ਭਾਵਾਂਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਵਾਂਸ਼ : ਰੂਪਵਾਦੀ ਵਿਆਕਰਨਕਾਰ ਭਾਵਾਂਸ਼ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ ਪਰੰਤੂ ਪਰੰਪਰਾਵਾਦੀ ਵਿਆਕਰਨਕਾਰ ਵਾਕ ਨੂੰ ਵੱਡੀ ਤੋਂ ਵੱਡੀ ਅਤੇ ਸ਼ਬਦ ਨੂੰ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ । ਸ਼ਬਦ ਦੀ ਬਣਤਰ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਚਲਦਾ ਹੈ ਕਿ ਸ਼ਬਦ ਦੀ ਬਣਤਰ ਇਕਹਿਰੀ ਹੀ ਨਹੀਂ ਸਗੋਂ ਬਹੁ-ਲੱਛਣੀ ਹੁੰਦੀ ਹੈ , ਜਿਵੇਂ : ‘ ਅਨਪੜ੍ਹਤਾ’ ਵਿਚ \ ਅਨ + ਪਅੜ + ਤਆ \ ਵਿਚ ਤਿੰਨ ਭਾਵਾਂਸ਼ ਵਿਚਰਦੇ ਹਨ , ਜੋ ਸ਼ਬਦ ਅਰਥ ’ ਤੇ ਅਸਰ ਪਾਉਂਦੇ ਹਨ । ਇਸੇ ਤਰ੍ਹਾਂ ‘ ਚਲ’ ਕਿਰਿਆ ਧਾਤੂ ਹੈ ਜਿਸ ਦੀ ਬਣਤਰ ਨਾਲ ਹੋਰ ਭਾਵਾਂਸ਼ ਜੁੜ ਸਕਦੇ ਹਨ : ਚਲਦਾ , ਚਲਦੀ , ਚਲਦੀਆਂ । ਇਨ੍ਹਾਂ ਦੀ ਬਣਤਰ ਇਸ ਪਰਕਾਰ ਹੈ : ਚਲ ( ਧਾਤੂ ) ਦ ( ਕਾਲ ਸੂਚਕ ) ਦਾ , ਦੀ , ਦੀਆਂ ( ਲਿੰਗ ਵਚਨ ਸੂਚਕ ) । ਇਸ ਲਈ ਭਾਸ਼ਾ ਦੀ ਹੇਠਲੀ ਇਕਾਈ ਭਾਵਾਂਸ਼ ਹੈ , ਸ਼ਬਦ ਨਹੀਂ । ਭਾਵਾਂਸ਼ ਦੀ ਪਰਿਭਾਸ਼ਾ ਨੂੰ ਸਥਾਪਤ ਕਰਨ ਲਈ ਇਸ ਦੇ ਲੱਛਣ ਇਸ ਪਰਕਾਰ ਹਨ : ( i ) ਇਹ ਸ਼ਬਦ ਤੋਂ ਛੋਟੀ ਇਕਾਈ ਹੈ ( ii ) ਇਹ ਇਕਾਈ ਅਰਥ ਭਰਪੂਰ ਹੁੰਦੀ ਹੈ ( iii ) ਇਸ ਨੂੰ ਅੱਗੋਂ ਵੰਡਿਆ ਨਹੀਂ ਜਾ ਸਕਦਾ ( iv ) ਇਸ ਇਕਾਈ ਦੁਆਰਾ ਸ਼ਬਦ ਰਚਨਾ ਦੇ ਨਿਯਮਾਂ ਦਾ ਪਤਾ ਚਲਦਾ ਹੈ ( v ) ਇਸ ਦਾ ਘੇਰਾ ਧੁਨੀ ਤੋਂ ਲੈ ਕੇ ਸ਼ਬਦ ਤੱਕ ਫੈਲਿਆ ਹੋਇਆ ਹੈ । ਸ਼ਬਦ ਦੀ ਬਣਤਰ ਨੂੰ ਅਧਾਰ ਬਣਾ ਕੇ ਭਾਵਾਂਸ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਇਕ ਭਾਵਾਂਸ਼ੀ ਸ਼ਬਦ ( Monomorphemic ) ( ii ) ਬਹੁ-ਭਾਵਾਂਸ਼ੀ ਸ਼ਬਦ ( Polymorphemic ) । ਇਕ ਭਾਵਾਂਸ਼ੀ ਸ਼ਬਦਾਂ ਦੀ ਬਣਤਰ ਵਿਚ ਵਿਚਰਦੇ ਕੇਵਲ ਇਕ ਭਾਵਾਂਸ਼ੀ ਰੂਪ ਨੂੰ ਸੁਤੰਤਰ ਭਾਵਾਂਸ਼ ਵੀ ਕਿਹਾ ਜਾਂਦਾ ਹੈ । ਇਸ ਵੰਡ ਅਨੁਸਾਰ ਭਾਵਾਂਸ਼ ਦੋ ਤਰ੍ਹਾਂ ਦੇ ਹੁੰਦੇ ਹਨ : ( i ) ਸੁਤੰਤਰ ਅਤੇ ( ii ) ਬੰਧੇਜੀ । ਸੁਤੰਤਰ ਭਾਵਾਂਸ਼ ਨੂੰ ( i ) ਸ਼ਾਬਦਿਕ ( Lexical ) ਅਤੇ ( ii ) ਸਬੰਧ ਦਰਸਾਊ ( Functional ) ਵਿਚ ਵੰਡਿਆ ਜਾਂਦਾ ਹੈ । ( ਵੇਖੋ ਭਾਵਾਂਸ਼ ਵਿਉਂਤ ) ਸੁਤੰਤਰ ਦੇ ਉਲਟ ਬੰਧੇਜੀ ਭਾਵਾਂਸ਼ ਸ਼ਬਦ ਵਜੋਂ ਇਕੱਲੇ ਤੌਰ ਤੇ ਨਹੀਂ ਵਿਚਰ ਸਕਦੇ । ਬੰਧੇਜੀ ਭਾਵਾਂਸ਼ਾਂ ਨੂੰ ਰੂਪਾਂਤਰੀ ਅਤੇ ਵਿਉਂਤਪਤ ਭਾਵਾਂਸ਼ਾਂ ਵਿਚ ਵੰਡਿਆ ਜਾਂਦਾ ਹੈ । ਰੂਪਾਂਤਰੀ ਭਾਵਾਂਸ਼ ਕਿਸੇ ਸ਼ਬਦ ਦੇ ਅੰਤ ’ ਤੇ ਆ ਕੇ ਸ਼ਬਦ ਦੀ ਵਿਆਕਰਨਕ ਸ਼ਰੇਣੀ ( ਲਿੰਗ , ਵਚਨ ਆਦਿ ) ਦੀ ਸੂਚਨਾ ਦਿੰਦੇ ਹਨ । ਇਹ ਭਾਵਾਂਸ਼ ਵਿਕਾਰੀ ਰੂਪਾਂ ਦੇ ਸੂਚਕ ਹੁੰਦੇ ਹਨ ਅਤੇ ਇਨ੍ਹਾਂ ਦੀ ਰੂਪਾਵਲੀ ਬਣਦੀ ਹੈ , ਜਿਵੇਂ : ਪੀ , ਪੀਂਦਾ , ਪੀਂਦੇ , ਪੀਂਦੀਆਂ ਆਦਿ । ਬੰਧੇਜੀ ਭਾਵਾਂਸ਼ਾਂ ਦੀ ਲਿਸਟ ਵਿਚ ਧਾਤੂ ਤੋਂ ਪਹਿਲਾਂ ਵਿਚਰਨ ਵਾਲੇ ਅਗੇਤਰਾਂ ਨੂੰ ਵੀ ਰੱਖਿਆ ਜਾਂਦਾ ਹੈ । ਇਹ ਭਾਵਾਂਸ਼ ਵਿਉਂਤਪਤ ਹੁੰਦੇ ਹਨ ਜਿਵੇਂ : ਅਸਹਿ-ਅ + ਸਹਿ , ਅਪਮਾਨ-ਅਪ + ਮਾਨ ਆਦਿ । ਰੂਪਾਂਤਰੀ ਭਾਵਾਂਸ਼ ਸ਼ਰੇਣੀ ਰੱਖਿਅਕ ਹੁੰਦੇ ਹਨ ਭਾਵ ਇਹ ਭਾਵਾਂਸ਼ ਜਿਸ ਸ਼ਬਦ ( ਧਾਤੂ ਜਾਂ ਭਾਵਾਂਸ਼ਾਂ ) ਤੋਂ ਪਿਛੋਂ ਵਿਚਰਦੇ ਹਨ , ਉਸ ਦੀ ਵਿਆਕਰਨਕ ਸ਼ਰੇਣੀ ਵਿਚ ਤਬਦੀਲੀ ਨਹੀਂ ਲਿਆਉਂਦੇ । ਭਾਵਾਂਸ਼ ਦੀ ਵਰਤੋਂ ਤੋਂ ਪਿਛੋਂ ਨਾਂਵ , ਕਿਰਿਆ ਆਦਿ ਉਸੇ ਸ਼ਰੇਣੀ ਦੇ ਤੌਰ ’ ਤੇ ਵਿਚਰਦੇ ਹਨ ਜਿਵੇਂ : ਰੇਲ ( ਨਾਂਵ ) + ਆਂ-ਰੇਲਾਂ ( ਨਾਂਵ ) , ਲਿਖ ( ਕਿਰਿਆ ) + ਦਾ-ਲਿਖਦਾ ( ਕਿਰਿਆ ) , ਮੋਟਾ ( ਵਿਸ਼ੇਸ਼ਣ ) + ਆ ਦੀ ਥਾਂ ( ਏ ) -ਮੋਟੇ ( ਵਿਸ਼ੇਸ਼ਣ ) । ਵਿਉਂਤਪਤ ਭਾਵਾਂਸ਼ ਸ਼ਰੇਣੀ ਰੱਖਿਅਕ ਵੀ ਹੁੰਦੇ ਹਨ ਤੇ ਸ਼ਰੇਣੀ ਬਦਲੂ ਵੀ ਜਿਵੇਂ : ਗਰੀਬ ( ਵਿਸ਼ੇਸ਼ਣ ) + ਈ-ਗਰੀਬੀ ( ਨਾਂਵ ) , ਮਾਰ ( ਕਿਰਿਆ ) + ਊ-ਮਾਰੂ ( ਵਿਸ਼ੇਸ਼ਣ ) । ਸ਼ਬਦ ਦੀ ਬਣਤਰ ਵਿਚ ਧਾਤੂਆਂ ਦਾ ਵਿਚਰਨ ਤਿੰਨ ਪਰਕਾਰ ਦਾ ਹੁੰਦਾ ਹੈ : ( i ) ਸੁਤੰਤਰ + ਸੁਤੰਤਰ ( ਦੇਸ਼ + ਭਗਤ-ਦੇਸ਼ਭਗਤ ) ( ii ) ਬਧੇਜੀ + ਸੁਤੰਤਰ ( ਸ਼ਾਹ + ਸਵਾਰ-ਸ਼ਾਹਸਵਾਰ ) ( iii ) ਬੰਧੇਜੀ + ਬੰਧੇਜੀ ( ਬਦੋ + ਬਦੀ-ਬਦੋਬਦੀ ) ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਭਾਵਾਂਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾਵਾਂਸ਼ [ ਨਾਂਪੁ ] ( ਭਾਵਿ ) ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ-ਪੂਰਨ ਇਕਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.