ਬੁਝਾਰਤਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁਝਾਰਤਾਂ : ਪੰਜਾਬੀ ਲੋਕ-ਸਾਹਿਤ ਵਿੱਚ ਪੰਜਾਬੀ ਬੁਝਾਰਤਾਂ ਇੱਕ ਵਿਸ਼ੇਸ਼ ਖ਼ਜ਼ਾਨਾ ਹਨ । ਪ੍ਰਾਚੀਨ ਕਾਲ ਤੋਂ ਇਹ ਸਾਡੇ ਜੀਵਨ ਨਾਲ ਤੁਰੀਆਂ ਆ ਰਹੀਆਂ ਹਨ । ਇਹ ਕਾਵਿ-ਰੂਪ ਵਿੱਚ ਹੋਣ ਕਾਰਨ ਛੰਦਾ-ਬੰਦੀ ਦਾ ਅਨੂਠਾ ਨਮੂਨਾ ਹਨ । ਭਾਰਤ ਦੇ ਸਾਰੇ ਰਾਜਾਂ ਵਿੱਚ ਆਪਣੀ-ਆਪਣੀ ਭਾਸ਼ਾ ਵਿੱਚ ਬੁਝਾਰਤਾਂ ਮਿਲਦੀਆਂ ਹਨ । ਮਨੁੱਖ ਦੇ ਜਨਮ ਨਾਲ ਹੀ ਬੁਝਾਰਤਾਂ ਦਾ ਜਨਮ ਹੋਇਆ ਲੱਗਦਾ ਹੈ । ਮੁੱਢ ਵਿੱਚ ਇਹ ਮੌਖਿਕ-ਸਾਹਿਤ ਵਾਂਗ ਹੀ ਹੋਂਦ ਵਿੱਚ , ਪੀੜ੍ਹੀ-ਦਰ-ਪੀੜ੍ਹੀ ਪ੍ਰਾਪਤ ਹੁੰਦੀਆਂ ਰਹੀਆਂ । ਲਿਖਤੀ ਰੂਪ ਵਿੱਚ ਬੁਝਾਰਤ ਪਾਉਣ ਦੀ ਪਰੰਪਰਾ ਵੈਦਿਕ-ਸਾਹਿਤ ਵਿੱਚ ਹੀ ਸਭ ਤੋਂ ਪਹਿਲਾਂ ਵਿਖਾਈ ਦਿੰਦੀ ਹੈ । ਬੁਝਾਰਤਾਂ ਦਾ ਜਨਮ ਬ੍ਰਹਿਮੰਡ ਦੇ ਰਹੱਸਾਂ ( ਭੇਤਾਂ ) ਨੂੰ ਸਮਝਣ ਤੇ ਖੋਜਣ ਦੀ ਜਿਗਿਆਸਾ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ । ਪੰਜਾਬੀ ਜੀਵਨ ਵਿੱਚ ਵੀ ਬੁਝਾਰਤ ਪਾਉਣ ਦਾ ਰਿਵਾਜ ਬਹੁਤ ਪੁਰਾਣਾ ਹੈ । ਇਹਨਾਂ ਨੂੰ ਬੁਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ । ਅੜਾਉਣੀ ਭਾਵ ਕੋਈ ਗੁੰਝਲਦਾਰ ਗੱਲ ਦਾ ਉੱਤਰ ਦੇਣਾ । ਸੂਫ਼ੀ ਕਵੀ ਅਮੀਰ ਖ਼ੁਸਰੋ ਫ਼ਾਰਸੀ ਦੇ ਵੱਡੇ ਵਿਦਵਾਨ ਨੇ ਪਹਿਲੀ ਵਾਰ ਪੰਜਾਬੀ ਬੁਝਾਰਤਾਂ ਦਾ ਦਿਹਲਵੀ ਭਾਸ਼ਾ ਵਿੱਚ ਉੱਲਥਾ ਕੀਤਾ । ਇੱਕ ਨਮੂਨਾ ਵੇਖੋ-ਏਕ ਰਾਜਾ ਕੀ ਅਨੋਖੀ ਰਾਨੀ , ਨੀਚੇ ਸੇ ਬਹ ਪੀਵੈ ਪਾਨੀ । ( ਦੀਵੇ ਦੀ ਬੱਤੀ ) । ਪੰਜਾਬੀ ਵਿੱਚ ਸਭ ਤੋਂ ਪਹਿਲਾਂ ਬਾਬਾ ਗੰਗਾ ਸਿੰਘ ਬੇਦੀ ਨੇ ਲਗਪਗ 150 ਬੁਝਾਰਤਾਂ ਨੂੰ ਸੰਗ੍ਰਹਿ ਦਾ ਰੂਪ ਦਿੱਤਾ ।

        ਆਮ ਤੌਰ ਤੇ ਰਾਤ ਨੂੰ ਰੋਟੀ-ਟੁੱਕਰ ਖਾਣ ਪਿੱਛੋਂ ਪਰਿਵਾਰ ਬਾਤਾਂ ਪਾਉਣ ਲਈ ਜੁੜ ਜਾਂਦਾ । ਬੁਝਾਰਤਾਂ ( ਬਾਤਾਂ ) ਪਾਈਆਂ ਜਾਂਦੀਆਂ ਤੇ ਮਨੋਰੰਜਨ ਕੀਤਾ ਜਾਂਦਾ । ਇੱਕ ਬਾਤ ਪਾਉਂਦਾ ਤੇ ਬਾਕੀ ਦੇ ਬੁੱਝਦੇ । ਇਹਨਾਂ ’ ਚ ਬੱਚੇ ਵੱਧ ਚੜ੍ਹਕੇ ਹਿੱਸਾ ਲੈਂਦੇ । ਪਰਿਵਾਰਿਕ ਸਾਂਝ ਲਈ ਬੁਝਾਰਤਾਂ ਇੱਕ ਮਾਧਿਅਮ ਦੀ ਭੂਮਿਕਾ ਨਿਭਾਉਂਦੀਆਂ । ਗੁਰਬਾਣੀ ’ ਚ ਆਉਂਦਾ ਹੈ :

ਨਾਨਕ ਜਿਸ ਬੁਝਾਏ ਸੁ ਬੁਝਸੀ ।

ਹਰਿ ਪਾਇਆ ਗੁਰਮੁਖਿ ਘਾਲਿ ॥

( ਸੋਰਠਿ ਵਾਰ , ਗੁਰੂ ਅਮਰਦਾਸ )

ਕਹਾ ਬੁਝਾਰਤਿ ਬੂਝੈ ਡੋਰਾ

                  ਨਿਸਿ ਕਹੀਐ ਤਉ ਸਮਝੈ ਭੋਰਾ

                                    ( ਸੁਖਮਨੀ , ਗੁਰੂ ਅਰਜਨ ਦੇਵ )

        ਬੁਝਾਰਤਾਂ ਦੀ ਕਵਿਤਾ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਤਾ ਹੈ । ਨਿੱਕੀ ਕਵਿਤਾ ਵਾਂਗ ਇਸ ਦਾ ਮੁੱਖ ਉਦੇਸ਼ ਹੁੰਦਾ ਹੈ । ਇਸ ਗੱਲ ਦੀ ਪ੍ਰੋੜ੍ਹਤਾ ਡਬਲਿਊ.ਜੀ. ਆਰਚਰ. ਇਸ ਤਰ੍ਹਾਂ ਕਰਦਾ ਹੈ :

        ਮਾਨਵ-ਵਿਗਿਆਨ ਦੀ ਦ੍ਰਿਸ਼ਟੀ ਤੋਂ ਕਿਸੇ ਬੁਝਾਰਤ ਦੀ ਮਹੱਤਤਾ ਪ੍ਰਤੱਖ ਹੈ । ਬੁਝਾਰਤ ਝਟਪਟ ਰੁਚੀਆਂ ਦੇ ਥਹੁ- ਪਤੇ ਦਾ ਪ੍ਰਗਟਾਉ ਹੁੰਦੀ ਹੈ । ਕਿਸੇ ਕਬੀਲੇ ਦੀਆਂ ਬੁਝਾਰਤਾਂ ਕੇਵਲ ਬਾਲਾਂ ਦੇ ਖਿਡੌਣੇ ਹੀ ਨਹੀਂ ਹੁੰਦੀਆਂ । ਇਹਨਾਂ ਤੋਂ ਉਸ ਵਿਉਂਤ ਦੀ ਸੂਹ ਲੱਗਦੀ ਹੈ ਜਿਹੜੀ ਇੱਕ ਕਬੀਲੇ ਨੂੰ ਹੋਰਨਾਂ ਕਬੀਲਿਆਂ ਤੋਂ ਵੱਖਰਾ ਕਰਦੀ ਹੈ ।

        ਨਾਹਰ ਸਿੰਘ ਦੇ ਵਿਚਾਰ ਅਨੁਸਾਰ-ਬੁਝਾਰਤਾਂ ਮੱਧ- ਕਾਲ ਤੱਕ ਸਮੂਹਿਕ ਗਿਆਨ ਦੇ ਆਦਾਨ-ਪ੍ਰਦਾਨ ਦਾ ਇੱਕ ਵੱਡਾ ਸਾਧਨ ਰਹੀਆਂ ਹਨ । ਬੁਝਾਰਤ ਦੀ ਰੂਪ ਰਚਨਾ ਲੋਕਧਾਰਿਕ ਸੰਰਚਨਾ ਦੀ ਧਾਰਨੀ ਹੁੰਦੀ ਹੈ ।

        ਬੁਝਾਰਤ ਵਿੱਚ ਕਿਸੇ ਪ੍ਰਸ਼ਨ ਦਾ ਹੱਲ ਪੁੱਛਿਆ ਜਾਂਦਾ ਹੈ ਜਿਸ ਵਿੱਚ ਕੋਈ ਨਿੱਕੀ ਜਿਹੀ ਘੁੰਡੀ ਰੱਖ ਲਈ ਜਾਂਦੀ ਹੈ ਜਿਸ ਦਾ ਉੱਤਰ ਦੇਣ ਲਈ ਦਿਮਾਗ਼ ਲੜਾਇਆ ਜਾਂਦਾ ਹੈ । ਪੁਰਾਣੇ ਸਮਿਆਂ ਵਿੱਚ ਵਿਆਹ ਮੌਕੇ ਲਾੜੇ ਦੀ ਬੁੱਧੀ ਤੇ ਹਾਜ਼ਰ ਜੁਆਬੀ ਲਈ ਵੀ ਬੁਝਾਰਤਾਂ ਪੁੱਛਣ ਦਾ ਰਿਵਾਜ ਹੁੰਦਾ ਸੀ । ਬੁਝਾਰਤਾਂ ਵਿੱਚ ਸਾਡੀ ਕਲਪਨਾ ਨੂੰ ਟੁੰਬਣ ਦੀ ਸ਼ਕਤੀ ਹੁੰਦੀ ਹੈ । ਬਣਤਰ ਦੇ ਪੱਖ ਤੋਂ ਬੁਝਾਰਤਾਂ ਦਾ ਆਕਾਰ ਬਹੁਤ ਛੋਟਾ ਅਤੇ ਵੱਡੀ ਕਾਵਿ- ਟੁਕੜੀ ਜਿੱਡਾ ਹੋ ਸਕਦਾ ਹੈ । ਇਹ ਸੰਬੋਧਨੀ ਕਿਸਮ ਦੀਆਂ ਵੀ ਹਨ । ਨਾ ਬੁੱਝੀਆਂ ਜਾਣ ਤੇ ਇਹ ਮਜ਼ਾਕ ਉਡਾਣ ਵਾਲੀਆਂ ਵੀ ਹਨ । ਇਹ ਕਾਵਿ-ਸ਼ਿਲਪ ਦਾ ਸੁੰਦਰ ਨਮੂਨਾ ਹਨ ।

        ਬੱਚੇ ਦੇ ਬੌਧਿਕ ਵਿਕਾਸ ਲਈ , ਬੁਝਾਰਤਾਂ ਦੀ ਭੂਮਿਕਾ ਬੜੀ ਹੀ ਲਾਭਕਾਰੀ ਹੈ । ਬੁਝਾਰਤਾਂ ਰਾਹੀਂ ਬੱਚੇ ਨੂੰ ਆਲੇ-ਦੁਆਲੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾ ਸਕਦੀ ਹੈ । ਛੰਦ-ਬੱਧ ਰੂਪ ਹੋਣ ਕਾਰਨ , ਬੱਚੇ ਇਹਨਾਂ ਦਾ ਨਰਸਰੀ-ਗੀਤਾਂ ਵਰਗਾ ਅਨੰਦ ਮਾਣਦੇ ਹਨ । ਇਹਨਾਂ ਦੀ ਰਚਨਾ ਹੌਲੀ ਫੁੱਲ ਹੁੰਦੀ ਹੈ । ਕਲਪਨਾ ਤੇ ਜਿਗਿਆਸਾ ਰੁਚੀ ਨੂੰ ਟੁੰਬਦੀ ਹੈ । ਬੱਚੇ ਦੀ ਸੋਚਣ ਸ਼ਕਤੀ ਨੂੰ ਉਭਾਰਦੀ ਹੈ ਤੇ ਹੋਰ-ਹੋਰ ਜਾਣਨ ਲਈ ਦਿਲਚਸਪੀ ਪੈਦਾ ਕਰਦੀ ਹੈ । ਬੱਚੇ ਨੂੰ ਦੂਜੇ ਦੀ ਗੱਲ ਧਿਆਨ ਤੇ ਤਰਕ ਨਾਲ ਸੁਣਨ ਦੀ ਆਦਤ ਪ੍ਰਫੁਲਿਤ ਹੁੰਦੀ ਹੈ । ਬੱਚਿਆਂ ’ ਚ ਆਪਸੀ ਸੰਵਾਦ ਰਚਾਉਣ ਲਈ ਬੁਝਾਰਤਾਂ ਇੱਕ ਉਸਾਰੂ ਰੋਲ ਅਦਾ ਕਰਦੀਆਂ ਹਨ ।

        ਵਿਸ਼ੇ ਦੇ ਪੱਖੋਂ ਵੀ ਬੁਝਾਰਤਾਂ ਗਿਆਨ-ਵਿਗਿਆਨ ਦਾ ਭੰਡਾਰ ਹਨ । ਇਹਨਾਂ ਵਿੱਚ ਸਿੱਖਿਆ , ਇਤਿਹਾਸ , ਭੂਗੋਲ , ਵਿਗਿਆਨ , ਸੱਭਿਆਚਾਰ ਅਤੇ ਕਿਸੇ ਸਮੇਂ ਦਾ ਆਰਥਿਕ ਤੇ ਸਮਾਜਿਕ ਜੀਵਨ ਕਿਸੇ ਨਾ ਕਿਸੇ ਰੂਪ ਵਿੱਚ ਆ ਹੀ ਜਾਂਦਾ ਹੈ । ਲੋਕ-ਸਾਹਿਤ ਦਾ ਵਿਸ਼ੇਸ਼ ਅੰਗ ਹੋਣ ਕਾਰਨ , ਬੁਝਾਰਤਾਂ ਨੇ ਮਨੁੱਖ ਅੰਦਰ ਕਲਾਤਮਿਕ- ਪ੍ਰਤਿਭਾ ਬਖ਼ਸ਼ਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਬੁਝਾਰਤਾਂ ਦਾ ਰੂਪਕ ਪੱਖ ਬਲਵਾਨ ਹੁੰਦਾ ਹੈ । ਇਸ ਤਰ੍ਹਾਂ ਇਹ ਇੱਕ ਪ੍ਰੌੜ੍ਹ-ਕਾਵਿ ਦਾ ਨਮੂਨਾ ਬਣ ਜਾਂਦੀਆਂ ਹਨ । ਅਖਾਣਾਂ ਵਾਂਗ ਇਹ ਲੋਕ-ਪ੍ਰਿਆ ਹੋਣ ਦਾ ਗੁਣ ਰੱਖਦੀਆਂ ਹਨ । ਸਮੇਂ-ਸਮੇਂ ਇਹਨਾਂ ਵਿੱਚ ਵਾਧਾ ਹੁੰਦਾ ਰਹਿੰਦਾ ਹੈ । ਇਹ ਸਮਾਜ ਦਾ ਦਰਪਣ ਬਣ ਕੇ ਵਿਗਸਦੀਆਂ ਰਹਿੰਦੀਆਂ ਹਨ ।

ਬੁਝਾਰਤ ਦੀ ਪਰਿਭਾਸ਼ਾ ਦਿੰਦਿਆਂ ਵਣਜਾਰਾ ਬੇਦੀ ਲਿਖਦੇ ਹਨ :

        ਬੁਝਾਰਤ ਕਿਸੇ ਵਸਤੂ ਦੀ ਅਸਪਸ਼ਟ ਤੇ ਧੁੰਦਲੀ ਜਿਹੀ ਰੂਪ-ਰੇਖਾ ਖਿੱਚੀ ਹੁੰਦੀ ਹੈ ਜਾਂ ਕਈ ਵਾਰ ਸੰਕੇਤਾਂ ਤੇ ਚਿੰਨ੍ਹਾਂ ਦਾ ਅਜਿਹਾ ਛਿਲਕਾ ਚਾੜ੍ਹਿਆ ਹੁੰਦਾ ਹੈ ਕਿ ਭੰਨੇ ਬਗ਼ੈਰ ਵਿਚਲੀ ਗਿਰੀ ਨਹੀਂ ਕੱਢੀ ਜਾ ਸਕਦੀ ।

        ਵਿਗਿਆਨ ਦੀਆਂ ਨਵੀਆਂ ਕਾਢਾਂ ਨੇ ਮਨੋਰੰਜਨ ਦੇ ਸਾਧਨ ਵਧਾ ਦਿੱਤੇ ਹਨ । ਸਾਡੀ ਜੀਵਨ-ਸ਼ੈਲੀ ਵਿੱਚ ਅਥਾਹ ਪਰਿਵਰਤਨ ਆ ਰਿਹਾ ਹੈ ਜਿਸ ਕਾਰਨ ਬੁਝਾਰਤਾਂ ਦਾ ਸੁਣਨਾ ਤੇ ਸੁਣਾਉਣਾ ਘੱਟਦਾ ਜਾ ਰਿਹਾ ਹੈ । ਮਾਨਵ- ਵਿਗਿਆਨ , ਕਵਿਤਾ , ਭਾਸ਼ਾ-ਵਿਗਿਆਨ ਅਤੇ ਸੱਭਿਆਚਾਰਿਕ ਵਿਰਸੇ ਦੇ ਪੱਖੋਂ ਪੰਜਾਬੀ ਬੁਝਾਰਤਾਂ ਦੀ ਵਿਸ਼ੇਸ਼ ਮਹੱਤਤਾ ਹੈ । ਇਹਨਾਂ ’ ਚ ਵੰਨ-ਸਵੰਨਤਾ ਏਨੀ ਹੈ ਕਿ ਹੈਰਾਨੀ ਹੁੰਦੀ ਹੈ । ਜੀਵਨ ਦੀ ਕੋਈ ਅਜਿਹੀ ਵਸਤੂ ਨਹੀਂ ਹੋਵੇਗੀ ਜਿਸ ਬਾਰੇ ਬੁਝਾਰਤ ਨਾ ਹੋਵੇ । ਵੱਖ-ਵੱਖ ਵਿਸ਼ਿਆਂ ਬਾਰੇ ਕੁਝ ਨਮੂਨੇ ਹੇਠਾਂ ਦਿੱਤੇ ਅਨੁਸਾਰ ਹਨ :

        ਮਨੁੱਖ ਦੇ ਵੱਖ-ਵੱਖ ਅੰਗਾਂ , ਹਾਰ ਸ਼ਿੰਗਾਰ , ਮਨ- ਪ੍ਰਚਾਵਾ ਤੇ ਘਰੇਲੂ ਵਸਤਾਂ ਬਾਰੇ : ਔਹ ਗਈ , ਔਹ ਗਈ ( ਅੱਖਾਂ ਦੀ ਨਿਗਾਹ ) , ਸੋਲਾਂ ਧੀਆਂ ਚਾਰ ਜੁਆਈ ( ਉਂਗਲਾਂ ਤੇ ਅੰਗੂਠਾ ) , ਆਲਾ ਭਰਿਆ ਕੌਡੀਆਂ , ਵਿੱਚ ਤੋਤਕ ਨੱਚੇ ( ਦੰਦ ਤੇ ਜੀਭ ) , ਪੇਟ ਮੇਂ ਉਂਗਲੀ , ਸਿਰ ’ ਤੇ ਪੱਥਰ , ਛੇਤੀ ਬੁੱਝੋ ਮੇਰਾ ਉੱਤਰ ( ਮੁੰਦਰੀ ) , ਚਾਂਦੀ ਦੀ ਖੁੱਡੀ , ਸੋਨੇ ਦਾ ਬੰਦ , ਬੁੱਝਣੀ ਏ ਬੁੱਝ , ਨਹੀਂ ਰੁਪਈਏ ਧਰਦੇ ਪੰਜ ( ਕੋਕਾ ) , ਬਾਤ ਪਾਵਾਂ , ਬਤੌਲੀ ਪਾਵਾਂ ਬਾਤ ਨੂੰ ਲਾਵਾਂ ਕੁੰਡੇ , ਸਦਾ ਕੁੜੀ ਨੂੰ ਵਿਆਹੁਣ ਚੱਲੇ , ਸਾਰੇ ਪਿੰਡ ਦੇ ਮੁੰਡੇ ( ਖੁੱਦੋ-ਖੁੰਡੀ ) , ਕਾਠ ਦੀ ਸੰਦੂਕੜੀ , ਵਿੱਚ ਤੋਤਾ ਬੋਲੇ ( ਰੇਡੀਓ ) , ਲੱਤਾਂ ਰੰਨ ਨੂੰ ਮਾਰਦਾ , ਪਰ ਲੋਕਾਂ ਦਾ ਕੰਮ ਸੁਆਰਦਾ ( ਉਖਲੀ ਮੋਹਲਾ ) , ਤਲੀ ਉੱਤੇ ਕਬੂਤਰ ਨੱਚੇ ( ਆਟੇ ਦਾ ਪੇੜਾ ) , ਇਨਾ ’ ਕ ਤਿਲੀਅਰ ਤਰਦਾ ਜਾਏ , ਗਿਣ-ਗਿਣ ਆਂਡੇ ਧਰਦਾ ਜਾਏ ( ਸੂਈ ਧਾਗਾ ) , ਇੱਕ ਨਾਰ ਕਰਤਾਰੋ , ਉਹ ਰਾਹੇ-ਰਾਹੇ ਜਾਵੇ , ਸਿੱਧਿਆਂ ਨਾਲ ਸਿੱਧੀ ਚੱਲੇ , ਪੁੱਠਿਆਂ ਨੂੰ ਸਮਝਾਵੇ ( ਕੰਘੀ ) , ਪਾਰੋ ਆਈਆਂ ਦੋ ਮੁਟਿਆਰਾਂ , ਘੱਟਾ ਫੱਕਣ ਬਾਰੋ ਬਾਰੀ ( ਜੁੱਤੀਆਂ ਦਾ ਜੋੜਾ ) , ਲੋਹੇ ਦੀਆਂ ਪੌੜੀਆਂ , ਕੱਚ ਦਾ ਦਰਵਾਜ਼ਾ , ਵਿੱਚੇ ਨੱਚੇ ਵਣਜਾਰਾ ( ਲਾਲਟੈਣ ) , ਚਾਰ ਸਿਪਾਹੀ ਚਾਰ ਗੰਨੇ , ਚੌਹਾਂ ਦੇ ਮੂੰਹ ’ ਚ ਦੋ ਦੋ ਥੁੰਨੇ ( ਮੰਜਾ ) ।

        ਪ੍ਰਕਿਰਤੀ ਬਾਰੇ : ਐਨੀ ਕੁ ਰਾਈ , ਸਾਰੇ ਪਿੰਡ ’ ਚ ਖਿੰਡਾਈ ( ਅੱਗ ) , ਗਹਿਰਾ ਫੁੱਲ ਗੁਲਾਬ ਦਾ , ਝੁਕ-ਝੁਕ ਝੋਲੇ ਖਾਏ , ਨਾ ਰਾਜੇ ਦੇ ਬਾਗ਼ ਵਿੱਚ , ਨਾ ਰਾਣੀ ਦਾ ਹੱਥ ਜਾਏ ( ਸੂਰਜ ) , ਉਹ ਕਿਹੜੀ ਚੀਜ਼ , ਜਿਹੜੀ ਹਰ ਵੇਲੇ ਚਲਦੀ ( ਹਵਾ ) , ਚਾਰ ਖੰਡ ਚਾਰ ਚੁਬਾਰੇ , ਉੱਤੇ ਖੇਲ੍ਹਣ ਦੋ ਵਣਜਾਰੇ ( ਚੰਦ-ਸੂਰਜ ) , ਨੀਲੀ-ਟਾਕੀ-ਚਾਵਲ ਬੱਧੇ , ਦਿਨੇ ਗੁਆਚੇ ਰਾਤੀਂ ਲੱਭੇ ( ਤਾਰੇ ) , ਏਡੀ ਮੈਂਡੀ ਲੱਕੜੀ , ਅਸਮਾਨ ਜਾ ਕੇ ਟੱਕਰੀ ( ਧੂੰਆਂ ) , ਕਾਲੇ-ਕਾਲੇ ਡੱਬੇ , ਨਾਚ ਕਰਦੇ ਜਾਂਦੇ ਨੇ , ਰਾਜਾ ਪੁੱਛੇ ਰਾਣੀ ਨੂੰ , ਕੀ ਜਨੌਰ ਜਾਂਦੇ ਨੇ ( ਬੱਦਲ ) ।

        ਬਨਸਪਤੀ ਬਾਰੇ : ਪਹਾੜੋਂ ਆਏ ਰੋੜੇ , ਆਉਂਦਿਆਂ ਦੇ ਸਿਰ ਤੋੜੇ ( ਅਖਰੋਟ ) , ਅੰਬ ਅੰਬਾਲੇ ਦੇ , ਫੁੱਲ ਪਟਿਆਲੇ ਦੇ , ਰੂੰ ਜਗਰਾਵਾਂ ਦੀ , ਜੜ੍ਹ ਇੱਕੋ ( ਅੱਕ ) , ਅਸਮਾਨੋਂ ਡਿੱਗਾ ਬੱਕਰਾ , ਮੂੰਹ ’ ਚ ਨਿਕਲੀ ਲਾਲ , ਢਿੱਡ ਪਾੜ ਕੇ ਦੇਖਿਆ , ਉਹ ਦੀ ਛਾਤੀ ਉੱਤੇ ਵਾਲ ( ਅੰਬ ) , ਅੰਬਰਸਰ ਕਲਕੱਤੇ , ਨਾ ਉਹਦੀ ਜੜ੍ਹ , ਨਾ ਉਹਦੇ ਪੱਤੇ ( ਅਮਰਵੇਲ ) , ਐਨੀ ’ ਕ ਕੁੜੀ , ਉਹ ਦੇ ਢਿੱਡ ’ ਚ ਲਕੀਰ ( ਕਣਕ ਦਾ ਦਾਣਾ ) , ਇੱਕ ਜਾਦੂਗਰ ਕਰੇ ਕਮਾਲ , ਖਾਵੇ ਸਾਵਾ ਕੱਢੇ ਲਾਲ ( ਪਾਨ ਦਾ ਪੱਤਾ ) , ਬਾਹਰੋਂ ਆਏ ਚਾਰ ਮਲੰਗ , ਸਾਵੀਆਂ ਟੋਪੀਆਂ ਕਾਲੇ ਰੰਗ ( ਬਤਾਊਂ ) ।

        ਜੀਵ-ਜੰਤੂਆਂ ਬਾਰੇ : ਇੱਕ ਕਟੋਰਾ , ਉਹ ਦੇ ਵਿੱਚ , ਦੋ ਰੰਗਾ ਪਾਣੀ ( ਅੰਡਾ ) , ਬਾਰਾਂ ਬੈਂਗਣ ਠਾਰਾਂ ਠੈਗਣ , ਚਾਰ ਚੱਕ ਦੋ ਤੋਰੀਆਂ ( ਸੂਰੀ , ਕੁੱਤੀ , ਮੱਝ , ਬਕਰੀ ਦੇ ਥਣ ) , ਵਾਹ ਵੇ ਰੱਬਾ ਤੇਰੇ ਕੰਮ , ਬਾਹਰ ਹੱਡੀਆਂ ਅੰਦਰ ਚੰਮ ( ਕੱਛੂ ਕੁੰਮਾ ) , ਚਾਰ ਘੜੇ ਅੰਮ੍ਰਿਤ ਭਰੇ , ਮੂਧੇ ਕਰੀਏ ਪਰ ਡੁਲ੍ਹਦੇ ਨਹੀਂ ( ਗਊ ਦੇ ਥਣ ) , ਅਜਬ ਡਿੱਠੀ ਇੱਕ ਕੁੜੀ , ਰਾਜੇ ਪੱਗ ਲੁਹਾਈ ( ਜੂੰ ) , ਰੜੇ ਮੈਦਾਨ ਵਿੱਚ , ਲਹੂ ਦਾ ਤੁਬਕਾ ( ਵੀਰ ਵਹੁਟੀ ) ।

        ਵਿਗਿਆਨ ਦੀਆਂ ਕਾਢਾਂ ਬਾਰੇ : ਬਾਤ ਪਾਵਾਂ ਬਤੋਲੀ ਪਾਵਾਂ , ਬਾਤ ਨੂੰ ਲਾਵਾਂ ਪਰਾਂਦਾ , ਇੱਕ ਪੁਰਸ਼ ਮੈਂ ਐਸਾ ਡਿੱਠਾ , ਫਿਟ ਫਿਟ ਕਰਦਾ ਜਾਂਦਾ ( ਮੋਟਰ ਸਾਈਕਲ ) , ਨਿੱਕੀ ਜਿਹੀ ਕੌਲੀ , ਅੰਬਾਲੇ ਜਾ ਕੇ ਬੋਲੀ ( ਟੈਲੀਫ਼ੋਨ ) , ਮੈਂ ਲਿਆਂਦਾ ਬੋਕ , ਨੱਪੀ ਪੂਛ ਮਾਰੇ ਮੋਕ ( ਨਲਕਾ ) , ਨਿੱਕਾ ਜਿਹਾ ਕਾਕਾ , ਘਰ ਵਿੱਚ ਰੋਸ਼ਨੀ ਕਰਦਾ ( ਬਲਬ ) , ਕਾਲੀ ਕੁੱਕੜੀ ਤਿੰਨ ਸੌ ਅੰਡਾ , ਮਾਰੇ ਚੀਕਾਂ ਦਿਖਾਵੇ ਝੰਡਾ ( ਰੇਲ ਗੱਡੀ ) ।

        ਹੋਰ ਫੁਟਕਲ ਬੁਝਾਰਤਾਂ ਵੀ ਮਿਲਦੀਆਂ ਹਨ ਜਿਹੜੀਆਂ ਵੱਖ-ਵੱਖ ਵਸਤਾਂ ਬਾਰੇ ਹਨ । ਅੰਗ-ਸਾਕ ਤੇ ਰਿਸ਼ਤੇ ਦਾ ਸੰਬੰਧ ਦੱਸਣ ਬਾਰੇ ਵੀ ਬੁਝਾਰਤਾਂ ਮਿਲਦੀਆਂ ਹਨ- ਅਸੀਂ ਮਾਂਵਾਂ ਧੀਆਂ , ਤੁਸੀਂ ਮਾਂਵਾਂ ਧੀਆਂ , ਚਲੋ ਬਾਗ਼ ਵਿੱਚ ਜਾਈਏ , ਤਿੰਨ ਅੰਬ ਤੋੜ ਕੇ ਪੂਰਾ-ਪੂਰਾ ਖਾਈਏ ( ਮਾਂ , ਧੀ , ਨਾਨੀ ) । ਕਹਾਣੀ ਦੀ ਵਿਆਖਿਆ ਕਰਨ ਵਾਲੀਆਂ ਬੁਝਾਰਤਾਂ ਵੀ ਬੜੀਆਂ ਰੋਚਕ ਹਨ : ਹਰਾ ਦੁਪੱਟਾ ਲਾਲ ਕਿਨਾਰੀ , ਟੁੱਟ ਜਾਣੇ ਨੇ ਇੱਟ ਮੇਰੇ ਮਾਰੀ , ਭੀੜੀਆਂ ਨਾਸਾਂ ਭੀੜਾ ਮੂੰਹ , ਮੈਂ ਕੀ ਜਾਣਾਂ ਬੈਠੀ ਤੂੰ ( ਰੁਖ ’ ਤੇ ਬੈਠਾ ਤੋਤਾ ਅੰਬ ਟੁੱਕ ਕੇ ਥੱਲੇ ਕਾਟੋ ਦੇ ਮਾਰਦਾ ਹੈ-ਦੋਵਾਂ ਦੀ ਵਾਰਤਾ ) । ਕੁਝ ਬੁਝਾਰਤਾਂ ਪ੍ਰਸ਼ਨ- ਉੱਤਰ ਦੇ ਰੂਪ ਵਾਲੀਆਂ ਵੀ ਹਨ । ਨਾਟਕੀ ਵਾਰਤਾਲਾਪ ਵਾਲੀਆਂ ਬੁਝਾਰਤਾਂ ਵੀ ਮਿਲਦੀਆਂ ਹਨ :

                  ਨੀ ਸੁੱਖ ਸੁੱਤੀਏ , ਹਾਂ , ਫਾਹੇ ਟੰਗਿਆ ( ਤਰ ਤੇ ਬਤਾਊਂ )

        ਨਵੇਂ ਰੂਪ ਵਿੱਚ ਮੌਲਿਕ ਬੁਝਾਰਤਾਂ ਬਾਤ ਪਾਵਾਂ ਬਤੋਲੀ ਪਾਵਾਂ ਸੰਗ੍ਰਹਿ ’ ਚ ਸੁਖਿੰਦਰ ਕਾਲਰਾ ਨੇ ਲਿਖੀਆਂ ਹਨ ।


ਲੇਖਕ : ਮਨਮੋਹਨ ਸਿੰਘ ਦਾਊਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬੁਝਾਰਤਾਂ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁਝਾਰਤਾਂ : ‘ ਬੁਝਾਰਤ’ ਦੇ ਕੋਸ਼ਗਤ ਅਰਥ ਹਨ ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ । ‘ ਬੁਝਾਰਤ’ ਸ਼ਬਦ ਸਮਝੌਤੀ ਜਾਂ ਸਿੱਖਿਆ ਦੇ ਅਰਥਾਂ ਵਿਚ ਵੀ ਆਇਆ ਹੈ , ‘ ਦੇਇ ਬੁਝਾਰਤ ਸਾਰਤਾ’ ( ਗਾਉੜੀ ਮ. ੫ ) । ‘ ਸੁਖਮਨੀ’ , ਦੀ ਟੂਕ ‘ ਕਹਾ ਬੁਝਾਰਤਿ ਬੂਝੈ ਡੋਰਾ’ ਵਿਚ ਸ਼ਬਦ ਬੁਝਾਰਤ ਇਨ੍ਹਾਂ ਦੀ ਅਰਥਾਂ ਵਿਚ ਆਇਆ ਹੈ ।

                  ਇਸ ਦੇ ਹੋਰ ਅਰਥ ਪਹੇਲੀ , ਅੜਾਉਣੀ , ਬਾਤ ਆਦਿ ਵੀ ਹਨ । ਇਹ ਇਸ ਸ਼ਬਦ ਦੇ ਵਧੇਰੇ ਪ੍ਰਚੱਲਿਤ ਅਰਥ ਹਨ । ਕਾਵਿਮਈ ਢੰਗ ਨਾਲ ਕੁਝ ਵਾਕੰਸ਼ ਬੋਲੇ ਜਾਂਦੇ ਹਨ ਜੋ ਬੁਝਾਰਤ ਹੁੰਦੇ ਹਨ ਤੇ ਸੁਣਨ ਵਾਲਿਆਂ ਤੋਂ ਇਸ ਦਾ ਉੱਤਰ ਬੁਝਾਇਆ ਜਾਂਦਾ ਹੈ । ਇਸ ਨੂੰ ਬਾਤ ਜਾਂ ਬੁਝਾਰਤ ਦਾ ਬੁਝਣਾ ਆਖਦੇ ਹਨ । ਮਿਸਾਲ ਦੇ ਤੌਰ ਤੇ ਬਾਤ ਪਾਉਣ ਵਾਲਾ ਆਖਦਾ ਹੈ : “ ਥੜ੍ਹੇ ਤੇ ਥੜ੍ਹਾ , ਲਾਲ ਕਬੂਤਰ ਖੜ੍ਹਾ । ” ਸੁਣਨ ਵਾਲਿਆਂ ਨੂੰ ਜੇ ਉੱਤਰ ਨਾ ਆਵੇ ਜਾਂ ਜੇ ਉਹ ਬਾਤ ਬੁਝ ਨਾ ਸਕਣ ਤਾਂ ਬਾਤ ਪਾਉਣ ਵਾਲਾ ਇਸ ਦਾ ਉੱਤਰ ‘ ਦੀਵਾ’ ਆਪੇ ਆਖ ਦਿੰਦਾ ਹੈ । ਲੋਕ– ਕਾਵਿ ਵਿਚ ਇਨ੍ਹਾਂ ਬੁਝਾਰਤਾਂ ਦੀ ਖ਼ਾਸ ਮਹੱਤਾ ਹੈ ਤੇ ਇਹ ਲੋਕ– ਕਾਵਿ ਦਾ ਅਨਿੱਖੜ ਅੰਗ ਸਮਝੀਆਂ ਜਾਂਦੀਆਂ ਹਨ ।

                  ਕਾਵਿ– ਸ਼ਾਸਤਰ ਵਿਚ ਬੁਝਾਰਤ ( ਪ੍ਰਹੇਲਿਕਾ– – ਪਹੇਲੀ ਜਾਂ ਬੁਝਾਰਤ ) ਨਾਂ ਦਾ ਇਕ ਅਲੰਕਾਰ ਵੀ ਹੈ । ਇਸ ਨੂੰ ਉਭਯਾਲੰਕਾਰ ਦਾ ਨਾਂ ਦਿੱਤਾ ਜਾਂਦਾ ਹੈ । ਅਰਥ– ਪ੍ਰਹੇਲਿਕਾ ਜਾਂ ਅਰਥ– ਪਹੇਲੀ ਜਾਂ ਅਰਥ– ਬੁਝਾਰਤ ਅਰਥ– ਅਲੰਕਾਰ ( ਚਿਤ੍ਰ ) ਦਾ ਤੀਜਾ ਰੂਪ ਹੈ । ਇਹ ਇਕ ਅਜਿਹੀ ਬੁਝਾਰਤ ਹੁੰਦੀ ਹੈ ਜਿਸ ਦੇ ਅਰਥ– ਵਿਚਾਰ ਤੋਂ ਵਸਤੂ ਦਾ ਗਿਆਨ ਹੋ ਜਾਂਦਾ , ਪਰ ਬੁਝਾਰਤ ਵਿਚ ਸਪਸ਼ਟ ਨਾਂ ਨਹੀਂ ਦੱਸਿਆ ਜਾਂਦਾ ਜਿਵੇਂ ਕਿ ਹੇਠਾਂ ਲਿਖੀ ਉਦਾਹਰਣ ਤੋਂ ਪ੍ਰਤੱਖ ਹੁੰਦਾ ਹੈ :

                                    ਪਉਣੈ ਪਾਣੀ ਅਗਨੀ ਕਾ ਮੇਲੁ ।

                                    ਚੰਚਲ ਚਪਲ ਬੁਧਿ ਕਾ ਖੇਲੁ ।

                                    ਨਉ ਦਰਵਾਜੇ ਦਸਵਾਂ ਦੁਆਰੁ ।

                                    ਬੁਝੁ ਰੇ ਗਿਆਨੀ ਏਹੁ ਬੀਚਾਰੁ ।                                                                       – – ( ਆ. ਗ੍ਰੰਥ , ਪੰਨਾ ੧੫੨ )

ਇਸ ਬੁਝਾਰਤ ਦਾ ਉੱਤਰ ‘ ਮਨੁੱਖੀ ਸਰੀਰ’ ਹੈ ।

                  ਇਸ ਤਰ੍ਹਾਂ ਦੀਆਂ ਦੋ ਹੋਰ ਬੁਝਾਰਤਾਂ ਉਨ੍ਹਾਂ ਦੇ ਉੱਤਰਾਂ ਸਮੇਤ ਪੇਸ਼ ਹਨ :

ਬੁਝਾਰਤ :

                                    ਪੰਚ ਮਨਾਏ , ਪੰਚ ਰੁਸਾਏ ,

                                    ਪੰਚ ਵਸਾਏ , ਪੰਚ ਗਵਾਏ ,

                                    ਇਨ ਬਿਧਿ ਨਗਰੁ ਵੁਠਾ ਮੇਰੇ ਭਾਈ ।                                                                                 – – ( ਆ. ਗ੍ਰੰਥ , ਪੰਨਾ ੪੩੦ )

ਉੱਤਰ :

                                    ਸਤਯ , ਸੰਤੋਖ , ਦਯਾ , ਧਰਮ , ਅਤੇ ਧੀਰਜ ਮਨਾਏ ।

                                    ਕਾਮ , ਕ੍ਰੋਧ , ਲੋਭ , ਮੋਹ ਅਤੇ ਅਹੰਕਾਰ ਰੁਸਾਏ ।

                                    ਪੰਰ ਤਤਾਂ ਦੇ ਗੁਣ ਖਿਮਾਂ ਆਦਿ ਵਸਾਏ ।

                                    ਸਬਦ ਸਪਰਸ਼ ਆਦਿ ਪੰਜ ਵਿਸ਼ਾਯ ਗਵਾਏ ।

ਬੁਝਾਤਰ :

                                    ਸਾਰਾ ਪਉੜਾ ਦੂਜਾ ਗਾਉਣਾ ।

                                    ਨਰ ਨਾਰੀ ਥੇ ਦੋਨੋ ਭਉਣਾ ।

                                    ਕੁਝ ਖਾਧਾ ਕੁਝ ਲੈ ਕੇ ਸਉਣਾ ।

                                    ਉਤਰ ਦੇਹ ਗੁਰੂ ਜੀ ਕਉਣਾ ?

                  ( ਇਹ ਬੁਝਾਰਤ ਇਕ ਰਾਜਕੁਮਾਰੀ ਨੇ ਦਸਮ ਗੁਰੂ ਕੋਲ ਪਾਈ ਸੀ )

ਉੱਤਰ :

                  ਇਹ ਉੱਤਰ ਦਿੱਤਾ ਗਿਆ :

                                    ਜਾਣੋ ਸਾਰਾ ਦੇਵ ਤਣ ਪੌਣਾ ਮਾਣਸ ਦੇਹ ।

                                    ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ

                                    ਉਭੈ ਲੋਕ ਭੌਂਦਾ ਫਿਰੈ ਖਾਵਾ ਖ਼ਰਚ ਜ ਮਾਲ

                                    ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਾਰਾ ਬਾਲ                                            – – ( ‘ ਗੁਰੂ ਪ੍ਰਤਾਪ ਸੂਰਜ ਗ੍ਰੰਥ’ )

                  ਪ੍ਰਹੇਲਿਕਾ ਦਾ ਦੂਜਾ ਰੂਪ ਵਰਣ– ਪਹੇਲੀ ਜਾਂ ਵਰਣ– ਬੁਝਾਰਤ ਹੈ । ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਹੇਲੀ ਜਾਂ ਬੁਝਾਰਤ ਦਾ ਉੱਤਰ ਪਹੇਲੀ ਦੇ ਅੱਖਰਾਂ , ਸ਼ਬਦਾਂ ਦੁਆਰਾ ਹੀ ਪ੍ਰਗਟ ਹੋਇਆ ਹੁੰਦਾ ਹੈ । ਉਦਾਹਰਣਾਂ ਇਸ ਪ੍ਰਕਾਰ ਹਨ :

                                    ਕਿਸ ਤੇ ਪਸੂ ਜਿਉਂ ਪੇਟ ਭਰ , ਲੇਟਤ ਹੋਇ ਨਿਸੰਗ ?

                                    ਬੁੱਧੀ ਵਿੱਦਿਆ ਵਿਦਾ ਕਰ ਮਾਨ ਮਰਿਆਦਾ ਭੰਗ ?

                  ਇਸ ਦਾ ਉੱਤਰ ‘ ਭੰਗ’ ਹੈ ਜੋ ਪਹੇਲੀ ਦੇ ਅੰਤਮ ਸ਼ਬਦ ਵਿਚੋਂ ਪ੍ਰਗਟ ਹੋ ਗਿਆ ਹੈ ।

                  ਪੰਜਾਬੀ ਲੋਕ– ਕਾਵਿ ਵਿਚ ਬੁਝਾਰਤਾਂ ਦਾ ਚੋਖਾ ਭੰਡਾਰ ਮਿਲਦਾ ਹੈ । ਵੰਨਗੀਆਂ ਇਹ ਹਨ :

                                    ਔਹ ਗਈ ਔਹ ਗਈ । ( ਨਿਗਾਹ )

                                    ਮਾਂ ਪਤਲੀ ਪਤੰਗ ਪੁੱਤ ਲੁਬ ਜੇਹਾ ।

                                    ਮਾਂ ਗਈ ਨਹਾਣ ਪੁੱਤ ਡੁੱਬ ਗਿਆ ! ( ਲੱਜ ਤੇ ਬੋਕਾ )

                                    ਨੀਲੀ ਟਾਕੀ ਚਾਉਲ ਬੱਧੇ ।

                                    ਦਿਨੇ ਗੁਆਚੇ ਰਾਤੀ ਲੱਭੇ । ( ਤਾਰੇ ) ਇਤਿਆਦਿ                                                      – – ( ਵੇਖੋ ‘ ਲੋਕ ਗੀਤ’ )

                                                                                                                                    [ ਸਹਾ. ਗ੍ਰੰਥ– – ਮ. ਕੋ. ]


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.