ਬੋਲਚਾਲ ਦੀ ਭਾਸ਼ਾ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬੋਲਚਾਲ ਦੀ ਭਾਸ਼ਾ : ਇਸ ਸੰਕਲਪ ਦੀ ਵਰਤੋਂ ਮਿਆਰੀ ਭਾਸ਼ਾ ਦੇ ਵਿਰੋਧ ਵਿਚ ਕੀਤੀ ਜਾਂਦੀ ਹੈ । ਮਿਆਰੀ ਭਾਸ਼ਾ ਦਾ ਅਧਾਰ ਬੋਲ-ਚਾਲ ਦੀ ਭਾਸ਼ਾ ਹੁੰਦੀ ਹੈ ਪਰ ਬੋਲ-ਚਾਲ ਦੀ ਭਾਸ਼ਾ ਮਿਆਰੀ ਨਹੀਂ ਹੁੰਦੀ । ਮਿਆਰੀ ਜਾਂ ਟਕਸਾਲੀ ਭਾਸ਼ਾ ਨੂੰ ਸੁਚੇਤ ਤੌਰ ’ ਤੇ ਸਿਰਜਿਆ ਜਾਂਦਾ ਹੈ ਪਰ ਬੋਲ-ਚਾਲ ਦੀ ਭਾਸ਼ਾ ਇਕ ਭਾਸ਼ਾਈ ਸਮੂਹ ਵਿਚ ਕੇਵਲ ਸੰਚਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਹੈ । ਪੰਜਾਬੀ ਦੀ ਟਕਸਾਲੀ ਭਾਸ਼ਾ ਮਾਝੀ ਉਪਭਾਸ਼ਾ ’ ਤੇ ਅਧਾਰਤ ਹੈ ਪਰ ਮਾਝੀ ਟਕਸਾਲੀ ਭਾਸ਼ਾ ਨਹੀਂ ਕਿਉਂਕਿ ਬੋਲ-ਚਾਲ ਦੀ ਮਾਝੀ ਅਤੇ ਟਕਸਾਲੀ ਭਾਸ਼ਾ ਪੰਜਾਬੀ ਵਿਚ ਕਾਫੀ ਅੰਤਰ ਹੈ । ਇਹ ਅੰਤਰ ਸ਼ਬਦਾਵਲੀ ਤੋਂ ਲੈ ਕੇ ਵਿਆਕਰਨ ਦੇ ਪੱਧਰ ਤੱਕ ਦਾ ਹੈ । ਜਿਵੇਂ ਟਕਸਾਲੀ ਭਾਸ਼ਾ ਵਿਚ ਸਹਾਇਕ ਕਿਰਿਆ ਦੇ ( ਹੈ ) ਅਤੇ ( ਸੀ ) ਦੇ ਰੂਪ ਹਨ ਪਰ ਵਰਤੋਂ ਦੇ ਜਾਂ ਬੋਲ-ਚਾਲ ਦੇ ਪੱਖ ਤੋਂ ਵੇਖਿਆਂ ਪਤਾ ਚਲਦਾ ਹੈ ਕਿ ਇਨ੍ਹਾਂ ਵਾਸਤੇ ( ਏ , ਈ , ਊ , ਨੇ ) ਆਦਿ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ । ਮਾਝੀ ਵਿਚ ( ਹ ) ਧੁਨੀ ਦੀ ਵਰਤੋਂ ਬੋਲ-ਚਾਲ ਦੇ ਪੱਧਰ ’ ਤੇ ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਨਹੀਂ ਹੁੰਦੀ ਪਰ ਟਕਸਾਲੀ ਭਾਸ਼ਾ ਵਿਚ ਇਸ ਦੀ ਵਰਤੋਂ ਹੁੰਦੀ ਹੈ । ਸ਼ਬਦ ਤਰਤੀਬ ਦੇ ਪੱਖ ਤੋਂ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਐਸ , ਓ. ਵੀ. ਅਨੁਸਾਰ ਕੀਤੀ ਜਾਂਦੀ ਹੈ ਪਰ ਬੋਲ-ਚਾਲ ਦੇ ਪੱਧਰ ’ ਤੇ ਭਾਸ਼ਾਈ ਬੁਲਾਰੇ ਇਸ ਤਰਤੀਬ ਅਨੁਸਾਰ ਨਹੀਂ ਬੋਲਦੇ । ਇਸੇ ਤਰ੍ਹਾਂ ਵਾਕੰਸ਼ ਬਣਤਰ ਵਿਚ ਮੁੱਖ ਸ਼ਬਦ ਦਾ ਸਥਾਨ ਨਿਸ਼ਚਤ ਹੁੰਦਾ ਹੈ ਪਰ ਬੋਲ-ਚਾਲ ਦੇ ਪੱਧਰ ਤੇ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ । ਬੋਲ-ਚਾਲ ਦੀ ਭਾਸ਼ਾ ਦਾ ਮੁੱਖ ਮੰਤਵ ਸੰਚਾਰ ਕਰਨਾ ਹੁੰਦਾ ਹੈ ਪਰ ਮਿਆਰੀ ਭਾਸ਼ਾ ਵਿਚ ਸੰਚਾਰ ਦੇ ਨਾਲ ਨਾਲ ਭਾਸ਼ਾਈ ਰੂਪਾਂ ਦੀ ਵਰਤੋਂ , ਪੈਟਰਨਾਂ ਅਨੁਸਾਰ ਕੀਤੀ ਜਾਂਦੀ ਹੈ ਕਿਉਂਕਿ ਮਿਆਰੀ ਭਾਸ਼ਾ ਦੀ ਵਰਤੋਂ ਵਿਦਿਅਕ ਅਦਾਰਿਆਂ , ਸਰਕਾਰੀ ਦਫਤਰਾਂ , ਅਦਾਲਤਾਂ ਆਦਿ ਵਿਚ ਸੁਚੇਤ ਤੌਰ ’ ਤੇ ਕੀਤੀ ਜਾਂਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.