ਮੀਰ ਮੰਨੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੀਰ ਮੰਨੂ ( ਮ. 1753 ਈ. ) : ਲਾਹੌਰਦਾ ਇਕ ਸੂਬੇਦਾਰ ਜਿਸ ਦਾ ਪੂਰਾ ਨਾਂ ਮੁਈਨੁੱਦੀਨ ਅਤੇ ਖ਼ਿਤਾਬ ਮੁਈਨੁਲਮੁਲਕ ਰੁਸੑਤਮ ਹਿੰਦ ਸੀਦਿੱਲੀ ਦੀ ਮੁਗ਼ਲ ਸਰਕਾਰ ਨਾਲ ਇਸ ਦੇ ਖ਼ਾਨਦਾਨ ਦੇ ਪੁਰਾਣੇ ਸੰਬੰਧ ਸਨ । ਇਸ ਦਾ ਪਿਤਾ ਕਮਰੁੱਦੀਨ ਖ਼ਾਂ ਦਿੱਲੀ ਵਿਚ ਵਜ਼ੀਰ ਸੀ । ਇਸ ਪਿਛੋਕੜ ਕਰਕੇ ਇਸ ਨੂੰ ਅਪ੍ਰੈਲ 1748 ਈ. ਵਿਚ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ ।

ਪਰਿਸਥਿਤੀਆਂ ਦੇ ਵਸ ਹੋ ਕੇ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਵੇਲੇ ਉਸ ਦੀ ਅਧੀਨਗੀ ਸਵੀਕਾਰ ਕਰ ਲਈ । ਫਲਸਰੂਪ ਇਸ ਨੂੰ ਸੂਬੇਦਾਰੀ ਦੇ ਪਦ ਤੋਂ ਹਟਾ ਕੇ ਸ਼ਾਹ ਨਿਵਾਜ਼ ਨਾਂ ਦੇ ਇਕ ਹੋਰ ਵਿਅਕਤੀ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਗਿਆ । ਸ਼ਾਹ ਨਿਵਾਜ਼ ਨੂੰ ਰਸਤੇ ਵਿਚੋਂ ਹਟਾਉਣ ਲਈ ਇਸ ਨੇ ਦੀਵਾਨ ਕੌੜਾ ਮੱਲ ਦੀ ਵਿਚੋਲਗੀ ਨਾਲ ਸੰਨ 1751 ਈ. ( 1808 ਬਿ. ) ਵਿਚ ਸਿੱਖਾਂ ਤੋਂ ਸਹਾਇਤਾ ਲਈ । ਸ਼ਾਹ ਨਿਵਾਜ਼ ਨਾਲ ਹੋਈ ਲੜਾਈ ਵਿਚ ਸਿੱਖ ਸੈਨਿਕਾਂ ਨੇ ਸ਼ਾਹ ਨਿਵਾਜ਼ ਨੂੰ ਮਾਰ ਦਿੱਤਾ । ਦੀਵਾਨ ਕੌੜਾ ਮੱਲ ਦੇ ਸਹਿਯੋਗ ਲਈ ਇਸ ਨੇ ਉਸ ਨੂੰ ਮਹਾਰਾਜਾ ਦਾ ਖ਼ਿਤਾਬ ਦਿੱਤਾ । ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਹੋਈ ਲੜਾਈ ਵਿਚ 6 ਮਾਰਚ 1752 ਈ. ਨੂੰ ਦੀਵਾਨ ਕੌੜਾ ਮੱਲ ਦੇ ਮਰਨ ਤੋਂ ਬਾਦ ਇਸ ਨੇ ਸਿੱਖਾਂ ਨਾਲ ਸੰਬੰਧ ਵਿਗਾੜ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਫ਼ੈਸਲਾ ਕੀਤਾ । ਪਰ ਸਿੱਖ ਜੱਥੇਬੰਦੀ ਨੂੰ ਖ਼ਤਮ ਕਰਨ ਵਿਚ ਇਹ ਅਸਮਰਥ ਰਿਹਾ । ਇਸ ਸੰਬੰਧ ਵਿਚ ਪ੍ਰਸਿੱਧ ਲੋਕ-ਗੀਤ ਇਸ ਪ੍ਰਕਾਰ ਹੈ— ਮੰਨੂ ਸਾਡੀ ਦਾਤਰੀ , ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵਢਦਾ , ਅਸੀਂ ਦੂਣੇ ਚੌਣੇ ਹੋਏ ਲਾਹੌਰ ਦੇ ਨੇੜੇ ਗੰਨੇ ਦੇ ਖੇਤ ਵਿਚ ਸਿੱਖਾਂ ਨੂੰ ਘੇਰ ਕੇ ਮਾਰਨ ਦੀ ਮੁਹਿੰਮ ਵੇਲੇ ਇਹ ਘੋੜੇ ਤੋਂ ਡਿਗ ਕੇ 4 ਨਵੰਬਰ 1753 ਈ. ਨੂੰ ਮਰ ਗਿਆ । ਇਸ ਨੂੰ ਲਾਹੌਰ ਵਿਚ ਹੀ ਦਫ਼ਨਾਇਆ ਗਿਆ । ਇਸ ਦੇ ਮਰਨ ਨਾਲ ਸਿੱਖ-ਸ਼ਕਤੀ ਮਜ਼ਬੂਤ ਹੋ ਗਈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.