ਭੱਟ-ਵਹੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੱਟ - ਵਹੀਆਂ : ਭੱਟਾਂ ਦੁਆਰਾ ਆਪਣੇ ਆਸਰਾਦਾਤਿਆਂ ਜਾਂ ਜਜਮਾਨਾਂ ਦੇ ਖ਼ਾਨਦਾਨੀ ਬਿਉਰਿਆਂ ਲਈ ਤਿਆਰ ਕੀਤੀਆਂ ਜਾਣ ਵਾਲੀਆਂ ਵਹੀਆਂ ਨੂੰ ‘ ਭੱਟ ਵਹੀਆਂ’ ਕਿਹਾ ਜਾਂਦਾ ਹੈ । ਸਿੱਖ ਇਤਿਹਾਸ ਲਈ ਇਨ੍ਹਾਂ ਦਾ ਖ਼ਾਸ ਮਹੱਤਵ ਹੈ , ਕਿਉਂਕਿ ਇਹ ਲੋਗ ਗੁਰੂ ਸਾਹਿਬਾਨ ਅਤੇ ਮੁੱਖ ਕੇਂਦਰੀ ਗੁਰੂ-ਧਾਮਾਂ ਦੇ ਬਹੁਤ ਨੇੜੇ ਵਿਚਰੇ ਸਨ ।

‘ ਭੱਟ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ । ਇਹ ਉਸ ਵਿਅਕਤੀ ਲਈ ਵਰਤਿਆ ਜਾਂਦਾ ਸੀ ਜੋ ਆਪਣੇ ਆਸਰਾ -ਦਾਤੇ ਜਾਂ ਜਜਮਾਨ ਦੀ ਸੇਵਾ ਵਿਚ ਰਹਿੰਦਾ ਸੀ ਅਤੇ ਉਸ ਦੀ ਸਿਫ਼ਤ ਵਿਚ ਬਿਰਦਾਵਲੀ ਲਿਖਦਾ ਅਤੇ ਪੜ੍ਹਦਾ ਸੀ । ਭੱਟਾਂ ਦੀ ਉਤਪੱਤੀ ਬਾਰੇ ਚਾਰਣਾਂ ਵਾਂਗ ਸਹੀ ਜਾਣਕਾਰੀ ਨਹੀਂ ਮਿਲਦੀ । ਇਨ੍ਹਾਂ ਨੂੰ ਕਈ ਪੱਛਮੀ ਵਿਦਵਾਨ ਪਤਿਤ ਬ੍ਰਾਹਮਣ ਮੰਨਦੇ ਹਨ ਅਤੇ ਕਈਆਂ ਦੀ ਇਹ ਧਾਰਣਾ ਹੈ ਕਿ ਇਹ ਸਾਰਸੁਤ ( ਸਰਸ੍ਵਤੀ ਨਦੀ ਦੇ ਕੰਢੇ ਉਤੇ ਵਸੇ ਹੋਣ ਕਾਰਣ ਸਾਰਸ੍ਵਤ ) ਬ੍ਰਾਹਮਣ ਅਖਵਾਉਂਦੇ ਹਨ । ਇਹ ਅਕਸਰ ਰਾਜ ਦਰਬਾਰਾਂ ਵਿਚ ਰਹਿੰਦੇ ਸਨ ਅਤੇ ਯੁੱਧ ਵਿਚ ਰਾਜਿਆਂ ਦੁਆਰਾ ਪ੍ਰਾਪਤ ਕੀਤੀਆਂ ਜਿਤਾਂ ਦੀਆਂ ਗਾਥਾਵਾਂ ਰਾਜਿਆਂ ਅਤੇ ਪ੍ਰਜਾ ਨੂੰ ਸੁਣਾਉਂਦੇ ਸਨ । ਇਸ ਨੂੰ ਇਕ ਯਾਚਕ ਜਾਤਿ ਵੀ ਮੰਨਿਆ ਗਿਆ ਹੈ । ਇਹ ਲੋਗ ਕਵਿਤਾ ਦੀ ਰਚਨਾ ਆਪ ਬਹੁਤ ਘਟ ਕਰਦੇ ਸਨ । ਅਕਸਰ ਦੂਜਿਆਂ ਦੀ ਸਿਰਜੀ ਕਵਿਤਾ ਨੂੰ ਗਾ ਕੇ ਸੁਣਾਉਂਦੇ ਸਨ ਅਤੇ ਜਜਮਾਨਾਂ ਤੋਂ ਦਖਿਣਾ ਲੈਂਦੇ ਸਨ ।

ਗੁਰੂ ਅਮਰਦਾਸ ਜੀ ਦੇ ਵੇਲੇ ਭੀਖਾ ਨਾਂ ਦੇ ਭੱਟ ਨੇ ਸਿੱਖੀ ਧਾਰਣ ਕੀਤੀ । ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿਚ ਉਹ ਆਪਣੇ ਨਾਲ ਕਈ ਭੱਟਾਂ ਨੂੰ ਲੈ ਕੇ ਆਇਆ । ਉਨ੍ਹਾਂ ਭੱਟਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਵਿਚ ਜੋ ਛੰਦ ਉਚਾਰੇ , ਉਹ ਗੁਰੂ ਗ੍ਰੰਥ ਸਾਹਿਬ ਵਿਚ ‘ ਭੱਟਾਂ ਕੇ ਸਵਈਏ ’ ( ਵੇਖੋ ) ਵਜੋਂ ਅੰਕਿਤ ਹਨ । ਆਪਣੀ ਕੁਲ ਪਰੰਪਰਾ ਦੀ ਬਿਰਤੀ ਅਨੁਸਾਰ ਇਹ ਗੁਰੂ ਸਾਹਿਬਾਨ , ਉਨ੍ਹਾਂ ਦੇ ਪਰਿਵਾਰਾਂ ਅਤੇ ਪ੍ਰਮੁਖ ਸਿੱਖਾਂ ਸੰਬੰਧੀ ਆਪਣੀਆਂ ਵਹੀਆਂ ਵਿਚ ਲੋੜੀਂਦੀ ਜਾਣਕਾਰੀ ਅੰਕਿਤ ਕਰਦੇ ਰਹਿੰਦੇ ਸਨ । ਉਸ ਜਾਣਕਾਰੀ ਵਿਚੋਂ ਕੁਝ ਦੇ ਭੱਟ ਖ਼ੁਦ ਸਾਖੀ ਹੁੰਦੇ ਸਨ ਅਤੇ ਕੁਝ ਸੁਣੀ ਸੁਣਾਈ ਹੁੰਦੀ ਸੀ , ਕਿਉਂਕਿ ਉਹ ਜਦ ਕਦੇ ਗੁਰੂ-ਦਰਬਾਰ ਵਿਚ ਆਉਂਦੇ ਤਾਂ ਬੀਤੇ ਦੀਆਂ ਘਟਨਾਵਾਂ ਜਾਂ ਗੱਲਾਂ ਬਾਰੇ ਸੁਣੀ ਸੁਣਾਈ ਜਾਣਕਾਰੀ ਲਿਖ ਲੈਂਦੇ । ਇਸ ਲਈ ਇਨ੍ਹਾਂ ਵਹੀਆਂ ਵਿਚਲੀ ਜਾਣਕਾਰੀ ਨੂੰ ਸੌ ਫ਼ੀਸਦੀ ਸਹੀ ਕਹਿ ਸਕਣਾ ਸਰਲ ਨਹੀਂ । ਪਰ ਜੋ ਜਾਣਕਾਰੀ ਇਨ੍ਹਾਂ ਖ਼ੁਦ ਵੇਖ ਕੇ ਲਿਖੀ ਹੈ , ਉਹ ਪ੍ਰਮਾਣਿਕ ਸਰੋਤ ਸਾਮਗ੍ਰੀ ਉਪਲਬਧ ਕਰਦੀ ਹੈ ।

ਇਹ ਭੱਟ-ਵਹੀਆਂ ‘ ਭਟ-ਅੱਛਰੀ’ ਵਿਚ ਲਿਖੀਆਂ ਜਾਂਦੀਆਂ ਸਨ । ਇਨ੍ਹਾਂ ਨੂੰ ਲੱਭਣ ਦਾ ਉਦਮ ਗਿਆਨੀ ਗਰਜਾ ਸਿੰਘ ਨੇ ਕੀਤਾ ਅਤੇ ਇਨ੍ਹਾਂ ਦੇ ਗੁਰਮੁਖੀ ਉਤਾਰੇ ਤਿਆਰ ਕੀਤੇ ਜੋ ਹੁਣ ਪੰਜਾਬ ਹਿਸਟੋਰੀਕਲ ਸਟਡੀਜ਼ ਵਿਭਾਗ , ਪੰਜਾਬੀ ਯੂਨੀਵਰਸਿਟੀ ਵਿਚ ਸੁਰਖਿਅਤ ਹਨ । ਇਨ੍ਹਾਂ ਵਿਚੋਂ ਉਸ ਸਮੇਂ ਦੀਆਂ ਤਿਥੀਆਂ , ਥਾਂਵਾਂ ਅਤੇ ਘਟਨਾਵਾਂ ਬਾਰੇ ਕਾਫ਼ੀ ਉਪਯੋਗੀ ਸਾਮਗ੍ਰੀ ਮਿਲ ਸਕਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.