ਮਾਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਘ ( 1750 ) : ਸੰਸਕ੍ਰਿਤ ਭਾਸ਼ਾ ਦੇ ਚੋਟੀ ਦੇ ਕਵੀਆਂ ਵਿੱਚ ਮਹਾਂਕਵੀ ਮਾਘ ਦਾ ਨਾਂ ਗਿਣਿਆ ਜਾਂਦਾ ਹੈ । ਇੱਕ ਲੋਕੋਕਤੀ ਅਨੁਸਾਰ ਉਸ ਦੀ ਤੁਲਨਾ ਕਾਲੀਦਾਸ , ਦੰਡੀ ਅਤੇ ਭਾਰਵੀ ਆਦਿ ਮਹਾਂਕਵੀਆਂ ਨਾਲ ਕੀਤੀ ਗਈ ਹੈ :

ਉਪਮਾ ਕਾਲੀਦਾਸ੍ਯ , ਭਾਰਵੇਰਰ੍ਥ ਗੌਰਵਮ੍ ।

                  ਦੰਡਿਨਹ੍ ਪਦਲਾਲਿਤ੍ਯਮ੍ , ਮਾਘੇ ਸੰਤਿ ਤ੍ਰਿਯੋਗੁਣਾਹੁ ॥

ਅਰਥਾਤ ਮਹਾਂਕਵੀ ਕਾਲੀਦਾਸ ਉਪਮਾ ਅਲੰਕਾਰ ਦੀ ਸੁਚੱਜੀ ਵਰਤੋਂ ਕਰ ਕੇ , ਭਾਰਵੀ ਅਰਥ ਭਰਪੂਰ ਕਵਿਤਾ ਕਰ ਕੇ ਅਤੇ ਦੰਡੀ ਲਲਿਤ ਸ਼ਬਦ ਪ੍ਰਯੋਗ ਕਰ ਕੇ ਪ੍ਰਸਿੱਧ ਹੈ ਪਰੰਤੂ ਮਾਘ ਦੀ ਕਵਿਤਾ ਵਿੱਚ ਇਹ ਤਿੰਨੋਂ ਗੁਣ ਵਿਦਮਾਨ ਹਨ ।

        ਸੰਸਕ੍ਰਿਤ ਭਾਸ਼ਾ ਦੇ ਅਨੇਕਾਂ ਲੇਖਕਾਂ ਵਾਗ ਮਾਘ ਦਾ ਜਨਮ ਸਮਾਂ ਵੀ ਸਪਸ਼ਟ ਨਹੀਂ ਹੈ , ਤਾਂ ਵੀ ਉਸ ਦੇ ਮਹਾਂਕਾਵਿ ਸਿਸ਼ੂ ਪਾਲ ਵਧ ( ਇਸ ਨੂੰ ਮਾਘ-ਕਾਵਿ ਵੀ ਕਿਹਾ ਜਾਂਦਾ ਹੈ ) ਵਿਚਲੇ ਤੱਥਾਂ ਤੇ ਆਧਾਰਿਤ ਉਸ ਦਾ ਜਨਮ ਗੁਜਰਾਤ ਪ੍ਰਦੇਸ਼ ਦੇ ਜ਼ਿਲ੍ਹਾ ਸਿਰੋਹੀ ਦੀ ਤਹਿਸੀਲ ਭੀਨਮਾਲ ਵਿੱਚ ਪਿਤਾ ਕੁਮੁਦ ਪੰਡਤ ਅਤੇ ਮਾਤਾ ਬ੍ਰਾਹਮਣੀ ਦੇ ਘਰ 750 ਈ. ਦੇ ਨੇੜੇ-ਤੇੜੇ ਹੋਇਆ । ਉਸ ਦਾ ਦਾਦਾ ਸੁਪ੍ਰਭਦੇਵ , ਚਾਪਵੰਸ ਦੇ ਰਾਜਾ ਵਰਮਾਲ ਦਾ ਪ੍ਰਧਾਨ ਮੰਤਰੀ ਸੀ । ਪਿਤਾ ਸੰਸਕ੍ਰਿਤ ਭਾਸ਼ਾ ਅਤੇ ਵਿਆਕਰਨ ਧਰਮ ਸ਼ਾਸਤਰ ਰਾਜਨੀਤੀ ਦਾ ਵਿਦਵਾਨ ਸੀ ।

        ਮਾਘ ਮਹੀਨੇ ਦੇ ਚਾਨਣੇ ਪੱਖ `ਚ ਮਾਘ ਨਛੱਤਰ ਵਿੱਚ ਜਨਮ ਹੋਣ ਕਾਰਨ ਉਸ ਦਾ ਨਾਂ ਮਾਘ ਰੱਖਿਆ ਗਿਆ । ਉਸ ਦੇ ਜਨਮ ਸਮੇਂ ਜੋਤਸ਼ੀਆਂ ਨੇ ਕਿਹਾ ਸੀ ਕਿ ਇਹ ਬੱਚਾ ਅਮੀਰ ਸ਼ਾਹੀ ਅਤੇ ਲੰਮੀ ਉਮਰ ਭੋਗੇਗਾ ਪਰ ਪਿਛਲੀ ਉਮਰੇ ਗ਼ਰੀਬੀ ਤੇ ਬਿਮਾਰੀ ਦਾ ਸੰਤਾਪ ਹੰਢਾਵੇਗਾ । ਇਸ ਚਿੰਤਾ ਕਾਰਨ ਉਸ ਦੇ ਪਿਤਾ ਨੇ ਮਿੱਟੀ ਦੇ 36000 ਕੁੱਜਿਆਂ ਵਿੱਚ ਸੋਨਾ , ਚਾਂਦੀ ਅਤੇ ਮੋਤੀ ਆਦਿ ਭਰ ਕੇ ਧਰਤੀ ਵਿੱਚ ਗਡਵਾ ਦਿੱਤੇ ਤਾਂ ਕਿ ਪੁੱਤਰ ਨੂੰ ਸਾਰੀ ਉਮਰ ਧਨ ਦੀ ਘਾਟ ਨਾ ਰਹੇ , ਪਰੰਤੂ ਇਹ ਧਨ ਮਾਘ ਦੀ ਜ਼ਿੰਦਗੀ ਵਿੱਚ ਭੋਗ-ਵਿਲਾਸਤਾ ਦਾ ਕਾਰਨ ਹੀ ਬਣਿਆ ।

        ਮਾਘ ਦੇ ਬਚਪਨ ਬਾਰੇ ਹੋਰ ਜਾਣਕਾਰੀ ਨਹੀਂ ਮਿਲਦੀ ਪਰ ਉਸ ਦੀ ਸਿੱਖਿਆ ਛੋਟੀ ਉਮਰੇ ਘਰ ਵਿੱਚ ਹੀ ਸ਼ੁਰੂ ਹੋ ਗਈ ਸੀ । ਕਿਸ਼ੋਰ ਉਮਰ ਤੱਕ ਉਸ ਨੇ ਸਾਹਿਤ ਸ਼ਾਸਤਰ , ਪਾਣਿਨੀ ਵਿਆਕਰਨ , ਅਮਰਕੋਸ਼ , ਨੀਤੀ- ਸ਼ਾਸਤਰ , ਸਿਮਰਿਤੀ , ਮਹਾਂਭਾਰਤ , ਰਾਮਾਇਣ , ਪੁਰਾਣ , ਆਯੁਰਵੇਦ , ਜੋਤਸ਼ , ਨਿਆਇ-ਦਰਸ਼ਨ , ਵੇਦ-ਵੇਦਾਂਗ , ਘੋੜ-ਵਿੱਦਿਆ ਅਤੇ ਹਾਥੀ ਵਿੱਦਿਆ ਦਾ ਅਧਿਐਨ ਪੂਰਾ ਕਰ ਲਿਆ ਸੀ ।

        ਸਮਾਂ ਪਾ ਕੇ ਮਹਾਂਕਵੀ ਮਾਘ ਰਾਜਾ ‘ ਆਦਿ ਬਰਾਹ ਪ੍ਰਤੀਹਾਰ ਭੋਜ` ਦਾ ਸਭਾ-ਪੰਡਤ ਅਤੇ ਪੁਰੋਹਤ ਬਣਿਆ । ਉਹ ਅਨੁਸ਼ਾਸਨ ਪਸੰਦ ਸੀ । ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣਾ ਫਿਰ ਹਰ ਕੰਮ ਸਲੀਕੇ ਨਾਲ ਕਰਨਾ ਉਸ ਦਾ ਨੇਮ ਸੀ । ਰਾਜ-ਦਰਬਾਰ ਜਾਣਾ , ਰਾਜ ਪਰਿਵਾਰ ਨੂੰ ਅਸ਼ੀਰਵਾਦ ਦੇਣਾ , ਰਾਜ-ਪ੍ਰਬੰਧ ਦੀਆਂ ਜ਼ੁੰਮੇਵਾਰੀਆਂ ਨਿਭਾਉਣੀਆਂ , ਗ੍ਰਹਿਸਥ ਧਰਮ ਦਾ ਪਾਲਣ ਕਰਨਾ , ਸਾਹਿਤ ਅਧਿਐਨ ਕਰਨਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣਾ , ਸ਼ਾਸਤਰਾਰਥ ਕਰਵਾਉਣੇ , ਕਵੀ-ਦਰਬਾਰ ਜਾਂ ਕੋਈ ਹੋਰ ਮਨੋ-ਵਿਨੋਦ , ਹਰ ਕੰਮ `ਚ ਇੱਕ ਸਲੀਕਾ ਅਤੇ ਸਮੇਂ ਦੀ ਪਾਬੰਦੀ ਦਾ ਪੂਰਾ-ਪੂਰਾ ਧਿਆਨ ਰੱਖਦਾ ਸੀ ।

        ਉਸ ਦਾ ਵਿਅਕਤਿਤਵ ਬਹੁਤ ਪ੍ਰਭਾਵਸ਼ਾਲੀ ਸੀ । ਬਾਪ-ਦਾਦਾ ਦੀ ਤਰ੍ਹਾਂ ਵਿਦਵਤਾ ਅਤੇ ਸਨਮਾਨ ਵਿਰਾਸਤ ਵਿੱਚ ਹੀ ਮਿਲੇ ਸਨ । ਰਾਜ ਦਰਬਾਰ ਵਿੱਚ ਉਸ ਨੂੰ ਪੂਰਾ ਮਾਣ ਸਨਮਾਨ ਪ੍ਰਾਪਤ ਸੀ । ਉਸ ਦਾ ਕੱਦ ਲੰਮਾ , ਰੰਗ ਗੋਰਾ ਅਤੇ ਨੈਣ-ਨਕਸ਼ ਖਿੱਚ ਪਾਉਣ ਵਾਲੇ ਸਨ । ਚਿਹਰਾ ਸੁੰਦਰ ਤੇ ਸੁਣੱਖਾ , ਸਰੀਰ ਸੁਡੌਲ , ਗੱਠਿਆ ਹੋਇਆ , ਮੱਥੇ ਉੱਤੇ ਤਿਲਕ ਅਤੇ ਵਿਦਵਤਾ ਦਾ ਤੇਜ , ਗੱਲ ਵਿੱਚ ਜਨੇਊ , ਸੋਨੇ ਦਾ ਕੰਠਾ ਤੇ ਕੀਮਤੀ ਹਾਰ ਆਦਿ । ਇੱਕ ਪਤਲੀ , ਸਫ਼ੈਦ ਕੀਮਤੀ ਧੋਤੀ ਬੰਨ੍ਹ ਕੇ ਰੱਖਦਾ ਅਤੇ ਦੂਜੀ ਮੋਢਿਆਂ ਉੱਤੇ ਪਾ ਕੇ ਰੱਖਦਾ । ਸੁਭਾਅ ਪੱਖੋਂ ਸ੍ਵੈਮਾਣ ਭਰਿਆ ਅਤੇ ਮਖੌਲ ਕਰਨ ਵਾਲਾ , ਸਦਾ ਖ਼ੁਸ਼ ਅਤੇ ਹੱਸਮੁਖ ਰਹਿਣ ਵਾਲਾ ਜਵਾਨ , ਮਿੱਠੀ ਭਾਸ਼ਾ ਪ੍ਰਭਾਵ ਵਾਲੀ ਤੁਲਵੀਂ ਅਤੇ ਸਾਰਥਕ , ਪਵਿੱਤਰ ਆਤਮਾ , ਵਿਦਵਾਨ , ਦਾਨੀ ਅਤੇ ਕਾਦਰ-ਕੁਦਰਤ ਨੂੰ ਪਿਆਰ ਕਰਨ ਵਾਲਾ ਆਪਣੀ ਉੱਚ-ਕੁਲ ਅਤੇ ਮਰਯਾਦਾ ਦਾ ਸਦਾ ਹੀ ਖ਼ਿਆਲ ਰੱਖਦਾ ਸੀ । ਉਸ ਨੇ ਸਦੀਵੀ ਜਸ ਖੱਟਣ ਅਤੇ ਅਮਰ ਕਵੀ ਬਣਨ ਦੀ ਇੱਛਾ ਕਾਰਨ ਹੀ ਸਿਸ਼ੂਪਾਲ ਵਧ ਦੀ ਰਚਨਾ ਕੀਤੀ ਜੋ ਕਿ ਜਵਾਨੀ ਤੋਂ ਲੈ ਕੇ ਵਡੇਰੀ ਉਮਰ ਤੱਕ ਦੀ ਉਸ ਦੀ ਇੱਕੋ-ਇੱਕ ਰਚਨਾ ਹੈ ਅਤੇ ਇਸ ਰਚਨਾ ਨੇ ਸੱਚ-ਮੁੱਚ ਹੀ ਉਸ ਨੂੰ ਸੰਸਕ੍ਰਿਤ ਸਾਹਿਤ ਸੰਸਾਰ ਵਿੱਚ ਅਮਰ ਕਰ ਦਿੱਤਾ ।

        ਸਿਸ਼ੂਪਾਲ ਵਧ ਦੀ ਗਿਣਤੀ ਸੰਸਕ੍ਰਿਤ ਸਾਹਿਤ ਦੇ ਤਿੰਨ ਮਹਾਂਕਾਵਿਆਂ ਵਿੱਚ ਸ਼ੁਮਾਰ ਹੈ । ਇਹ 20 ਸਰਗਾਂ ਅਤੇ ਲਗਪਗ ਸਾਢੇ ਸੋਲਾਂ ਸੌ ਸਲੋਕਾਂ ਵਿੱਚ ਲਿਖੀ ਹੋਈ ਹੈ । ਇਸ ਦੀ ਮੂਲ ਕਥਾ ਮਹਾਂਭਾਰਤ ਦੇ ਸਭਾ-ਪਰਵ ਵਿੱਚੋਂ ਲਈ ਗਈ ਹੈ ਪਰ ਵਿਦਵਾਨ ਕਵੀ ਨੇ ਥਾਂ-ਥਾਂ `ਤੇ ਆਪਣੀ ਵਿਦਵਤਾ ਅਤੇ ਬਹੁਪੱਖੀ ਗਿਆਨ ਦਾ ਲੋਹਾ ਮਨਵਾਇਆ ਹੈ । ਸਿਸ਼ੂਪਾਲ ਵਧ ਵਿੱਚ ਮਹਾਂਕਾਵਿ ਦੇ ਲੱਛਣਾਂ ਅਨੁਸਾਰ , ਨਾਇਕ , ਪ੍ਰਕਿਰਤੀ , ਸੈਨਾ , ਛੇ ਰੁੱਤਾਂ , ਪਹਾੜਾਂ , ਬਾਗ਼ਾਂ , ਕੁਦਰਤੀ ਨਜ਼ਾਰਿਆਂ , ਨਦੀਆਂ ਅਤੇ ਤਤਕਾਲੀਨ ਸਮਾਜ ਦਾ ਚਿੱਤਰ ਚਿਤਰਦਿਆਂ ਮਹਾਂਕਵੀ ਮਾਘ ਆਪਣੀ ਮਹਾਨ ਕਾਵਿ-ਪ੍ਰਤਿਭਾ ਕਰ ਕੇ ਅਮਰ ਕਵੀ ਬਣ ਗਿਆ ਹੈ ।

                  ਮਾਘ ਦਾ ਅਖੀਰਲਾ ਸਮਾਂ ਗ਼ਰੀਬੀ ਵਿੱਚ ਬੀਤਿਆ । ਇਸ ਦਾ ਕਾਰਨ ਵਿਰਾਸਤ `ਚ ਮਿਲੇ ਅਨੰਤ ਧਨ ਤੋਂ ਉਪਜੀ ਭੋਗ-ਵਿਲਾਸਤਾ ਅਤੇ ਦਾਨ ਕਰਨ ਦੀ ਆਦਤ ਸੀ । ਅੰਤਲੇ ਦਿਨਾਂ `ਚ ਵੀ ਉਹ ਰੱਜ ਕੇ ਦਾਨ ਨਾ ਕਰ ਸਕਣ ਕਰ ਕੇ ਦੁੱਖੀ ਰਿਹਾ । ਉਸ ਦੀ ਪਤਨੀ ਦਾ ਨਾਂ ਮਲਹਣਾ ਦੇਵੀ ਸੀ , ਜਿਸ ਤੋਂ ਇੱਕ ਲੜਕਾ ਅਤੇ ਕਈ ਲੜਕੀਆਂ ਪੈਦਾ ਹੋਈਆਂ ਪਰ ਇੱਕ ਲੜਕੀ ਤੋਂ ਬਿਨਾਂ ਸਾਰੀ ਸੰਤਾਨ ਕਿਸੇ ਕਾਰਨ ਮਰਦੀ ਰਹੀ । ਲੜਕੀ ਵੀ ਵਿਆਹ ਤੋਂ ਕੁਝ ਦੇਰ ਬਾਅਦ ਹੀ ਵਿਧਵਾ ਹੋ ਗਈ ਅਤੇ ਪਤੀ ਨਾਲ ਹੀ ਸਤੀ ਹੋ ਗਈ ਸੀ । ਮਾਘ ਆਪ ਵੀ ਲਗਪਗ 120 ਜਾਂ 136 ਸਾਲ ਦੀ ਲੰਮੀ ਉਮਰ ਭੋਗ ਕੇ ਗ਼ਰੀਬੀ ਅਤੇ ਬਿਮਾਰੀ ਵਿੱਚ ਪ੍ਰਲੋਕ ਸਿਧਾਰ ਗਿਆ । ਉਸ ਦੀ ਪਤਨੀ ਨੇ ਉਸ ਦੀ ਚਿਖਾ ਖ਼ੁਦ ਚਿਣੀ , ਖ਼ੁਦ ਹੀ ਅੱਗ ਦਿੱਤੀ ਅਤੇ ਉਸ ਦੇ ਨਾਲ ਹੀ ਸਤੀ ਹੋ ਗਈ । ਰਾਜਾ ਭੋਜ ਨੇ ਬਾਕੀ ਦੇ ਅੰਤਿਮ ਸੰਸਕਾਰ ਕਰਵਾਏ ।


ਲੇਖਕ : ਗੁਰਦਾਸ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਾਘ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘ ( ਨਾਂ , ਪੁ ) ਪੋਹ ਮਹੀਨੇ ਤੋਂ ਪਿੱਛੋਂ ਅਤੇ ਫੱਗਣ ਤੋਂ ਪਹਿਲਾਂ ਆਉਣ ਵਾਲਾ ਮਹੀਨਾ; ਵੇਖੋ : ਮਾਘੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਘ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘ [ ਨਾਂਪੁ ] ਬਿਕਰਮੀ ਸੰਮਤ ਦਾ ਇੱਕ ਮਹੀਨਾ ਜੋ ਲਗਭਗ ਅੱਧ ਜਨਵਰੀ ਤੋਂ ਅੱਧ ਫਰਵਰੀ ਤੱਕ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.