹਾਂ ਵਿੱਚ ਉਤਪਤੀ ਸਿਧਾਂਤ ਦੀ ਕਾਫ਼ੀ ਚਰਚਾ ਸੀ । ਇਸੇ ਹੀ ਸਾਲ ਵਿਲੀਅਮ ਆਰਚਰ ਦੀ ਮਦਦ ਨਾਲ , ਸ਼ਾਅ ਪੱਤਰਕਾਰੀ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾਉਣ ਲੱਗ ਪਿਆ । 1884 ਵਿੱਚ ਉਹ ਨਵ-ਸਥਾਪਿਤ ਹੋਈ ਫੇਬੀਅਨ ਸੁਸਾਇਟੀ ਵਿੱਚ ਸ਼ਾਮਲ ਹੋ ਗਿਆ । ਇਸੇ ਹੀ ਸਮੇਂ ਦੌਰਾਨ ਉਸ ਦੀ ਧਾਰਮਿਕ ਸੋਚ ਵੀ ਵਿਕਸਿਤ ਹੋਈ । 1887 ਵਿੱਚ ਉਹ ਵਿਲੀਅਮ ਬਟਲਰ ਦੀਆਂ ਲਿਖਤਾਂ ਤੋਂ ਕਾਫ਼ੀ ਪ੍ਰਭਾਵਿਤ ਹੋਇਆ । ਇਸ ਨੇ ਸ਼ਾਅ ਨੂੰ ‘ ਜੀਵਨ ਸ਼ਕਤੀ’ ( life force ) ਨੂੰ ਸਿਧਾਂਤਿਕ ਰੂਪ ਦੇਣ ਵਿੱਚ ਕਾਫ਼ੀ ਮਦਦ ਕੀਤੀ । 1895 ਵਿੱਚ ਉਸ ਨੇ ਸੰਡੇ ਰੀਵਿਊ ਵਿੱਚ ਨਾਟਕਾਂ ਦੇ ਆਲੋਚਕ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਹ ਇਹ ਸੋਚਦਾ ਸੀ ਕਿ ਇਬਸਨ ਵਾਂਗ ਨਾਟਕ ਦੇ ਖੇਤਰ ਵਿੱਚ ਨਵੇਂ ਤੇ ਬਿਹਤਰ ਰਸਤੇ ਲੱਭਣ ਦੀ ਜ਼ਰੂਰਤ ਸੀ । ਇਬਸਨ ਤੋਂ ਪ੍ਰਭਾਵਿਤ ਹੋ ਕੇ ਸ਼ਾਅ ਨੇ ਕਵਿੰਟੇਸੈਂਸ ਆਫ਼ ਇਬਸਨਿਜ਼ਮ ਨਾਂ ਦਾ ਲੇਖ ਵੀ ਲਿਖਿਆ ।

        ਉਸ ਦੇ ਪਹਿਲੇ ਤਿੰਨ ਨਾਟਕ , ਵਿਡੋਅਰ’ ਜ਼ ਹਾਊਸਜ਼ ( 1892 ) , ਦਾ ਫਿਲੈਂਡਰਰ ( 1893 ) ਅਤੇ ਮਿਸਿਜ਼ ਵਾਰਨ’ ਜ਼ ਪ੍ਰੋਫੈਸ਼ਨ ( 1893 ) , ਝੁੱਗੀਆਂ ਝੌਂਪੜੀਆਂ ਦੇ ਹਾਲਾਤ ਤੇ ਵੇਸਵਾਗਮਨੀ ਜਿਹੇ ਸਮਾਜਿਕ ਮਸਲਿਆਂ ਬਾਰੇ ਹਨ । ਆਰਮਜ਼ ਐਂਡ ਦਾ ਮੈਨ ਉਸ ਦੇ ਹਾਸ ਵਿਅੰਗ ਦਾ ਪਹਿਲਾ ਨਮੂਨਾ ਹੈ । ਇਸ ਵਿੱਚ ਸ਼ਾਅ ਨੇ ਯੁੱਧ ਨੂੰ ਇੱਕ ਰੁਮਾਂਟਿਕ ਨਜ਼ਰੀਏ ਤੋਂ ਪੇਸ਼ ਕੀਤਾ ਹੈ । ਇਹ ਉਸ ਦਾ ਕਾਮਯਾਬ ਹੋਣ ਵਾਲਾ ਪਹਿਲਾ ਨਾਟਕ ਸੀ । 1894 ਵਿੱਚ ਕੈਨਡਿਡਾ ਪੇਸ਼ ਕੀਤਾ ਗਿਆ ਜੋ ਕਿ ਪਹਿਲਾਂ ਤਾਂ ਠੀਕ-ਠੀਕ ਹੀ ਸਰਾਹਿਆ ਗਿਆ ਪਰ ਬਾਅਦ ਵਿੱਚ ਬਹੁਤ ਮਸ਼ਹੂਰ ਹੋਇਆ । ਕੈਨਡਿਡਾ ਤੋਂ ਬਾਅਦ ਸ਼ਾਅ ਦੇ ਤਕਰੀਬਨ ਸਾਰੇ ਨਾਟਕ ਸਮਾਜਿਕ ਤੇ ਨਿਜੀ ਵਿਕਾਸ ਦੀਆਂ ਸਮੱਸਿਆਵਾਂ ਤੇ ਚਾਨਣਾ ਪਾਉਂਦੇ ਹਨ । ਉਹ ਇਹਨਾਂ ਸਭ ਮੁਸ਼ਕਲਾਂ ਨੂੰ ਜੀਵਨ ਸ਼ਕਤੀ ਦੇ ਸੰਦਰਭ ਵਿੱਚ ਦੇਖਦਾ ਹੈ । ਦਾ ਡੈਵਿਲ’ ਜ਼ ਡਿਸਾਈਪਲ ( 1897 ) , ਕੈਪਟਨ ਬਰਾਸਬੋਂਡ’ ਜ਼ ਕਨਵਰਸ਼ਨ ( 1899 ) ਅਤੇ ਐਂਡਰੋਕਲੀਜ਼ ਐਂਡ ਦਾ ਲਾਇਨ , ਉਹ ਨਾਟਕ ਹਨ ਜਿਨ੍ਹਾਂ ਵਿੱਚ ਨਾਇਕ ਦਾ ਸ੍ਵੈ-ਨਿਰੀਖਣ ਉਸ ਨੂੰ ਉਸ ਦੀ ਸ੍ਵੈ-ਪੂਰਤੀ ਵੱਲ ਲਿਜਾਂਦਾ ਹੈ ।

        ਕੁਝ ਨਾਟਕ ਜਿਵੇਂ ਕਿ ਦਾ ਮੈਨ ਆਫ਼ ਡੈਸਟਿਨੀ ( 1895 ) , ਸੀਜ਼ਰ ਐਂਡ ਕਲੀਓਪੈਟਰਾ ( 1898 ) ਅਤੇ ਮੇਜਰ ਬਾਰਬਰਾ ( 1905 ) ਵਿੱਚ ਨੈਪੋਲੀਅਨ , ਜੂਲੀਅਸ ਸੀਜ਼ਰ ਅਤੇ ਸਰ ਐਂਡਰੀਊ ਜਿਹੇ ਨਾਇਕਾਂ ਵਿੱਚ ਉਹ ਉਸ ‘ ਮਹਾਨ ਆਦਮੀ’ ਨੂੰ ਤਲਾਸ਼ਦਾ ਹੈ ਜੋ ਕਿ ‘ ਜੀਵਨ ਸ਼ਕਤੀ’ ਨੂੰ ਅਗਾਂਹ ਲੈ ਜਾਣ ਲਈ ਮਾਧਿਅਮ ਬਣ ਸਕਦਾ ਹੈ । ਮੈਨ ਐਂਡ ਸੁਪਰਮੈਨ ( 1903 ) ਵਿੱਚ ਉਸ ਦਾ ‘ ਜੀਵਨ ਸ਼ਕਤੀ’ ’ ਚ ਪੱਕਾ ਵਿਸ਼ਵਾਸ ਪ੍ਰਤੱਖ ਰੂਪ ਵਿੱਚ ਪ੍ਰਗਟ ਹੁੰਦਾ ਹੈ । ਉਸ ਦੇ ਤਕਰੀਬਨ ਸਾਰੇ ਨਾਟਕਾਂ ਵਿੱਚ ‘ ਜੀਵਨ ਸ਼ਕਤੀ’ ਇੱਕ ਪ੍ਰਮੁਖ ਵਿਸ਼ਾ ਹੈ । ਇਸ ਦੇ ਨਾਲ ਹੀ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਮੇਜਰ ਬਾਰਬਰਾ ਵਿੱਚ ਗ਼ਰੀਬੀ , ਜੌਨ ਬੁਲ’ ਜ਼ ਅਦਰ ਆਈਲੈਂਡ ( 1904 ) ਵਿੱਚ ਇੰਗਲੈਂਡ ਦਾ ਆਇਰਲੈਂਡ ਪ੍ਰਤਿ ਵਿਵਹਾਰ ਤੇ ਪਿਗ ਮੇਲੀਅਨ ( 1912 ) ਵਿੱਚ ਬ੍ਰਿਟਿਸ਼ ਜਮਾਤੀ ਰਚਨਾ ਨੂੰ ਉਭਾਰਨਾ ਸ਼ਾਅ ਨੂੰ ਸਮਾਜਿਕ ਨਾਟਕਕਾਰ ਹੋਣ ਦੇ ਨਾਤੇ ਆਪਣਾ ਫ਼ਰਜ਼ ਲੱਗਦਾ ਸੀ । ਉਹ ਇੱਕ ਉੱਚ-ਕੋਟੀ ਦਾ ਮਜ਼ਾਹੀਆ ਲੇਖਕ ਸੀ । ਉਹ ਆਪਣੀਆਂ ਲਿਖਤਾਂ ਵਿੱਚ ਭਾਵਨਾਵਾਂ ਨਾਲੋਂ ਵਿਰੋਧਾਂ ਨੂੰ ਵੱਧ ਤਰਜੀਹ ਦਿੰਦਾ ਹੈ ।

        ਯੁੱਧ ਦੇ ਪਹਿਲੇ ਦਿਨਾਂ ਵਿੱਚ ਉਸ ਨੇ ਕਾਮਨ ਸੈਂਸ ਅਬਾਊਟ ਦਾ ਵਾਰ ਨਾਂ ਦਾ ਇੱਕ ਹੱਥ ਪਰਚਾ ਜਾਰੀ ਕੀਤਾ । ਇਸ ਵਿੱਚ ਉਸ ਨੇ ਕੂਟਨੀਤੀ ਤੇ ਫ਼ੌਜਵਾਦ ਦੀ ਨਿਖੇਧੀ ਕਰਦਿਆਂ ਹੋਇਆਂ ਇਹਨਾਂ ਨੂੰ ਯੁੱਧ ਲਈ ਦੋਸ਼ੀ ਠਹਿਰਾਇਆ । ਯੁੱਧ ਦੇ ਆਖ਼ਰੀ ਦਿਨਾਂ ਵਿੱਚ ਸ਼ਾਅ ਨੇ ਵਿਅੰਗ ਭਰੀਆਂ ਛੋਟੀਆਂ ਛੋਟੀਆਂ ਹਾਸਰਸ ਲਿਖਤਾਂ ਰਚੀਆਂ । ਬੈਕ ਟੂ ਮੈਥੂਸਲਾਹ ( 1920 ) ਵਿੱਚ ਉਹ ‘ ਜੀਵਨ ਸ਼ਕਤੀ’ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਦਾ ਹੈ । ਇਸ ਤੋਂ ਬਾਅਦ ਸ਼ਾਅ ਨੇ 1923 ਵਿੱਚ ਆਪਣਾ ਸਭ ਤੋਂ ਹਰਮਨਪਿਆਰਾ ਨਾਟਕ ਸੇਂਟ ਜੋਨ ਲਿਖਿਆ । ਇਹ ਨਾਟਕ ਜੋਨ ਆਫ਼ ਆਰਕ ਦੀ ਜੀਵਨੀ ਤੇ ਆਧਾਰਿਤ ਹੈ । ਇਸ ਵਿੱਚ ਉਸ ਨੇ ਜੋਨ ਦੇ ਆਲੇ-ਦੁਆਲੇ ਦੀਆਂ ਵਿਰੋਧੀ ਤਾਕਤਾਂ ਦਿਖਾਉਣ ਲਈ ਬਹਿਸ ਦੀਆਂ ਵਿਸ਼ੇਸ਼ ਸ਼ੇਵੀਅਨ ਨਾਟਕੀ ਤਰਕੀਬਾਂ ਨੂੰ ਵਰਤਿਆ ਹੈ । ਦਾ ਇੰਟੈਲੀਜੈਂਟ ਵੁਮਨ’ ਜ਼ ਗਾਈਡ ਟੂ ਸੋਸ਼ਲਿਜ਼ਮ ਤੇ ਕੈਪਟਿਲਿਜ਼ਮ ( 1928 ) , ਸ਼ਾਅ ਦੇ ਅਰਥ-ਸ਼ਾਸਤਰ ਤੇ ਸਮਾਜਵਾਦ ਪ੍ਰਤਿ ਲਗਾਅ ਨੂੰ ਪ੍ਰਗਟਾਉਂਦਾ ਹੈ । ਸੰਸਦੀ ਜਮਹੂਰੀਅਤ ਦੇ ਬੇਤੁਕੇਪਨ ਤੋਂ ਨਿਰਾਸ਼ ਹੋ ਕੇ ਉਸ ਨੇ ਰੂਸ ਦੇ ਸਮਾਜਵਾਦ ਨੂੰ ਸਰਾਹਿਆ । ਕੁਝ ਸਮੇਂ ਲਈ ਉਹ ਲੈਨਿਨ , ਸਟਾਲਿਨ ਤੇ ਮੈਸੋਲੀਨੀ ਦਾ ਪ੍ਰਸੰਸਕ ਵੀ ਰਿਹਾ । ਉਸ ਦੀਆਂ ਅਖੀਰਲੀਆਂ ਕੁਝ ਲਿਖਤਾਂ ਅਜਿਹੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ ।

        95 ਸਾਲ ਦੀ ਉਮਰ ਵਿੱਚ ਸ਼ਾਅ ਆਪਣੇ ਬਾਗ਼ ਵਿੱਚ ਇੱਕ ਦਰੱਖ਼ਤ ਨੂੰ ਛਾਂਗਦਾ ਹੋਇਆ ਡਿੱਗ ਪਿਆ , ਜਿਸ ਨਾਲ ਉਸ ਦੀ ਲੱਤ ਟੁੱਟ ਗਈ । 2 ਨਵੰਬਰ 1950 ਵਿੱਚ ਅਯੋਤ ਸੇਂਟ ਲਾਰੈਂਸ ਵਿਖੇ ਉਸ ਦੀ ਮੌਤ ਹੋ ਗਈ । ਸਰਧਾਂਜਲੀ ਵਜੋਂ ਉਸ ਦਿਨ ਦੁਨੀਆ ਭਰ ਦੇ ਥੀਏਟਰ ਬੇਚਰਾਗ ਰਹੇ ।


ਲੇਖਕ : ਰਵਿੰਦਰ ਪਵਾਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.