ਬਾਬਾ ਬਕਾਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਬਾ ਬਕਾਲਾ ( ਨਗਰ ) : ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਨਗਰ , ਜਿਥੇ ਗੁਰੂ ਤੇਗ ਬਹਾਦਰ ਜੀ ਨੇ ਲਗਾਤਾਰ 20 ਸਾਲ ਤਪ ਕੀਤਾ ਸੀ । ਇਸ ਦਾ ਪਹਿਲਾ ਨਾਂ ਕੇਵਲ ‘ ਬਕਾਲਾ’ ( ਮੂਲ ਨਾਂ ‘ ਬਕਵਾਲਾ’ ) ਸੀ , ਪਰ ਜਦੋਂ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਚ ਜੋਤੀ ਜੋਤਿ ਸਮਾਉਣ ਲਗੇ ਤਾਂ ਸੰਗਤ ਦੁਆਰਾ ਬੇਨਤੀ ਕਰਨ’ ਤੇ ਆਪ ਜੀ ਨੇ ਆਪਣੇ ਉਤਰਾ- ਧਿਕਾਰੀ ਬਾਰੇ ਕੇਵਲ ‘ ਬਾਬਾ ਬਕਾਲੇ’ ਸ਼ਬਦ ਉਚਾਰੇ । ਉਦੋਂ ਗੁਰੂ ਤੇਗ ਬਹਾਦਰ ਜੀ ਬਕਾਲੇ ਰਹਿੰਦੇ ਸਨ ਕਿਉਂਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਮਹਾਪ੍ਰਸਥਾਨ ਤੋਂ ਬਾਦ ਆਪ ਆਪਣੀ ਮਾਤਾ ਨਾਨਕੀ ਜੀ ਅਤੇ ਪਰਿਵਾਰ ਸਹਿਤ ਕੀਰਤਪੁਰ ਤੋਂ ਬਕਾਲੇ ਆ ਗਏ । ਚੂੰਕਿ ਗੁਰੂ ਤੇਗ ਬਹਾਦਰ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਬਾਬਾ ਗੁਰਦਿੱਤਾ ਦੇ ਭਰਾ ਸਨ , ਇਸ ਲਈ ਉਹ ਅੱਠਵੇਂ ਗੁਰੂ ਜੀ ਦੇ ਵੀ ਦਾਦਾ ( ਬਾਬਾ ) ਸਨ । ਉਸ ਦਿਨ ਤੋਂ ‘ ਬਾਬਾ’ ਸ਼ਬਦ ‘ ਬਕਾਲੇ’ ਨਾਲ ਸੰਯੁਕਤ ਹੋ ਗਿਆ । ਸਿੱਖ ਇਤਿਹਾਸ ਨਾਲ ਸੰਬੰਧਿਤ ਇਥੇ ਕਈ ਧਰਮ-ਧਾਮ ਹਨ ।

ਗੁਰਦੁਆਰਾ ਦਰਬਾਰ ਸਾਹਿਬ ਉਸ ਸਥਾਨ ਉਤੇ ਨਿਰਮਿਤ ਹੈ ਜਿਥੇ ਗੁਰੂ ਸਾਹਿਬ ਨੂੰ ਗੁਰਿਆਈ ਦਾ ਤਿਲਕ ਦਿੱਤਾ ਗਿਆ ਸੀ ਅਤੇ ਜਿਥੇ ਬੈਠ ਕੇ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ।

ਗੁਰਦੁਆਰਾ ਭੋਰਾ ਸਾਹਿਬ ਜਿਥੇ ਗੁਰੂ ਤੇਗ ਬਹਾਦਰ ਸੰਨ 1644 ਤੋਂ 1664 ਈ. ਤਕ ਤਪਸਿਆ ਕਰਦੇ ਰਹੇ । ਇਥੇ ਹੀ ਆ ਕੇ ਭਾਈ ਮੱਖਣ ਸ਼ਾਹ ਲੁਬਾਣੇ ਨੇ ‘ ਗੁਰੂ ਲਾਧੋ ਰੇ , ਗੁਰੂ ਲਾਧੋ ਰੇ’ ਦੀ ਘੋਸ਼ਣਾ ਕੀਤੀ । ਇਸ ਸਥਾਨ ਦੀ ਨੌ ਮੰਜ਼ਲੀ ਇਮਾਰਤ ਸੰਨ 1952 ਈ. ਵਿਚ ਮੁਕੰਮਲ ਹੋਈ ਸੀ ।

ਗੁਰਦਆਰਾ ਮੰਜੀ ਸਾਹਿਬ ਜਿਥੇ ਧੀਰ ਮੱਲ ਨੇ ਸ਼ੀਹੇਂ ਮਸੰਦ ਦੁਆਰਾ ਗੁਰੂ ਜੀ ਉਤੇ ਗੋਲੀ ਚਲਵਾਈ ਸੀ ਤਾਂ ਜੋ ਉਹ ਖ਼ੁਦ ਗੱਦੀ ਹਥਿਆ ਸਕੇ ।

ਗੁਰਦੁਆਰਾ ਸ਼ੀਸ਼ ਮਹਲ ਮਾਤਾ ਗੰਗਾ ਜੀੰ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਤਾ ਗੰਗਾ ਜੀ ਸਹਿਤ ਮਿਹਰੇ ਸਿੱਖ ਦੇ ਘਰ ਕੁਝ ਸਮੇਂ ਲਈ ਠਹਿਰੇ ਸਨ । ਇਥੇ ਹੀ ਮਾਤਾ ਜੀ ਨੇ 12 ਜੂਨ , 1628 ਈ. ਨੂੰ ਸਰੀਰ ਤਿਆਗਿਆ ਸੀ ।

ਉਪਰੋਕਤ ਚਾਰੇ ਗੁਰਦੁਆਰੇ ਇਕ ਦੂਜੇ ਦੇ ਨੇੜੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹਨ । ਇਨ੍ਹਾਂ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ । ਇਨ੍ਹਾਂ ਤੋਂ ਹਿਲਾਵਾ ਦੋ ਹੋਰ ਗੁਰਦੁਆਰੇ ਵੀ ਹਨ । ਇਕ , ਗੁਰਦੁਆਰਾ ਮਾਤਾ ਗੰਗਾ ਜੀ , ਜੋ ਦਰਬਾਰ ਸਾਹਿਬ ਤੋਂ ਅੱਧੇ ਕਿ.ਮੀ. ਦੀ ਵਿਥ ਉਤੇ ਹੈ । ਮਾਤਾ ਗੰਗਾ ਜੀ ਨੇ ਅੰਤਿਮ ਸਮੇਂ ਇਹ ਚਾਹਿਆ ਸੀ ਕਿ ਉਨ੍ਹਾਂ ਦੇ ਸ਼ਰੀਰ ਨੂੰ ਜਲ-ਪ੍ਰਵਾਹ ਕੀਤਾ ਜਾਏ । ਸੰਗਤਾਂ ਨੇ ਸ਼ਰੀਰ ਨੂੰ ਜਲ ਵਿਚ ਪ੍ਰਵਾਹਿਤ ਕਰਕੇ ਬਬਾਣ ਨੂੰ ਰਸਮੀ ਤੌਰ ’ ਤੇ ਇਥੇ ਅਗਨ-ਭੇਂਟ ਕੀਤਾ ਸੀ ਅਤੇ ਉਸ ਥਾਂ ਉਤੇ ਸਮਾਧ ਉਸਾਰੀ ਸੀ । ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਤਰੁਣਾ ਦਲ ਦੇ ਬਾਬਾ ਬਿਸ਼ਨ ਸਿੰਘ ਨਿਹੰਗ ਨੇ ਇਸ ਗੁਰਦੁਆਰੇ ਦੀ ਇਮਾਰਤ ਦੀ ਉਸਾਰੀ ਕਰਵਾਈ ਸੀ ਅਤੇ ਇਸ ਦੀ ਸੇਵਾ- ਸੰਭਾਲ ਨਿਹੰਗ ਸਿੰਘ ਹੀ ਕਰਦੇ ਹਨ । ਦੂਜਾ , ਗੁਰਦੁਆਰਾ ਛੇਵੀਂ ਪਾਤਿਸ਼ਾਹੀ ਛਾਉਣੀ ਸਾਹਿਬ ਪੁਰਾਣੇ ਬੋਹੜ ਅਤੇ ਪਿਪਲ ਬ੍ਰਿਛਾਂ ਨਾਲ ਘਿਰੇ ਹੋਏ ਉਸ ਸਥਾਨ ਉਤੇ ਬਣਿਆ ਹੋਇਆ ਹੈ ਜਿਥੇ ਗੁਰੂ ਹਰਿਗੋਬਿੰਦ ਸਾਹਿਬ ਦਾ ਸੈਨਾ-ਦਲ ਠਹਿਰਦਾ ਸੀ । ਨਿਹੰਗ ਸਿੰਘ ਇਥੇ ਹੀ ਆਪਣੇ ਘੋੜਿਆਂ ਅਤੇ ਪਸ਼ੂਆਂ ਨੂੰ ਰਖਦੇ ਹਨ । ਇਨ੍ਹਾਂ ਤੋਂ ਇਲਾਵਾ ਤਰੁਣਾ ਦਲ ਦੇ ਬਾਬਾ ਅਜੀਤ ਸਿੰਘ ਪੂਹਲਾ ਦੀ ਰਹਿਨੁਮਾਈ ਅਧੀਨ ਤਿਆਰ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ , ਰਾਮਗੜ੍ਹੀਆ ਬਰਾਦਰੀ ਦਾ ਗੁਰਦੁਅਰਾ ਚੁਬੱਚਾ ਸਾਹਿਬ , ਭਾਈ ਮੱਖਣ ਸ਼ਾਹ ਲੁਬਾਣਾ ਦੀ ਯਾਦ ਵਿਚ ਬਣਿਆ ਬੁੰਗਾ ਅਤੇ ਸੈਣ ਭਗਤ ਦਾ ਸਮਾਰਕ ਵੀ ਉੱਲੇਖਯੋਗ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.