ਭਾਵਾਂਸ਼-ਵਿਉਂਤ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਵਾਂਸ਼-ਵਿਉਂਤ : ਪਰੰਪਰਾਈ ਵਿਆਕਰਨਾਂ ਵਿਚ ਸ਼ਬਦ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਅਰਥ ਪੂਰਨ ਇਕਾਈ ਮੰਨਿਆ ਜਾਂਦਾ ਹੈ ਅਤੇ ਵਾਕ ਨੂੰ ਵਿਆਕਰਨ ਦੀ ਵੱਡੀ ਤੋਂ ਵੱਡੀ ਇਕਾਈ । ਰੂਪਵਾਦੀ ਭਾਸ਼ਾ ਵਿਗਿਆਨੀ ਸ਼ਬਦ ਦੀ ਥਾਂ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਅਰਥ ਪੂਰਨ ਇਕਾਈ ਮੰਨਦੇ ਹਨ । 1940-50 ਦੇ ਦਰਮਿਆਨ ਅਮਰੀਕੀ ਰੂਪਵਾਦੀਆਂ ਨੇ ਇਸ ਸੰਕਲਪ ਦੀ ਵਰਤੋਂ ਕੀਤੀ । ਆਮ ਭਾਸ਼ਾ ਵਿਚ ਇਸ ਸੰਕਲਪ ਦਾ ਅਰਥ ਹੈ ‘ ਰੂਪ’ ਇਸ ਤੋਂ ਪਹਿਲਾਂ ਇਸ ਸੰਕਲਪ ਨੂੰ ਜੀਵ ਵਿਗਿਆਨ ਵਿਚ ਵਰਤਿਆ ਜਾਂਦਾ ਸੀ । Morphology ਨੂੰ ਇਕ ਆਮ ਸੰਕਲਪ ਦੇ ਤੌਰ ’ ਤੇ ਵਰਤਿਆ ਜਾਂਦਾ ਹੈ ਅਤੇ Morphology ਨੂੰ ਇਕਾਲਕੀ ਭਾਸ਼ਾ ਵਿਗਿਆਨਕ ਅਧਿਅਨ ਲਈ ਵਰਤਿਆ ਜਾਂਦਾ ਹੈ ਇਹ ਵਿਗਿਆਨ ਵਿਆਕਰਨ ਦੀ ਇਕ ਸ਼ਾਖਾ ਹੈ ਅਤੇ ਇਸ ਵਿਚ ਭਾਵਾਂਸ਼-ਵਿਉਂਤ ਅਤੇ ਵਾਕ-ਵਿਉਂਤ ( Morphology and Syntax ) ਦਾ ਇਕ ਲੜ੍ਹੀ ਵਿਚ ਅਧਿਅਨ ਕੀਤਾ ਜਾਂਦਾ ਹੈ । ਵਾਕ-ਵਿਉਂਤ ਦੇ ਅੰਤਰਗਤ ਵਾਕਾਂ ਦੀ ਬਣਤਰ ਅਤੇ ਕਾਰਜ ਦਾ ਅਧਿਅਨ ਕੀਤਾ ਜਾਂਦਾ ਹੈ ਅਤੇ ਇਸ ਸ਼ਾਖਾ ਨੂੰ ਵਾਕ ਦਾ ਵਿਗਿਆਨ ਵੀ ਆਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਭਾਵਾਂਸ਼-ਵਿਉਂਤ ਵਿਚ ਸ਼ਬਦਾਂ ਦੀ ਅੰਦਰੂਨੀ ਬਣਤਰ ਦਾ ਅਧਿਅਨ ਕੀਤਾ ਜਾਂਦਾ ਹੈ ਅਤੇ ਇਸ ਸ਼ਾਖਾ ਨੂੰ ਸ਼ਬਦ ਵਿਗਿਆਨ ਕਿਹਾ ਜਾਂਦਾ ਹੈ । ਭਾਵਾਂਸ਼-ਵਿਉਂਤ ਰਾਹੀਂ ਸ਼ਬਦ ਵਿਚ ਵਿਚਰਨ ਵਾਲੇ ਤੱਤਾਂ ( ਧੁਨੀਆਂ ਅਤੇ ਰੂਪਾਂ ) ਦਾ ਅਧਿਅਨ ਕੀਤਾ ਜਾਂਦਾ ਹੈ । ਭਾਵਾਂਸ਼-ਵਿਉਂਤ ਨੂੰ ਦੋ ਸ਼ਾਖਾਵਾਂ ਵਿਚ ਵੰਡਿਆ ਜਾਂਦਾ ਹੈ , ਜਿਵੇਂ : ਸ਼ਬਦ ਰੂਪਾਂਤਰਾਂ ਦੇ ਅਧਿਅਨ ਲਈ , ( i ) ਰੂਪਾਂਤਰੀ ਭਾਵਾਂਸ਼-ਵਿਉਂਤ ( Inflectional Morphology ) ਅਤੇ ਸ਼ਬਦਾਂ ਦੀ ਬਣਤਰ ਤੇ ਉਤਪਤੀ ਲਈ ( ii ) ਵਿਉਂਤਪਤ ਭਾਵਾਂਸ਼-ਵਿਉਂਤ ( Derivational Morphology ) । ਰੂਪਾਂਤਰੀ ਭਾਵਾਂਸ਼-ਵਿਉਂਤ ਦੇ ਅੰਤਰਗਤ ਵਿਕਾਰੀ ਸ਼ਬਦ ਰੂਪਾਂ ਦਾ ਅਧਿਅਨ ਕੀਤਾ ਜਾਂਦਾ ਹੈ ਜਿਵੇਂ ‘ ਚਲ’ ਧਾਤੂ ਹੈ ਅਤੇ ਇਹ ਕਿਰਿਆ ਵਜੋਂ ਵਿਚਰਦਾ ਹੈ । ਇਸ ਧਾਤੂ ਦਾ ਵਿਆਕਰਨਕ ਸ਼ਰੇਣੀਆਂ ( ਲਿੰਗ , ਵਚਨ , ਪੁਰਖ , ਕਾਲ ਆਦਿ ) ਅਨੁਸਾਰ ਰੂਪਾਂਤਰਨ ਹੁੰਦਾ ਹੈ ਅਤੇ ਇਕ ਰੂਪਾਵਲੀ ਬਣਦੀ ਹੈ ਜਿਵੇਂ ਸ਼ਬਦ ਰੂਪਾਂ ਵਿਚ ਧਾਤੂ ਤੋਂ ਇਲਾਵਾ ਪਿਛੇਤਰ ਵਿਚਰਦੇ ਹਨ ਅਤੇ ਰੁਪਾਂਤਰੀ ਪਿਛੇਤਰ ਹਮੇਸ਼ਾ ਸ਼ਬਦ ਦੇ ਅੰਤ ’ ਤੇ ਹੁੰਦੇ ਹਨ । ਗਿਣਤੀ ਪੱਖੋਂ ਉਪਰੋਕਤ ਕਿਰਿਆ ਵਿਚ ਤਿੰਨ ਭਾਵਾਂਸ਼ ਹਨ : ਚਲ ( ਧਾਤੂ ) ਦ ( ਕਾਲ-ਸੂਚਕ ) , ਆ ( ਵਚਨ ਤੇ ਲਿੰਗ-ਸੂਚਕ ) । ਦੂਜੇ ਪਾਸੇ ਵਿਉਂਤਪਤ ਭਾਵਾਂਸ਼-ਵਿਉਂਤ ਵਿਚ ਸ਼ਬਦ ਦੀ ਬਣਤਰ ਵਿਚ ਅਗੇਤਰ ਅਤੇ ਪਿਛੇਤਰ ਦੋਵੇਂ ਵਿਚਰ ਸਕਦੇ ਹਨ ਜਿਵੇਂ ( ਅਨ ) ਪੜ੍ਹ = ਅਨਪੜ੍ਹ , ( ਨਿ ) ਡਰ = ਨਿਡਰ ਆਦਿ ਤੋਂ ਵੱਧ ( ਧਾਤੂ ) + ਈ = ਵਧੀ + ਕੀ = ਵਧੀਕੀ । ਭਾਵਾਂਸ਼-ਵਿਉਂਤ ਦੇ ਅਧਿਅਨ ਦੌਰਾਨ ਸ਼ਬਦਾਂ ਦੀ ਬਣਤਰ ਵਿਚ ਵਿਚਰਨ ਵਾਲੇ ਭਾਵਾਂਸ਼ਾਂ ਦਾ ਅਧਿਅਨ ਕੀਤਾ ਜਾਂਦਾ ਹੈ । ਭਾਵਾਂਸ਼ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਸੁਤੰਤਰ ਅਤੇ ( ii ) ਬੰਧੇਜੀ । ਸੁਤੰਤਰ ਭਾਵਾਂਸ਼ ਦੋ ਪਰਕਾਰ ਦੇ ਹੁੰਦੇ ਹਨ : ( i ) ਸ਼ਾਬਦਿਕ ( Lexical ) ਅਤੇ ( ii ) ਸਬੰਧ ਦਰਸਾਊ ( Functional ) । ਸ਼ਾਬਦਿਕ ਵਿਚ ਘਰ , ਮੁੰਡਾ , ਚਲ , ਲਾਲ , ਇਥੇ ਆਦਿ ਭਾਵ ਮੁੱਖ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਦੂਜੇ ਪਾਸੇ ‘ ਪਰ , ਤਾਂ , ਜੇ , ਕਿ , ਸਗੋਂ , ਵਿਚ , ਨੇ , ਨੂੰ , ਦਾ’ ਆਦਿ ਗੌਣ ਸ਼ਬਦ-ਸ਼ਰੇਣੀਆਂ ਦੇ ਮੈਂਬਰਾਂ ਨੂੰ ਰੱਖਿਆ ਜਾਂਦਾ ਹੈ । ਸੁਤੰਤਰ ਭਾਵਾਂਸ਼ , ਸ਼ਬਦ ਵਰਗੀ ਇਕਾਈ ਹੈ ਅਤੇ ਸ਼ਬਦ ਵਾਂਗ ਸੁਤੰਤਰ ਤੌਰ ’ ਤੇ ਵਿਚਰ ਸਕਦਾ ਹੈ । ਦੂਜੇ ਪਾਸੇ ਬੰਧੇਜੀ ਭਾਵਾਂਸ਼ ਸ਼ਬਦਾਂ ਦੇ ਹਿੱਸੇ ਵਜੋਂ ਵਿਚਰਦੇ ਹਨ ਅਤੇ ਇਹ ਸੁਤੰਤਰ ਤੌਰ ’ ਤੇ ਵਿਚਰ ਸਕਣ ਦੀ ਸਮਰੱਥਾ ਨਹੀਂ ਰੱਖਦੇ । ਇਸ ਵਿਗਿਆਨ ਦੇ ਅੰਤਰਗਤ ਸ਼ਬਦ ਬਣਤਰ ਦੇ ਸਾਰੇ ਪੱਖਾਂ : ਧਾਤੂ , ਅਗੇਤਰ , ਪਿਛੇਤਰ , ਦੁਹਰੁਕਤੀ , ਇਕਹਿਰੇ ਸ਼ਬਦ , ਦੋਹਰੇ ਸ਼ਬਦ ਆਦਿ ਦਾ ਅਧਿਅਨ ਕੀਤਾ ਜਾਂਦਾ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.