ਬੁੰਗੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁੰਗੇ : ‘ ਬੁੰਗਾਸ਼ਬਦ ਫ਼ਾਰਸੀ ਦੇ ‘ ਬੁੰਗਹ’ ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਵਰਤਿਆ ਜਾਣ ਲਗਿਆ ਹੈ । ਇਸ ਦਾ ਅਰਥ ਹੈ ਰਹਿਣ ਦਾ ਸਥਾਨ । ਪਰ ਸਿੱਖ ਸਮਾਜ ਵਿਚ ਇਹ ਸ਼ਬਦ ਇਤਿਹਾਸਿਕ ਗੁਰੁ-ਧਾਮਾਂ ਅਤੇ ਖ਼ਾਸ ਕਰ ਦਰਬਾਰ ਸਾਹਿਬ , ਅੰਮ੍ਰਿਤਸਰ ਦੇ ਇਰਦ-ਗਿਰਦ ਬਣੇ ਉਨ੍ਹਾਂ ਨਿਵਾਸਾਂ ਲਈ ਰੂੜ੍ਹ ਹੋ ਗਿਆ , ਜੋ ਮਿਸਲ-ਯੁਗ ਵਿਚ ਵਖ ਵਖ ਸਰਦਾਰਾਂ , ਮਿਸਲਦਾਰਾਂ ਅਤੇ ਫ਼ੌਜਦਾਰਾਂ ਵਲੋਂ ਬਣਾਏ ਗਏ ਸਨ । ਇਨ੍ਹਾਂ ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਰਦਾਰ ਜਾਂ ਜੱਥੇਦਾਰ ਖ਼ੁਦ ਠਹਿਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਦਲ ਬਲ ਨਗਰ ਤੋਂ ਬਾਹਰ ਰੁਕਦੇ ਸਨ । ਘਟੋ ਘਟ ਹਰ ਮਿਸਲ ਦਾ ਇਕ ਇਕ ਬੁੰਗਾ ਜ਼ਰੂਰ ਬਣਿਆ ਹੁੰਦਾ , ਜਿਵੇਂ ਬੁੰਗਾ ਸੁਕਰਚਕੀਆਂ , ਸਿੰਘਪੁਰੀਆਂ , ਸ਼ਹੀਦਾਂ , ਨਕੈਈਆਂ , ਕਨ੍ਹੀਆਂ , ਆਹਲੂਵਾਲੀਆਂ , ਰਾਮਗੜ੍ਹੀਆਂ ਆਦਿ । ਛੋਟੀਆਂ ਛੋਟੀਆਂ ਰਿਆਸਤਾਂ ਵਾਲਿਆਂ ਨੇ ਵੀ ਆਪਣੇ ਬੁੰਗੇ ਉਸਾਰ ਲਏ ਸਨ , ਜਿਵੇਂ ਬੁੰਗਾ ਜਲਿਆਂਵਾਲਾ , ਸ਼ਾਹਾਬਾਦੀਆਂ , ਮਜੀਠੀਆਂ , ਲਾਡਵਾ , ਬੂੜੀਏਵਾਲੀਆਂ , ਥਾਨੇਸਰੀਆ ਆਦਿ । ਇਸ ਤੋਂ ਇਲਾਵਾ ਕੁਝ ਸਰਦਾਰਾਂ ਦੇ ਨਾਂ ਉਤੇ ਵੀ ਬੁੰਗੇ ਕਾਇਮ ਹੋਏ , ਜਿਵੇਂ ਬੁੰਗਾ ਬਘੇਲ ਸਿੰਘ , ਤਾਰਾ ਸਿੰਘ ਗ਼ਾਇਬਾ ਆਦਿ । ਬਾਦ ਵਿਚ ਸੰਪ੍ਰਦਾਈ ਗਿਆਨੀਆਂ , ਰਾਗੀਆਂ , ਗ੍ਰੰਥੀਆਂ ਨੇ ਵੀ ਆਪਣੇ ਨਿਵਾਸਾਂ ਨੂੰ ਬੁੰਗੇ ਅਖਵਾਉਣਾ ਸ਼ੁਰੂ ਕਰ ਦਿੱਤਾ । ਇਹ ਅਸਲੋਂ ਦਰਬਾਰ ਸਾਹਿਬ ਦੇ ਨੇੜੇ ਰਹਿਣ ਦੀ ਸੁਵਿਧਾ ਨੂੰ ਮੁਖ ਰਖਦਿਆਂ ਉਨ੍ਹਾਂ ਦੇ ਬਣਾਏ ਰਿਹਾਇਸ਼ੀ ਮਕਾਨ ਸਨ , ਜਿਥੇ ਉਹ ਗੁਰਬਾਣੀ ਦੇ ਪਾਠ , ਵਿਆਖਿਆ , ਕੀਰਤਨ ਆਦਿ ਬਾਰੇ ਸਿਖਿਆ ਵੀ ਦਿੰਦੇ ਸਨ । ਇਹ ਅਸਲ ਵਿਚ ਟਕਸਾਲਾਂ ਜਾਂ ਪਾਠਸ਼ਾਲਾਂ ਸਨ । ਇਨ੍ਹਾਂ ਬੁੰਗਿਆਂ ਵਿਚੋਂ ਸਭ ਤੋਂ ਪੁਰਾਣਾ ਬੁੰਗਾ ‘ ਅਕਾਲ ਬੁੰਗਾਸੀ , ਜੋ ਹੁਣ ‘ ਅਕਾਲ ਤਖ਼ਤ ’ ਵਜੋਂ ਸੁਸ਼ੋਭਿਤ ਹੈ ।

ਇਨ੍ਹਾਂ ਬੁੰਗਿਆਂ ਦੀ ਕੁਲ ਗਿਣਤੀ ਪੁਰਾਤਨ ਦਸਤਾਵੇਜ਼ਾਂ ਵਿਚ 72 ਤਕ ਮੰਨੀ ਗਈ ਹੈ । ਕਈ ਵਿਦਵਾਨ ਉਦਾਸੀ ਸਾਧਾਂ ਦੁਆਰਾ ਕਾਇਮ ਕੀਤੇ ਅਖਾੜਿਆਂ ਨੂੰ ਵੀ ਬੁੰਗਿਆਂ ਵਿਚ ਸ਼ਾਮਲ ਕਰ ਲੈਂਦੇ ਹਨ । ਦਰਬਾਰ ਸਾਹਿਬ ਦੀ ਪਰਿਕ੍ਰਮਾ ਨੂੰ ਖੁਲ੍ਹਾ ਕਰਨ ਨਿਮਿਤ ਅਧਿਕਾਂਸ਼ ਬੁੰਗੇ ਢਾਹ ਦਿੱਤੇ ਗਏ ਹਨ । ਸਿੱਖ ਧਰਮ ਦੇ ਸੰਕਟ-ਕਾਲ ਵਿਚ ਇਨ੍ਹਾਂ ਬੁੰਗਿਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ । ਗੁਰਮਤਿ ਗਿਆਨ ਦੇ ਪ੍ਰਚਾਰ ਪ੍ਰਸਾਰ ਵਿਚ ਵੀ ਇਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬੰੁਗਾ


Kanwal Flora, ( 2018/05/31 08:5139)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.