ਬਲਵੰਤ ਗਾਰਗੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਲਵੰਤ ਗਾਰਗੀ ( 1916– 2003 ) : ਪੰਜਾਬੀ ਦੇ ਇਸ ਸੁਪ੍ਰਸਿੱਧ ਨਾਟਕਕਾਰ ਦਾ ਜਨਮ 4 ਦਸੰਬਰ 1916 ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਹਿਣਾ ਵਿੱਚ ਸ਼ਿਵਦਿਆਲ ਦੇ ਘਰ ਹੋਇਆ । ਮੁਢਲੀ ਸਿੱਖਿਆ ਪਿੰਡ ਦੇ ਸਥਾਨਿਕ ਸਕੂਲ ਤੋਂ ਪ੍ਰਾਪਤ ਕਰ ਕੇ ਮਹਿੰਦਰਾ ਕਾਲਜ , ਪਟਿਆਲਾ ਤੋਂ ਐਫ਼.ਏ. ਦੀ ਪਰੀਖਿਆ ਪਾਸ ਕੀਤੀ । ਇਸ ਤੋਂ ਬਾਅਦ ਐਫ਼.ਸੀ. ਕਾਲਜ , ਲਾਹੌਰ ਤੋਂ ਐਮ.ਏ. ਪੁਲੀਟੀਕਲ ਸਾਇੰਸ ਤੇ ਡੀ.ਏ.ਵੀ. ਕਾਲਜ , ਲਾਹੌਰ ਤੋਂ ਐਮ.ਏ. ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ ।

        ਬਲਵੰਤ ਗਾਰਗੀ ਬਹੁਤ ਹੀ ਪ੍ਰਤਿਭਾਵਾਨ ਨਾਟਕਕਾਰ ਸੀ । ਉਸ ਨੇ ਬਾਹਰਲੇ ਦੇਸਾਂ-ਪੋਲੈਂਡ , ਫ਼੍ਰਾਂਸ , ਅਮਰੀਕਾ ਅਤੇ ਇੰਗਲੈਂਡ ਆਦਿ ਵਿੱਚ ਜਾ ਕੇ ਉੱਥੋਂ ਦੀਆਂ ਨਾਟਕ ਸ਼ੈਲੀਆਂ ਅਤੇ ਰੰਗ-ਮੰਚ ਕਲਾ ਦਾ ਵਿਸ਼ੇਸ਼ ਅਧਿਐਨ ਕੀਤਾ । 1944 ਵਿੱਚ ਉਸ ਦਾ ਪਹਿਲਾ ਨਾਟਕ ਲੋਹਾ ਕੁੱਟ ਛਪਿਆ ਅਤੇ ਆਪਣੇ ਪਹਿਲੇ ਸਫਲ ਨਾਟਕ ਨਾਲ ਹੀ ਉਸ ਨੇ ਪੰਜਾਬੀ ਨਾਟਕਕਾਰਾਂ ਦੀ ਪਹਿਲੀ ਕਤਾਰ ਵਿੱਚ ਆਪਣੀ ਥਾਂ ਬਣਾ ਲਈ । ਗਾਰਗੀ ਦੇ ਲਿਖੇ ਨਾਟਕ ਕੇਸਰੋ ਤੇ ਸੋਹਣੀ ਮਹੀਂਵਾਲ ਮਹੀਨਿਆਂ ਬੱਧੀ ਪੱਛਮੀ ਰੰਗ-ਮੰਚ ਤੇ ਵੀ ਖੇਡੇ ਗਏ । ਗਾਰਗੀ ਨੂੰ ਰੰਗ-ਮੰਚ ਦੀ ਕਲਾ ਦਾ ਬਹੁਤ ਅਨੁਭਵ ਸੀ । ਉਸ ਨੇ ਪੰਜਾਬ ਯੂਨੀ- ਵਰਸਿਟੀ ਚੰਡੀਗੜ੍ਹ ਤੇ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਰੰਗ-ਮੰਗ ਦਾ ਅਧਿਆਪਨ ਵੀ ਕੀਤਾ ।

        ਨਾਟਕ ਤੋਂ ਇਲਾਵਾ ਗਾਰਗੀ ਇੱਕ ਸਫਲ ਕਹਾਣੀ- ਕਾਰ , ਨਾਵਲਕਾਰ , ਆਲੋਚਕ ਅਤੇ ਰੰਗ-ਮੰਚ ਸੰਬੰਧੀ ਵਿਸ਼ੇਸ਼ ਖੋਜੀ ਦੇ ਤੌਰ ਤੇ ਜਾਣਿਆ ਜਾਂਦਾ ਹੈ ।

        ਲੋਹਾ ਕੁੱਟ , ਸੈਲ ਪੱਥਰ , ਕੇਸਰੋ , ਨਵਾਂ ਮੁੱਢ , ਕਣਕ ਦੀ ਬੱਲੀ , ਘੁੱਗੀ , ਧੂਣੀ ਦੀ ਅੱਗ , ਸੌਂਕਣ , ਅਭਿਸਾਰਕ , ਸੋਹਣੀ ਮਹੀਂਵਾਲ ਆਦਿ ਗਾਰਗੀ ਦੇ ਪ੍ਰਮੁਖ ਨਾਟਕ ਅਤੇ ਦਸਵੰਧ , ਬੇਬੇ , ਪੱਤਣ ਦੀ ਬੇੜੀ , ਦੁੱਧ ਦੀਆਂ ਧਾਰਾਂ , ਚਾਕੂ , ਕਿੜੀਆਂ ਵਾਲਾ ਸੱਪ ਇਕਾਂਗੀ ਸੰਗ੍ਰਹਿ ਹਨ । ਇਹਨਾਂ ਤੋਂ ਇਲਾਵਾ ਗਾਰਗੀ ਨੇ ਕਕਾ ਰੇਤਾ ( ਨਾਵਲ ) , ਡੁਲ੍ਹੇ ਬੇਰ ( ਕਹਾਣੀ ) ਅਤੇ ਵਾਰਤਕ ਦੇ ਖੇਤਰ ਵਿੱਚ ਰੰਗ-ਮੰਗ , ਨਿੰਮ ਦੇ ਪੱਤੇ , ਸੁਰਮੇ ਵਾਲੀ ਅੱਖ , ਕਾਸ਼ਨੀ ਵਿਹੜਾ ਵਰਗੇ ਸੰਗ੍ਰਹਿ ਸਾਹਿਤ ਦੀ ਝੋਲੀ ਵਿੱਚ ਪਾਏ ।

        ਬਲਵੰਤ ਗਾਰਗੀ ਦਾ ਪਿਛੋਕੜ ਪੇਂਡੂ ਹੋਣ ਕਰ ਕੇ ਉਹ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਰੱਖਦਾ ਸੀ । ਉਸ ਨੇ ਪੇਂਡੂ ਜਨ ਜੀਵਨ ਅਤੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਟਕਾਂ ਦਾ ਵਿਸ਼ਾ ਬਣਾਉਂਦਿਆਂ ਬੜੀ ਢੁੱਕਵੀਂ ਖੁੱਲ੍ਹੀ-ਡੁਲ੍ਹੀ ਤੇ ਸੁਭਾਵਿਕ ਪੇਂਡੂ ਵਾਰਤਾਲਾਪ ਨੂੰ ਬਖ਼ੂਬੀ ਪੇਸ਼ ਕੀਤਾ । ਗਾਰਗੀ ਦੇ ਲਿਖੇ ਨਾਟਕਾਂ ਦੀ ਸਭ ਤੋਂ ਵੱਡੀ ਖ਼ੂਬੀ ਮੰਚ ਤੇ ਸਫਲਤਾ- ਪੂਰਬਕ ਨਾਟਕ ਨਿਭਾਅ ਕਰ ਕੇ ਹੈ । ਵਿਅਕਤੀਗਤ ਰੁਮਾਂਸਵਾਦ ਤੇ ਚਿੰਨ੍ਹਵਾਦ ਇਸਦੇ ਨਾਟਕਾਂ ਦਾ ਵਿਸ਼ੇਸ਼ ਲੱਛਣ ਹੈ । ਪੱਛਮੀ ਸਾਹਿਤ ਅਧਿਐਨ ਅਤੇ ਨਾਟਕ ਤੇ ਰੰਗਮੰਚ ਦੀ ਸੂਝ ਕਾਰਨ ਗਾਰਗੀ ਨੇ ਆਪਣੇ ਸਮਕਾਲੀ ਨਾਟਕਕਾਰਾਂ ਵਿੱਚ ਸਿਰਮੌਰਤਾ ਹਾਸਲ ਕੀਤੀ ।

        ਬਲਵੰਤ ਗਾਰਗੀ ਨੇ ਹਰ ਨਾਟਕ ਵਿੱਚ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਹਰ ਤਜਰਬੇ ਵਿੱਚ ਸਫਲਤਾ ਮਿਲੀ । ਧੂਣੀ ਦੀ ਅੱਗ ਵਿੱਚ ਬਹੁਤ ਹੀ ਸੂਖਮ , ਮਨੋਵਿਗਿਆਨਿਕ ਤ੍ਰਾਸਦਿਕ ਸਥਿਤੀ ਨੂੰ ਨਿਭਾਇਆ । ਸੁਲਤਾਨ ਰਜੀਆ ਉਸ ਦਾ ਇੱਕ ਸਫਲ ਇਤਿਹਾਸਿਕ ਨਾਟਕ ਹੈ । ਘੁੱਗੀ ਅਮਨ ਲਹਿਰ ਲਈ ਲਿਖਿਆ ਇੱਕ ਸਫਲ ਨਾਟਕ ਹੈ । ਗਗਨ ਮੈ ਥਾਲ ਗੁਰੂ ਨਾਨਕ ਸਾਹਿਬ ਦੇ ਜੀਵਨ ਸੰਬੰਧੀ ਲਿਖਿਆ ਨਾਟਕ ਹੈ । ਅਮਰੀਕਾ ਤੋਂ ਵਾਪਸ ਪਰਤਣ ਉਪਰੰਤ ਉਸ ਨੇ ਪਾਤਾਲ ਦੀ ਧਰਤੀ ਨਾਂ ਦਾ ਸਫ਼ਰਨਾਮਾ ਲਿਖਿਆ । ਅੰਗਰੇਜ਼ੀ ਵਿੱਚ The Naked Triangle ਪੁਸਤਕ ਦੀ ਰਚਨਾ ਕੀਤੀ ਜੋ ਪਾਠਕਾਂ ਵੱਲੋਂ ਬਹੁਤ ਪਸੰਦ ਕੀਤੀ ਗਈ ਜਿਸ ਦਾ ਬਾਅਦ ਵਿੱਚ ਗਾਰਗੀ ਨੇ ਨੰਗੀ ਧੁੱਪ ਨਾਂ ਹੇਠ ਪੰਜਾਬੀ ਅਨੁਵਾਦ ਕੀਤਾ । ਨਾਟਕ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਸਦਕਾ ਭਾਸ਼ਾ ਵਿਭਾਗ , ਪੰਜਾਬ ਵੱਲੋਂ ( 1958-59 ) ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਾਰਤੀ ਸਾਹਿਤ ਅਕਾਦਮੀ ਵਲੋਂ ਵੀ ਉਸ ਨੂੰ ਰੰਗ-ਮੰਚ ਪੁਸਤਕ ਲਿਖਣ ਤੇ ਪੁਰਸਕਾਰ ਪ੍ਰਦਾਨ ਕੀਤਾ ਗਿਆ ।

        ਲੰਬੀ ਬਿਮਾਰੀ ਮਗਰੋਂ 22 ਅਪ੍ਰੈਲ 2003 ਨੂੰ ਮੁੰਬਈ ਵਿਖੇ ਬਲਵੰਤ ਗਾਰਗੀ ਦਾ ਦਿਹਾਂਤ ਹੋ ਗਿਆ । ਉਸ ਦੀ ਅੰਤਿਮ ਇੱਛਾ ਅਨੁਸਾਰ ਦਿੱਲੀ ਵਿੱਚ ਉਸ ਦਾ ਸਸਾਕਾਰ ਕੀਤਾ ਗਿਆ ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.