ਬ੍ਰਹਮੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬ੍ਰਹਮੰਡ : ਇਸ ਦਾ ਸ਼ਾਬਦਿਕ ਅਰਥ ਹੈ ‘ ਸੰਪੂਰਣ ਸ੍ਰਿਸ਼ਟੀ ’ । ਸ੍ਰਿਸ਼ਟੀ ਦੀ ਰਚਨਾ ਸੰਬੰਧੀ ਜਾਣਨ ਲਈ ਮਨੁੱਖ ਸ਼ੁਰੂ ਤੋਂ ਹੀ ਜਿਗਿਆਸੂ ਬਣਿਆ ਹੋਇਆ ਹੈ । ਵਖ ਵਖ ਦੇਸ਼ਾਂ ਵਿਚ ਅਨੇਕ ਮਿਥਿਕ ਕਥਾਵਾਂ ਇਸ ਦੀ ਉਤਪੱਤੀ ਬਾਰੇ ਪ੍ਰਚਲਿਤ ਹਨ । ਹੌਲੀ ਹੌਲੀ ਇਸ ਜਿਗਿਆਸਾ ਨੂੰ ਧਾਰਮਿਕ ਅਤੇ ਦਾਰਸ਼ਨਿਕ ਰੂਪ ਦੇਣ ਦਾ ਵੀ ਯਤਨ ਕੀਤਾ ਜਾਣ ਲਗਿਆ । ਵੈਦਿਕ ਕਾਲ ਵਿਚ ਸੰਸਾਰ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ— ਪ੍ਰਿਥਵੀ , ਵਾਯੂ ਅਤੇ ਆਕਾਸ਼ । ਕਈਆਂ ਨੇ ਆਕਾਸ਼ ਦੀ ਥਾਂ ਸਵਰਗ ਨੂੰ ਦਿੱਤੀ ਹੈ ।

‘ ਰਿਗ-ਵੇਦ’ ( ਪੁਰਸ਼-ਸੂਕੑਤ ) ਅਨੁਸਾਰ ਇੰਦ੍ਰ , ਅਗਨੀ , ਰੁਦ੍ਰ , ਸੋਮ ਆਦਿ ਦੇਵਤਿਆਂ ਨੇ ਦਕੑਸ਼ ਅਤੇ ਅਦਿਤੀ ਨੂੰ ਪੈਦਾ ਕੀਤਾ ਅਤੇ ਫਿਰ ਇਨ੍ਹਾਂ ਦੇ ਸੰਯੋਗ ਨਾਲ ਸ੍ਰਿਸ਼ਟੀ ਦਾ ਵਿਕਾਸ ਹੋਇਆ । ਬ੍ਰਾਹਮਣ ਤੇ ਆਰਣੑਯਕ ਗ੍ਰੰਥਾਂ ਅਤੇ ਉਪਨਿਸ਼ਦਾਂ ਵਿਚ ਵੀ ਮੁੱਖ ਤੌਰ ’ ਤੇ ਇਹੀ ਗੱਲ ਮੰਨੀ ਜਾਂਦੀ ਰਹੀ ਅਤੇ ਉਪਰੋਕਤ ਤਿੰਨ ਭਾਗਾਂ ਨੂੰ ਤਿੰਨ ਕਾਲਾਂ ਦਾ ਨਾਂ ਦਿੱਤਾ ਜਾਣ ਲਗਿਆ । ਫਿਰ ਤਿੰਨ ਲੋਕਾਂ ਦੀ ਥਾਂ ਸੱਤ ਲੋਕਾਂ ਦੀ ਕਲਪਨਾ ਕੀਤੀ ਜਾਣ ਲਗੀ ਅਤੇ ਮਹ , ਜਨ , ਤਪਸ , ਸਤੑਯ ਨਾਂ ਦੇ ਚਾਰ ਲੋਕ ਜੋੜ ਦਿੱਤੇ ਗਏ । ਪ੍ਰਿਥਵੀ ਦੇ ਹੇਠਾਂ ਵੀ ਸੱਤ ਲੋਕਾਂ ਦੀ ਕਲਪਨਾ ਸ਼ੁਰੂ ਹੋ ਗਈ , ਜਿਵੇਂ— ਅਤਲ , ਪਾਤਾਲ , ਵਿਤਲ , ਸੁਤਲ , ਰਸਾਤਲ , ਮਹਾਤਲ ਅਤੇ ਤਲਾਤਲ ।

ਪ੍ਰਿਥਵੀ ਨੂੰ ਸ਼ੇਸ਼ਨਾਗ ਦੇ ਸਿਰ ਉਤੇ ਜਾਂ ਕਛੂ ਦੇ ਪਿਠ ਉਤੇ ਸਥਿਤ ਵੀ ਮੰਨਿਆ ਜਾਣ ਲਗਿਆ ਜਿਸ ਨੂੰ ਦਸਾਂ ਦਿਸ਼ਾਵਾਂ ਤੋਂ ਦਿਕਪਾਲਾਂ ਨੇ ਸੰਭਾਲਿਆ ਹੋਇਆ ਹੈ । ਪੁਰਾਣ-ਸਾਹਿਤ ਵਿਚ ਸ੍ਰਿਸ਼ਟੀ ਦਾ ਸਿਰਜਨਹਾਰ ਬ੍ਰਹਮ , ਨਾਰਾਇਣ , ਵਿਸ਼ਣੂ ਜਾਂ ਸ਼ਿਵ-ਸ਼ੰਭੂ ਨੂੰ ਦਸਿਆ ਜਾਣ ਲਗਿਆ । ਬ੍ਰਹਮ ਤੋਂ ਹੀ ਇਕ ਸੁਨਹਿਰੀ ਰੰਗ ਦਾ ਅੰਡ ( ਅੰਡਾ ) ਪੈਦਾ ਹੋਇਆ ਜੋ ਹਜ਼ਾਰ ਵਰ੍ਹਿਆਂ ਪਿਛੋਂ ਫਟਿਆ ਅਤੇ ਦੋ ਹਿੱਸੇ ( ਖੰਡ ) ਹੋ ਗਿਆ । ਉਨ੍ਹਾਂ ਦੋ ਹਿੱਸਿਆਂ ਤੋਂ ਅਗੋਂ ਸੱਤ ਉਪਰਲੇ ਅਤੇ ਸੱਤ ਹੇਠਲੇ ਲੋਕ ਹੋਂਦ ਵਿਚ ਆਏ । ਇਸ ਤਰ੍ਹਾਂ ਸ੍ਰਿਸ਼ਟੀ ਦੇ 14 ਲੋਕਾਂ ਦੀ ਉਤਪੱਤੀ ਬ੍ਰਹਮ ਦੇ ਅੰਡੇ ਤੋਂ ਹੋਣ ਕਾਰਣ ਇਸ ਨੂੰ ਬ੍ਰਹਮਾਂਡ/ਬ੍ਰਹਮੰਡ ਵੀ ਕਿਹਾ ਜਾਣ ਲਗਿਆ । ਇਸ ਪ੍ਰਕਾਰ ਦੇ ਕਥਨ ‘ ਮਨੂ-ਸਮ੍ਰਿਤੀ’ ਅਤੇ’ ਛਾਂਦੋਗੑਯੋਪਨਿਸ਼ਦ’ ( ਉਨ੍ਹੀਵਾਂ ਖੰਡ ) ਵਿਚ ਵੀ ਮਿਲ ਜਾਂਦੇ ਹਨ ।

ਗੁਰੂ ਗ੍ਰੰਥ ਸਾਹਿਬ ਵਿਚ ਕਰੋੜਾਂ ਬ੍ਰਹਮੰਡਾਂ ਦਾ ਉੱਲੇਖ ਕਰਕੇ ਪਰਮ-ਸੱਤਾ ਨੂੰ ਉਨ੍ਹਾਂ ਦਾ ਸੁਆਮੀ ਮੰਨਿਆ ਗਿਆ ਹੈ— ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ( ਗੁ.ਗ੍ਰੰ. 612 ) । ਇਹ ਸਾਰੇ ਬ੍ਰਹਮੰਡ ਉਸ ਦੀ ਧਰਮਸਾਲਾ ਹਨ— ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ( ਗੁ.ਗ੍ਰੰ.1156 ) । ਭਗਤ ਪੀਪਾ ਨੇ ਬ੍ਰਹਮੰਡ ਦੀ ਸਥਿਤੀ ਸ਼ਰੀਰ ਵਿਚ ਮੰਨਦੇ ਹੋਇਆਂ ਕਿਹਾ ਹੈ— ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ( ਗੁ.ਗ੍ਰੰ.695 ) । ਸਪੱਸ਼ਟ ਹੈ ਕਿ ਸਿੱਖ ਧਰਮ ਵਿਚ ਬਹਮੰਡ ਸੰਬੰਧੀ ਸਿੱਧਾਂਤ ਪ੍ਰਵਾਨ ਨਹੀਂ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.