ਬ੍ਰਾਹਮਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬ੍ਰਾਹਮਣ [ ਨਾਂਪੁ ] ਵੇਦਾਂ ਨੂੰ ਪੜ੍ਹਨ ਵਾਲ਼ਾ; ਬ੍ਰਹਮ ਨੂੰ ਜਾਣਨ ਵਾਲ਼ਾ; ਹਿੰਦੂਆਂ ਦਾ ਪਹਿਲਾ ਵਰਨ; ਵੇਦਾਂ ਦਾ ਉਹ ਭਾਗ ਜਿਸ ਵਿੱਚ ਮੰਤਰਾਂ ਅਤੇ ਕਰਮ-ਕਾਂਡ ਦੀਆਂ ਵਿਧੀਆਂ ਦੀ ਵਿਆਖਿਆ ਕੀਤੀ ਗਈ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬ੍ਰਾਹਮਣ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬ੍ਰਾਹਮਣ : ਸੰਸਕ੍ਰਿਤ ਪਿਛੋਕਣ ਦੇ ਇਸ ਸ਼ਬਦ ਦਾ ਮੂਲ ਅਰਥ ਹੈ ਵੇਦ ਪੜ੍ਹਨ ਵਾਲਾ ਜਾਂ ਬ੍ਰਹਮ ਦਾ ਗਿਆਨ ਰਖਣ ਵਾਲਾ । ਪਰ ‘ ਰਿਗ-ਵੇਦ’ ਤੋਂ ਬਾਦ ਹੋਰਨਾਂ ਵੇਦਾਂ ਵਿਚ ਇਸ ਨੂੰ ‘ ਪੁਰੋਹਿਤ’ ਲਈ ਵਰਤਿਆ ਜਾਣ ਲਗਾ ।
‘ ਰਿਗ-ਵੇਦ’ ਦੇ ਪੁਰਸ਼-ਸੂਕੑਤ ( 10/10 ) ਵਿਚ ਇਸ ਨੂੰ ਚਾਰ ਵਰਣਾਂ ਵਿਚੋਂ ਪਹਿਲਾ ਅਥਵਾ ਸ੍ਰੇਸ਼ਠ ਦਸਿਆ ਗਿਆ ਹੈ ਇਸ ਨੂੰ ਪ੍ਰਿਥਵੀ ਦਾ ਦੇਵਤਾ ( ਭੂਸੁਰ ) ਵੀ ਕਿਹਾ ਗਿਆ ਹੈ । ਪੁਰੋਹਿਤ ਹੋਣ ਕਰਕੇ ਬ੍ਰਾਹਮਣ ਹੀ ਯੱਗਾਂ ਨੂੰ ਸੰਪੰਨ ਕਰਵਾਉਂਦਾ ਸੀ । ਇਹ ਰਾਜਿਆਂ ਦੇ ਨਿਜੀ ਕਾਰਜਾਂ ਵਿਚ ਉਸ ਦਾ ਸਹਾਇਕ , ਪਥ-ਪ੍ਰਦਰਸਕ ਅਥਵਾ ਪ੍ਰਤਿਨਿਧ ਹੁੰਦਾ ਸੀ ।
ਮੱਧ ਯੁਗ ਵਿਚ ਬ੍ਰਾਹਮਣ ਆਪਣੇ ਕਰਤੱਵ ਤੋਂ ਡਿਗ ਗਿਆ ਅਤੇ ਕੇਵਲ ਦਿਖਾਵੇ ਦਾ ਬ੍ਰਾਹਮਣ ਰਹਿ ਗਿਆ । ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿਚ ਇਸ ਦੇ ਸਰੂਪ ਨੂੰ ਚਿਤਰਦਿਆਂ ਕਿਹਾ ਹੈ— ਅੰਤਰਿ ਲੋਭੁ ਫਿਰਹਿ ਹਲਕਾਏ । ਨਿੰਦਾ ਕਰਹਿ ਸਿਰਿ ਭਾਰੁ ਉਠਾਏ । ਮਾਇਆ ਮੂਠਾ ਚੇਤੈ ਨਾਹੀ । ਭਰਮੇ ਭੂਲਾ ਬਹੁਤੀ ਰਾਹੀ । ਬਾਹਰਿ ਭੇਖ ਕਰਹਿ ਘਨੇਰੇ । ਅੰਤਰਿ ਬਿਖਿਆ ਉਤਰੀ ਘੇਰੇ । ਅਵਰ ਉਪਦੇਸੈ ਆਪਿ ਨ ਬੂਝੈ । ਐਸਾ ਬ੍ਰਾਹਮਣੁ ਕਹੀ ਨ ਸੂਝੈ । ( ਗੁ.ਗ੍ਰੰ.372 ) । ਅਜਿਹੇ ਬ੍ਰਾਹਮਣ ਨੂੰ ਜਗਤ ਵਾਲੇ ਬੇਸ਼ਕ ਗੁਰੂ ਮੰਨਣ , ਪਰ ਕਬੀਰ ਜੀ ਅਨੁਸਾਰ ਉਹ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ— ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਹਿ । ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ । ( ਗੁ.ਗ੍ਰੰ.1377 ) ।
ਬ੍ਰਾਹਮਣ ਨੂੰ ਆਪਣੇ ਕਰਤੱਵ ਦਾ ਬੋਧ ਕਰਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ । ਜਪੁ ਤਪੁ ਸੰਜਮੁ ਕਮਾਵੈ ਕਰਮੁ । ਸੀਲ ਸੰਤੋਖ ਕਾ ਰਖੈ ਧਰਮੁ । ਬੰਧਨ ਤੋੜੈ ਹੋਵੈ ਮੁਕਤੁ । ਸੋਈ ਬ੍ਰਹਮਣੁ ਪੂਜਣ ਜੁਗਤੁ । ( ਗੁ.ਗ੍ਰੰ.1411 ) । ਅਸਲ ਵਿਚ , ਸੱਚਾ ਬ੍ਰਾਹਮਣ ਉਹ ਹੈ ਜੋ ਬ੍ਰਹਮ ਸੰਬੰਧੀ ਵਿਚਾਰ ਕਰੇ ਅਤੇ ਆਪ ਹੀ ਨਹੀਂ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੀ ਪਾਰ-ਉਤਾਰਾ ਕਰੇ— ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ । ਆਪਿ ਤਰੈ ਸਗਲੇ ਕੁਲ ਤਾਰੈ । ( ਗੁ.ਗ੍ਰੰ.662 ) । ਸੰਤ ਕਬੀਰ ਨੇ ਵੀ ਇਹੀ ਵਿਚਾਰ ਪ੍ਰਗਟ ਕੀਤਾ ਹੈ ਕਿ ਅਸਾਡੇ ਤਾਂ ਉਹ ਬ੍ਰਾਹਮਣ ਅਖਵਾਉਣ ਦਾ ਅਧਿਕਾਰੀ ਬਣਦਾ ਹੈ ਜੋ ਬ੍ਰਹਮ ਸੰਬੰਧੀ ਵਿਚਾਰ ਕਰਦਾ ਹੈ— ਕਹੁ ਕਬੀਰ ਜੋ ਬ੍ਰਹਮੁ ਬੀਚਾਰੈ । ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ । ( ਗੁ.ਗ੍ਰੰ.324 ) । ਸਪੱਸ਼ਟ ਹੈ ਕਿ ਸਿੱਖ ਮਤ ਵਿਚ ਬ੍ਰਾਹਮਣਾਂ ਜਾਂ ਉਸ ਦੇ ਕਰਮਾਚਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First