ਮਿਸਲਾਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਿਸਲਾਂ : ਇਸ ਤੋਂ ਭਾਵ ਹੈ ਸਿੱਖਾਂ ਦੀਆਂ ਉਹ ਜੱਥੇਬੰਦੀਆਂ ਜੋ ‘ ਦਲ ਖ਼ਾਲਸਾ ’ ( ਵੇਖੋ ) ਦੀ ਸਥਾਪਨਾ ਤੋਂ ਬਾਦ ਹੋਂਦ ਵਿਚ ਆਈਆਂ । ‘ ਮਿਸਲਸ਼ਬਦ ਦੇ ਵਿਦਵਾਨਾਂ ਨੇ ਕਈ ਅਰਥ ਕੀਤੇ ਹਨ । ਪਰ ਇਸ ਦੇ ਮੁੱਖ ਤੌਰ ’ ਤੇ ਦੋ ਅਰਥ ਰਹੇ ਹਨ । ਇਕ ਇਹ ਕਿ ਮਿਸਲ ਅਰਬੀ/ਫ਼ਾਰਸੀ ਦਾ ਹੈ ਅਤੇ ਇਸ ਦਾ ਅਰਥ ਹੈ— ਫ਼ਾਈਲ ਜਾਂ ਖੁਲ੍ਹੇ ਕਾਗ਼ਜ਼ਾਂ ਦਾ ਸਮੁੱਚ , ਕਿਉਂਕਿ ਹਰ ਇਕ ਜੱਥੇ ਦੀ ਕਾਰਗੁਜ਼ਾਰੀ ਦਾ ਵੇਰਵਾ ਅਕਾਲ ਤਖ਼ਤ ਉਤੇ ਰਖਿਆ ਜਾਂਦਾ ਸੀ , ਜਿਸ ਨੂੰ ਸ. ਜੱਸਾ ਸਿੰਘ ਸਮੇਂ ਸਮੇਂ ਵਾਚਦਾ ਸੀ । ਇਸ ਦਾ ਦੂਜਾ ਅਰਥ ਹੈ ਜੱਥਾ , ਟੋਲਾ ਜਾਂ ਸੈਨਿਕ ਟੁਕੜੀ । ਕਵੀ ਸੈਨਾਪਤੀ ਨੇ ‘ ਸ੍ਰੀ ਗੁਰ ਸੋਭਾ ’ ਵਿਚ ਇਸ ਦੀ ਇਸੇ ਅਰਥ ਵਿਚ ਵਰਤੋਂ ਕੀਤੀ ਹੈ । ਇਹ ਸ਼ਬਦ ਸਿੱਖ ਇਤਿਹਾਸ ਅਤੇ ਸਾਹਿਤ ਵਿਚ 18ਵੀਂ ਸਦੀ ਤੋਂ ਉਨ੍ਹਾਂ ਸਿੱਖ-ਦਸਤਿਆਂ ਲਈ ਵਰਤਿਆ ਜਾਣ ਲਗਿਆ , ਜਿਨ੍ਹਾਂ ਨੇ ਆਪਣੀ ਸ਼ਕਤੀ ਨਾਲ ਇਲਾਕਿਆਂ ਨੂੰ ਜਿਤ ਕੇ ਰਿਆਸਤਾਂ ਬਣਾ ਲਈਆਂ ਸਨ ।

ਬਾਬਾ ਬੰਦਾ ਬਹਾਦਰ ਦੀ ਸ਼ਹੀਦੀ ਤੋਂ ਬਾਦ ਮੁਗ਼ਲ ਸਰਕਾਰ ਦੇ ਤਸ਼ੱਦਦ ਕਾਰਣ ਸਿੱਖ ਪਹਾੜਾਂ , ਛੰਭਾਂ ਅਤੇ ਰੇਗਿਸਤਾਨਾਂ ਵਿਚ ਲੁਕ ਛਿਪ ਕੇ ਸਮਾਂ ਕਟਣ ਲਗੇ । ਸੰਨ 1734 ਈ. ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਪ੍ਰਮੁਖ ਦਲਾਂ— ਬੁੱਢਾ ਦਲ ਅਤੇ ਤਰੁਣਾ ਦਲ— ਵਿਚ ਵੰਡ ਦਿੱਤਾ । ਤਰੁਣਾ ਦਲ ਵਿਚ ਅਗੋਂ ਕਾਫ਼ੀ ਵਿਕਾਸ ਹੁੰਦਾ ਰਿਹਾ ਅਤੇ ਅਨੇਕ ਛੋਟੇ ਛੋਟੇ ਜੱਥੇ ਬਣਦੇ ਗਏ । ਅਹਿਮਦ ਸ਼ਾਹ ਦੁਰਾਨੀ ਦੇ ਸੰਨ 1748 ਈ. ਵਿਚ ਹੋਏ ਪਹਿਲੇ ਹਮਲੇ ਵੇਲੇ ਇਨ੍ਹਾਂ ਜੱਥਿਆਂ ਦੀ ਗਿਣਤੀ 65 ਤਕ ਪਹੁੰਚ ਗਈ । 29 ਮਾਰਚ 1748 ਈ. ਨੂੰ ਵਿਸਾਖੀ ਵਾਲੇ ਦਿਨ ਸਾਰੇ ਜੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠੇ ਹੋਏ । ਸਰਬੱਤ ਖ਼ਾਲਸੇ ਨੇ ਗੁਰਮਤੇ ਰਾਹੀਂ ਸ. ਜੱਸਾ ਸਿੰਘ ਆਹਲੂਵਾਲੀਆ ਦੀ ਸਰਦਾਰੀ ਅਧੀਨ ‘ ਦਲ ਖ਼ਾਲਸਾ ’ ਦੀ ਸਥਾਪਨਾ ਕੀਤੀ । ਇਸ ਨੂੰ ਅਗੋਂ ਯਾਰ੍ਹਾਂ ਮਿਸਲਾਂ ਵਿਚ ਵੰਡਿਆ ਗਿਆ ਜਿਨ੍ਹਾਂ ਦੇ ਆਪਣੇ ਹੀ ਸਰਦਾਰ ( ਮਿਸਲਦਾਰ ) ਸਨ ਅਤੇ ਆਪਣੇ ਹੀ ਨਿਸ਼ਾਨ ਸਨ । ਇਨ੍ਹਾਂ ਯਾਰ੍ਹਾਂ ਮਿਸਲਾਂ ਅਤੇ ਇਨ੍ਹਾਂ ਦੇ ਸਰਦਾਰਾਂ ਦੇ ਨਾਂ ਇਸ ਪ੍ਰਕਾਰ ਹਨ— ( 1 ) ਸ. ਜੱਸਾ ਸਿੰਘ ਅਧੀਨ ਆਹਲੂਵਾਲੀਆ ਮਿਸਲ , ( 2 ) ਨਵਾਬ ਕਪੂਰ ਸਿੰਘ ਅਧੀਨ ਸਿੰਘਪੁਰੀਆਂ ( ਨਾਮਾਂਤਰ ਫ਼ੈਜ਼ੁਲਪੁਰੀਆ ) ਮਿਸਲ , ( 3 ) ਸ. ਕਰੋੜਾ ਸਿੰਘ ਅਧੀਨ ਕਰੋੜਸਿੰਘੀਆ ਮਿਸਲ ( ਨਾਮਾਂਤਰ ਕਰੋੜੀਆ ) , ( 4 ) ਸ. ਦਸੌਂਧਾ ਸਿੰਘ ਅਧੀਨ ਨਿਸ਼ਾਨਾਂ ਵਾਲੀ ਮਿਸਲ , ( 5 ) ਬਾਬਾ ਦੀਪ ਸਿੰਘ ਅਧੀਨ ਸ਼ਹੀਦਾਂ ਵਾਲੀ ਮਿਸਲ , ( 6 ) ਸ. ਗੁਲਾਬ ਸਿੰਘ ਅਧੀਨ ਡੱਲੇਵਾਲੀਆ ਮਿਸਲ , ( 7 ) ਸ. ਚੜ੍ਹਤ ਸਿੰਘ ਅਧੀਨ ਸੁਕਰਚਕੀਆ ਮਿਸਲ , ( 8 ) ਸ. ਹਰੀ ਸਿੰਘ ਅਧੀਨ ਭੰਗੀ ਮਿਸਲ , ( 9 ) ਸ. ਜੈ ਸਿੰਘ ਅਧੀਨ ਕਨ੍ਹੀਆ ਮਿਸਲ , ( 10 ) ਸ. ਹੀਰਾ ਸਿੰਘ ਅਧੀਨ ਨਕੈਈ ਮਿਸਲ ਅਤੇ ( 11 ) ਸ. ਜੱਸਾ ਸਿੰਘ ਅਧੀਨ ਰਾਮਗੜ੍ਹੀਆ ਮਿਸਲ । ਫੁਲਕੀਆਂ ਨਾਂ ਦੀ ਇਕ ਹੋਰ ਮਿਸਲ ਬਾਬਾ ਆਲਾ ਸਿੰਘ ਅਧੀਨ ਸੀ ਅਤੇ ਉਹ ਦਲ ਖ਼ਾਲਸਾ ਦੀ ਕਮਾਨ ਹੇਠ ਨਹੀਂ ਸੀ । ਹਰ ਇਕ ਮਿਸਲ ਬਾਰੇ ਸੁਤੰਤਰ ਇੰਦਰਾਜ ਵੇਖੋ ।

ਇਨ੍ਹਾਂ ਮਿਸਲਾਂ ਵਿਚ ਹਰ ਅੰਮ੍ਰਿਤਧਾਰੀ ਸਿੱਖ ਬਿਨਾ ਕਿਸੇ ਜਾਤਿ ਭੇਦ-ਭਾਵ ਦੇ ਸ਼ਾਮਲ ਹੋ ਸਕਦਾ ਸੀ , ਸ਼ਰਤ ਇਹ ਸੀ ਕਿ ਉਹ ਚੰਗਾ ਘੋੜਸਵਾਰ ਹੋਵੇ ਅਤੇ ਸ਼ਸਤ੍ਰ ਚਲਾਉਣ ਵਿਚ ਨਿਪੁਣ ਹੋਵੇ । ਇਹ ਅਸਲੋਂ ਘੋੜਸਵਾਰਾਂ ਦੇ ਦਸਤੇ ਸਨ । ਇਕ ਮਿਸਲ ਦਾ ਮੈਂਬਰ ਦੂਜੀ ਮਿਸਲ ਵਿਚ ਸ਼ਾਮਲ ਹੋ ਸਕਦਾ ਸੀ । ਹਰ ਯੋਧੇ ਪਾਸ ਆਪਣਾ ਘੋੜਾ , ਬੰਦੂਕ , ਸ਼ਸਤ੍ਰ , ਦੋ ਕੰਬਲ , ਬਾਰੂਦ ਦੇ ਥੈਲੇ ਅਤੇ ਹੋਰ ਜ਼ਰੂਰੀ ਚੀਜ਼ਾਂ ਮੌਜੂਦ ਹੁੰਦੀਆਂ ਸਨ । ਇਹ ਸਾਰੀਆਂ ਮਿਸਲਾਂ ਸਰਬੱਤ ਖ਼ਾਲਸੇ ਦੇ ਹੁਕਮ ਅਧੀਨ ਸਨ ਜਿਸ ਦੀ ਵਿਸਾਖੀ ਅਤੇ ਦਿਵਾਲੀ ਉਤੇ ਅਕਾਲ ਤਖ਼ਤ ਉਤੇ ਇਕਤਰਤਾ ਹੁੰਦੀ ਸੀ । ਇਨ੍ਹਾਂ ਮਿਸਲਾਂ ਵਿਚ ਸੱਤਰ ਹਜ਼ਾਰ ਯੋਧੇ ਸ਼ਾਮਲ ਦਸੇ ਜਾਂਦੇ ਹਨ । ਕੁਝ ਇਤਿਹਾਸਕਾਰਾਂ ਨੇ ਇਹ ਗਿਣਤੀ ਦੋ ਲੱਖ ਤਕ ਮੰਨੀ ਹੈ । ਇਨ੍ਹਾਂ ਮਿਸਲਾਂ ਦੀ ਆਮਦਨ ਦਾ ਮੁਢਲਾ ਸਾਧਨ ਲੁਟ-ਮਾਰ ਹੀ ਸੀ । ਪਰ ਬਾਦ ਵਿਚ ‘ ਰਾਖੀ ’ ਵਿਧੀ ਅਧੀਨ ਉਪਜ ਦਾ ਪੰਜਵਾਂ ਹਿੱਸਾ ਲਿਆ ਜਾਣ ਲਗਿਆ । ਜਦੋਂ ਮਿਸਲਾਂ ਦੇ ਸਰਦਾਰ ਆਪਣੇ ਆਪਣੇ ਇਲਾਕਿਆਂ ਨੂੰ ਰਿਆਸਤਾਂ ਦਾ ਰੂਪ ਦੇਣ ਲਗ ਗਏ , ਤਾਂ ‘ ਬਟਾਈ ’ ਵਿਧੀ ਲਾਗੂ ਕਰ ਦਿੱਤੀ ਗਈ । ਵਪਾਰੀਆਂ ਨੂੰ ਵਿਸ਼ੇਸ਼ ਰੂਪ ਵਿਚ ਸੁਰਖਿਆ ਪ੍ਰਦਾਨ ਕੀਤੀ ਗਈ ।

ਮਿਸਲਦਾਰਾਂ ਨੇ ਪਿੰਡਾਂ ਵਿਚ ਪੰਚਾਇਤੀ ਰਾਜ ਲਾਗੂ ਕੀਤਾ ਹੋਇਆ ਸੀ ਜਿਸ ਵਿਚ ਪਿੰਡ ਦੇ ਮੁਖੀ , ਪਟਵਾਰੀ ਅਤੇ ਚੌਕੀਦਾਰ ਦਾ ਵਿਸ਼ੇਸ਼ ਮਹੱਤਵ ਅਤੇ ਸਥਾਨ ਸੀ । ਪੰਚਾਇਤੀ ਫ਼ੈਸਲਿਆਂ ਅਨੁਸਾਰ ‘ ਚੱਟੀ ’ ( ਜੁਰਮਾਨਾ ) ਵਸੂਲਿਆ ਜਾਂਦਾ ਸੀ । ਪੰਚਾਇਤ ਦੇ ਅਨੁਸ਼ਾਸਨ ਵਿਰੁੱਧ ਕਾਰਜ ਕਰਨ ਵਾਲਿਆਂ ਨੂੰ ਛੇਕਿਆ ਜਾਂਦਾ ਸੀ । ਸਾਰੀਆਂ ਪੰਚਾਇਤਾਂ ਉਤੇ ਮਿਸਲਦਾਰ ਦੀ ਅਦਾਲਤ ਹੁੰਦੀ ਸੀ ਜੋ ਸਮਾਜਿਕ ਅਤੇ ਧਾਰਿਮਕ ਰਸਮਾਂ ਰਿਵਾਜਾਂ ਅਤੇ ਰਵਾਇਤਾਂ ਅਨੁਸਾਰ ਨਿਆਂ ਕਰਦਾ ਸੀ । ਸਿੱਖ ਰਾਜ ਦੀ ਸਥਾਪਨਾ ਤਕ ਇਨ੍ਹਾਂ ਮਿਸਲਾਂ ਦਾ ਦਬਦਬਾ ਸਾਰੇ ਪੰਜਾਬ ਉਤੇ ਛਾਇਆ ਰਿਹਾ ।

ਸਮਾਂ ਬੀਤਣ ਨਾਲ ਇਨ੍ਹਾਂ ਮਿਸਲਾਂ ਵਿਚ ਸਾਮੰਤੀ ਬਿਰਤੀਆਂ ਨੇ ਸਿਰ ਚੁਕਣਾ ਸ਼ੁਰੂ ਕਰ ਦਿੱਤਾ । ਫਲਸਰੂਪ ਕਈ ਪ੍ਰਕਾਰ ਦੀਆਂ ਮਾਨਸਿਕ ਅਤੇ ਸ਼ਰੀਰਿਕ ਕਮਜ਼ੋਰੀਆਂ ਪੈਦਾ ਹੋਣ ਲਗ ਗਈਆਂ । ਸਭ ਤੋਂ ਵੱਡੀ ਕਮਜ਼ੋਰੀ ਕੌਮੀ ਏਕਤਾ ਦਾ ਅਭਾਵ ਸੀ । ਇਸ ਪਿਛੇ ਪਰੰਪਰਾਗਤ ਰਾਜਪੂਤੀ ਹੈਕੜ ਕੰਮ ਕਰ ਰਹੀ ਸੀ । ਇਕ ਮਿਸਲ ਦੂਜੀ ਮਿਸਲ ਦੀ ਵੈਰਨ ਸੀ । ਇਕ ਦੂਜੇ ਦੇ ਇਲਾਕੇ ਹਥਿਆਉਣ ਵਿਚ ਸ਼ਕਤੀ ਨਸ਼ਟ ਹੋ ਰਹੀ ਸੀ । ਹੌਲੀ ਹੌਲੀ ਇਨ੍ਹਾਂ ਮਿਸਲਾਂ ਦੇ ਸਰਦਾਰਾਂ ਵਿਚ ਜਾਗੀਰਦਾਰੀ ਰੁਚੀਆਂ ਘਰ ਕਰਨ ਲਗ ਗਈਆਂ । ਇਨ੍ਹਾਂ ਮਿਸਲਾਂ ਵਿਚੋਂ ਹੀ ਸ਼ਕਤੀਵਰ ਮਿਸਲ ( ਸੁਕਰਚਕੀਆ ) ਨੇ ਲਾਹੌਰ ਉਤੇ ਕਬਜ਼ਾ ਕੀਤਾ ਅਤੇ ਸਹਿਜੇ ਸਹਿਜੇ ਹੋਰਨਾਂ ਮਿਸਲਾਂ ਨਾਲ ਰਿਸ਼ਤੇ ਕਾਇਮ ਕਰਕੇ ਜਾਂ ਯੁੱਧ ਵਿਚ ਭਾਂਝ ਦੇ ਕੇ ਉਨ੍ਹਾਂ ਦੀ ਹੋਂਦ ਨੂੰ ਖ਼ਤਮ ਕੀਤਾ । ਸਤਲੁਜ ਪਾਰ ਦੀਆਂ ਰਿਆਸਤਾਂ ਨੂੰ ਲਾਹੌਰ ਦਰਬਾਰ ਅਧੀਨ ਕਰਨ ਵਿਚ ਮਹਾਰਾਜਾ ਸਫਲ ਨ ਹੋ ਸਕਿਆ , ਕਿਉਂਕਿ ਉਨ੍ਹਾਂ ਨੇ ਅਗ੍ਰੇਜ਼ ਸਰਕਾਰ ਦੀ ਸਰਪ੍ਰਸਤੀ ਲੈ ਲਈ ਅਤੇ 25 ਅਪ੍ਰੈਲ 1809 ਈ. ਨੂੰ ਮਹਾਰਾਜੇ ਨੂੰ ਅੰਗ੍ਰੇਜ਼ਾਂ ਨਾਲ ਸੰਧੀ ਕਰਨੀ ਪਈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.